
ਰਾਹੁਲ ਗਾਂਧੀ ਨੇ ਸਾਬਤ ਕਰ ਦਿਤਾ ਹੈ ਕਿ ਉਹ ਹੁਣ ‘ਪੱਪੂ’ ਨਹੀਂ ਰਹੇ ਤੇ ਉਹ ਵਾਰ-ਵਾਰ ਸਾਨੂੰ ਯਾਦ ਕਰਵਾਉਂਦੇ ਵੀ ਰਹਿੰਦੇ ਹਨ ਕਿ ਉਨ੍ਹਾਂ ਦੀ ਸਮਝ ਬਹੁਤ ਡੂੰਘੇਰੀ ਹੈ।
ਰਾਹੁਲ ਗਾਂਧੀ ਨੇ ਸਾਬਤ ਕਰ ਦਿਤਾ ਹੈ ਕਿ ਉਹ ਹੁਣ ‘ਪੱਪੂ’ ਨਹੀਂ ਰਹੇ ਤੇ ਉਹ ਵਾਰ-ਵਾਰ ਸਾਨੂੰ ਯਾਦ ਕਰਵਾਉਂਦੇ ਵੀ ਰਹਿੰਦੇ ਹਨ ਕਿ ਉਨ੍ਹਾਂ ਦੀ ਸਮਝ ਬਹੁਤ ਡੂੰਘੇਰੀ ਹੈ। ਪਰ ਕਿਉਂਕਿ ਸਾਡੀ ਸਿਖਿਆ ਦੀ ਤਰਤੀਬ ਨੇ ਸਾਨੂੰ ਵਾਰ-ਵਾਰ ਪਹਾੜੇ ਦੁਹਰਾਉਣ ਤੋਂ ਲੈ ਕੇ ਹਰ ਗੱਲ ਰੱਟਾ ਮਾਰ ਮਾਰ ਕੇ ਹੀ ਯਾਦ ਕਰਨੀ ਸਿਖਾਈ ਹੈ, ਇਸ ਲਈ ਰਾਹੁਲ ਗਾਂਧੀ ਦਾ ਕਦੇ ਕਦੇ ਬਾਹਰ ਆ ਕੇ ਗਰਜਣਾ ਵੀ ਅਸਰ ਨਹੀਂ ਕਰਦਾ। ਅਸੀ ਫ਼ਿਰਕੂ ਗਰਜਾਂ ਸੁਣਨ ਦੇ ਰੋਜ਼ ਦੇ ਆਦੀ ਹੋ ਚੁੱਕੇ ਲੋਕ ਹਾਂ, ਇਸ ਲਈ ਰਾਹੁਲ ਦਾ ਕਦੀ ਕਦੀ ਗਰਜਣਾ ਵੀ ਦੇਸ਼ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਉਹ ਸਾਊਪੁਣੇ ਤੇ ਦਲੀਲ ਨਾਲ ਬੋਲਦੇ ਹਨ ਜਦਕਿ ਇਸ ਦੇਸ਼ ਦੇ ਲੋਕਾਂ ਨੂੰ ਹੁਣ ਝੂਠ ਤੇ ਸਨਸਨੀਖ਼ੇਜ਼ ਡਰ ਤੇ ਭੈਅ ਫੈਲਾਉਣ ਵਾਲੀਆਂ ਗੱਲਾਂ ਜਾਂ ਧਾਰਮਕ ਕੱਟੜਵਾਦ ਦੇ ਬੋਲ ਅਤੇ ਨਾਹਰੇ ਹਰ ਰੋਜ਼ ਹੀ ਸੁਣਨ ਦੀ ਆਦਤ ਪੈ ਚੁੱਕੀ ਹੈ।
ਪਰ ਫਿਰ ਵੀ ਉਹ ਕੋਈ ਵੱਡੀ ਗੱਲ ਕਹਿਣ ਲਈ ਕਈ ਵਾਰ ਬੜੇ ਸੰਖੇਪ ਤੇ ਮਹੱਤਵਪੂਰਨ ਟਿਪਣੀ ਕਰ ਜਾਂਦੇ ਹਨ। ਅਮੀਰ-ਗ਼ਰੀਬ ਦੇ ਅੰਤਰ ਦੀ, ਅੱਜ ਦੇ ਹੁਕਮਰਾਨਾਂ ਦੇ ਅਮੀਰ ਵਰਗ ਪ੍ਰਤੀ ਝੁਕਾਅ ਦੀ, ਲੋਕਰਾਜ ਦੇ ਚਾਰੇ ਥੰਮ੍ਹਾਂ ਦੇ ਸਰਕਾਰਾਂ ਦੀ ਤਾਕਤ ਅੱਗੇ ਕਮਜ਼ੋਰ ਹੋਣ ਦੀ, ਭਾਰਤ ਦੇ ਫ਼ੈਡਰਲ ਢਾਂਚੇ ਦੇ ਲਗਾਤਾਰ ਕਮਜ਼ੋਰ ਹੋਣ ਦੀ, ਭਾਰਤ ਦੇ ਗਣਤੰਤਰ ਦਿਵਸ ’ਤੇ ਕਿਸੇ ਵਿਦੇਸ਼ੀ ਆਗੂ ਦੀ ਗ਼ੈਰ ਹਾਜ਼ਰੀ ਦੀ, ਭਾਰਤ ਦੇ ਦੋ ਵੱਡੇ ਵਿਰੋਧੀਆਂ, ਚੀਨ ਤੇ ਪਾਕਿਸਤਾਨ ਵਿਚਕਾਰ ਨੇੜਤਾ ਵਿਚੋਂ ਉਪਜੇ ਭਾਰਤ ਲਈ ਖ਼ਤਰੇ ਤੇ ਹੋਰ ਕਈ ਗੱਲਾਂ ਦੀ ਚਰਚਾ ਉਹ ਦੋ ਤਿੰਨ ਫ਼ਿਕਰਿਆਂ ਵਿਚ ਹੀ ਬੜੀ ਸੰਜੀਦਗੀ ਨਾਲ ਹੁਣ ਵੀ ਕਰ ਗਏ ਹਨ। ਪਰ ਅੱਜ ਦਾ ਵੱਡਾ ਸੱਚ ਇਹ ਵੀ ਹੈ ਕਿ ਇਕ ਤਾਂ ਅੱਜ ਦਾ ਹੁਕਮਰਾਨ ਸੁਣਦਾ ਹੀ ਨਹੀਂ, ਭਾਵੇਂ ਦੇਸ਼ ਦਾ ਕਿਸਾਨ, ਵਿਦਿਆਰਥੀ ਜਾਂ ਕੋਈ ਸੂਬਾ ਕੁੱਝ ਵੀ ਆਖਦਾ ਰਹੇ।
ਕਸ਼ਮੀਰ ਦੀ ਅਵਾਜ਼ ਹੀ ਖ਼ਤਮ ਕੀਤੀ ਜਾ ਚੁਕੀ ਹੈ ਤੇ ਦੂਜਾ ਇਕ ਕਿੱਸਾ ਸੁਣਾ ਰਾਹੁਲ ਗਾਂਧੀ ਗਏ ਜਿਸ ਵਿਚ ਮਨੀਪੁਰ ਦੇ ਕੁੱਝ ਆਗੂਆਂ ਨੇ ਬੁਰਾ ਮਨਾਇਆ ਜਦ ਉਨ੍ਹਾਂ ਨੂੰ ਅਮਿਤ ਸ਼ਾਹ ਦੇ ਘਰ ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਉਤਾਰਨੀਆਂ ਪਈਆਂ ਪਰ ਅਮਿਤ ਸ਼ਾਹ ਆਪ ਜੁੱਤੀ ਪਾ ਕੇ ਬੈਠੇ ਸਨ। ਇਹ ਗੱਲ ਪੰਜਾਬ ਵਿਚ ਚਰਚਾ ਦਾ ਵਿਸ਼ਾ ਉਦੋਂ ਬਣੀ ਸੀ ਜਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੇ ਘਰ ਜੁੱਤੀ ਉਤਾਰ ਕੇ ਗਏ ਸਨ। ਕਈ ਗੁਜਰਾਤੀ ਘਰਾਂ ਵਿਚ ਇਹ ਪ੍ਰਥਾ ਲਾਗੂ ਹੈ। ਪਰ ਫਿਰ ਅਮਿਤ ਸ਼ਾਹ ਆਪ ਵੀ ਅਪਣੇ ਮਹਿਮਾਨਾਂ ਵਾਂਗ ਜੁੱਤੀ ਨਾ ਪਾਉਂਦੇ। ਇਸ ਤਰ੍ਹਾਂ ਹੋਰਨਾਂ ਨੂੰ ਅਪਣੇ ਤੋਂ ਨੀਵਾਂ ਵਿਖਾਉਣ ਦੀ ਸੋਚ ਨਜ਼ਰ ਆਉਂਦੀ ਹੈ। ਅੱਜ ਦਾ ਹੁਕਮਰਾਨ ਕਿਸੇ ਦਾ ਸਤਿਕਾਰ ਨਹੀਂ ਕਰਦਾ ਤੇ ਨਾ ਕਿਸੇ ਦੀ ਅਵਾਜ਼ ਹੀ ਸੁਣਦਾ ਹੈ।
ਹੁਕਮਰਾਨਾਂ ਦੇ ਕੰਨਾਂ ਨੂੰ ਸਿਰਫ਼ ਅਪਣੇ ਹੱਕ ਵਿਚ ਉਠਦੀਆਂ ਅਵਾਜ਼ਾਂ ਤੇ ਵਿਰੋਧੀਆਂ ਦੀ ਨਿੰਦਾ ਚੁਗਲੀ ਦੀਆਂ ਅਵਾਜ਼ਾਂ ਹੀ ਚੰਗੀਆਂ ਲਗਦੀਆਂ ਹਨ। ਅੱਜ ਦੇਸ਼ ਕੁੱਝ ਹੋਰ ਮੰਗ ਰਿਹਾ ਹੈ, ਪਰ ਸਰਕਾਰ ਸੁਣਨ ਨੂੰ ਤਿਆਰ ਹੀ ਨਹੀਂ। ਆਮ ਭਾਰਤੀ ਨੂੰ ਇਕ ਫ਼ਿਰਕੂ ਜੰਗ ਵਿਚ ਜਿੱਤ ਦਾ ਸੁਪਨਾ ਵਿਖਾ ਕੇ ਉਸ ਦੀਆਂ ਅਸਲ ਲੋੜਾਂ ਨੂੰ ਅਣਸੁਣਿਆ ਕਰ ਦਿਤਾ ਗਿਆ ਹੈ ਪਰ ਕਸੂਰ ਕੀ ਸਿਰਫ਼ ਸਾਡੇ ਹੁਕਮਰਾਨਾਂ ਦਾ ਹੀ ਹੈ? ਨਹੀਂ, ਸਾਡਾ ਵੀ ਹੈ ਤੇ ਸਾਡੀ ਵਿਰੋਧੀ ਧਿਰ ਦਾ ਵੀ ਹੈ। ਰਾਹੁਲ ਪੱਪੂ ਨਹੀਂ ਹੈ ਪਰ ਇਨਕਲਾਬੀ ਆਗੂ ਵੀ ਨਹੀਂ। ਉਹ ਮਸਤਮੌਲਾ ਨਾ ਕਾਂਗਰਸ ਦੀ ਪ੍ਰਧਾਨਗੀ ਛਡਦਾ ਹੈ ਤੇ ਨਾ ਕਿਸੇ ਹੋਰ ਨੂੰ ਦਿੰਦਾ ਹੈ। ਨਾ ਉਹ ਅਪਣੀ ਪਾਰਟੀ ਨੂੰ ਇਕ ਸ਼ੂਕਦੀ ਤੇ ਗਰਜਦੀ ਵਿਰੋਧੀ ਧਿਰ ਬਣਾਉਂਦਾ ਹੈ ਤੇ ਨਾ ਹੀ ਬਾਕੀ ਵਿਰੋਧੀ ਪਾਰਟੀਆਂ ਦੇ ਪਿਛੇ ਲੱਗ ਕੇ ਇਕ ਸਮੂਹ ਬਣਾਉਂਦਾ ਹੈ।
ਅੱਜ ਆਖਿਆ ਜਾਂਦਾ ਹੈ ਕਿ ਮੀਡੀਆ, ਨਿਆਂ ਪਾਲਿਕਾ ਆਦਿ ਵਿਕ ਗਏ ਹਨ। ਪਰ ਉਨ੍ਹਾਂ ਕੋਲ ਹੋਰ ਚਾਰਾ ਵੀ ਕੀ ਹੈ? ਜੇ ਵਿਰੋਧੀ ਧਿਰ ਅਪਣੀ ਅਵਾਜ਼ ਹੀ ਨਹੀਂ ਬਣਾ ਸਕਦੀ ਤਾਂ ਫਿਰ ਕੋਈ ਪੱਤਰਕਾਰ, ਕੋਈ ਜੱਜ, ਕੋਈ ਅਫ਼ਸਰ ਅਪਣੇ ਹੁਕਮਰਾਨ ਸਾਹਮਣੇ ਲੋਕਾਂ ਦੇ ਹੱਕ ਵਿਚ ਕਿਵੇਂ ਖੜਾ ਰਹਿ ਸਕੇਗਾ? ਅੱਜ ਜੇ ਭਾਰਤ ਦੇ ਬੁਨਿਆਦੀ ਢਾਂਚੇ ਵਿਚ ਕਮਜ਼ੋਰੀ ਆ ਰਹੀ ਹੈ ਤਾਂ ਜ਼ਿੰਮੇਵਾਰੀ ਰਾਹੁਲ ਗਾਂਧੀ ਦੇ ਸਿਰ ’ਤੇ ਆ ਪੈਂਦੀ ਹੈ ਕਿਉਂਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਰੋਜ਼ 24 ਘੰਟੇ ਭਾਰਤ ਦੀ ਜਨਤਾ ਦੀ ਆਵਾਜ਼ ਬਣਨ।
ਜਨਤਾ ਨੂੰ ਅਪਣੇ ਦਾਦਾ ਦੀ ਕੁਰਬਾਨੀ ਯਾਦ ਕਰਵਾ ਕੇ ਦੱਸੇ ਕਿ ਦੇਸ਼ ਨੂੰ ਹਾਕਮ ਦੀ ਤਾਨਾਸ਼ਾਹੀ ਤੇ ਧਰਮ ਦੇ ਪੁਜਾਰੀਆਂ ਦੀ ਕੱਟੜਤਾ ਤੋਂ ਆਜ਼ਾਦ ਰਖਣਾ ਇਕ ਸਮੇਂ ਦੀ ਲੜਾਈ ਨਹੀਂ ਸੀ ਸਗੋਂ ਹਮੇਸ਼ਾ ਲੜੀ ਜਾਣ ਵਾਲੀ ਲੜਾਈ ਹੈ ਜਿਸ ਨੂੰ ਦੇਸ਼ ਦੀ ਜਨਤਾ ਭੁਲ ਰਹੀ ਹੈ ਤੇ ਤਾਨਾਸ਼ਾਹੀ, ਫ਼ਿਰਕੂ ਅੱਗ ਬਾਲਣ ਵਾਲੀਆਂ ਤਾਕਤਾਂ ਸਰਗਰਮ ਹੋ ਕੇ, ਆਜ਼ਾਦੀ ਲਈ ਫਿਰ ਤੋਂ ਖ਼ਤਰਾ ਬਣ ਰਹੀਆਂ ਹਨ। ਜਦ ਤਕ ਸਾਡੀ ਵਿਰੋਧੀ ਧਿਰ ਉਸ ਸ਼ਿੱਦਤ ਤੇ ਸੰਜੀਦਗੀ ਨਾਲ ਦੇਸ਼ ਦੀ ਆਵਾਜ਼ ਨਹੀਂ ਬਣਦੀ, ਦੇਸ਼ ਦੀ ਆਜ਼ਾਦੀ ਨੂੰ, ਬਾਹਰ ਨਾਲੋਂ ਜ਼ਿਆਦਾ, ਅੰਦਰੋਂ ਖ਼ਤਰਾ ਬਣਿਆ ਰਹੇਗਾ। ਰਾਹੁਲ ਗਾਂਧੀ ਨੂੰ ਸਾਊਪੁਣੇ ਦੇ ਨਾਲ ਨਾਲ ਅਪਣੀ ਗਰਜ ਨੂੰ ਵੀ ਰੋਜ਼ ਦੀ ਗੱਲ ਬਣਾਉਣਾ ਪਵੇਗਾ। -ਨਿਮਰਤ ਕੌਰ