
Editorial : ਜਿਵੇਂ ਪਿਛਲੀਆਂ ਚੋਣਾਂ ਵਿਚ ਦੇਸ਼ ਦੀ ਸੋਚ ਅੱਧ ਵਿਚਕਾਰੋਂ ਵੰਡੀ ਜਾ ਕੇ ਸਾਹਮਣੇ ਆਈ ਹੈ ਤੇ ਪੂਰਾ ਦੇਸ਼ ਸਪੱਸ਼ਟ ਦੋ ਧਿਰਾਂ ਵਿਚ ਵੰਡਿਆ ਗਿਆ ਹੈ...
Editorial : ਜਿਵੇਂ ਪਿਛਲੀਆਂ ਚੋਣਾਂ ਵਿਚ ਦੇਸ਼ ਦੀ ਸੋਚ ਅੱਧ ਵਿਚਕਾਰੋਂ ਵੰਡੀ ਜਾ ਕੇ ਸਾਹਮਣੇ ਆਈ ਹੈ ਤੇ ਪੂਰਾ ਦੇਸ਼ ਸਪੱਸ਼ਟ ਦੋ ਧਿਰਾਂ ਵਿਚ ਵੰਡਿਆ ਗਿਆ ਹੈ, ਉਸੇ ਤਰ੍ਹਾਂ ਫ਼ਰਾਂਸ ਤੋਂ ਵੀ ਇਹੀ ਖ਼ਬਰਾਂ ਆਈਆਂ ਹਨ ਕਿ ਜਿੰਨੀ ਦੁਨੀਆਂ ਇਸ ਵਕਤ ਸੱਜੇ ਪੱਖੀ ਸੋਚ ਵਲ ਜਾ ਰਹੀ ਹੈ, ਓਨੀ ਹੀ ਖੱਬੇ-ਪੱਖੀ ਸੋਚ ਵਲ ਵੀ ਵਧ ਰਹੀ ਹੈ। ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਹ ਚੋਣਾਂ ਬੜੀ ਜਲਦਬਾਜ਼ੀ ਵਿਚ ਐਲਾਨੀਆਂ ਸਨ ਕਿਉਂਕਿ ਜਦੋਂ ਇਟਲੀ ਦਾ ਨਤੀਜਾ ਸਾਹਮਣੇ ਆਇਆ ਤਾਂ ਜਿੱਤ ਸੱਜੇ ਪੱਖੀ ਪਾਰਟੀ ਦੀ ਹੋਈ ਸੀ। ਪਰ ਫ਼ਰਾਂਸ ਵਿਚ ਵੰਡ ਸੱਜੇੇ-ਖੱਬੇ ਤੇ ਵਿਚ ਵਿਚਾਲੇ ਭਾਵ ਤਿੰਨ ਧਿਰਾਂ ਵਿਚ ਵੰਡੀ ਹੋਈ ਹੈ।
ਇੰਗਲੈਂਡ ਵਿਚ ਜਿੱਤ ਖੱਬੇ ਪੱਖੀ ਪਾਰਟੀ ਦੀ ਹੋਈ ਹੈ। ਪ੍ਰੰਤੂ ਜੇ ਪੂਰੇ ਯੂਰਪ ਦੇ 27 ਦੇਸ਼ਾਂ ਨੂੰ ਮਿਲਾ ਕੇ ਦੇਖੀਏ ਤਾਂ ਇਹ ਉਵੇਂ ਹੀ ਵੰਡੇ ਹੋਏ ਹਨ, ਜਿਵੇਂ ਅਸੀ ਵੰਡੇ ਹੋਏ ਹਾਂ। ਜੇ ਮੁੱਦੇ ਦੇਖੀਏ ਤਾਂ ਉਨ੍ਹਾਂ ਦੇ ਵੀ ਉਹੀਉ ਮੁੱਦੇ ਹਨ, ਜਿਹੜੇ ਸਾਡੇ ਹਨ। ਉਹ ਵੀ ਅਪਣੀ ਦਿਹਾੜੀ ਦੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ, ਅਮੀਰਾਂ ’ਤੇ ਵਾਧੂ ਟੈਕਸ ਲਗਾਉਣਾ ਚਾਹੁੰਦੇ ਨੇ ਤੇ ਕਾਰਪ੍ਰੋਰੇਟ ਘਰਾਣਿਆਂ ਦਾ ਟੈੈਕਸ ਵਧਾਉਣਾ ਚਾਹੁੰਦੇ ਹਨ ਤਾਕਿ ਦੇਸ਼ ਦਾ ਕਰਜ਼ਾ ਘੱਟ ਹੋ ਸਕੇ।
ਉਨ੍ਹਾਂ ਦਾ ਇਕ ਹੋਰ ਵੀ ਮੁੱਦਾ ਹੈ ਜਿਸ ਨੂੰ ਲੈ ਕੇ ਦੋ ਧਿਰਾਂ ਵਿਚ ਵੰਡਿਆ ਹੋਇਆ ਹੈ। ਇਕ ਉਹ ਅਪਣੇ ਦੇਸ਼ ਨੂੰ ਰਫ਼ਿਊਜੀਆਂ ਤੋਂ ਮੁਕਤ ਰਖਣਾ ਚਾਹੁੰਦੇ ਨੇ ਤੇ ਦੂਜਾ ਹਰ ਇਕ ਨੂੰ ਆਜ਼ਾਦ ਰਖਣਾ ਚਾਹੁੰਦੇ ਹਨ।
ਇਹ ਜੋ ਸੋਚ ਦੀ ਵੰਡ ਹੈ, ਉਹ ਦੁਨੀਆਂ ਭਰ ਵਿਚ ਦਿਸ ਰਹੀ ਹੈ। ਪ੍ਰੰਤੂ ਇਸ ਵੰਡ ਦੇ ਨਤੀਜੇ ਸਹੀ ਨਹੀਂ ਹੋਣਗੇ ਕਿਉਂਕਿ ਇਹ ਵੰਡਾਂ ਸਾਨੂੰ ਮਿਲ ਕੇ ਨਹੀਂ ਚਲਣ ਦੇਣਗੀਆਂ।
ਅੱਜ ਜਦੋਂ ਪ੍ਰਧਾਨ ਮੰਤਰੀ ਮੋਦੀ ਰੂਸ ਗਏ ਹਨ ਤੇ ਉਨ੍ਹਾਂ ਨੇ ਪੁਤਿਨ ਨੂੰ ਜੱਫੀ ਪਾਈ ਹੈ ਤਾਂ ਉਸ ਦਾ ਵਿਰੋਧ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੰਸਕੀ ਨੇ ਕੀਤਾ ਹੈ ਤੇ ਉਸ ਨੇ ਇਸ ਨੂੰ ਲੋਕਤੰਤਰ ਲਈ ਮਾੜਾ ਪਲ ਆਖਿਆ ਹੈ ਕਿਉਂਕਿ ਰੂਸ ਵਲੋਂ ਇਕ ਦੇਸ਼ ਦੀ ਆਜ਼ਾਦੀ ਨੂੰ ਕੁਚਲਣ ਦੀ ਲੜਾਈ ਚਲਦੀ ਆ ਰਹੀ ਹੈ। ਇਹ ਲੜਾਈ ਹੁਣ ਕੁੱਝ ਮਹੀਨਿਆਂ ਵਿਚ ਅਮਰੀਕਾ ਵਿਚ ਵੀ ਲੜੀ ਜਾਵੇਗੀ ਜਿਥੇ ਡੋਨਲਡ ਟਰੰਪ ਦੀ ਸੱਜੇੇ ਪੱਖੀ ਸੋਚ ਬਾਈਡਨ ਸਾਹਮਣੇ ਹਿਕ ਤਾਣ ਕੇ ਖੜੀ ਹੋਵੇਗੀ। ਲਗਦਾ ਵੀ ਹੈ ਕਿ ਡੋਨਲਡ ਟਰੰਪ ਦੀ ਸੋਚ ਲੋਕਤੰਤਰੀ ਆਜ਼ਾਦ ਵਿਚਾਰਾਂ ਉਤੇ ਹਾਵੀ ਹੋ ਸਕਦੀ ਹੈ।
ਜਦੋਂ ਵਿਸ਼ਵ ਜੰਗਾਂ ਛਿੜੀਆਂ ਸੀ ਤਾਂ ਸਾਰੀ ਦੁਨੀਆਂ ਦੇ ਦੇਸ਼ਾਂ ਨੇ ਇਕੱਠੇ ਹੋ ਕੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਕੀਤੀ। ਕੁੱਝ ਅਜਿਹੇ ਨਿਯਮ ਬਣਾਏ, ਕੁੱਝ ਅਜਿਹੀਆਂ ਲਛਮਣ ਰੇਖਾਵਾਂ ਖਿੱਚੀਆਂ ਜਿਸ ਨਾਲ ਦੁਨੀਆਂ ਵਿਚ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ। ਪਰ ਅੱਜ ਰੂਸ ਤੇ ਯੁਕਰੇਨ ਵਿਚ ਜੰਗ ਚਲ ਰਹੀ ਹੈ। ਗਾਜ਼ਾ ਨਾ ਸਿਰਫ਼ ਇਕ ਜੰਗ ਦੀ ਭੱਠੀ ਵਿਚ ਸੜਦਾ ਕਰਾਹ ਰਿਹਾ ਹੈ ਬਲਕਿ ਉਥੇ ਬੱਚਿਆਂ ਦੇ ਖ਼ੂਨ ਨਾਲ ਸੜਕਾਂ ਲਾਲ ਹੁੰਦੀਆਂ ਜਾ ਰਹੀਆਂ ਹਨ। ਉਸ ਜ਼ੁਲਮ ਢਾਹੁਣ ਵਾਲੇ ਬੰਦੇ ਨੂੰ ਹਰ ਥਾਂ ਤੋਂ ਸਮਰਥਨ ਵੀ ਮਿਲ ਰਿਹਾ ਹੈ ਤੇ ਓਨਾ ਹੀ ਸਮਰਥਨ ਮਿਲ ਰਿਹਾ ਹੈ ਜਿੰਨਾ ਉਸ ਦਾ ਵਿਰੋਧ ਹੋ ਰਿਹਾ ਹੈ।
ਇਸ ਦੌਰ ਵਿਚ ਜਦ ਤਕ ਸਾਰੇ ਖਿਡਾਰੀ ਮਤਲਬ ਸਾਰੇ ਦੇਸ਼ ਇਕੱਠੇ ਹੋ ਕੇ ਨਹੀਂ ਸੋਚਣਗੇ ਤੇ ਖੱਬੂ ਸੱਜੂ ਸੋਚ ਦਾ ਤਿਆਗ ਕਰ ਕੇ ਕਿਸੇ ਨਤੀਜੇ ਤੇ ਨਹੀਂ ਪੁੱਜਣਗੇ ਤਾਂ ਇਹ ਵੰਡਾਂ ਵਧਦੀਆਂ ਹੀ ਜਾਣਗੀਆਂ।
ਪਿਛਲੇ ਕੁੱਝ ਦਹਾਕਿਆਂ ਤੋਂ ਕਾਰਪੋਰੇਟ ਦੁਨੀਆਂ ਅਤੇ ਵਪਾਰੀਕਰਨ ਵਰਗੇ ਦੁਸ਼ਮਣ ਨਾਲ ਇਕ ਚੁਪ ਚੁਪੀਤੀ ਜੰਗ ਹਾਰ ਰਹੀਆਂ ਸਨ ਤੇ ਅੱਜ ਦੁਨੀਆਂ ’ਚੋਂ ਥਾਂ ਥਾਂ ਤੋਂ ਆਮ ਇਨਸਾਨ ਬਰਾਬਰੀ ਤੇ ਆਜ਼ਾਦੀ ਵਾਸਤੇ ਵੋਟ ਪਾ ਰਿਹਾ ਹੈ। ਇਸ ਆਵਾਜ਼ ਨੂੰ ਕਦੇ ਨਾ ਕਦੇ ਸੁਣਨਾ ਜ਼ਰੂਰ ਪਏਗਾ।
- ਨਿਮਰਤ ਕੌਰ