ਇੱਕ ਮੈਂਬਰ ਦੇ ਮੂੰਹ 'ਤੇ ਔਰਤ ਨੇ ਥੁੱਕਿਆ ਵੀ, ਗੁੱਸੇ 'ਚ ਆਪਣੇ ਕੱਪੜੇ ਵੀ ਉਤਾਰ ਦਿੱਤੇ
ਮੁੰਬਈ - ਅਬੂ ਧਾਬੀ ਤੋਂ ਮੁੰਬਈ ਜਾਣ ਵਾਲੀ ਵਿਸਤਾਰ ਏਅਰਲਾਈਨਜ਼ ਦੀ ਬਿਜ਼ਨਸ ਕਲਾਸ ਵਿੱਚ ਦਾਖਲ ਹੋਣ ਤੋਂ ਰੋਕੇ ਜਾਣ ਤੋਂ ਬਾਅਦ, ਇੱਕ ਮਹਿਲਾ ਯਾਤਰੀ ਨੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਕਥਿਤ ਤੌਰ 'ਤੇ ਮੁੱਕਾ ਮਾਰਿਆ, ਹੋਰ ਕ੍ਰਿਊ ਮੈਂਬਰ ਨਾਲ ਝਗੜਾ ਕੀਤਾ ਅਤੇ ਗ਼ੈਰ-ਵਾਜਿਬ ਸਲੂਕ ਕੀਤਾ।
ਇਹ ਘਟਨਾ ਸੋਮਵਾਰ ਨੂੰ ਵਾਪਰੀ ਅਤੇ ਜਹਾਜ਼ ਦੇ ਮੁੰਬਈ 'ਚ ਉੱਤਰਨ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ 45 ਸਾਲਾ ਔਰਤ ਨੂੰ ਸਹਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
'ਵਿਸਤਾਰ' ਨੇ ਇੱਕ ਬਿਆਨ ਵਿੱਚ ਕਿਹਾ ਕਿ ਮਹਿਲਾ ਯਾਤਰੀ ਨੂੰ ਉਸ ਦੇ 'ਮਰਿਆਦਾ ਰਹਿਤ ਅਤੇ ਹਿੰਸਕ ਵਿਉਹਾਰ' ਦੇ ਕਾਰਨ ਰੋਕਿਆ ਗਿਆ, ਅਤੇ ਆਦਰਸ਼ ਸੰਚਾਲਨ ਪ੍ਰਕਿਰਿਆ ਅਨੁਸਾਰ ਇਸ ਘਟਨਾ ਦੀ ਰਿਪੋਰਟ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ ਗਈ।
ਸਹਾਰ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਮੁਤਾਬਕ ਔਰਤ ਦੀ ਪਹਿਚਾਣ ਪਾਓਲਾ ਪੇਰੁਸ਼ਿਓ ਵਜੋਂ ਹੋਈ ਹੈ, ਜੋ ਸੋਮਵਾਰ ਤੜਕੇ 2 ਵਜੇ ਇਕਾਨਮੀ ਕਲਾਸ ਦੀ ਟਿਕਟ ਲੈ ਕੇ ਜਹਾਜ਼ 'ਚ ਸਵਾਰ ਹੋਈ। ਬਾਅਦ 'ਚ ਔਰਤ ਬਿਜ਼ਨੈੱਸ ਕਲਾਸ 'ਚ ਦਾਖਲ ਹੋ ਗਈ ਅਤੇ ਜਦੋਂ ਕ੍ਰਿਊ ਮੈਂਬਰ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਕਥਿਤ ਤੌਰ 'ਤੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੁਰਵਿਉਹਾਰ ਕੀਤਾ ਅਤੇ ਕਥਿਤ ਤੌਰ 'ਤੇ ਇੱਕ ਕ੍ਰਿਊ ਮੈਂਬਰ ਦੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਦੂਜੇ ਦੇ ਮੂੰਹ 'ਤੇ ਥੁੱਕ ਦਿੱਤਾ।
ਉਨ੍ਹਾਂ ਦੱਸਿਆ ਕਿ ਜਦੋਂ ਚਾਲਕ ਦਲ ਦੇ ਹੋਰ ਮੈਂਬਰ ਆਪਣੇ ਸਾਥੀ ਦੀ ਮਦਦ ਲਈ ਦੌੜੇ, ਤਾਂ ਔਰਤ ਨੇ ਕਥਿਤ ਤੌਰ 'ਤੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਉਸੇ ਹਾਲਤ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਜਹਾਜ਼ ਇੱਥੇ ਪਹੁੰਚਿਆ ਤਾਂ ਚਾਲਕ ਦਲ ਦੇ ਮੈਂਬਰਾਂ ਨੇ ਸਹਾਰ ਪੁਲਿਸ ਨਾਲ ਸੰਪਰਕ ਕੀਤਾ ਅਤੇ ਔਰਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਔਰਤ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।