38 ਸਾਲਾਂ ਵਿਚ ਨਾ ਸਰਕਾਰਾਂ ਨੇ, ਨਾ ਪੰਥ ਦੇ ਸਾਂਝੇ ਧਨ ਤੇ ਕਬਜ਼ਾ ਕਰੀ ਬੈਠੇ ਆਗੂਆਂ ਨੇ ਹੀ ਮਲ੍ਹਮ ਲਗਾਈ (2)
Published : Nov 2, 2022, 7:15 am IST
Updated : Nov 2, 2022, 7:54 am IST
SHARE ARTICLE
1984 Sikh Genocide
1984 Sikh Genocide

ਅੱਜ ਤਾਂ ਉਨ੍ਹਾਂ ਵਿਛੜੀਆਂ ਰੂਹਾਂ ਅੱਗੇ ਅਤੇ ਉਨ੍ਹਾਂ ਦੇ ਪ੍ਰਵਾਰਾਂ ਅੱਗੇ ਸਿਰ ਸ਼ਰਮ ਨਾਲ ਝੁਕਦਾ ਹੈ ਕਿਉਂਕਿ ਅਸੀ ਉਨ੍ਹਾਂ ਵਾਸਤੇ ਇਨਸਾਫ਼ ਨਹੀਂ ਲੈ ਸਕੇ।

 

38 ਸਾਲ ਪਹਿਲਾਂ ਜਿਹੜੀ ਅੱਗ, ਸਿੱਖ ਕੌਮ ਦੇ ਦਿਲਾਂ, ਸੀਨਿਆਂ ਅਤੇ ਸ੍ਰੀਰਾਂ ਨੂੰ ਲਗਾਈ ਗਈ ਸੀ, ਉਸ ਨੇ ਨਾ ਸਿਰਫ਼ ਦਿੱਲੀ ਦੇ ਸਿੱਖਾਂ ਜਾਂ ਪੰਜਾਬ ਦੀ ਜਵਾਨੀ ਨੂੰ ਅਪਣੀ ਲਪੇਟ ਵਿਚ ਲੈ ਲਿਆ ਬਲਕਿ ਉਹ ਅੱਜ ਵੀ ਸਿੱਖ ਸਮਾਜ ਵਿਚ ਧੁਖਦੀ ਨਜ਼ਰ ਆਉਂਦੀ ਹੈ। 1984 ਤੋਂ ਬਾਅਦ ਸਿੱਖ ਕੌਮ ਤੇ ਪੰਜਾਬ ਦੇ ਆਗੂਆਂ ਦੀ ਨੈਤਿਕਤਾ ਤੇ ਅਜਿਹਾ ਵਾਰ ਹੋਇਆ ਕਿ ਇਨ੍ਹਾਂ ਸਾਰਿਆਂ ਵਿਚ ਅੱਜ ਇਕ ਵੀ ਅਜਿਹਾ ਆਗੂ ਨਹੀਂ ਰਹਿ ਗਿਆ ਜਿਸ ਨੂੰ ਸਿੱਖ ਹਿਤੈਸ਼ੀ ਜਾਂ ਪੰਜਾਬ ਹਿਤੈਸ਼ੀ ਮੰਨਿਆ ਜਾ ਸਕਦਾ ਹੋਵੇ।

1996 ਵਿਚ ਇਕ ਅੰਤਰਰਾਸ਼ਟਰੀ ਸੰਸਥਾ ਨਾਲ ਜੁੜ ਕੇ ਜਦ ਕੁੱਝ ਅਨਾਥ ਆਸ਼ਰਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਸਮਝ ਆਈ ਕਿ ਸਿੱਖ ਕੌਮ ਕਿੰਨੀ ਖੋਖਲੀ ਹੋ ਚੁੱਕੀ ਹੈ। ਇਹ ਆਸ਼ਰਮ ਉਨ੍ਹਾਂ ਬੱਚਿਆਂ ਵਾਸਤੇ ਸੀ ਜਿਨ੍ਹਾਂ ਦੇ ਮਾਂ ਬਾਪ ਪੰਜਾਬ ਦੇ ਹੱਕਾਂ ਵਾਸਤੇ ਅਪਣੀ ਸਰਕਾਰ ਨਾਲ ਲੜਦੇ ਮਾਰੇ ਗਏ। ਆਸ਼ਰਮਾਂ ਕੋਲ ਇੰਨਾ ਪੈਸਾ ਆਉਂਦਾ ਸੀ ਪਰ ਬੱਚਿਆਂ ਦੀ ਦੁਰਦਸ਼ਾ ਦੇਖ ਕੇ ਰੋਣਾ ਆਉਂਦਾ ਸੀ। ਇਕ ਕਮਰੇ ਵਿਚ 10-12 ਬੱਚੇ ਜਿਨ੍ਹਾਂ ਵਾਸਤੇ ਇਕ ਪਲੰਘ, ਇਕ ਕੰਘੀ ਤੇ ਇਕ ਦੰਦ ਸਾਫ਼ ਕਰਨ ਵਾਲਾ ਬੁਰਸ਼। ਜਿਨ੍ਹਾਂ ਨੂੰ ਫੁੱਲਾਂ ਵਾਂਗ ਪਾਲਿਆ ਜਾਣਾ  ਸੀ, ਕੀ ਉਨ੍ਹਾਂ ਦੇ ਮਾਪਿਆਂ ਦੀ ਸ਼ਹਾਦਤ ਦੀ ਦੇਣ ਕੌਮ ਚੁਕਾ ਸਕੇਗੀ? ਉਨ੍ਹਾਂ ਦੇ ਅਨਾਥ ਹੋ ਚੁੱਕੇ ਬੱਚਿਆਂ ਨੂੰ ਮੰਗਤੇ ਬਣਾ ਦਿਤਾ ਗਿਆ ਹੈ। ਅੱਜ ਵੀ ਦਿੱਲੀ ਦੀ ਵਿਧਵਾ ਕਾਲੋਨੀ ਵਿਚ ਅਜਿਹੀਆਂ ਬੀਬੀਆਂ ਮਿਲਣਗੀਆਂ ਜਿਨ੍ਹਾਂ ਦੀਆਂ ਅੱਖਾਂ ਦੇ ਅੱਥਰੂ ਰੁਕਦੇ ਹੀ ਨਹੀਂ ਤੇ ਰੁਕਣ ਵੀ ਕਿਸ ਤਰ੍ਹਾਂ?

ਪਿਛਲੇ 38 ਸਾਲਾਂ ਵਿਚ ਸਾਰੇ ਪੰਜਾਬ, ਭਾਰਤ ਤੇ ਦੁਨੀਆਂ ਵਿਚ ਸਿੱਖ ਕੌਮ ਨੇ ਕਿੰਨੇ ਹੀ ਗੁਰਦਵਾਰੇ ਉਸਾਰੇ, ਕਿੰਨੇ ਹੀ ਕਾਰ ਸੇਵਾ ਵਾਲਿਆਂ ਨੇ ਇਤਿਹਾਸਕ ਗੁਰਦਵਾਰੇ ਤੋੜ ਕੇ ਸੰਗਮਰਮਰ ਦੀਆਂ ਇਮਾਰਤਾਂ ਖੜੀਆਂ ਕੀਤੀਆਂ। ਸਿੱਖ ਆਗੂਆਂ ਨੇ ਅਪਣੇ ਮਹਿਲ ਬਣਾਏ, ਵੱਡੇ ਹੋਟਲ ਬਣਾਏ, ਪਰ ਕੀ ਇਕ ਵੀ ਆਗੂ ਅਜਿਹਾ ਹੈ ਜੋ ਕਹਿ ਸਕਦਾ ਹੋਵੇ ਕਿ ਇਸ ਸਿੱਖ ਬੀਬੀ ਦੇ ਪਤੀ ਨੂੰ ਜ਼ਿੰਦਾ ਸਾੜ ਦਿਤੇ ਜਾਣ ਬਾਅਦ, ਉਸ ਦਾ ਘਰ,‘‘ਮੈਂ ਬਣਾ ਕੇ ਦਿਤਾ।’’ ਨਹੀਂ, ਇਕ ਵੀ ਨਹੀਂ ਮਿਲੇਗਾ। ਇਕ ਅਜਿਹਾ ਨਵਾਂ ਪੈਸਾ ਸ਼੍ਰੋਮਣੀ ਕਮੇਟੀ ਦਸ ਦੇਵੇ ਜਿਸ ਨਾਲ ਉਸ ਨੇ ਸਿੱਖ ਸੰਘਰਸ਼ੀਆਂ ਦੇ ਯਤੀਮ ਬੱਚਿਆਂ ਦੀ ਉਚ ਸਿਖਿਆ ਤੇ ਲਗਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿਤੀ ਹੋਵੇ ਜਿਸ ਤਰ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦੇਣੀ ਸੀ। ਜਿਨ੍ਹਾਂ ਸਿੱਖ ਨੌਜਵਾਨਾਂ ਨੇ ਪੰਜਾਬ ਦੇ ਹੱਕਾਂ ਵਾਸਤੇ ਅਪਣੇ ਉਤੇ ਸਰਕਾਰਾਂ ਦੇ ਦਰਦਨਾਕ ਤਸੀਹੇ ਸਹਾਰਦੇ ਹੋਏ ਮੌਤ ਨੂੰ ਚੁੰਮਿਆ, ਸਿੱਖ ਕੌਮ ਨੇ ਉਨ੍ਹਾਂ ਦੇ ਪ੍ਰਵਾਰਾਂ ਨਾਲ ਵੀ ਇਨਸਾਫ਼ ਨਾ ਕੀਤਾ। ਸਾਰੀ ਦੁਨੀਆਂ ਨੂੰ ਮਹਾਂਮਾਰੀ ਵਿਚ ਲੰਗਰ ਖੁਆਉਣ ਵਾਲੀ ਕੌਮ ਦੀਆਂ ਕੌਮੀ ਵਿਧਵਾਵਾਂ ਅੱਜ ਵੀ ਜਿਸ ਗ਼ਰੀਬੀ ਵਿਚ ਰਹਿ ਰਹੀਆਂ ਹਨ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ।

ਤੁਸੀਂ ਅਜਾਇਬ ਘਰਾਂ ਵਿਚ ਤਸਵੀਰਾਂ ਲਾ ਕੇ ਉਨ੍ਹਾਂ ਨਾਲ ਇਨਸਾਫ਼ ਨਹੀਂ ਕਰ ਸਕਦੇ। ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਪ੍ਰਵਾਰਾਂ ਨੂੰ ਅਜਿਹੀਆਂ ਸਹੂਲਤਾਂ ਨਾਲ ਇਸ ਤਰ੍ਹਾਂ ਮਾਲਾਮਾਲ ਕਰ ਦਿਤਾ ਜਾਂਦਾ ਕਿ ਉਨ੍ਹਾਂ ਨੂੰ ਕਿਸੇ ਹੋਰ ਅੱਗੇ ਹੱਥ ਨਾ ਅੱਡਣੇ ਪੈਂਦੇ। ਪਰ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤਕ ਨੇ ਪੀੜਤਾਂ ਪ੍ਰਤੀ ਕਠੋਰ ਰਵਈਆ ਹੀ ਅਪਣਾਈ ਰਖਿਆ। ਅੱਜ ਅਕਾਲੀ ਦਲ ਅਪਣੇ ਆਪ ਨੂੰ ਬਚਾਉਣ ਲਈ ਜਿਵੇਂ ਬੰਦੀ ਸਿੰਘਾਂ ਨੂੰ ਇਸਤੇਮਾਲ ਕਰ ਰਿਹਾ ਹੈ, ਇਸੇ ਤਰ੍ਹਾਂ ਸਿਆਸਤਦਾਨਾਂ ਨੇ ਸਿੱਖ ਪੀੜਤਾਂ ਦੇ ਨਾਮ ਤੇ ਪੈਸਾ ਬਟੋਰ ਕੇ ਅਪਣੀਆਂ ਤਿਜੋਰੀਆਂ ਭਰੀਆਂ ਸਨ। ਅੱਜ ਤੁਸੀ ਭਾਰਤ ਦਾ ਹਿੱਸਾ ਬਣੇ ਰਹੋ ਜਾਂ ਖ਼ਾਲਿਸਤਾਨ ਬਣਾ ਲਵੋ, ਜਦ ਤਕ ਤੁਹਾਡੇ ਸਿਆਸੀ ਤੇ ਧਾਰਮਕ ਲੀਡਰ ਅਪਣੀ ਕੌਮ ਪ੍ਰਤੀ ਸੁਹਿਰਦ ਨਹੀਂ ਹੁੰਦੇ, ਸਿੱਖ ਕੌਮ ਵਧ ਫੁਲ ਨਹੀਂ ਸਕੇਗੀ।

ਮੰਨਿਆ ਕਿ ਸਿੱਖਾਂ ਵਾਸਤੇ ਕੇਂਦਰ ਕੋਲੋਂ ਹੱਕ ਲੈਣੇ ਔਖੇ ਹਨ ਪਰ ਔਖੇ ਇਸ ਕਾਰਨ ਹਨ ਕਿਉਂਕਿ ਇਨ੍ਹਾਂ ਦੇ ਆਗੂ ਹੀ ਸਿੱਖਾਂ ਦੇ ਹੱਕ ਗਿਰਵੀ ਰੱਖ ਕੇੇ ਅਪਣੇ ਨਿਜੀ ਫ਼ਾਇਦੇ ਲੈਣ ਦੀ ਸੌਦੇਬਾਜ਼ੀ ਸ਼ੁਰੂ ਕਰ ਦੇਂਦੇ ਹਨ। ਕਿਸ ਨੇ ਰੋਕਿਆ ਸੀ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਵਿਧਵਾਵਾਂ ਵਾਸਤੇ ਵਧੀਆ ਘਰ ਬਣਾਉਣ ਤੋਂ? ਪਰ ਕਿਸੇ ਆਗੂ ਦੇ ਦਿਲ ਵਿਚ ਸਿੱਖਾਂ ਵਾਸਤੇ ਦਰਦ ਹੀ ਕੋਈ ਨਹੀਂ। ਸਿੱਖਾਂ ਨੂੰ ਸਿਰਫ਼ ਕੇਂਦਰ ਦੇ ਹੁਕਮਰਾਨਾਂ ਨੇ ਹੀ ਨਹੀਂ ਬਲਕਿ ਉਨ੍ਹਾਂ ਦੀ ਅਪਣੀ ਲੀਡਰਸ਼ਿਪ ਨੇ ਮਾਰਿਆ ਤੇ ਅੱਜ ਵੀ ਮਾਰਦੇ ਆ ਰਹੇ ਹਨ। ਅੱਜ ਤਾਂ ਉਨ੍ਹਾਂ ਵਿਛੜੀਆਂ ਰੂਹਾਂ ਅੱਗੇ ਅਤੇ ਉਨ੍ਹਾਂ ਦੇ ਪ੍ਰਵਾਰਾਂ ਅੱਗੇ ਸਿਰ ਸ਼ਰਮ ਨਾਲ ਝੁਕਦਾ ਹੈ ਕਿਉਂਕਿ ਅਸੀ ਉਨ੍ਹਾਂ ਵਾਸਤੇ ਇਨਸਾਫ਼ ਨਹੀਂ ਲੈ ਸਕੇ ਅਤੇ ਉਨ੍ਹਾਂ ਦਾ ਤਾਕਤਵਰ ਸਹਾਰਾ ਨਹੀਂ ਬਣ ਸਕੇ।                                - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement