ਸਾਲ 2019 ਵਲੋਂ ਲਿਆਂਦੀਆਂ ਉਮੀਦਾਂ ਦੀ ਨਵੀਂ ਪਟਾਰੀ ਵਲ ਵੇਖ ਕੇ ਉਸ ਦਾ ਸਵਾਗਤ!
Published : Jan 1, 2019, 11:52 am IST
Updated : Jan 1, 2019, 11:52 am IST
SHARE ARTICLE
Bibi Jagdish Kaur
Bibi Jagdish Kaur

ਇਨਸਾਨ ਨੂੰ ਜਿਸ ਮਿੱਟੀ ਨਾਲ ਘੜਿਆ ਗਿਆ ਹੈ, ਉਹ ਔਕੜਾਂ ਦੇ ਚਲਦਿਆਂ ਵੀ ਇਸ ਦੀਆਂ ਉਮੀਦਾਂ ਨੂੰ ਕਾਇਮ ਰਖਦੀ ਹੈ.......

ਇਨਸਾਨ ਨੂੰ ਜਿਸ ਮਿੱਟੀ ਨਾਲ ਘੜਿਆ ਗਿਆ ਹੈ, ਉਹ ਔਕੜਾਂ ਦੇ ਚਲਦਿਆਂ ਵੀ ਇਸ ਦੀਆਂ ਉਮੀਦਾਂ ਨੂੰ ਕਾਇਮ ਰਖਦੀ ਹੈ। ਜੇ ਭਾਰਤ ਵਿਚ ਹੈਵਾਨੀਅਤ ਨੇ ਅਪਣਾ ਕਰੂਪ ਚਿਹਰਾ ਵਿਖਾਇਆ ਤਾਂ ਚੰਗੀਆਂ ਰੂਹਾਂ ਵੀ ਇਥੇ ਮੌਜੂਦ ਸਨ। ਇਸ ਸਾਲ ਦੇ ਅਸਲ ਸਿਤਾਰੇ ਤਾਂ ਉੱਤਰਾਖੰਡ ਦੇ ਪੁਲਿਸ ਅਫ਼ਸਰ ਗਗਨਦੀਪ ਸਿੰਘ ਸਾਬਤ ਹੋਏ

ਜਿਸ ਨੇ ਇਕ ਫ਼ਿਰਕੂ ਭੀੜ ਤੋਂ ਇਕ ਮੁਸਲਮਾਨ ਨੂੰ ਬਚਾਉਣ ਦੀ ਹਿੰਮਤ ਵਿਖਾਈ। ਜਗਦੀਸ਼ ਕੌਰ ਅਤੇ ਨਿਰਪ੍ਰੀਤ ਕੌਰ ਵਰਗੀਆਂ ਹਿੰਮਤੀ ਔਰਤਾਂ ਵੀ ਹਨ ਜੋ ਉਮੀਦਾਂ ਨੂੰ ਜਗਾਈ ਰਖਦੀਆਂ ਹਨ। ਇਨ੍ਹਾਂ ਔਰਤਾਂ ਨੇ ਜਿਥੇ ਅਪਣੇ ਪ੍ਰਵਾਰ ਦੇ ਪੀੜਤਾਂ ਨੂੰ ਨਿਆਂ ਦਿਵਾਇਆ ਅਤੇ ਸਿੱਖ ਕੌਮ ਦੀ ਰੂਹ ਨੂੰ ਬਚਾਉਣ ਲਈ ਵੱਡਾ ਉਪਰਾਲਾ ਕੀਤਾ, ਉਥੇ ਸਮੂਹ ਭਾਰਤ ਨੂੰ ਇਨਸਾਨੀਅਤ ਦਾ ਪਾਠ ਵੀ ਪੜ੍ਹਾਇਆ।

2019 ਦਾ ਪਹਿਲਾ ਦਿਨ ਚੜ੍ਹਿਆ ਹੈ। ਸੂਰਜ ਹਰ ਰੋਜ਼ ਵਾਂਗ ਅਪਣੇ ਸੇਕ ਨਾਲ ਧਰਤੀ ਨੂੰ ਨਿੱਘਾ ਅਤੇ ਰੌਸ਼ਨ ਕਰਦਾ ਹੈ ਅਤੇ ਕੁੱਝ ਘੰਟਿਆਂ ਬਾਅਦ ਚੰਨ ਵੀ ਕਾਲੀ ਰਾਤ ਨੂੰ ਉਮੀਦਾਂ ਦੇ ਨਾਲ ਨਾਲ ਠੰਢੇ ਚਾਨਣ ਦੀਆਂ ਰਿਸ਼ਮਾਂ ਨਾਲ ਨੁਹਾ ਕੇ, ਉਸ ਦੀ ਕਾਲਖ ਨੂੰ ਦਿਨ ਦੇ ਉਜਾਲੇ ਵਿਚ ਤਬਦੀਲ ਕਰਨ ਦਾ ਯਤਨ ਕਰਨ ਲੱਗ ਜਾਂਦਾ ਹੈ। ਪਰ ਸੱਭ ਕੁੱਝ ਉਸੇ ਤਰ੍ਹਾਂ ਹੋਣ ਦੇ ਬਾਵਜੂਦ, ਅੱਜ ਹਰ ਇਨਸਾਨ ਦੇ ਮਨ ਵਿਚ ਕੁੱਝ ਵਖਰਾ ਵੀ ਪਨਪ ਰਿਹਾ ਹੈ। ਨਵੇਂ ਸਾਲ ਨੂੰ ਇਕ ਨਵੀਂ ਸ਼ੁਰੂਆਤ ਮੰਨਦੇ ਹੋਏ, ਪਿਛਲੇ ਸਾਲ ਤੋਂ ਵਖਰਾ ਬਣਾਉਣ ਦੇ ਵਾਅਦੇ ਹਰ ਕੋਈ ਅਪਣੇ ਆਪ ਨਾਲ ਕਰੇਗਾ

ਅਤੇ ਇਸੇ ਸੋਚ ਨੂੰ ਲੈ ਕੇ, ਕੁਦਰਤ ਨੇ ਇਨਸਾਨ ਨੂੰ ਸਾਰਿਆਂ ਤੋਂ ਵਖਰਾ ਘੜਿਆ ਹੈ। ਅੱਜ ਦੇ ਦਿਨ ਕੋਲ ਬਾਕੀ ਜਾਨਵਰਾਂ, ਫੁੱਲਾਂ ਤੇ ਵਨਸਪਤੀ ਵਾਸਤੇ ਕੁੱਝ ਵੀ ਨਵਾਂ ਨਹੀਂ, ਸਿਰਫ਼ ਇਨਸਾਨ ਹੀ ਹੈ ਜੋ ਸ਼ਾਇਦ ਅਪਣੀ ਅਕਲ ਦੇ ਸਹਾਰੇ ਜਾਂ ਸੋਚ ਦੀਆਂ ਉਡਾਰੀਆਂ ਨਾਲ ਜਾਂ ਮੁਹੱਬਤ ਦੀਆਂ ਡੂੰਘਾਈਆਂ ਨਾਲ, ਅੱਜ ਦੇ ਦਿਨ ਨੂੰ, ਨਵੀਆਂ ਉਮੀਦਾਂ ਨਾਲ ਵੇਖਦਾ ਹੈ। 2018 ਵਲ ਝਾਤ ਮਾਰੀਏ ਤਾਂ ਇਹ ਸਾਲ ਦੇਸ਼ ਅਤੇ ਸੂਬੇ ਵਾਸਤੇ ਉਮੀਦਾਂ ਦੇ ਨਾਲ ਨਾਲ ਬੜੀਆਂ ਚੁਨੌਤੀਆਂ ਤੇ ਬੜੇ ਕਾਲੇ ਪਲ ਵੀ ਲੈ ਕੇ ਆਇਆ ਹੈ। ਜੋ ਉਮੀਦਾਂ 2018 ਦੀ ਸ਼ੁਰੂਆਤ ਵਿਚ ਸਾਡੇ ਮਨਾਂ ਨੂੰ ਤਾਕਤ ਦੇ ਰਹੀਆਂ ਸਨ, ਉਨ੍ਹਾਂ ਵਿਚੋਂ ਕਈ ਤਹਿਸ-ਨਹਿਸ ਹੋ ਚੁਕੀਆਂ ਹਨ।

Inspector Gagandeep Singh and the Muslim youth he saved from the mob in RamnagarInspector Gagandeep Singh and the Muslim youth he saved from the mob in Ramnagar

ਅੱਜ ਜਿਥੇ ਨੌਜਵਾਨ ਅਪਣੀ ਕਿਸਮਤ ਨੂੰ ਨਵੇਂ ਸਿਰਿਉਂ ਅਜ਼ਮਾਉਣ ਲਈ ਮਨ ਵਿਚ ਲੱਡੂ ਭੋਰ ਰਹੇ ਹੋਣਗੇ, ਉਥੇ ਪਕੌੜੇ ਤਲ ਕੇ ਵੇਚਣ ਨੂੰ ਹੀ 'ਰੁਜ਼ਗਾਰ' ਸਮਝ ਲੈਣ ਦੀ ਨਸੀਹਤ ਨਾਲ ਉਨ੍ਹਾਂ ਦੇ ਦਿਲ ਜ਼ਰੂਰ ਟੁੱਟੇ ਹੋਣਗੇ। ਨੌਕਰੀਆਂ ਦੇ ਮੇਲੇ, ਉਨ੍ਹਾਂ ਦੀਆਂ ਉਮੀਦਾਂ ਦੇ ਜਨਾਜ਼ੇ ਬਣ ਉਨ੍ਹਾਂ ਦਾ ਮੂੰਹ ਚਿੜਾ ਗਏ। ਕਿਸਾਨਾਂ ਦਾ ਗੁੱਸਾ ਦੇਸ਼ ਨੂੰ ਉਨ੍ਹਾਂ ਦੀ ਵਿਗੜਦੀ ਹਾਲਤ ਪ੍ਰਤੀ ਝੰਜੋੜਨ ਵਾਸਤੇ ਵਾਰ ਵਾਰ ਸੜਕਾਂ ਤੇ ਆਉਣ ਲਈ ਮਜਬੂਰ ਹੋਇਆ। ਮਜਬੂਰ ਤਾਂ ਸੁਪਰੀਮ ਕੋਰਟ ਦੇ ਜੱਜ ਵੀ ਸਨ ਜੋ ਲੋਕਾਂ ਸਾਹਮਣੇ ਆ ਕੇ ਪ੍ਰੈੱਸ ਕਾਨਫ਼ਰੰਸ ਵਿਚ ਕਹਿ ਗਏ ਕਿ ਲੋਕਤੰਤਰ ਖ਼ਤਰੇ ਵਿਚ ਹੈ।

ਫ਼ਿਰਕੂ ਹੈਵਾਨਾਂ ਦੀਆਂ ਭੀੜਾਂ ਨੇ ਨਿਹਿੱਥਿਆਂ ਨੂੰ ਮਾਰਿਆ ਅਤੇ 2018 ਵਿਚ ਦੋ ਪੁਲਿਸ ਅਫ਼ਸਰ ਵੀ ਭੀੜਾਂ ਦੇ ਸ਼ਿਕਾਰ ਹੋ ਗਏ। ਔਰਤਾਂ ਦੀ ਸੁਰੱਖਿਆ ਤਾਂ ਹਮੇਸ਼ਾ ਇਕ ਮੁੱਦਾ ਰਿਹਾ ਹੈ ਪਰ ਜਦੋਂ ਸੱਤ ਸਾਲ ਦੀ ਆਸਿਫ਼ਾ ਫ਼ਿਰਕੂ ਭੀੜ ਦੀ ਨਫ਼ਰਤ ਦਾ ਸ਼ਿਕਾਰ ਬਣੀ ਤਾਂ ਇਨਸਾਨੀਅਤ ਕੰਬ ਉਠੀ। ਇਨ੍ਹਾਂ ਦਿਲ ਚੀਰਵੇਂ, ਰੂਹ ਨੂੰ ਕੰਬਣੀ ਛੇੜਦੇ ਪਲਾਂ 'ਚੋਂ ਵੀ ਇਨਸਾਨ ਅਪਣੇ ਲਈ ਮੁੜ ਤੋਂ ਉਮੀਦਾਂ ਬਟੋਰ ਹੀ ਲੈਂਦਾ ਹੈ। ਕੁਦਰਤ ਦੀ ਇਹ ਦੇਣ ਅਪਣੇ ਆਪ ਵਿਚ ਇਕ ਅਚੰਭਾ ਹੈ। 

ਮਾਇਆ ਦੇ ਢੇਰ ਅਪਣੇ ਦੌਲਤਖ਼ਾਨਿਆਂ ਵਿਚ ਇਕੱਤਰ ਕਰਨ ਦਾ ਭੂਤ ਸਵਾਰ ਹੋਵੇ ਜਾਂ ਪੱਗਾਂ ਨਾਲ ਬੁੱਤ ਸਾਫ਼ ਕਰਨ ਦੀ ਚਮਚਾਗੀਰੀ,  ਸਿਆਸਤਦਾਨਾਂ ਨੇ ਅਪਣਾ ਕਿਰਦਾਰ ਇਨਸਾਨੀਅਤ ਦੀਆਂ ਬੁਲੰਦੀਆਂ ਦੇ ਮੁਕਾਬਲੇ ਸਦਾਚਾਰ ਦੀਆਂ ਨਿਵਾਣਾਂ ਨੂੰ ਛੂੰਹਦਾ ਹੀ ਵਿਖਾਇਆ। ਭਾਰਤੀ ਅਮੀਰਾਂ ਨੇ ਅਪਣੇ ਪੈਸੇ ਨਾਲ ਲੱਖਾਂ-ਕਰੋੜਾਂ ਦੀ ਨੁਮਾਇਸ਼ ਕਰ ਕੇ ਬੱਚਿਆਂ ਦੇ ਵਿਆਹ ਰਚਾਏ ਅਤੇ ਭੁੱਖਾ ਗ਼ਰੀਬ ਭਾਰਤ, ਉਨ੍ਹਾਂ ਦੀਆਂ ਤਸਵੀਰਾਂ ਵੇਖ ਵੇਖ ਹੀ ਖ਼ੁਸ਼ ਹੁੰਦਾ ਰਿਹਾ। ਵਿਕਾਸ ਤਾਂ ਖ਼ਾਸ ਨਹੀਂ ਹੋਇਆ, ਬਸ ਕੁੱਝ ਹੋਰ ਅਮੀਰ ਲੋਕ ਦੇਸ਼ ਛੱਡ ਕੇ ਭੱਜ ਗਏ।

ਸਰਕਾਰ ਨੇ ਕੁੱਝ ਕੁ ਹੋਰ ਧਨਾਢਾਂ ਦਾ ਕਰੋੜਾਂ ਤੇ ਅਰਬਾਂ ਦਾ ਕਰਜ਼ਾ ਮਾਫ਼ ਕਰ ਦਿਤਾ। ਅੰਬਾਨੀ ਦੇ 'ਜੀਉ' ਨੇ 40% ਇੰਟਰਨੈੱਟ ਉਤੇ ਕਬਜ਼ਾ ਕਰ ਕੇ ਈਸ਼ਾ ਅੰਬਾਨੀ ਦੇ ਦਾਜ ਵਿਚ ਸਾਰੇ ਭਾਰਤ ਦਾ ਯੋਗਦਾਨ ਪਵਾ ਕੇ ਕੰਨਿਆਦਾਨ ਕਰ ਲਿਆ। ਅਜੇ ਜੋ ਲੋਕ ਅਪਣੀਆਂ ਸੈਲਫ਼ੀਆਂ ਖਿੱਚਣ ਅਤੇ ਮੁਫ਼ਤ ਇੰਟਰਨੈੱਟ ਰਾਹੀਂ ਸੋਸ਼ਲ ਮੀਡੀਆ ਅੰਦਰ ਲਫ਼ਜ਼ੀ ਝੰਡੇ ਗੱਡਣ ਵਿਚ ਮਸਰੂਫ਼ ਹਨ, ਉਨ੍ਹਾਂ ਨੂੰ ਅਪਣੇ ਯੋਗਦਾਨ ਦੀ ਹੋਸ਼ ਨਹੀਂ। ਪਰ ਇਨਸਾਨ ਨੂੰ ਜਿਸ ਮਿੱਟੀ ਨਾਲ ਘੜਿਆ ਗਿਆ ਹੈ, ਉਹ ਔਕੜਾਂ ਦੇ ਚਲਦਿਆਂ ਵੀ ਇਸ ਦੀਆਂ ਉਮੀਦਾਂ ਨੂੰ ਕਾਇਮ ਰਖਦੀ ਹੈ।

Ambani Marrige PicAmbani Marrige

ਜੇ ਭਾਰਤ ਵਿਚ ਹੈਵਾਨੀਅਤ ਨੇ ਅਪਣਾ ਕਰੂਪ ਚਿਹਰਾ ਵਿਖਾਇਆ ਤਾਂ ਚੰਗੀਆਂ ਰੂਹਾਂ ਵੀ ਇਥੇ ਮੌਜੂਦ ਸਨ। ਇਸ ਸਾਲ ਦੇ ਅਸਲ ਸਿਤਾਰੇ ਤਾਂ ਉੱਤਰਾਖੰਡ ਦੇ ਪੁਲਿਸ ਅਫ਼ਸਰ ਗਗਨਦੀਪ ਸਿੰਘ ਸਾਬਤ ਹੋਏ ਜਿਸ ਨੇ ਇਕ ਫ਼ਿਰਕੂ ਭੀੜ ਤੋਂ ਇਕ ਮੁਸਲਮਾਨ ਨੂੰ ਬਚਾਉਣ ਦੀ ਹਿੰਮਤ ਵਿਖਾਈ। ਜਗਦੀਸ਼ ਕੌਰ ਅਤੇ ਨਿਰਪ੍ਰੀਤ ਕੌਰ ਵਰਗੀਆਂ ਹਿੰਮਤੀ ਔਰਤਾਂ ਵੀ ਹਨ ਜੋ ਉਮੀਦਾਂ ਨੂੰ ਜਗਾਈ ਰਖਦੀਆਂ ਹਨ। ਇਨ੍ਹਾਂ ਔਰਤਾਂ ਨੇ ਜਿਥੇ ਅਪਣੇ ਪ੍ਰਵਾਰ ਦੇ ਪੀੜਤਾਂ ਨੂੰ ਨਿਆਂ ਦਿਵਾਇਆ ਅਤੇ ਸਿੱਖ ਕੌਮ ਦੀ ਰੂਹ ਨੂੰ ਬਚਾਉਣ ਲਈ ਵੱਡਾ ਉਪਰਾਲਾ ਕੀਤਾ, ਉਥੇ ਸਮੂਹ ਭਾਰਤ ਨੂੰ ਇਨਸਾਨੀਅਤ ਦਾ ਪਾਠ ਵੀ ਪੜ੍ਹਾਇਆ।

ਇਹੋ ਜਿਹੇ ਲੋਕ ਹੀ ਹਨ ਜੋ ਜ਼ਿੰਦਗੀ ਦੇ ਕੋਨੇ ਕੋਨੇ ਵਿਚ ਉਮੀਦਾਂ ਜਗਾਉਂਦੇ ਹਨ। ਇਹੀ ਲੋਕ ਹਨ ਜੋ ਨਿਆਂ ਵਾਸਤੇ ਕਦੇ ਕਿੰਨਰਾਂ ਦੇ ਹੱਕ ਵਿਚ, ਕਦੇ ਸਬਰੀਮਾਲਾ ਅਤੇ ਕਦੇ ਹਾਜੀ ਅਲੀ ਵਿਚ ਔਰਤਾਂ ਵਾਸਤੇ ਨਿਤਰਦੇ ਹਨ। ਪਰ ਇਹ ਲੋਕ ਸੁਰਖ਼ੀਆਂ ਵਿਚ ਘੱਟ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਤਾਕਤ ਸਾਡੀ ਜ਼ਿੰਦਗੀ ਨੂੰ ਉਮੀਦ ਦੇਂਦੀ ਹੈ।

ਉਮੀਦਾਂ ਤਾਂ ਇਨਸਾਨ ਦੀ ਫ਼ਿਤਰਤ ਵਿਚ ਰੱਬ ਨੇ ਘੜੀਆਂ ਹਨ ਅਤੇ ਉਹ ਤਾਂ ਹਮੇਸ਼ਾ ਬਰਕਰਾਰ ਰਹਿਣਗੀਆਂ ਹੀ, ਪਰ ਅਰਦਾਸ ਕਰਦੇ ਹਾਂ ਕਿ ਜਗਦੀਸ਼ ਕੌਰ, ਗਗਨਦੀਪ ਸਿੰਘ ਵਰਗੇ ਇਨਸਾਨ ਸਾਡੇ ਅਤੇ ਤੁਹਾਡੇ ਜੀਵਨ ਵਿਚ ਪਿਆਰ, ਸਹਿਣਸ਼ੀਲਤਾ, ਨਿਆਂ, ਸੱਚਾਈ ਦੇ ਪਲ ਭਰਦੇ ਰਹਿਣਗੇ। ਸਪੋਕਸਮੈਨ ਪ੍ਰਵਾਰ ਵਲੋਂ ਸਾਡੇ ਪਾਠਕਾਂ ਨੂੰ ਪਿਆਰ ਭਰੀਆਂ ਉਮੀਦਾਂ ਨਾਲ 2019 ਦੀਆਂ ਭਰਪੂਰ ਮੁਬਾਰਕਾਂ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement