ਫ਼ੈਜ਼ ਹਮੀਦ ਨੂੰ ਸਜ਼ਾ : ਭਾਰਤ ਨੂੰ ਵੱਧ ਚੌਕਸੀ ਦੀ ਲੋੜ
Published : Dec 13, 2025, 6:58 am IST
Updated : Dec 13, 2025, 6:58 am IST
SHARE ARTICLE
Faiz Hameed's sentence: India needs to be more vigilant
Faiz Hameed's sentence: India needs to be more vigilant

ਫ਼ੈਜ਼ ਹਮੀਦ ਨੂੰ 14 ਵਰਿ੍ਹਆਂ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ

Faiz Hameed's sentence: India needs to be more vigilant:ਪਾਕਿਸਤਾਨ ਦੀ ਇਕ ਫ਼ੌਜੀ ਅਦਾਲਤ ਨੇ ਢਾਈ ਵਰ੍ਹੇ ਪਹਿਲਾਂ ਤਕ ਅਤਿਅੰਤ ਤਾਕਤਵਰ ਹਸਤੀ ਵਜੋਂ ਜਾਣੇ ਜਾਂਦੇ ਲੈਫਟੀਨੈਂਟ ਜਨਰਲ (ਰਿਟਾ.) ਫ਼ੈਜ਼ ਹਮੀਦ ਨੂੰ 14 ਵਰਿ੍ਹਆਂ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ ਆਰਮੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀਆਂ ਚਾਰ ਉਲੰਘਣਾਵਾਂ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਇਸੇ ਜੁਰਮ ਅਧੀਨ ਗੁਜਰਾਂਵਾਲਾ ਜੇਲ੍ਹ ’ਚ ਸੁੱਟੇ ਜਾਣ ਦੇ ਹੁਕਮ ਦਿਤੇ ਗਏ। ਪਾਕਿਸਤਾਨੀ ਫ਼ੌਜਾਂ ਦੀ ਸਾਂਝੀ ਪ੍ਰਚਾਰ ਏਜੰਸੀ ‘ਆਈ.ਐਸ.ਪੀ.ਆਰ.’ ਵਲੋਂ ਜਾਰੀ ਬਿਆਨ ਅਨੁਸਾਰ ਜਨਰਲ ਹਮੀਦ ਉਪਰ 14 ਮਹੀਨੇ ਲੰਮਾ ਮੁਕੱਦਮਾ 9 ਮਈ 2023 ਨੂੰ ਦੇਸ਼ ਭਰ ਵਿਚ ਭੜਕੇ ਦੰਗਿਆਂ ਅਤੇ ਇਨ੍ਹਾਂ ਦੰਗਿਆਂ ਦੌਰਾਨ ਫ਼ੌਜੀ ਠਿਕਾਣਿਆਂ ਤੇ ਬੈਰਕਾਂ ਉੱਤੇ ਹੋਏ ਹਮਲਿਆਂ ਨਾਲ ਸਬੰਧਿਤ ਸੀ। ਫ਼ੌਜੀ ਅਦਾਲਤ ਦੇ ਫ਼ੈਸਲੇ ਮੁਤਾਬਿਕ ਸੇਵਾਮੁਕਤ ਜਨਰਲ ਨੇ ਇਕ ਸਿਆਸੀ ਧਿਰ (ਪੀ.ਟੀ.ਆਈ.) ਨਾਲ ਮਿਲ ਕੇ ਇਨ੍ਹਾਂ ਦੰਗਿਆਂ ਦੀ ਸਾਜ਼ਿਸ਼ ਰਚਣ ਵਿਚ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਉਪਰੋਕਤ ਦੰਗੇ ਪਾਕਿਸਤਾਨ ਤਹਿਰੀਕ-ਇ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਨੇਤਾ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੜਕੇ ਸਨ। ਉਪਰੋਕਤ ਜੁਰਮ ਤੋਂ ਇਲਾਵਾ ਜਨਰਲ ਹਮੀਦ ਨੂੰ ਫ਼ੌਜੀ ਨੌਕਰੀ ਦੌਰਾਨ ਅਤੇ ਉਸ ਤੋਂ ਬਾਅਦ ਵੀ ਸਿਆਸੀ ਸਰਗਰਮੀਆਂ ਵਿਚ ਸ਼ਰੀਕ ਹੋਣ ਦਾ ਵੀ ਦੋਸ਼ੀ ਕਰਾਰ ਦਿਤਾ ਗਿਆ। ਹਾਲਾਂਕਿ ਪੀ.ਟੀ.ਆਈ. ਨੇ ਇਸ ਸਾਬਕਾ ਜਨਰਲ ਖ਼ਿਲਾਫ਼ ਫ਼ੈਸਲੇ ਨੂੰ ‘‘ਸਿਆਸਤ ਤੇ ਬਦਲਾਖ਼ੋਰੀ ਤੋਂ ਪ੍ਰੇਰਿਤ’’ ਦਸਿਆ ਹੈ, ਫਿਰ ਵੀ ਇਸ ਦਾ ਸੁਆਗਤ ਕਰਨ ਵਾਲਿਆਂ ਵਿਚ ਹੁਕਮਰਾਨ ਧਿਰ ‘ਪੀ.ਐਮ.ਐੱਲ.ਐਨ’ ਤੇ ‘ਪਾਕਿਸਤਾਨ ਪੀਪਲਜ਼ ਪਾਰਟੀ’ (ਪੀ.ਪੀ.ਪੀ.) ਤੋਂ ਇਲਾਵਾ ਕਈ ਛੋਟੀਆਂ ਸਿਆਸੀ ਪਾਰਟੀਆਂ ਅਤੇ ਕਈ ਸੀਨੀਅਰ ਪੱਤਰਕਾਰਾਂ ਦਾ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਇਸ ਸਾਬਕਾ ਜਰਨੈਲ ਦੀਆਂ ਜ਼ਿਆਦਤੀਆਂ ਭੋਗਣ ਵਾਲਿਆਂ ਦੀ ਗਿਣਤੀ ਥੋੜ੍ਹੀ ਨਹੀਂ ਸੀ। ਦਰਅਸਲ, ਜਦੋਂ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਆਈ.ਐੱਸ.ਆਈ.’ ਦਾ ਮੁਖੀ ਸੀ ਤਾਂ ਉਸ ਦੇ ਕਾਰਜਕਾਲ ਦੌਰਾਨ ਸਰਕਾਰ-ਵਿਰੋਧੀ ਪੱਤਰਕਾਰਾਂ ਨੂੰ ਨਾਜਾਇਜ਼ ਚੁੱਕੇ ਜਾਣ ਅਤੇ ਕੁੱਝ ਨਾਮਵਰ ਪੱਤਰਕਾਰਾਂ ਦਾ ਸਫ਼ਾਇਆ ਕੀਤੇ ਜਾਣ ਦੇ ਮਾਮਲੇ ਅਕਸਰ ਵਾਪਰਦੇ ਰਹੇ ਸਨ। ਇਸੇ ਲਈ ਪਾਕਿਸਤਾਨੀ ਮੀਡੀਆ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ, ਸਾਬਕਾ ਜਨਰਲ ਖ਼ਿਲਾਫ਼ ਹੋਰ ਵੀ ਕਈ ਮਾਮਲੇ ਛੇਤੀ ਹੀ ਮੁਕੱਦਮਿਆਂ ਦਾ ਰੂਪ ਧਾਰਨ ਕਰਨਗੇ।
ਪਾਕਿਸਤਾਨ ਵਿਚ ਸਾਬਕਾ ਜਰਨੈਲਾਂ ਨੂੰ ਫ਼ੌਜੀ ਅਦਾਲਤਾਂ ਵਲੋਂ ਸਜ਼ਾ ਸੁਣਾਏ ਜਾਣ ਦੇ ਦਰਜਨ ਤੋਂ ਵੱਧ ਮਾਮਲੇ ਵਾਪਰ ਚੁੱਕੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਆਈ.ਐਸ.ਆਈ. ਦੇ ਕਿਸੇ ਸਾਬਕਾ ਮੁਖੀ ਨੂੰ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ। ਫ਼ੌਜੀ ਅਦਾਲਤਾਂ ਦੇ ਅਜਿਹੇ ਫ਼ੈਸਲਿਆਂ ਖ਼ਿਲਾਫ਼ ਜਾਂ ਤਾਂ ਸੁਪਰੀਮ ਕੋੋਰਟ ਵਿਚ ਅਪੀਲ ਕੀਤੀ ਜਾ ਸਕਦੀ ਹੈ ਅਤੇ ਜਾਂ ਫਿਰ ਆਰਮੀ ਚੀਫ਼ ਕੋਲ। ਆਰਮੀ ਚੀਫ਼ ਦਾ ਅਹੁਦਾ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਕੋਲ ਹੈ। ਫ਼ੈਜ਼ ਹਮੀਦ ਤੇ ਆਸਿਮ ਮੁਨੀਰ ਫ਼ੌਜ ’ਚ ਦਾਖ਼ਲੇ ਵੇਲੇ ਦੇ ਬੈਚਮੇਟ ਹਨ। 2022 ਵਿਚ ਜਨਰਲ ਕਮਰ ਜਾਵੇਦ ਬਾਜਵਾ ਦੀ ਸੇਵਾਮੁਕਤੀ ਸਮੇਂ ਹਮੀਦ, ਥਲ ਸੈਨਾ ਮੁਖੀ ਦੇ ਅਹੁਦੇ ਦਾ ਪ੍ਰਮੁਖ ਦਾਅਵੇਦਾਰ ਸੀ, ਪਰ ਇਮਰਾਨ ਖ਼ਾਨ ਨਾਲ ਨੇੜਤਾ ਵਾਲਾ ਅਤੀਤ ਵੱਡਾ ਅੜਿੱਕਾ ਸਾਬਤ ਹੋਇਆ। ਆਸਿਮ ਮੁਨੀਰ ਨੂੰ ਚਾਰ ਸਿਤਾਰਾ ਜਨਰਲ ਦਾ ਅਹੁਦਾ ਮਿਲਦਿਆਂ ਹੀ ਫ਼ੈਜ਼ ਹਮੀਦ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ। ਪਾਕਿਸਤਾਨ ਆਰਮੀ ਐਕਟ ਦੀਆਂ ਧਾਰਾਵਾਂ ਮੁਤਾਬਿਕ ਕੋਈ ਵੀ ਫ਼ੌਜੀ ਅਫ਼ਸਰ ਸੇਵਾਮੁਕਤੀ ਤੋਂ ਦੋ ਵਰ੍ਹੇ ਬਾਅਦ ਹੀ ਕਿਸੇ ਸਿਆਸੀ ਧਿਰ ’ਚ ਸ਼ਾਮਲ ਹੋ ਸਕਦਾ ਹੈ ਜਾਂ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈ ਸਕਦਾ ਹੈ। ਹਮੀਦ ਨੇ ਇਸ ਕਾਨੂੰਨੀ ਬੰਦਸ਼ ਦੀ ਅਣਦੇਖੀ ਕਰਦਿਆਂ ਇਮਰਾਨ ਖ਼ਾਨ ਦੀ ‘ਕਿਚਨ ਕੈਬਨਿਟ’ ਨਾਲ ਜੁੜੇ ਰਹਿਣ ਦੀ ਜੁਰਅੱਤਮੰਦੀ ਜਾਰੀ ਰੱਖੀ। ਇਹ ਉਸ ਨੂੰ ਮਹਿੰਗੀ ਪਈ।
ਜਨਰਲ ਹਮੀਦ ਪਿਛਲੇ 10 ਵਰਿ੍ਹਆਂ ਤੋਂ ਵਿਵਾਦਿਤ ਹਸਤੀ ਰਿਹਾ ਹੈ। 2017 ਤੋਂ ਉਸ ਦੀਆਂ ਸਰਗਰਮੀਆਂ, ਸਿਆਸੀ ਹਲਕਿਆਂ ਤੋਂ ਇਲਾਵਾ ਮੀਡੀਆ-ਕਰਮੀਆਂ ਵਿਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। 2021 ਵਿਚ ਪਿਸ਼ਾਵਰ ਸਥਿਤ 11ਵੀਂ ਕੋਰ ਦਾ ਮੁਖੀ ਥਾਪੇ ਜਾਣ ਮਗਰੋਂ ਉਸ ਨੇ ਪਾਕਿਸਤਾਨ ਸਰਕਾਰ ਤੇ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਰਮਿਆਨ ਗੋਲੀਬੰਦੀ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ। ਗੋਲੀਬੰਦੀ ਬਾਰੇ ਅਹਿਦਨਾਮਾ ਕਰਨ ਸਮੇਂ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਵਜ਼ੀਰੇ ਆਲਾ ਮਹਿਮੂਦ ਖ਼ਾਨ ਨੂੰ ਭਰੋਸੇ ਵਿਚ ਲੈਣਾ ਵੀ ਵਾਜਬ ਨਹੀਂ ਸਮਝਿਆ ਗਿਆ। ਟੀ.ਟੀ.ਪੀ. ਨੇ ਇਸ ਗੋਲੀਬੰਦੀ ਦਾ ਲਾਹਾ, ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਅਪਣਾ ਹਥਿਆਰਬੰਦ ਕਾਡਰ ਤਾਇਨਾਤ ਕਰਨ ਵਿਚ ਲਿਆ। ਉਸੇ ਵਰ੍ਹੇ ਤਾਲਿਬਾਨ ਦੀ ਅਫ਼ਗ਼ਾਨ ਹਕੂਮਤ ’ਤੇ ਵਾਪਸੀ ਸਮੇਂ ਵੀ ਹਮੀਦ ਖ਼ੁਦ ਨੂੰ ਮੁੱਖ ਮਨਸੂਬੇਬਾਜ਼ ਵਜੋਂ ਪੇਸ਼ ਕਰਦਾ ਰਿਹਾ ਸੀ। ਉਸ ਵਲੋਂ ਅਜਿਹੇ ਮੌਕਿਆਂ ’ਤੇ ਚੌਧਰੀ ਵਜੋਂ ਵਿਚਰਨਾ ਹੀ ਉਸ ਦੇ ਪਤਨ ਦੀ ਮੁੱਖ ਵਜ੍ਹਾ ਸਾਬਤ ਹੋਇਆ। ਉਂਜ, ਵਿਵਾਦਿਤ ਹਸਤੀ ਹੋਣ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਵਿਚ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਘੱਟ ਨਹੀਂ। ਇਸੇ ਲਈ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਪਾਕਿਸਤਾਨੀ ਫ਼ੌਜ ਵਿਚ ਸਭ ਅੱਛਾ ਨਾ ਰਹਿਣ ਅਤੇ ਨਾਖ਼ੁਸ਼ ਧਿਰਾਂ ਵਲੋਂ ਭਾਰਤ ਨਾਲ ਖਹਿਬਾਜ਼ੀ ਦੇ ਜ਼ਰੀਏ ਆਸਿਮ ਮੁਨੀਰ ਨੂੰ ਜਿੱਚ ਕੀਤੇ ਜਾਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਭਾਵੇਂ ਫ਼ੈਜ਼ ਹਮੀਦ ਮਾਮਲਾ ਪਾਕਿਸਤਾਨ ਦੀ ਨਿੱਜੀ ਸਿਰਦਰਦੀ ਹੈ, ਫਿਰ ਵੀ ਇਹਤਿਆਤ ਵਰਤਣ ਪੱਖੋਂ ਭਾਰਤ ਨੂੰ ਢਿੱਲ-ਮੱਠ ਨਹੀਂ ਦਿਖਾਉਣੀ ਚਾਹੀਦੀ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement