
ਕਿਸਾਨੀ ਸੰਘਰਸ਼ : ਅੰਤਰਰਾਸ਼ਟਰੀ ਟੀ-20 ਮੈਚ ਵਿਚ ਪਹੁੰਚੇ ਕਿਸਾਨ ਪੁੱਤਰ
ਔਕਲੈਂਡ, 30 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਜਿੱਥੇ ਕੋਰੋਨਾ ਦੇ ਮਾੜੇ ਪ੍ਰਭਾਵ ਤੋਂ ਅਪਣਾ ਬਚਾਅ ਕਰ ਕੇ ਬਚਿਆ ਹੋਇਆ ਹੈ ਉਥੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਹੋਰ ਖੇਡਾਂ ਹੋਣ ਕਰ ਕੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਕਾਰਨ ਵੀ ਬਣਿਆ ਹੋਇਆ ਹੈ। ਇਸ ਵੇਲੇ ਇਥੇ ਬਲੈਕ ਕੈਪ (ਨਿਊਜ਼ੀਲੈਂਡ ਰਾਸ਼ਟਰੀ ਟੀਮ) ਅਤੇ ਵੈਸਟ ਇੰਡੀਜ਼ ਦਰਮਿਆਨ ਤਿੰਨ ਮੈਚ ਟੀ-20 ਦੇ ਖੇਡੇ ਜਾ ਰਹੇ ਸਨ ਅਤੇ ਅੱਜ ਆਖ਼ਰੀ ਮੈਚ ਮਾਊਂਟ ਮਾਉਂਗਾਨੂਈ (ਟੌਰੰਗਾ) ਵਿਖੇ ਸੀ।
ਇਹ ਮੈਚ ਭਾਵੇਂ ਭਾਰੀ ਬਾਰਸ਼ ਕਾਰਨ ਰੱਦ ਕਰਨਾ ਪੈ ਗਿਆ ਪਰ ਨਿਊਜ਼ੀਲੈਂਡ ਨੇ ਇਹ ਸੀਰੀਜ 2-0 ਦੇ ਨਾਲ ਜਿੱਤ ਲਈ ਸੀ। ਜਿਵੇਂ ਨਿਊਜ਼ੀਲੈਂਡ ਨੇ ਇਹ ਸੀਰੀਜ ਜਿੱਤ ਕੇ ਅਪਣੇ ਨਾਂਅ ਕੀਤੀ ਉਵੇਂ ਹੀ ਅੱਜ ਤਿੰਨ ਕੁ ਦਰਜਨ ਪੰਜਾਬੀ ਮੁੰਡਿਆਂ ਨੇ ਪੰਜਾਬ ਦੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਨਿੱਤਰ ਕੇ ਅਤੇ ਪੋਸਟਰ ਲਹਿਰਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਦਿਲ ਜਿਤ ਲਿਆ। ਕਿਸਾਨ ਪੁੱਤਰ ਵਰਿੰਦਰ ਸਿੰਘ ਸੰਧੂ ਪਿੰਡ ਮੱਖੀ ਕਲਾਂ (ਤਰਨਤਾਰਨ) ਅਤੇ ਖ਼ੁਸ਼ ਦੁਸਾਂਝ ਵਾਸੀ ਉਤਰ ਪ੍ਰਦੇਸ਼ ਜੋ ਕਿ ਅਪਣੀ ਪੜ੍ਹਾਈ ਤੋਂ ਬਾਅਦ ਕੰਮ ਰਹੇ ਹਨ, ਨੇ ਅਪਣੀ ਹਿੰਮਤ ਦੇ ਮੁਤਾਬਕ 20-25 ਰੰਗਦਾਰ ਪੋਸਟਰ ਪ੍ਰਿੰਟ ਕਰਵਾ ਕੇ ਅਪਣੇ ਸਾਥੀ ਮੁੰਡਿਆਂ ਨਾਲ ਮੈਚ ਵਿਚ ਲਹਿਰਾ ਦਿਤੇ। ਮੈਨਜਮੈਂਟ ਅਤੇ ਸਕਿਉਰਿਟੀ ਦੀ ਸਲਾਹ 'ਤੇ ਇਹ ਨੌਜਵਾਨ ਫਿਰ ਓਪਨ ਸਟੇਡੀਅਮ ਦੇ ਬਾਹਰ ਜਾ ਕੇ ਵੱਡਾ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰ ਗਏ। ਬਾਹਰੇ ਪਾਸੇ ਕਾਫੀ ਪੰਜਾਬੀ ਮੁੰਡੇ ਇਕੱਠੇ ਹੋ ਗਏ, ਕਿਸਾਨ ਏਕਤਾ ਅਤੇ ਕਿਸਾਨੀ ਸੰਘਰਸ਼ ਦੇ ਨਾਅਰੇ ਲਾਏ ਅਤੇ ਭਾਰਤ ਸਰਕਾਰ ਦੇ ਕਿਸਾਨੀ ਬਿਲ ਦੇ ਵਿਰੋਧ ਵਿਚ ਮਨ ਦੀ ਭੜਾਸ ਕੱਢ ਲਈ।
ਇਨ੍ਹਾਂ ਪੰਜਾਬੀ ਲੜਕਿਆਂ ਦਾ ਜੋਸ਼ ਵੇਖਿਆ ਹੀ ਬਣਦਾ ਸੀ। ਭਾਰਤ ਸਰਕਾਰ ਤੱਕ ਆਪਣਾ ਰੋਸ ਪੁਜਾਉਣ ਦੇ ਲਈ ਇਨ੍ਹਾਂ ਪੰਜਾਬੀ ਮੁਡਿਆਂ ਦੀ ਦਾਦ ਦੇਣੀ ਬਣਦੀ ਹੈ। ਸ਼ਾਬਾਸ਼! ਪੰਜਾਬੀਓ, ਉਸ ਕਾਨੂੰਨ ਦਾ ਵਿਰੋਧ ਜ਼ਰੂਰ ਕਰੋ ਜਿਹੜਾ ਤੁਹਾਡੇ ਫ਼ਾਇਦੇ ਵਿਚ ਨਹੀਂ।