
ਅਫਗਾਨ ਔਰਤਾਂ ਦੂਜੀਆਂ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ’ਚ ਨਮਾਜ਼ ਨਹੀਂ ਪੜ੍ਹ ਸਕਦੀਆਂ : ਤਾਲਿਬਾਨ ਮੰਤਰੀ
ਇਸਲਾਮਾਬਾਦ: ਅਫਗਾਨਿਸਤਾਨ ਦੇ ਇਕ ਮੰਤਰੀ ਨੇ ਕਿਹਾ ਹੈ ਕਿ ਅਫਗਾਨ ਔਰਤਾਂ ਨੂੰ ਹੋਰ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ’ਚ ਨਮਾਜ਼ ਪੜ੍ਹਨ ਜਾਂ ਕੁਰਾਨ ਪੜ੍ਹਨ ਦੀ ਮਨਾਹੀ ਹੈ।
ਇਹ ਨੈਤਿਕਤਾ ਕਾਨੂੰਨਾਂ ਤਹਿਤ ਔਰਤਾਂ ’ਤੇ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਹਨ। ਇਨ੍ਹਾਂ ਕਾਨੂੰਨਾਂ ਤਹਿਤ ਔਰਤਾਂ ਨੂੰ ਘਰ ਦੇ ਬਾਹਰ ਉੱਚੀ ਆਵਾਜ਼ ’ਚ ਗੱਲ ਕਰਨ ਅਤੇ ਅਪਣਾ ਚਿਹਰਾ ਵਿਖਾਉਣ ’ਤੇ ਪਾਬੰਦੀ ਹੈ।
ਇਸ ਤੋਂ ਇਲਾਵਾ ਕੁੜੀਆਂ ਨੂੰ ਛੇਵੀਂ ਜਮਾਤ ਤੋਂ ਬਾਅਦ ਸਿੱਖਿਆ ਤੋਂ ਵਾਂਝੀਆਂ ਰਖਿਆ ਗਿਆ ਹੈ ਅਤੇ ਔਰਤਾਂ ਨੂੰ ਪਹਿਲਾਂ ਹੀ ਕਈ ਜਨਤਕ ਥਾਵਾਂ ਅਤੇ ਜ਼ਿਆਦਾਤਰ ਨੌਕਰੀਆਂ ਤੋਂ ਬਾਹਰ ਰੱਖਿਆ ਗਿਆ ਹੈ।
ਦੇਸ਼ ਦੇ ਧਾਰਮਕ ਮੰਤਰਾਲੇ ਦੇ ਕਿਸੇ ਵੀ ਅਧਿਕਾਰੀ ਨੇ ਬੁਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਪਾਬੰਦੀਆਂ ਨੈਤਿਕਤਾ ਕਾਨੂੰਨਾਂ ਦਾ ਹਿੱਸਾ ਬਣ ਜਾਣਗੀਆਂ ਜਾਂ ਨਹੀਂ।
ਧਾਰਮਕ ਮੰਤਰੀ ਖਾਲਿਦ ਹਨਾਫੀ ਨੇ ਪੂਰਬੀ ਲੋਗਰ ਸੂਬੇ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਕਿਸੇ ਔਰਤ ਲਈ ਕਿਸੇ ਹੋਰ ਬਾਲਗ ਔਰਤ ਦੇ ਸਾਹਮਣੇ ਕੁਰਾਨ ਦੀਆਂ ਆਇਤਾਂ ਪੜ੍ਹਨ ਦੀ ਮਨਾਹੀ ਹੈ। ਇਥੋਂ ਤਕ ਕਿ ਤਕਬੀਰ (ਅੱਲਾਹੂ ਅਕਬਰ) ਦੇ ਨਾਅਰੇ ਲਗਾਉਣ ਦੀ ਵੀ ਇਜਾਜ਼ਤ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਔਰਤ ਨੂੰ ਅਜ਼ਾਨ ਦੇਣ ਦੀ ਇਜਾਜ਼ਤ ਵੀ ਨਹੀਂ ਹੈ। ਹਨਾਫੀ ਦੀ ਟਿਪਣੀ ਦਾ ਆਡੀਓ ਮੰਤਰਾਲੇ ਦੇ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਹਟਾ ਦਿਤਾ ਗਿਆ।