
ਕਰਮਚਾਰੀ ਨੂੰ ਹਿਰਾਸਤ ’ਚ ਲਿਆ
ਕਾਹਿਰਾ : ਈਰਾਨ ਸਮਰਥਿਤ ਹੁਤੀ ਅਤਿਵਾਦੀਆਂ ਨੇ ਯਮਨ ਦੀ ਰਾਜਧਾਨੀ ’ਚ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਬਾਲ ਏਜੰਸੀਆਂ ਦੇ ਦਫ਼ਤਰਾਂ ਉਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਘੱਟੋ-ਘੱਟ ਇਕ ਕਰਮਚਾਰੀ ਨੂੰ ਹਿਰਾਸਤ ’ਚ ਲੈ ਲਿਆ।
ਵਿਸ਼ਵ ਖੁਰਾਕ ਪ੍ਰੋਗਰਾਮ ਦੇ ਬੁਲਾਰੇ ਅਬੀਰ ਇਤੇਫਾ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਐਤਵਾਰ ਸਵੇਰੇ ਹੁਤੀ ਦੇ ਕੰਟਰੋਲ ਵਾਲੀ ਰਾਜਧਾਨੀ ’ਚ ਏਜੰਸੀਆਂ ਦੇ ਦਫਤਰਾਂ ਉਤੇ ਚੜ੍ਹਾਈ ਕੀਤੀ। ਇਤੇਫਾ ਨੇ ਕਿਹਾ, ‘‘ਡਬਲਯੂ.ਐਫ.ਪੀ. ਦੁਹਰਾਉਂਦਾ ਹੈ ਕਿ ਮਨੁੱਖਤਾਵਾਦੀ ਕਰਮਚਾਰੀਆਂ ਨੂੰ ਮਨਮਰਜ਼ੀ ਨਾਲ ਹਿਰਾਸਤ ਵਿਚ ਲੈਣਾ ਅਸਵੀਕਾਰਯੋਗ ਹੈ।’’
ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਅਤੇ ਹੁਤੀ ਦੇ ਇਕ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਦਸਿਆ ਕਿ ਯੂਨੀਸੇਫ ਦੇ ਦਫਤਰਾਂ ਉਤੇ ਵੀ ਚੜ੍ਹਾਈ ਕੀਤੀ ਗਈ। ਯੂਨੀਸੇਫ ਦੇ ਬੁਲਾਰੇ ਅੰਮਾਰ ਅੰਮਾਰ ਨੇ ਕਿਹਾ ਕਿ ਸਨਾ ’ਚ ਉਨ੍ਹਾਂ ਦੇ ਦਫਤਰਾਂ ਨੂੰ ਲੈ ਕੇ ‘ਸਥਿਤੀ ਜਾਰੀ ਹੈ’।
ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ ਡਬਲਯੂ.ਐਫ.ਪੀ. ਅਤੇ ਯੂਨੀਸੇਫ ਦੇ ਕਈ ਹੋਰ ਕਰਮਚਾਰੀਆਂ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲਏ ਜਾਣ ਦੀ ਸੰਭਾਵਨਾ ਹੈ।
ਇਹ ਹਮਲੇ ਯਮਨ ਵਿਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਵਿਰੁਧ ਲੰਮੇ ਸਮੇਂ ਤੋਂ ਚੱਲ ਰਹੀ ਹੂਤੀ ਹਮਲਿਆਂ ਵਿਚ ਤਾਜ਼ਾ ਕਾਰਵਾਈ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਦਰਜਨਾਂ ਕਰਮਚਾਰੀਆਂ ਦੇ ਨਾਲ-ਨਾਲ ਸਹਾਇਤਾ ਸਮੂਹਾਂ, ਸਿਵਲ ਸੁਸਾਇਟੀ ਅਤੇ ਸਨਾ ਵਿਚ ਹੁਣ ਬੰਦ ਅਮਰੀਕੀ ਦੂਤਘਰ ਨਾਲ ਜੁੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸੰਯੁਕਤ ਰਾਸ਼ਟਰ ਨੇ ਉੱਤਰੀ ਯਮਨ ਦੇ ਹੂਤੀ ਗੜ੍ਹ ਸਾਦਾ ਵਿਚ ਜਨਵਰੀ ਵਿਚ ਵਿਦਰੋਹੀਆਂ ਵਲੋਂ ਸੰਯੁਕਤ ਰਾਸ਼ਟਰ ਦੇ ਅੱਠ ਕਰਮਚਾਰੀਆਂ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਅਪਣੀਆਂ ਕਾਰਵਾਈਆਂ ਮੁਅੱਤਲ ਕਰ ਦਿਤੀਆਂ ਸਨ।
ਇਜ਼ਰਾਇਲੀ ਹਮਲੇ ’ਚ ਘੱਟੋ-ਘੱਟ 5 ਮੰਤਰੀਆਂ ਦੇ ਮਾਰੇ ਜਾਣ ਦੀ ਪੁਸ਼ਟੀ
ਐਤਵਾਰ ਨੂੰ ਇਹ ਚੜ੍ਹਾਈ ਉਸ ਸਮੇਂ ਕੀਤੀ ਗਈ ਜਦੋਂ ਵੀਰਵਾਰ ਨੂੰ ਇਜ਼ਰਾਈਲੀ ਹਮਲੇ ਵਿਚ ਹੂਤੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕਈ ਕੈਬਨਿਟ ਦੇ ਮੈਂਬਰ ਮਾਰੇ ਗਏ ਸਨ, ਜਿਸ ਨਾਲ ਈਰਾਨ ਸਮਰਥਿਤ ਵਿਦਰੋਹੀਆਂ ਨੂੰ ਝਟਕਾ ਲੱਗਾ ਹੈ, ਜਿਨ੍ਹਾਂ ਨੇ ਗਾਜ਼ਾ ਪੱਟੀ ਵਿਚ ਇਜ਼ਰਾਈਲ-ਹਮਾਸ ਜੰਗ ਦੇ ਸਬੰਧ ਵਿਚ ਲਾਲ ਸਾਗਰ ਵਿਚ ਇਜ਼ਰਾਈਲ ਅਤੇ ਜਹਾਜ਼ਾਂ ਉਤੇ ਹਮਲੇ ਕੀਤੇ ਹਨ।
ਦੋ ਹੂਤੀ ਅਧਿਕਾਰੀਆਂ ਅਤੇ ਪੀੜਤ ਪਰਵਾਰਾਂ ਮੁਤਾਬਕ ਮਰਨ ਵਾਲਿਆਂ ਵਿਚ ਪ੍ਰਧਾਨ ਮੰਤਰੀ ਅਹਿਮਦ ਅਲ-ਰਹਾਵੀ, ਵਿਦੇਸ਼ ਮੰਤਰੀ ਜਮਾਲ ਆਮੇਰ, ਉਪ ਪ੍ਰਧਾਨ ਮੰਤਰੀ ਅਤੇ ਸਥਾਨਕ ਵਿਕਾਸ ਮੰਤਰੀ ਮੁਹੰਮਦ ਅਲ-ਮੇਦਾਨੀ, ਬਿਜਲੀ ਮੰਤਰੀ ਅਲੀ ਸੈਫ ਹਸਨ, ਸੈਰ ਸਪਾਟਾ ਮੰਤਰੀ ਅਲੀ ਅਲ-ਯਾਫੇਈ, ਸੂਚਨਾ ਮੰਤਰੀ ਹਾਸ਼ਿਮ ਸ਼ਰਾਫੁਲਦੀਨ ਸ਼ਾਮਲ ਹਨ।
ਹੂਤੀ ਅਧਿਕਾਰੀਆਂ ਨੇ ਦਸਿਆ ਕਿ ਇਕ ਸ਼ਕਤੀਸ਼ਾਲੀ ਉਪ ਗ੍ਰਹਿ ਮੰਤਰੀ ਅਬਦੇਲ-ਮਾਜਿਦ ਅਲ-ਮੁਰਤਾਦਾ ਵੀ ਮਾਰਿਆ ਗਿਆ।
ਹੁਤੀ ਨੇ ਸਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਸਾਲ ਦੀਆਂ ਗਤੀਵਿਧੀਆਂ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਸਰਕਾਰ ਵਲੋਂ ਆਯੋਜਿਤ ਨਿਯਮਤ ਵਰਕਸ਼ਾਪ ਦੌਰਾਨ ਨਿਸ਼ਾਨਾ ਬਣਾਇਆ ਗਿਆ। ਹੂਤੀ ਨੇ ਕਿਹਾ ਕਿ ਮਾਰੇ ਗਏ ਸਾਰੇ ਲੋਕਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੇਂਦਰੀ ਸਨਾ ਦੇ ਸਬੀਨ ਚੌਕ ’ਚ ਕੀਤਾ ਜਾਵੇਗਾ।
ਹੁਤੀ ਅਧਿਕਾਰੀਆਂ ਨੇ ਦਸਿਆ ਕਿ ਰੱਖਿਆ ਮੰਤਰੀ ਮੁਹੰਮਦ ਨਾਸਿਰ ਅਲ-ਅਤਫੀ ਹਮਲੇ ’ਚ ਬਚ ਗਏ ਜਦਕਿ ਗ੍ਰਹਿ ਮੰਤਰੀ ਅਤੇ ਬਾਗ਼ੀ ਸਮੂਹ ਦੇ ਸੱਭ ਤੋਂ ਸ਼ਕਤੀਸ਼ਾਲੀ ਸ਼ਖਸੀਅਤਾਂ ਵਿਚੋਂ ਇਕ ਅਬਦੇਲ-ਕਰੀਮ ਅਲ-ਹੂਤੀ ਵੀਰਵਾਰ ਦੀ ਬੈਠਕ ’ਚ ਸ਼ਾਮਲ ਨਹੀਂ ਹੋਏ।
ਵੀਰਵਾਰ ਨੂੰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹੁਤੀ ਨੇ 21 ਅਗੱਸਤ ਨੂੰ ਇਜ਼ਰਾਈਲ ਉਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ, ਜਿਸ ਨੂੰ ਉਸ ਦੀ ਫੌਜ ਨੇ 2023 ਤੋਂ ਬਾਅਦ ਇਜ਼ਰਾਈਲ ਉਤੇ ਪਹਿਲਾ ਕਲੱਸਟਰ ਬੰਬ ਦਸਿਆ ਸੀ। ਹੁਤੀ ਨੇ ਕਿਹਾ ਕਿ ਇਹ ਮਿਜ਼ਾਈਲ ਬੇਨ ਗੁਰਿਓਨ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਬਣਾਈ ਗਈ ਸੀ, ਜਿਸ ਕਾਰਨ ਮੱਧ ਇਜ਼ਰਾਈਲ ਅਤੇ ਯੇਰੂਸ਼ਲਮ ਵਿਚ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ, ਜਿਸ ਕਾਰਨ ਲੱਖਾਂ ਲੋਕਾਂ ਨੂੰ ਪਨਾਹ ਘਰਾਂ ਵਿਚ ਰਹਿਣਾ ਪਿਆ।
ਹੁਤੀ ਇਜ਼ਰਾਈਲ ਅਤੇ ਲਾਲ ਸਾਗਰ ਵਿਚ ਸਮੁੰਦਰੀ ਜਹਾਜ਼ਾਂ ਉਤੇ ਅਪਣੇ ਹਮਲੇ ਤੇਜ਼ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਨੇ ਜੁਲਾਈ ਵਿਚ ਇਜ਼ਰਾਈਲ ਦੀਆਂ ਬੰਦਰਗਾਹਾਂ ਨਾਲ ਕਾਰੋਬਾਰ ਕਰਨ ਵਾਲੀ ਕਿਸੇ ਵੀ ਕੰਪਨੀ ਨਾਲ ਸਬੰਧਤ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦਾ ਸੰਕਲਪ ਲਿਆ ਸੀ, ਚਾਹੇ ਉਹ ਕਿਸੇ ਵੀ ਨਾਗਰਿਕਤਾ ਦੇ ਹੋਣ।
ਸੰਗਠਨ ਦੇ ਗੁਪਤ ਨੇਤਾ ਅਲ-ਹੂਤੀ ਨੇ ਐਤਵਾਰ ਨੂੰ ਟੈਲੀਵਿਜ਼ਨ ਉਤੇ ਪ੍ਰਸਾਰਿਤ ਭਾਸ਼ਣ ’ਚ ਕਿਹਾ ਕਿ ਇਜ਼ਰਾਇਲੀ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਦੀ ਸਾਡੀ ਫੌਜੀ ਪਹੁੰਚ, ਚਾਹੇ ਉਹ ਮਿਜ਼ਾਈਲਾਂ, ਡਰੋਨ ਜਾਂ ਜਲ ਫ਼ੌਜ ਦੀ ਨਾਕਾਬੰਦੀ ਨਾਲ ਹੋਵੇ, ਨਿਰੰਤਰ, ਸਥਿਰ ਅਤੇ ਵਧ ਰਹੀ ਹੈ।