
Hindu man shot dead in Pakistan: ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਮ੍ਰਿਤਕ, ਮੁਲਜ਼ਮ ਗ੍ਰਿਫ਼ਤਾਰ
Hindu man shot dead in Pakistan: ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ’ਤੇ ਹਮਲੇ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਉਨ੍ਹਾਂ ਨੂੰ ਹਰ ਰੋਜ਼ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਸ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੂਜੇ ਪਾਸੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਥੇ ਸਭ ਕੁਝ ਠੀਕ ਹੈ। ਇਸ ਤੋਂ ਇਲਾਵਾ, ਇੱਥੇ ਧਰਮ ਪਰਿਵਰਤਨ ਦੇ ਹੋਰ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪੇਸ਼ਾਵਰ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ 56 ਸਾਲਾ ਹਿੰਦੂ ਸਫ਼ਾਈ ਕਰਮਚਾਰੀ ਨੂੰ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ’ਤੇ ਗੋਲੀ ਮਾਰ ਦਿੱਤੀ ਗਈ।
ਇਹ ਪੂਰੀ ਘਟਨਾ ਪਾਕਿਸਤਾਨ ਦੇ ਪੇਸ਼ਾਵਰ ਦੇ ਡਾਕ ਕਲੋਨੀ ਇਲਾਕੇ ਵਿੱਚ ਸਾਹਮਣੇ ਆਈ ਹੈ। ਇੱਥੇ ਇੱਕ ਸਰਕਾਰੀ ਸੰਸਥਾ ਵਿੱਚ ਕੰਮ ਕਰਨ ਵਾਲਾ 56 ਸਾਲਾ ਸਫ਼ਾਈ ਕਰਮਚਾਰੀ ਆਪਣਾ ਕੰਮ ਪੂਰਾ ਕਰ ਕੇ ਘਰ ਵਾਪਸ ਆ ਰਿਹਾ ਸੀ, ਜਦੋਂ ਉਸ ’ਤੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਸ਼ੱਕੀ ਮੌਕੇ ਤੋਂ ਭੱਜ ਗਿਆ, ਹਾਲਾਂਕਿ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 29 ਮਾਰਚ, 2025 ਦੀ ਦੱਸੀ ਜਾ ਰਹੀ ਹੈ।
ਸਫ਼ਾਈ ਕਰਮਚਾਰੀ ਦੇ ਭਰਾ ਨੇ ਮਾਮਲੇ ’ਚ ਐਫ਼ਆਈਆਰ ਦਰਜ ਕਰਵਾਈ ਹੈ। ਭਰਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਮੁਸ਼ਤਾਕ ਨੇ ਭਰਾ ਨਦੀਮ ਨੂੰ ਗੋਲੀ ਮਾਰ ਦਿਤੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਐਫ਼ਆਈਆਰ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਮੁਸ਼ਤਾਕ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਉਸ ਦੇ ਭਰਾ ’ਤੇ ਇਸਲਾਮ ਧਰਮ ਕਬੂਲ ਕਰਨ ਲਈ ਦਬਾਅ ਪਾ ਰਿਹਾ ਸੀ। ਭਰਾ ਨੇ ਉਸਨੂੰ ਕਈ ਵਾਰ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਉਹ ਦਬਾਅ ਪਾਉਂਦਾ ਰਿਹਾ। ਇਸੇ ਕਰ ਕੇ ਜਦੋਂ ਉਸਦੇ ਭਰਾ ਨੇ ਇਨਕਾਰ ਕਰ ਦਿੱਤਾ, ਤਾਂ ਉਸਨੇ ਉਸਨੂੰ ਗੋਲੀ ਮਾਰ ਦਿੱਤੀ।
ਸਫ਼ਾਈ ਕਰਮਚਾਰੀ ਦੇ ਦੂਜੇ ਭਰਾ ਨੇ ਕਿਹਾ ਕਿ ਉਸ ਨੇ ਉਨ੍ਹਾਂ ਦੇ ਦੋਸਤਾਂ ਤੋਂ ਸੁਣਿਆ ਸੀ ਕਿ ਕੋਈ ਉਸਨੂੰ ਆਪਣਾ ਧਰਮ ਬਦਲਣ ਲਈ ਪਰੇਸ਼ਾਨ ਕਰ ਰਿਹਾ ਸੀ। ਹਾਲਾਂਕਿ, ਨਦੀਮ, ਸਭ ਤੋਂ ਵੱਡਾ ਹੋਣ ਕਰ ਕੇ ਆਪਣੇ ਪਰਿਵਾਰ ਨਾਲ ਅਜਿਹੀਆਂ ਕੋਈ ਚਿੰਤਾਵਾਂ ਸਾਂਝੀਆਂ ਨਹੀਂ ਕਰਦਾ ਸੀ। ਸਫ਼ਾਈ ਕਰਮਚਾਰੀ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਸ਼ਾਮਲ ਹਨ।
ਭਾਣਾ ਮਾਰੀ ਪੁਲਿਸ ਸਟੇਸ਼ਨ ਦੇ ਐਸਐਚਓ ਅਜਮਲ ਹਯਾਤ ਨੇ ਕਿਹਾ ਕਿ ਕਤਲ ਤੋਂ ਬਾਅਦ ਸ਼ੱਕੀ ਭੱਜ ਗਿਆ। ਹਾਲਾਂਕਿ, ਡੀਐਸਪੀ ਸਿਟੀ ਯਾਕਾਤੁਤ ਸਰਕਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸਨੇ 24 ਘੰਟਿਆਂ ਦੇ ਅੰਦਰ-ਅੰਦਰ ਮੁਸ਼ਤਾਕ ਨੂੰ ਚਾਰਸੱਦਾ ਤੋਂ ਗ੍ਰਿਫ਼ਤਾਰ ਕਰ ਲਿਆ। ਐਸਐਚਓ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ, ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from Pakistan Latest News, stay tuned to Rozana Spokesman)