ਸਭ ਤੋਂ ਤੇਜ਼ ਰਫ਼ਤਾਰ ਸ਼ਹਿਰ ਅਮੀਰ ਦੇਸ਼ਾਂ ’ਚ ਹਨ, ਅਤੇ ਸਭ ਤੋਂ ਹੌਲੀ ਸ਼ਹਿਰ ਗਰੀਬ ਦੇਸ਼ਾਂ ’ਚ : NBER ਰੀਪੋਰਟ
ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੁਨੀਆਂ ਦਾ ਸਭ ਤੋਂ ਹੌਲੀ ਸ਼ਹਿਰ ਹੈ, ਜਦਕਿ ਗਤੀ ਸੂਚਕ ਅੰਕ (ਸਪੀਡ ਇੰਡੈਕਸ) ’ਤੇ ਸਭ ਤੋਂ ਤੇਜ਼ ਸ਼ਹਿਰ ਅਮਰੀਕੀ ਸਟੇਟ ਮਿਸ਼ੀਗਨ ਵਿਚ ਸਥਿਤ ਫਲਿੰਟ ਹੈ। ਇਹ ਜਾਣਕਾਰੀ ਅਮਰੀਕਾ ਦੀ ਇਕ ਨਿੱਜੀ ਗੈਰ-ਲਾਭਕਾਰੀ ਖੋਜ ਸੰਸਥਾ ਦੇ ਨਤੀਜਿਆਂ ’ਚ ਸਾਹਮਣੇ ਆਈ ਹੈ।
ਇਹ ਅਧਿਐਨ ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰੀਸਰਚ (NBER ) ਵਲੋਂ 152 ਦੇਸ਼ਾਂ ਦੇ 1,200 ਸ਼ਹਿਰਾਂ ’ਚ ਕੀਤਾ ਗਿਆ ਸੀ।
NBER ਦੀ ਰੀਪੋਰਟ ’ਚ ਕਿਹਾ ਗਿਆ ਹੈ, ‘‘ਦੁਨੀਆਂ ਦਾ ਸਭ ਤੋਂ ਤੇਜ਼ ਗਤੀ ਵਾਲਾ ਸ਼ਹਿਰ ਫਲਿੰਟ (ਮਿਸ਼ੀਗਨ), ਯੂ.ਐੱਸ. ਹੈ, ਜਿਸ ਦਾ ਸਪੀਡ ਇੰਡੈਕਸ 0.48 ਹੈ, ਜਦੋਂ ਕਿ ਸਭ ਤੋਂ ਹੌਲੀ ਸ਼ਹਿਰ ਢਾਕਾ, ਬੰਗਲਾਦੇਸ਼ ਹੈ, ਜਿਸ ਦਾ ਸੂਚਕਾਂਕ -0.60 ਹੈ।’’
NBER ਨੇ ਕਿਹਾ ਕਿ ਬੰਗਲਾਦੇਸ਼ ਦੇ ਸਾਰੇ ਸ਼ਹਿਰ ਦੁਨੀਆਂ ਦੇ 15 ਫ਼ੀ ਸਦੀ ਸਭ ਤੋਂ ਹੌਲੀ ਸ਼ਹਿਰਾਂ ’ਚ ਸ਼ਾਮਲ ਹਨ, ਜਦਕਿ ਇਸ ਨੇ ਮੱਧ-ਉੱਤਰੀ ਮੈਮਨਸਿੰਘ ਅਤੇ ਦਖਣ-ਪੂਰਬੀ ਬੰਦਰਗਾਹ ਸ਼ਹਿਰ ਚਟੋਗ੍ਰਾਮ (ਚਟਗਾਉਂ) ਨੂੰ ਦੁਨੀਆਂ ਭਰ ’ਚ ਨੌਵੇਂ ਅਤੇ 12ਵੇਂ ਸਭ ਤੋਂ ਹੌਲੀ ਸ਼ਹਿਰਾਂ ਵਜੋਂ ਸੂਚੀਬੱਧ ਕੀਤਾ ਹੈ।
ਕੈਂਬ੍ਰਿਜ, ਮੈਸੇਚਿਉਸੇਟਸ-ਅਧਾਰਤ NBER ਦੀ ਰੀਪੋਰਟ ’ਚ ਕਿਹਾ ਗਿਆ ਹੈ, ‘‘ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਸਭ ਤੋਂ ਤੇਜ਼ ਰਫ਼ਤਾਰ ਜਾਂ ਸਭ ਤੋਂ ਘੱਟ ਭੀੜ-ਭੜੱਕੇ ਵਾਲੇ ਸ਼ਹਿਰ ਅਮੀਰ ਦੇਸ਼ਾਂ ’ਚ ਹਨ, ਅਤੇ ਸਭ ਤੋਂ ਹੌਲੀ ਸ਼ਹਿਰ ਗਰੀਬ ਦੇਸ਼ਾਂ ’ਚ ਹਨ।’’
ਖੋਜਕਰਤਾਵਾਂ ਨੇ ਦੁਨੀਆਂ ਭਰ ’ਚ 3 ਲੱਖ ਤੋਂ ਵੱਧ ਆਬਾਦੀ ਵਾਲੇ ਇਕ ਹਜ਼ਾਰ ਤੋਂ ਵੱਧ ਸ਼ਹਿਰਾਂ ’ਚ ਟ੍ਰੈਫਿਕ ਦਾ ਵਿਸ਼ਲੇਸ਼ਣ ਕਰਨ ਲਈ ਗੂਗਲ ਮੈਪਸ ਡੇਟਾ ਦੀ ਵਰਤੋਂ ਕੀਤੀ। ਗੂਗਲ ਮੈਪਸ ਮੁਤਾਬਕ ਢਾਕਾ ਹਜ਼ਰਤ ਸ਼ਾਹਜਲਾਲ ਇੰਟਰਨੈਸ਼ਨਲ ਏਅਰਪੋਰਟ ਤੋਂ ਗੁਲਸ਼ਨ ਇਲਾਕੇ ’ਚ ਜਸਟਿਸ ਸ਼ਹਾਬੁਦੀਨ ਅਹਿਮਦ ਪਾਰਕ ਤਕ ਨੌਂ ਕਿਲੋਮੀਟਰ ਦੇ ਸਫ਼ਰ ’ਚ 55 ਮਿੰਟ ਲੱਗ ਸਕਦੇ ਹਨ।
ਬੰਗਲਾਦੇਸ਼ ਦੀ ਰਾਜਧਾਨੀ ਦਹਾਕਿਆਂ ਤੋਂ ਅਪਣੇ ਭਿਆਨਕ ਟ੍ਰੈਫਿਕ ਜਾਮ ਲਈ ਜਾਣੀ ਜਾਂਦੀ ਹੈ ਅਤੇ ਮਾਹਰ ਢਾਕਾ ’ਚ ਇਕ ਪ੍ਰਭਾਵਸ਼ਾਲੀ ਜਨਤਕ ਆਵਾਜਾਈ ਪ੍ਰਣਾਲੀ ਦੀ ਘਾਟ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦੇ ਹਨ।
‘ਟਾਈਮ’ ਮੈਗਜ਼ੀਨ ਨੇ ਇਸ ਵਿਸ਼ੇਸ਼ ਅਧਿਐਨ ’ਤੇ ਪ੍ਰਕਾਸ਼ਤ ਅਪਣੀ ਰੀਪੋਰਟ ’ਚ ਲਿਖਿਆ ਹੈ ਕਿ ਹਵਾਈ ਅੱਡੇ ਤੋਂ ਦੁਨੀਆਂ ਦੇ ਸਭ ਤੋਂ ਤੇਜ਼ ਸ਼ਹਿਰ ਮਿਸ਼ੀਗਨ ਦੇ ਫਲਿੰਟ ’ਚ ਸਲੋਅਨ ਮਿਊਜ਼ੀਅਮ ਆਫ ਡਿਸਕਵਰੀ ਤਕ ਇੰਨੀ ਦੂਰੀ ਦਾ ਸਫਰ ਲਗਭਗ ਨੌਂ ਮਿੰਟ ਦਾ ਹੈ।
NBER ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਨਾਈਜੀਰੀਆ ਦੇ ਦੋ ਸ਼ਹਿਰ, ਲਾਗੋਸ ਅਤੇ ਇਕੋਰੋਡੂ, ਉਨ੍ਹਾਂ ਦੀ ਸੂਚੀ ’ਚ ਦੂਜੇ ਅਤੇ ਤੀਜੇ ਸਥਾਨ ’ਤੇ ਹਨ, ਇਸ ਤੋਂ ਬਾਅਦ ਫਿਲੀਪੀਨਜ਼ ਦੇ ਮਨੀਲਾ ਅਤੇ ਭਿਵੰਡੀ ਤੇ ਕੋਲਕਾਤਾ ਦੇ ਭਾਰਤੀ ਸ਼ਹਿਰ ਹਨ।
ਰੀਪੋਰਟ ਅਨੁਸਾਰ, ਢਾਕਾ, ਲਾਗੋਸ ਅਤੇ ਮਨੀਲਾ ਵਰਗੇ ਸਭ ਤੋਂ ਹੌਲੀ ਸ਼ਹਿਰ ਲਗਭਗ ਸਾਰੇ ਵਿਕਾਸਸ਼ੀਲ ਦੇਸ਼ਾਂ ’ਚ ਹਨ ਜਿੱਥੇ ਬੁਨਿਆਦੀ ਢਾਂਚਾ ਆਬਾਦੀ ਦੇ ਹਿਸਾਬ ਨਾਲ ਨਹੀਂ ਚੱਲਦਾ। ਇਸ ’ਚ ਕਿਹਾ ਗਿਆ ਹੈ, ‘‘ਸਭ ਤੋਂ ਤੇਜ਼ੀ ਨਾਲ ਚੱਲਣ ਵਾਲੇ ਜਾਂ ਬੇਰੋਕ ਗਤੀ ਵਾਲੇ ਸ਼ਹਿਰ ਅਮੀਰ ਦੇਸ਼ਾਂ ’ਚ ਹਨ, ਅਤੇ ਸਭ ਤੋਂ ਹੌਲੀ-ਹੌਲੀ ਚੱਲਣ ਵਾਲੇ ਸਾਰੇ ਸ਼ਹਿਰ ਗਰੀਬ ਦੇਸ਼ਾਂ ’ਚ ਹਨ।’’