
ਛੁੱਟੀ ਵਾਲੇ ਦਿਨ ਦੋਸਤਾਂ ਨਾਲ ਗਏ ਸਨ ਤੈਰਾਕੀ ਕਰਨ
ਲੰਡਨ : ਉੱਤਰੀ ਆਇਰਲੈਂਡ ਦੀ ਇਕ ਝੀਲ 'ਚ ਤੈਰਾਕੀ ਲਈ ਗਏ ਬ੍ਰਿਟੇਨ 'ਚ ਰਹਿਣ ਵਾਲੇ ਦੋ ਭਾਰਤੀ ਬਾਲਗਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਕੇਰਲ ਦੇ ਰਹਿਣ ਵਾਲੇ ਸਨ।
ਇਹ ਹਾਦਸਾ ਸੋਮਵਾਰ ਨੂੰ ਵਾਪਰਿਆ ਜਦੋਂ ਦੋਵੇਂ ਆਪਣੇ ਦੋਸਤਾਂ ਨਾਲ ਛੁੱਟੀ ਵਾਲੇ ਦਿਨ 'ਐਨਘ ਲਾਫ' ਝੀਲ 'ਤੇ ਤੈਰਾਕੀ ਲਈ ਗਏ ਸਨ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜੌਸੇਫ਼ ਸੇਬੇਸਟੀਅਨ ਅਤੇ ਰੂਵੇਨ ਸਾਈਮਨ ਵਜੋਂ ਹੋਈ ਹੈ ਅਤੇ ਦੋਵਾਂ ਦੀ ਉਮਰ ਮਹਿਜ਼ 16 ਸਾਲ ਸੀ। ਉੱਤਰੀ ਆਇਰਲੈਂਡ ਪੁਲਿਸ ਸੇਵਾ (ਪੀ.ਐੱਸ.ਏ.ਆਈ.) ਨੇ ਘਟਨਾ ਦੇ ਸਬੰਧ 'ਚ ਇਕ ਬਿਆਨ ਜਾਰੀ ਕੀਤਾ ਅਤੇ ਪੁਸ਼ਟੀ ਕੀਤੀ ਕਿ ਦੋ ਬਾਲਗਾਂ ਦੀਆਂ ਲਾਸ਼ਾਂ ਝੀਲ 'ਚੋਂ ਬਰਾਮਦ ਕਰ ਲਈਆਂ ਗਈਆਂ ਹਨ।
ਇੰਸਪੈਕਟਰ ਬ੍ਰੋਗਨ ਨੇ ਕਿਹਾ ਕਿ ਇਕ ਨੌਜਵਾਨ ਨੂੰ ਪਾਣੀ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿਥੋਂ ਬਾਅਦ 'ਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਦਕਿ ਦੂਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉੱਤਰੀ ਆਇਰਲੈਂਡ ਦੇ ਡੈਰੀ/ਲੰਡਨਡੇਰੀ ਸ਼ਹਿਰ 'ਚ ਕੇਰਲ ਐਸੋਸੀਏਸ਼ਨ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਉਹ ਪਰਿਵਾਰ ਦੇ ਨਾਲ ਹਨ।