
ਬਾਲੜੀਆਂ ਦੀ ਖੇਡ ਪ੍ਰਤਿਭਾ ਨਿਖ਼ਾਰਨ ਵਲ ਵੀ ਧਿਆਨ ਦੇਣ
The leadership of the 'Singhs': Now it's time to pay attention to the 'Kouras' too Editorial: ਹੜ੍ਹਾਂ ਤੇ ਬਰਸਾਤਾਂ ਕਾਰਨ ਹੋਈ ਤਬਾਹੀ ਵਾਲੇ ਮੰਜ਼ਰ ਦੌਰਾਨ ਭਾਰਤ ਦਾ ਏਸ਼ੀਆ ਕੱਪ ਹਾਕੀ ਚੈਂਪੀਅਨ ਬਣਨਾ ਇਕ ਖ਼ੁਸ਼ਨੁਮਾ ਖ਼ਬਰ ਹੈ। ਬਿਹਾਰ ਵਿਚ ਬੁੱਧਮੱਤ ਦੇ ਤੀਰਥ-ਅਸਥਾਨ ਰਾਜਗਿਰ ਵਿਚ ਖੇਡੀ ਗਈ ਇਸ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਗੋਲਾਂ ਨਾਲ ਹਰਾਇਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ। ਦੱਖਣੀ ਕੋਰੀਆ ਨੇ ਸਭ ਤੋਂ ਜ਼ਿਆਦਾ ਪੰਜ ਵਾਰ ਇਹ ਵਕਾਰੀ ਟਰਾਫ਼ੀ ਜਿੱਤੀ ਹੈ, ਪਰ ਪਿਛਲੀ ਵਾਰ (2022) ਦਾ ਚੈਂਪੀਅਨ ਹੋਣ ਦੇ ਬਾਵਜੂਦ ਉਹ ਫ਼ਾਈਨਲ ਵਿਚ ਭਾਰਤੀ ਟੀਮ ਨੂੰ ਮੁਕਾਬਲੇ ਦੀ ਟੱਕਰ ਨਹੀਂ ਦੇ ਸਕਿਆ। ਪਹਿਲਾਂ ਇਸ ਚੈਂਪੀਅਨਸ਼ਿਪ ਦੇ ਸੁਪਰ-4 ਪੜਾਅ ਵਿਚ ਭਾਰਤ ਤੇ ਕੋਰੀਆ ਦਰਮਿਆਨ ਮੈਚ 2-2 ਗੋਲਾਂ ਨਾਲ ਬਰਾਬਰ ਰਿਹਾ ਸੀ। ਦਰਅਸਲ, ਉਸ ਮੈਚ ਦੌਰਾਨ ਆਖ਼ਰੀ ਕੁਆਰਟਰ ਤਕ ਭਾਰਤ ਇਕ ਗੌਲ ਨਾਲ ਪਛੜਿਆ ਰਿਹਾ ਸੀ ਅਤੇ ਬਰਾਬਰੀ ਲਈ ਇਸ ਨੂੰ ਪੂਰਾ ਤਾਣ ਲਾਉਣਾ ਪਿਆ ਸੀ। ਉਸ ਮੈਚ ਵਾਲੇ ਪਿਛੋਕੜ ਦੇ ਮੱਦੇਨਜ਼ਰ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਫ਼ਾਈਨਲ ਬਹੁਤ ਫਸਵਾਂ ਰਹੇਗਾ, ਪਰ ਇਕਪਾਸੜ ਰਿਹਾ। ਦਰਅਸਲ, ਮੈਚ ਦੇ ਪਹਿਲੇ ਹੀ ਮਿੰਟ ਵਿਚ ਸੁਖਜੀਤ ਸਿੰਘ ਰਾਹੀਂ ਕੀਤੇ ਗਏ ਗੋਲ ਸਦਕਾ ਭਾਰਤ ਨੇ ਜੋ ਜੇਤੂ ਲੈਅ ਬਣਾਈ, ਉਸ ਨੇ ਕੋਰੀਆ ਦੀ ਖੇਡ ਦੀ ਰਵਾਨੀ ਉਖਾੜ ਦਿਤੀ। ਭਾਰਤ ਨੇ ਮੈਚ ਦੇ ਹਰ ਕੁਆਰਟਰ ਵਿਚ ਇਕ-ਇਕ ਗੋਲ ਕੀਤਾ ਅਤੇ ਕੋਰੀਅਨ ‘ਡੀ’ ਵਲ ਉਸ ਦੇ ਧਾਵਿਆਂ ਨੇ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਨਾਲ ਬੰਨ੍ਹ ਕੇ ਰੱਖੀ ਰਖਿਆ। ਦਰਅਸਲ, ਫ਼ਾਈਨਲ ਤੋਂ ਪਹਿਲਾਂ ਸੁਪਰ-4 ਪੜਾਅ ਦੌਰਾਨ ਮਲੇਸ਼ੀਆ ਤੇ ਚੀਨ ਖ਼ਿਲਾਫ਼ ਖੇਡੇ ਗਏ ਦੋ ਮੈਚਾਂ ਦੌਰਾਨ ਭਾਰਤ ਨੇ ਜਿਸ ਮਿਆਰੀ ਖੇਡ ਦਾ ਮੁਜ਼ਾਹਰਾ ਕੀਤਾ ਸੀ, ਉਸ ਤੋਂ ਹਾਕੀ ਦੇ ਗੁਣੀ ਗਿਆਨੀਆਂ ਨੂੰ ਆਭਾਸ ਹੋ ਗਿਆ ਸੀ ਕਿ ਫ਼ਾਈਨਲ ਜਿੱਤਣਾ ਭਾਰਤ ਲਈ ਔਖਾ ਕੰਮ ਨਹੀਂ ਹੋਵੇਗਾ। ਉਨ੍ਹਾਂ ਵਲੋਂ ਉਭਾਰਿਆ ਇਹ ਪ੍ਰਭਾਵ ਸਹੀ ਸਾਬਤ ਹੋਇਆ। ਭਾਰਤ, ਏਸ਼ੀਆ ਕੱਪ ਚੈਂਪੀਅਨ ਬਣਨ ਸਦਕਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫ਼ਾਈ ਕਰ ਗਿਆ।
ਅਪਣੇ ਮੁਲਕ ਵਿਚ ਅਪਣੇ ਲੋਕਾਂ ਸਾਹਮਣੇ ਖੇਡਣਾ ਹੱਲਾਸ਼ੇਰੀ ਪੱਖੋਂ ਜੇਕਰ ਲਾਹੇਵੰਦਾ ਹੁੰਦਾ ਹੈ ਤਾਂ ਮਨੋਵਿਗਿਆਨਕ ਪੱਖੋਂ ਇਹ ਘਾਟੇ ਦਾ ਸੌਦਾ ਵੀ ਸਾਬਤ ਹੋ ਸਕਦਾ ਹੈ। ਉਮੀਦਾਂ ਦਾ ਬੋਝ ਅਕਸਰ ਖਿਡਾਰੀਆਂ ਨੂੰ ਕਾਹਲ ਜਾਂ ਗ਼ਲਤੀ ਕਰਨ ਦੇ ਰਾਹ ਪਾ ਦਿੰਦਾ ਹੈ। ਮੈਦਾਨ ਦੇ ਦੁਆਲਿਓਂ ਮਿਲ ਰਹੀ ਲਗਾਤਾਰ ਹੱਲਾਸ਼ੇਰੀ ਖਿਡਾਰੀਆਂ ਵਿਚ ਕਈ ਵਾਰ ਛਾਅ ਜਾਣ ਦੀ ਬਿਰਤੀ ਵੀ ਪੈਦਾ ਕਰ ਦਿੰਦੀ ਹੈ। ਅਜਿਹੀ ਬਿਰਤੀ ਕਾਰਨ ਸਮੇਂ ਸਿਰ ਪਾਸ ਨਾ ਦੇਣਾ ਜਾਂ ਇਕੱਲਿਆਂ ਹੀ ਗੋਲ ਕਰਨ ਦੀ ਕੋਸ਼ਿਸ਼ ਕਰਨਾ ਵਰਗੀਆਂ ਗ਼ਲਤੀਆਂ ਬਹੁਤੀ ਵਾਰ ਵੇਖਣ ਨੂੰ ਮਿਲ ਜਾਂਦੀਆਂ ਹਨ। ਪਰ ਏਸ਼ੀਆ ਕੱਪ ਵਿਚਲੇ ਅਪਣੇ ਆਖ਼ਰੀ ਤਿੰਨ ਮੈਚਾਂ ਦੌਰਾਨ ਭਾਰਤੀ ਟੀਮ ਨੇ ਅਜਿਹੀ ਬਿਰਤੀ ਨੂੰ ਸਿਰ ਨਹੀਂ ਚੁੱਕਣ ਦਿਤਾ। ਇਸੇ ਸਦਕਾ ਵਿਰੋਧੀਆਂ ਦੀ ‘ਡੀ’ ਦੇ ਅੰਦਰ ਹਰ ਉਸ ਖਿਡਾਰੀ ਨੂੰ ਪਾਸ ਮਿਲਦੇ ਰਹੇ ਜੋ ਗੋਲ ਕਰ ਸਕਣ ਦੀ ਬਿਹਤਰ ਪੁਜ਼ੀਸ਼ਨ ਵਿਚ ਹੁੰਦਾ ਸੀ। ਇਸੇ ਕਰ ਕੇ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ 10 ਖਿਡਾਰੀ ਸ਼ਾਮਲ ਰਹੇ। ਇਨ੍ਹਾਂ ਵਿਚ ... ਫਾਰਵਰਡ ਅਭਿਸ਼ੇਕ ਨੈਨ ਤੇ ਕਈ ‘ਸਿੰਘਾਂ’ ਤੋਂ ਇਲਾਵਾ ਅਮਿਤ ਰੋਹਿਦਾਸ, ਸੰਜਯ ਕੁਮਾਰ, ਰਾਜਕੁਮਾਰ ਪਾਲ ਤੇ ਸ਼ਿਲਾਨੰਦ ਲਾਕੜਾ ਦੇ ਨਾਂਅ ਵੀ ਵਰਨਣਯੋਗ ਹਨ। ‘ਸਿੰਘਾਂ’ ਵਿਚੋਂ ਸਿਰਫ਼ ਜਰਮਨਪ੍ਰੀਤ ਤੇ ਰਾਜਿੰਦਰ ਹੀ ਅਜਿਹੇ ਪੰਜਾਬੀ ਖਿਡਾਰੀ ਰਹੇ, ਜਿਨ੍ਹਾਂ ਦੇ ਨਾਂਅ ਕੋਈ ਗੋਲ ਨਹੀਂ ਆਇਆ। ਇਹ ਵੱਖਰੀ ਗੱਲ ਹੈ ਕਿ ਗੋਲ ਕਰਨ ਵਾਲਿਆਂ ਨੂੰ ਖ਼ੂਬਸੂਰਤ ਤੇ ਸਟੀਕ ਪਾਸਾਂ ਦੇ ਰੂਪ ਵਿਚ ਇਨ੍ਹਾਂ ਤੋਂ ਮਦਦ ਖ਼ੂਬ ਮਿਲਦੀ ਰਹੀ।
ਭਾਰਤੀ ਹਾਕੀ ਦੀ ਅਸਲ ਪਛਾਣ ਹੀ ਪੰਜਾਬੀ, ਖ਼ਾਸ ਕਰ ਕੇ ਸਿੱਖ ਖਿਡਾਰੀ ਰਹੇ ਹਨ। ਹੁਣ ਵੀ ਅਜਿਹਾ ਹੀ ਹੈ। ਹਰਮਨਪ੍ਰੀਤ, ਮਨਪ੍ਰੀਤ, ਮਨਦੀਪ, ਜਰਮਨਪ੍ਰੀਤ, ਸੁਖਜੀਤ, ਹਾਰਦਿਕ, ਜੁਗਰਾਜ ਸਾਡੇ ਲਈ ਜਾਣੇ-ਪਛਾਣੇ ਨਾਂਅ ਹਨ। ਇਸ ਵਾਰ ਦਿਲਪ੍ਰੀਤ ਤੇ ਰਾਜਿੰਦਰ ਵੀ ਇਸੇ ਸਫ਼ ਵਿਚ ਆ ਰਲੇ ਹਨ। ਗੁਰਜੰਟ ਇਸ ਏਸ਼ੀਆ ਕੱਪ ਵਾਸਤੇ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਪਰ ਟੀਮ ਵਿਚ ਉਸ ਦੀ ਵਾਪਸੀ ਛੇਤੀ ਹੋਣ ਬਾਰੇ ਕੋਈ ਸ਼ੱਕ-ਸੁਬਹਾ ਨਹੀਂ ਰਹਿਣਾ ਚਾਹੀਦਾ। ‘ਰੋÇਲੰਗ ਸਬਸਟੀਟਿਊਸ਼ਨ’ ਭਾਵ ਮੈਦਾਨ ਅੰਦਰ ਖੇਡਦੇ ਖਿਡਾਰੀ ਲਗਾਤਾਰ ਬਦਲਦੇ ਰਹਿਣ ਵਰਗਾ ਨੇਮ ਹੁਣ ਹਾਕੀ ਅੰਦਰਲੀ ਤੇਜ਼ੀ ਦਾ ਮੁੱਖ ਆਧਾਰ ਬਣਨ ਦੇ ਬਾਵਜੂਦ ਜਦੋਂ ਵੀ ਮੈਦਾਨ ਦੇ ਅੰਦਰ ਘੱਟੋਘੱਟ 7 ‘ਸਿੰਘ’ ਨਹੀਂ ਹੁੰਦੇ ਤਾਂ ਭਾਰਤੀ ਗੋਲ ਉੱਤੇ ਖ਼ਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਜਾਂਦੇ ਹਨ। ਇਹ ਵਿਸ਼ਲੇਸ਼ਣ (ਸਾਬਕਾ ਆਸਟ੍ਰੇਲੀਅਨ ਖਿਡਾਰੀ ਤੇ ਹੁਣ ਉੱਘੇ ਵਿਸ਼ਲੇਸ਼ਕ) ਜੇਮੀ ਡਵਾਇਰ ਦਾ ਹੈ। ‘ਸਿੰਘਾਂ’ ਵਾਂਗ ਪੰਜ ਵਰ੍ਹੇ ਪਹਿਲਾਂ ਤਕ ‘ਕੌਰਾਂ’ ਵੀ ਭਾਰਤੀ ਮਹਿਲਾ ਹਾਕੀ ਦੀ ਜਿੰਦ-ਜਾਨ ਹੁੰਦੀਆਂ ਸਨ। ਪਰ ਸ਼ਾਹਬਾਦ ਮਾਰਕੰਡਾ ਵਾਲਾ ਹਾਕੀ ਸੈਂਟਰ ਕਮਜ਼ੋਰ ਪੈਣ ਮਗਰੋਂ ਹਰਿਆਣਾ ਤੋਂ ‘ਕੌਰਾਂ’ ਦੀ ਭਾਰਤੀ ਮਹਿਲਾ ਹਾਕੀ ਵਿਚ ਆਮਦ ਹੁਣ ਨਾਂ-ਮਾਤਰ ਰਹਿ ਗਈ ਹੈ। ਇਸ ਵੇਲੇ ਗੁਆਂਗਜ਼ੂ (ਚੀਨ) ਵਿਚ ਮਹਿਲਾ ਹਾਕੀ ਏਸ਼ੀਆ ਕੱਪ ਖੇਡ ਰਹੀ ਭਾਰਤੀ ਟੀਮ ਵਿਚ ‘ਕੌਰਾਂ’ ਦੀ ਨੁਮਾਇੰਦਗੀ ਇਕੱਲੀ ਨਵਨੀਤ ਕਰ ਰਹੀ ਹੈ। ਇਸੇ ਪ੍ਰਸੰਗ ਵਿਚ ਸਰਕਾਰ ਤੋਂ ਬਹੁਤੀ ਉਮੀਦ ਰੱਖਣੀ ਭਾਵੇਂ ਫ਼ਜ਼ੂਲ ਜਾਪਦੀ ਹੈ ਕਿਉਂਕਿ ਉਥੇ ਤਾਂ ਨੇਕਨੀਅਤੀ ਵੀ ਅਕਸਰ ਲਾਲਫ਼ੀਤਾਸ਼ਾਹੀ ਦੀ ਭੇਟ ਚੜ੍ਹ ਜਾਂਦੀ ਹੈ। ਪਰ ਗ਼ੈਰ-ਸਰਕਾਰੀ ਖੇਡ ਅਕੈਡਮੀਆਂ, ਜੋ ਪੰਜਾਬ ਵਿਚ ਪੁਰਸ਼ਾਂ ਦੀ ਹਾਕੀ ਪਰੋਮੋਟ ਕਰਨ ਦਾ ਕਾਰਜ ਸ਼ਿੱਦਤ ਨਾਲ ਕਰ ਰਹੀਆਂ ਹਨ, ਨੂੰ ਇਹ ਅਪੀਲ ਅਵੱਸ਼ ਕਰਨੀ ਬਣਦੀ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਬਾਲਕਾਂ ਦੀ ਖੇਡ ਸਿਖਲਾਈ ਵਲ ਜਿੰਨਾ ਧਿਆਨ ਦੇ ਰਹੀਆਂ ਹਨ, ਓਨਾ ਹੀ ਬਾਲੜੀਆਂ ਦੀ ਖੇਡ ਪ੍ਰਤਿਭਾ ਨਿਖ਼ਾਰਨ ਵਲ ਵੀ ਦੇਣ। ਇਸ ਵਿਚ ਪੰਜਾਬ ਦਾ ਤਾਂ ਭਲਾ ਹੋਵੇਗਾ ਹੀ, ਭਾਰਤੀ ਮਹਿਲਾ ਹਾਕੀ ਨੂੰ ਵੀ ਨਿਵੇਕਲੀ ਪਛਾਣ ਮਿਲੇਗੀ।