
ਪਿਛਲੇ ਸਾਲ ਵਿਚ 28 ਐਸੀਆਂ ਵਾਰਦਾਤਾਂ ਹੋਈਆਂ ਜਿਥੇ ਪਿਸਤੌਲ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਜਿਵੇਂ ਕਸ਼ਮੀਰ ਵਿਚ ਮਿਥ ਕੇ ਇਕ ਸਿੱਖ ਤੇ ਹਿੰਦੂ ਅਧਿਆਪਕ ਨੂੰ ਪਿਸਤੌਲ ਦਾ ਨਿਸ਼ਾਨਾ ਬਣਾਇਆ ਗਿਆ ਹੈ, ਉਸ ਤੋਂ ਸਾਫ਼ ਹੈ ਕਿ ਇਟ ਦਾ ਜਵਾਬ ਇਟ ਨਾਲ ਦੇਣ ਦੀ ਰਣਨੀਤੀ ਹੁਣ ਅਤਿਵਾਦ ਨੇ ਅਪਣਾ ਲਈ ਹੈ। ਜਦ ਦੀ ਧਾਰਾ 370 ਵਿਚ ਸੋਧ ਹੋਈ ਹੈ, ਸਰਕਾਰ ਅਪਣੀ ਪਿਠ ਥਪਥਪਾਉਂਦੀ ਆ ਰਹੀ ਹੈ ਕਿ ਉਨ੍ਹਾਂ ਨੇ ਕਸ਼ਮੀਰ ਸਮੱਸਿਆ ਉਤੇ ਕਾਬੂ ਪਾ ਲਿਆ ਹੈ। ਪਰ ਸੰਨਾਟੇ ਨੂੰ ਗ਼ਲਤ ਸਮਝਿਆ ਗਿਆ।
Principal, teacher shot dead inside Srinagar school
ਉਹ ਸ਼ਾਂਤੀ ਦਾ ਸੰਨਾਟਾ ਨਹੀਂ ਸੀ ਬਲਕਿ ਤੂਫ਼ਾਨ ਤੋਂ ਪਹਿਲਾਂ ਵਾਲਾ ਸੰਨਾਟਾ ਸੀ। ਪਹਿਲਾਂ ਇਕ ਹਿੰਦੂ ਪੰਡਤ, ਜਿਸ ਦਾ ਦਹਿਸ਼ਤਵਾਦ ਵਿਚ ਕੋਈ ਰੋਲ ਨਹੀਂ ਸੀ, ਨੂੰ ਮਾਰਿਆ ਗਿਆ ਤੇ ਫਿਰ ਇਨ੍ਹਾਂ ਅਧਿਆਪਕਾਂ ਦੀ ਪਛਾਣ ਕਰ ਕੇ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਿਛਲੇ ਸਾਲ ਵਿਚ 28 ਐਸੀਆਂ ਵਾਰਦਾਤਾਂ ਹੋਈਆਂ ਜਿਥੇ ਪਿਸਤੌਲ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਸਰਕਾਰ ਦਾ ਇਹ ਕਹਿਣਾ ਠੀਕ ਹੈ ਕਿ ਕੋਈ ਵੱਡੀ ਵਾਰਦਾਤ ਨਹੀਂ ਹੋਈ ਪਰ ਇਸ ਤੋਂ ਇਹ ਮਤਲਬ ਨਹੀਂ ਲਿਆ ਜਾ ਸਕਦਾ ਕਿ ਕਸ਼ਮੀਰ ਵਿਚ ਸੱਭ ਕੁੱਝ ਠੀਕ ਹੈ।
3 Jammu and Kashmir
ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਜੋ ਲੋਕ ਕਸ਼ਮੀਰ ਵਿਚ ਨਾਖ਼ੁਸ਼ ਸਨ, ਉਹ ਅੱਜ ਵੀ ਖ਼ੁਸ਼ ਨਹੀਂ ਹਨ। ਬਾਕੀ ਭਾਰਤ ਵਿਚ ਜਿਥੇ ਮੁਸਲਮਾਨ ਘਟ ਗਿਣਤੀ ਵਿਚ ਹਨ, ਜਦ-ਜਦ ਉਨ੍ਹਾਂ ’ਤੇ ਕੋਈ ਤਸ਼ੱਦਦ ਹੁੰਦਾ ਹੈ ਤਾਂ ਵੇਖਿਆ ਜਾਂਦਾ ਹੈ ਤੇ ਉਸ ਦਾ ਅਸਰ ਅਸੀਂ ਅੱਜ ਵੇਖ ਰਹੇ ਹਾਂ ਕਿ ਬਾਕੀ ਭਾਰਤ ਵਿਚ ਧਾਰਮਕ ਦਰਾੜਾਂ ਵੱਧ ਰਹੀਆਂ ਹਨ। ਚੋਣ ਮੰਚ ’ਤੇ ਬੈਠ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਲਵ ਜਿਹਾਦ ਦੀ ਗੱਲ ਛੇੜ ਕੇ ਇਸ ਨੂੰ ਚੋਣ ਮੁੱਦਾ ਬਣਾਉਣ ਦੀ ਤਿਆਰੀ ਕਰਦੇ ਲਗਦੇ ਹਨ। ਉਸ ਦਾ ਅਸਰ ਕਸ਼ਮੀਰ ਵਿਚ ਬੈਠੇ ਹਿੰਦੂਆਂ ਤੇ ਵੀ ਹੁੰਦਾ ਹੈ।
Muslim
ਇਹ ਇਕ ਹਿਟਲਰੀ ਚਾਲ ਹੁੰਦੀ ਸੀ ਜਿਸ ਦੇ ਨਤੀਜੇ ਵਜੋਂ ਯਹੂਦੀਆਂ ਨੂੰ ਅਪਣੇ ਪਹਿਚਾਣ ਪੱਤਰ ਬਣਾਉਣੇ ਪਏ ਜਿਸ ਨਾਲ ਉਨ੍ਹਾਂ ਨੂੰ ਵੱਖ ਕੀਤਾ ਗਿਆ। ਭਾਰਤ ਵਿਚ ਵੀ ਪਹਿਚਾਣ ਪੱਤਰ ਉਤੇ ਜਦ ਧਰਮ ਵੀ ਪਾ ਦਿਤਾ ਗਿਆ, ਅਤਿਵਾਦ ਦੇ ਹੱਥ ਵਿਚ ਹਥਿਆਰ ਬਣ ਕੇ ਆ ਗਿਆ। ਕਸ਼ਮੀਰ ਤੇ ਮੁਸਲਮਾਨ ਨਾਲ ਹਰ ਵਿਤਕਰਾ, ਪਾਕਿਸਤਾਨ ਦੀ ਭਾਰਤ ਨਾਲ ਲਗਦੀ ਸਰਹੱਦ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਨੂੰ ਬਲ ਦੇਂਦਾ ਹੈ। ਅੰਤਰ-ਰਾਸ਼ਟਰੀ ਮੰਚ ਤੇ ਪਾਕਿਸਤਾਨ ਕੁੱਝ ਵੀ ਦਾਅਵਾ ਪਿਆ ਕਰੇ, ਹਕੀਕਤ ਇਹ ਹੈ ਕਿ ਤਾਲਿਬਾਨ ਤੇ ਪਾਕਿਸਤਾਨ ਦੀ ਦੋਸਤੀ ਉਨ੍ਹਾਂ ਦੁਹਾਂ ਨੂੰ ਇਕ ਵਖਰੀ ਤਾਕਤ ਦਾ ਦਰਜਾ ਦਿਵਾਉਂਦੀ ਹੈ।
Pakistan
ਜਦ ਤਕ ਕਸ਼ਮੀਰ ਦਾ ਹਰ ਆਮ ਨਾਗਰਿਕ ਅਮਨ ਤੇ ਸ਼ਾਂਤੀ ਦੇ ਮਾਹੌਲ ਵਿਚ ਬਾਕੀ ਦੇਸ਼ਵਾਸੀਆਂ ਵਾਂਗ ਵਿਕਾਸ ਦੇ ਸਪੁਨੇ ਨਹੀਂ ਵੇਖ ਪਾਵੇਗਾ, ਕਸ਼ਮੀਰ ਮੁੜ ਤੋਂ ਜੰਨਤ ਨਹੀਂ ਬਣ ਪਾਵੇਗਾ। ਤੇ ਜਦ ਤਕ ਭਾਰਤ ਅਪਣੇ ਕੋਨੇ-ਕੋਨੇ ਵਿਚ ਵਸਦੀਆਂ ਘੱਟ ਗਿਣਤੀਆਂ ਨੂੰ ਅਪਣੇ ਨਾਲ ਨਹੀਂ ਚਲਾ ਪਾਵੇਗਾ, ਦਰਾੜਾਂ ਦਾ ਭਾਰ ਆਮ ਜਨਤਾ ਨੂੰ ਹੀ ਚੁਕਣਾ ਪਵੇਗਾ।
Muslim
ਅਫ਼ਸੋਸ ਇਹ ਵੀ ਹੈ ਕਿ ਸਿੱਖ ਜੋ ਹਿੰਦੂਆਂ ਦੇ ਵੀ ਰਾਖੇ ਸਨ ਤੇ ਮੁਸਲਮਾਨਾਂ ਨਾਲ ਹਰ ਵਕਤ ਖੜੇ ਰਹੇ ਹਨ, ਅੱਜ ਦੇਸ਼ਾਂ ਤੇ ਧਰਮਾਂ ਵਾਸਤੇ ਇਕ ਘੱਟ ਗਿਣਤੀ ਤੋਂ ਵੱਧ ਕੁੱਝ ਵੀ ਨਹੀਂ। ਜਦ ਕਿਸਾਨ ਅਪਣੇ ਲਈ ਇਨਸਾਫ਼ ਮੰਗਦਾ ਹੈ ਤਾਂ ਉਸ ਨੂੰ ਖ਼ਾਲਿਸਤਾਨੀ ਆਖ ਕੇ ਸਿੱਖਾਂ ਨੂੰ ਬਦਨਾਮ ਕਰਦੇ ਹਨ ਤੇ ਬੰਦੂਕਧਾਰੀ ਮੁਸਲਮਾਨ ਇਕ ਪੁਰਅਮਨ ਸਿੱਖ ਪ੍ਰਿੰਸੀਪਲ ਨੂੰ ਹਿੰਦੂ ਹਿਤੈਸ਼ੀ ਮੰਨ ਕੇ ਕਦੇ ਕਾਬੁਲ, ਕਦੇ ਪਾਕਿਸਤਾਨ ਤੇ ਕਦੇ ਕਸ਼ਮੀਰ ਵਿਚ ਅਪਣੀ ਬੰਦੂਕ ਦਾ ਨਿਸ਼ਾਨਾ ਬਣਾਉਂਦੇ ਹਨ। ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਵੀ ਅੱਜ ਅਪਣੇ ਆਪ ਤੇ ਸਵਾਲ ਕਰਨਾ ਸ਼ੁਰੂ ਕਰ ਦੇਵੇਗੀ ਕਿ ਆਖ਼ਰ ਸਾਡਾ ਹੈ ਕੌਣ? ਅਸੀਂ ਸੱਭ ਦੇ ਹਾਂ ਪਰ ਸਾਡਾ ਕੋਈ ਵੀ ਨਹੀਂ! ਸਰਕਾਰ ਕੋਲ ਬਹੁਮਤ ਦੀ ਤਾਕਤ ਹੈ ਪਰ ਉਹ ਫਿਰ ਵੀ ਫ਼ਿਰਕੂ ਖਾਈਆਂ ਡੂੰਘੀਆਂ ਕਰਨ ਲਈ ਕਿਉਂ ਜੁਟੀ ਹੋਈ ਹੈ?