
Mastermind of attack on Israel: ਇਜ਼ਰਾਈਲ ਨੇ ਛੇ ਮਹੀਨੇ ਪਹਿਲਾਂ ਹੀ ਦਈਫ਼ ਦੀ ਮੌਤ ਦਾ ਕਰ ਦਿਤਾ ਸੀ ਐਲਾਨ
Mastermind of attack on Israel: ਫ਼ਲਸਤੀਨ ਦੇ ਕੱਟੜਪੰਥੀ ਸਮੂਹ ਹਮਾਸ ਦੇ ਫ਼ੌਜੀ ਵਿੰਗ ਦੇ ਮੁਖੀ ਮੁਹੰਮਦ ਦਈਫ਼ ਨੂੰ ਮਾਰ ਦਿਤਾ ਗਿਆ ਹੈ। ਹਮਾਸ ਵਲੋਂ ਇਸ ਦੀ ਪੁਸ਼ਟੀ ਕਰ ਦਿਤੀ ਗਈ, ਜਦਕਿ ਇਜ਼ਰਾਈਲ ਨੇ ਛੇ ਮਹੀਨੇ ਪਹਿਲਾਂ ਹੀ ਉਸ ਦੀ ਮੌਤ ਦਾ ਐਲਾਨ ਕਰ ਦਿਤਾ ਸੀ। ਹਮਾਸ ਨੇ ਦਈਫ਼ ਬਾਰੇ ਪਹਿਲੀ ਵਾਰ ਇਹ ਬਿਆਨ ਜਾਰੀ ਕੀਤਾ ਹੈ। ਇਜ਼ਰਾਈਲੀ ਫ਼ੌਜ ਨੇ ਪਿਛਲੇ ਸਾਲ ਅਗੱਸਤ ਵਿਚ ਐਲਾਨ ਕੀਤਾ ਸੀ ਕਿ ਇਕ ਮਹੀਨੇ ਪਹਿਲਾਂ ਦਖਣੀ ਗਾਜ਼ਾ ਵਿਚ ਇਕ ਹਵਾਈ ਹਮਲੇ ’ਚ ਦਈਫ਼ ਮਾਰਿਆ ਗਿਆ ਸੀ। ਹਮਾਸ ਵਲੋਂ ਵੀਰਵਾਰ ਨੂੰ ਦਈਫ਼ ਦੀ ਮੌਤ ਦੀ ਪੁਸ਼ਟੀ ਨੇ ਉਸ ਦੀ ਹਾਲਤ ਬਾਰੇ ਕਈ ਮਹੀਨਿਆਂ ਦੀਆਂ ਅਟਕਲਾਂ ਨੂੰ ਖ਼ਤਮ ਕਰ ਦਿਤਾ।
ਬ੍ਰਿਗੇਡ ਦੇ ਬੁਲਾਰੇ ਅਬੂ ਓਬੇਦਾਹ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਲ-ਕੱਸਾਮ ਦਾ ਡਿਪਟੀ ਚੀਫ਼ ਆਫ਼ ਸਟਾਫ਼ ਮਾਰਵਾਨ ਈਸਾ ਵੀ ਮਾਰਿਆ ਗਿਆ ਹੈ। ਉਨ੍ਹਾਂ ਕਿਹਾ, ‘ਦੁਸ਼ਮਣ ਨੇ ਸਾਡੇ ਦੋ ਮਹਾਨ ਨੇਤਾਵਾਂ ਨੂੰ ਮਾਰ ਦਿਤਾ ਹੈ ਪਰ ਉਨ੍ਹਾਂ ਦੀ ਵਿਰਾਸਤ ਅਤੇ ਵਿਰੋਧ ਜਾਰੀ ਰਹੇਗਾ।’ ਉਨ੍ਹਾਂ ਕਿਹਾ ਕਿ ਹਮਾਸ ਦੇ ਫ਼ੌਜੀ ਨੇਤਾਵਾਂ ਦੀ ਹਤਿਆ ਇਜ਼ਰਾਈਲ ਵਿਰੁਧ ਫ਼ਲਸਤੀਨੀ ਵਿਰੋਧ ਨੂੰ ਨਹੀਂ ਰੋਕ ਸਕੇਗੀ। ਮੁਹੰਮਦ ਦਈਫ਼ ਹਮਾਸ ਦੁਆਰਾ ਇਜ਼ਰਾਈਲ ’ਤੇ 7 ਅਕਤੂਬਰ ਨੂੰ ਹੋਏ ਹਮਲੇ ਦਾ ਮੁੱਖ ਸਾਜ਼ਸ਼ਕਰਤਾ ਸੀ। ਇਸ ਹਮਲੇ ਕਾਰਨ ਗਾਜ਼ਾ ਵਿਚ ਜੰਗ ਛਿੜ ਗਈ। ਦਈਫ਼ ਕਈ ਸਾਲਾਂ ਤੋਂ ਇਜ਼ਰਾਈਲ ਦੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਦੀ ਸੂਚੀ ਵਿਚ ਸਿਖਰ ’ਤੇ ਸੀ।