
ਨਾਗਪੁਰ (ਮਹਾਰਾਸ਼ਟਰ) ਦੇ ਮਹਿਲ ਇਲਾਕੇ ਵਿਚ ਭੜਕੇ ਫ਼ਿਰਕੂ ਦੰਗੇ ਤੇ ਉਨ੍ਹਾਂ ਤੋਂ ਬਾਅਦ ਚੱਲਦੀ ਆ ਰਹੀ ਸਿਆਸੀ ਤੋਹਮਤਬਾਜ਼ੀ ਇਕ ਮੰਦਭਾਗਾ ਸਿਲਸਿਲਾ ਹੈ।
ਨਾਗਪੁਰ (ਮਹਾਰਾਸ਼ਟਰ) ਦੇ ਮਹਿਲ ਇਲਾਕੇ ਵਿਚ ਭੜਕੇ ਫ਼ਿਰਕੂ ਦੰਗੇ ਤੇ ਉਨ੍ਹਾਂ ਤੋਂ ਬਾਅਦ ਚੱਲਦੀ ਆ ਰਹੀ ਸਿਆਸੀ ਤੋਹਮਤਬਾਜ਼ੀ ਇਕ ਮੰਦਭਾਗਾ ਸਿਲਸਿਲਾ ਹੈ। ਇਹ ਦੰਗੇ 17 ਮਾਰਚ ਨੂੰ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਕੁਨਾਂ ਦੇ ਜਲੂਸ ਵਲੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਅਰਥੀ ਸਾੜਨ ਤੋਂ ਸ਼ੁਰੂ ਹੋਏ। ਹਿੰਦੂਤਵੀ ਜਥੇਬੰਦੀਆਂ ਔਰੰਗਜ਼ੇਬ ਦੀ ਕਬਰ ਮਹਾਰਾਸ਼ਟਰ ਵਿਚੋਂ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਜਲਸੇ-ਜਲੂਸ ਕੱਢਦੀਆਂ ਆ ਰਹੀਆਂ ਹਨ। ਨਾਗਪੁਰ ਵਿਚ ਉਨ੍ਹਾਂ ਦੀ ਕਾਰਵਾਈ ਦੇ ਸਬੰਧ ਵਿਚ ਇਹ ਅਫ਼ਵਾਹ ਫੈਲ ਗਈ ਕਿ ਜਲੂਸ ਨੇ ਕੁਰਾਨ ਸ਼ਰੀਫ਼ ਦੀ ਜਿਲਦ ਸਾੜੀ ਹੈ। ਇਸ ’ਤੇ ਮੁਸਲਿਮ ਗਰਮਦਲੀਏ ਵੀ ਸੜਕਾਂ ’ਤੇ ਆ ਗਏ ਅਤੇ ਦੋ ਫ਼ਿਰਕਿਆਂ ਦਾ ਟਕਰਾਅ, ਹਿੰਸਕ ਰੁਖ਼ ਧਾਰਨ ਕਰ ਗਿਆ।
ਫਸਾਦੀਆਂ ਹੱਥੋਂ ਮਾਰ ਪੁਲੀਸ ਨੂੰ ਸਭ ਤੋਂ ਵੱਧ ਝੱਲਣੀ ਪਈ। ਚਾਰ ਅਫ਼ਸਰਾਂ ਸਮੇਤ ਤਿੰਨ ਦਰਜਨ ਤੋਂ ਵੱਧ ਪੁਲੀਸ ਵਾਲੇ ਜ਼ਖ਼ਮੀ ਹੋ ਗਏ, ਦਰਜਨ ਦੇ ਕਰੀਬ ਵਾਹਨ ਸਾੜ ਦਿਤੇ ਗਏ ਅਤੇ ਰਾਜਸੀ ਆਗੂਆਂ ਤੇ ਧਾਰਮਿਕ ਚੌਧਰੀਆਂ ਦੇ ਘਰਾਂ ਤੇ ਕਾਰੋਬਾਰੀ ਠਿਕਾਣਿਆਂ ਨੂੰ ਵੀ ਅੱਗਜ਼ਨੀ ਤੇ ਪਥਰਾਓ ਦਾ ਨਿਸ਼ਾਨਾ ਬਣਾਇਆ ਗਿਆ। ਭਾਵੇਂ ਪ੍ਰਸ਼ਾਸਨ ਨੇ ਅੱਠ ਘੰਟਿਆਂ ਦੇ ਅੰਦਰ ਕਰਫਿਊ ਲਾਗੂ ਕਰ ਕੇ ਸਥਿਤੀ ਉੱਤੇ ਕਾਬੂ ਪਾ ਲਿਆ, ਫਿਰ ਵੀ ਫਸਾਦਾਂ ਦਾ ਸੇਕ ਮੁਖ ਮੰਤਰੀ ਦੇਵੇਂਦਰ ਫੜਨਵੀਸ ਦੀ ‘ਮਹਾਂਯੁਤੀ’ ਸਰਕਾਰ ਨੂੰ ਲੱਗਣਾ ਜਾਰੀ ਹੈ।
ਇਸ ਦੀਆਂ ਤਿੰਨ ਭਾਈਵਾਲ ਧਿਰਾਂ - ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਇਕਸੁਰ ਨਹੀਂ ਰਹੀਆਂ। ਇਸ ਦਾ ਰਾਜਸੀ ਲਾਭ ਲੈਣ ਦੇ ਯਤਨ ਵਿਰੋਧੀ ਧਿਰ, ਖ਼ਾਸ ਕਰ ਕੇ ਸ਼ਿਵ ਸੈਨਾ (ਊਧਵ ਠਾਕਰੇ) ਤੇ ਕਾਂਗਰਸ ਵਲੋਂ ਜ਼ੋਰਦਾਰ ਢੰਗ ਨਾਲ ਕੀਤੇ ਜਾ ਰਹੇ ਹਨ। ਊਧਵ ਠਾਕਰੇ ਤੇ ਉਨ੍ਹਾਂ ਦੇ ਬੇਟੇ ਆਦਿਤਿਆ ਠਾਕਰੇ ਨੇ ਕਿਹਾ ਹੈ ਕਿ ਔਰੰਗਜ਼ੇਬ ਦੀ ਕਬਰ ਤਿੰਨ ਸੌ ਸਾਲ ਪੁਰਾਣੀ ਹੈ। ਤਿੰਨ ਸਦੀਆਂ ਤੋਂ ਵੱਧ ਸਮੇਂ ਤੋਂ ਮਹਾਰਾਸ਼ਟਰੀਅਨ ਇਸ ਨੂੰ ਬਰਦਾਸ਼ਤ ਕਰਦੇ ਆਏ ਹਨ। ਹੁਣ ਅਚਾਨਕ ਮਹਾਰਾਸ਼ਟਰੀ ਵਸੋਂ ਦੇ ਇਕ ਵਰਗ ਨੂੰ ਇਸ ਦੀ ਮੌਜੂਦਗੀ ਕਿਉਂ ਨਾਗਵਾਰ ਜਾਪਣ ਲੱਗੀ ਹੈ? ਦੋਵਾਂ ਨੇਤਾਵਾਂ ਦਾ ਦਾਅਵਾ ਹੈ ਕਿ ਫੜਨਵੀਸ ਸਰਕਾਰ ਅਪਣੀਆਂ ਸਿਆਸੀ ਤੇ ਪ੍ਰਸ਼ਾਸਨਿਕ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕਬਰ ਵਾਲੇ ਮੁੱਦੇ ਨੂੰ ਹਵਾ ਦੇ ਰਹੀ ਹੈ ਅਤੇ ਸੂਬੇ ਦੇ ਲੋਕਾਂ ਵਿਚ ਫ਼ਿਰਕੂ ਵੰਡੀਆਂ ਵਧਾਉਣ ’ਤੇ ਤੁਲੀ ਹੋਈ ਹੈ। ਇਸੇ ਤਰਜ਼ ਦੀ ਆਲੋਚਨਾਤਮਕ ਸੁਰ ਐਨ.ਸੀ.ਪੀ. (ਸ਼ਰਦ ਪਵਾਰ) ਅਤੇ ਕਾਂਗਰਸ ਪਾਰਟੀ ਦੀ ਵੀ ਹੈ।
ਅਜਿਹੀ ਆਲੋਚਨਾ ਦੇ ਜਵਾਬ ਵਿਚ ਦੇਵੇਂਦਰ ਫੜਨਵੀਸ ਨੇ ਫਸਾਦ ਇਕ ਗਿਣੀ-ਮਿੱਥੀ ਸਾਜ਼ਿਸ ਅਧੀਨ ਭੜਕਾਏ ਜਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੂੰ ਔਰੰਗਜ਼ੇਬ ਦੀ ਕਬਰ ਵਿਰੁੱਧ ਰੋਹ ਦੀ ਪੈਦਾਇਸ਼ ਲਈ ਹਿੰਦੀ ਫ਼ਿਲਮ ‘ਛਾਵਾ’ (ਬਾਘ ਦਾ ਬੱਚਾ) ਨੂੰ ਵੀ ਕਸੂਰਵਾਰ ਦਸਿਆ ਹੈ। ਛਤਰਪਤੀ ਸ਼ਿਵਾਜੀ ਭੋਸਲੇ ਦੇ ਵੱਡੇ ਪੁੱਤਰ ਤੇ ਦੂਜੇ ਮਰਾਠਾ ਸਮਰਾਟ ਸਾਂਭਾਜੀ ਮਹਾਰਾਜ ਨੂੰ ਔਰੰਗਜ਼ੇਬ ਨੇ ਦੱਖਣ ਜਿੱਤਣ ਦੀ ਮੁਹਿੰਮ ਦੌਰਾਨ 1689 ਵਿਚ ਕੋਹ-ਕੋਹ ਕੇ ਮਾਰਿਆ ਸੀ। ‘ਛਾਵਾ’ ਫ਼ਿਲਮ ਸਾਂਭਾਜੀ ਦੇ ਜੀਵਨ ਸੰਘਰਸ਼ ਬਾਰੇ ਸ਼ਿਵਾਜੀ ਸਾਂਵੰਤ ਵਲੋਂ ਲਿਖੇ ਮਰਾਠੀ ਇਤਿਹਾਸਕ ਨਾਵਲ ‘ਛਾਵਾ’ ਉੱਤੇ ਆਧਾਰਿਤ ਹੈ। ਇਹ ਨਾਵਲ ਇਕ-ਪਾਸੜ ਕਥਾਕ੍ਰਮ ਪੇਸ਼ ਕਰਦਾ ਹੈ ਜਿਸ ਵਿਚ ਔਰੰਗਜ਼ੇਬ ਨਿਰੋਲ ਖ਼ਲਨਾਇਕ ਹੈ ਅਤੇ ਸਾਂਭਾਜੀ ਨਾਇਕ। ਫੜਨਵੀਸ ਦਾ ਤਰਕ ਅਪਣੀ ਥਾਂ ਸਹੀ ਹੈ, ਪਰ ਫ਼ਿਲਮ ਤੋਂ ਉਪਜੇ ਜਜ਼ਬਿਆਂ ਨੂੰ ਹਵਾ ਦੇਣ ਦਾ ਕੰਮ ਭਾਜਪਾ ਦੇ ਕਾਰਕੁਨ ਵੀ ਪਿਛਲੇ ਕੁੱਝ ਦਿਨਾਂ ਤੋਂ ਕਰਦੇ ਆ ਰਹੇ ਸਨ ਅਤੇ ਹੋਰਨਾਂ ਰਾਜਸੀ ਧਿਰਾਂ ਦੇ ਆਗੂ ਵੀ। ਅਜਿਹੇ ਆਲਮ ਵਿਚ ਸਮਾਜਿਕ-ਧਾਰਮਿਕ ਤਾਪਮਾਨ ਨਾਰਮਲ ਰੱਖਣ ਦੀ ਜ਼ਿੰਮੇਵਾਰੀ ਫੜਨਵੀਸ ਸਰਕਾਰ ਦੀ ਬਣਦੀ ਸੀ। ਉਹ ਇਸ ਕੰਮ ਵਿਚ ਨਾਕਾਮ ਰਹੀ। ਇਸ ਤੋਂ ਫ਼ਿਰਕੂ ਸ਼ਕਤੀਆਂ ਨੂੰ ਬਲ ਮਿਲਿਆ।
ਮੁਗ਼ਲ ਬਾਦਸ਼ਾਹ ਮੁਹੰਮਦ ਮੋਹੀਉਦੀਨ ਔਰੰਗਜ਼ੇਬ ਤੁਅੱਸਬੀ ਹੁਕਮਰਾਨ ਸੀ; ਇਸ ਬਾਰੇ ਕੋਈ ਦੋ ਰਾਵਾਂ ਨਹੀਂ। ਉਹ ਸੁਭਾਅ ਪੱਖੋਂ ਜ਼ਾਲਮ ਸੀ, ਇਸ ਦਾ ਸਬੂਤ ਉਸ ਵਲੋਂ ਅਪਣੇ ਤਿੰਨ ਭਰਾਵਾਂ (ਖ਼ਾਸ ਕਰ ਕੇ ਦਾਰਾ ਸ਼ਿਕੋਹ) ਦੀਆਂ ਜ਼ਾਲਮਾਨਾ ਢੰਗ ਨਾਲ ਹੱਤਿਆਵਾਂ ਅਤੇ ਪਿਤਾ ਸ਼ਾਹ ਜਹਾਂ ਦੀ ਅੱਠ ਸਾਲ ਤੋਂ ਵੱਧ ਸਮੇਂ ਤਕ ਨਜ਼ਰਬੰਦੀ ਤੋਂ ਮਿਲਦਾ ਹੈ। ਉਸ ਨੇ ਹਿੰਦੂਆਂ ਉੱਤੇ 1678 ਤੋਂ ‘ਜਜ਼ੀਆ’ ਥੋਪ ਕੇ ਅਤੇ ਜਬਰੀ ਧਰਮ ਪਰਿਵਰਤਨ ਨੂੰ ਹਵਾ ਦੇ ਕੇ ਅਪਣੇ ਸਾਮਰਾਜ ਦੀ ਬਹੁਗਿਣਤੀ ਵਸੋਂ ਨੂੰ ਅਪਣੇ ਖ਼ਿਲਾਫ਼ ਕਰ ਲਿਆ। ਇਹੋ ਜਹੇ ਕਦਮ ਹੀ 1707 ਵਿਚ ਉਸ ਦੀ ਮੌਤ ਮਗਰੋਂ ਮੁਗ਼ਲ ਸਾਮਰਾਜ ਦੇ ਖ਼ੇਰੂੰ-ਖ਼ੇਰੂੰ ਹੋਣ ਦੀ ਮੁੱਖ ਵਜ੍ਹਾ ਬਣੇ। ਅਜਿਹੀਆਂ ਖ਼ਾਮੀਆਂ ਦੇ ਬਾਵਜੂਦ ਉਹ ਨਿਰੋਲ ਸਿਆਹ ਕਿਰਦਾਰ ਨਹੀਂ ਸੀ। ਉਸ ਵਿਚ ਵੀ ਖ਼ੂਬੀਆਂ ਸਨ।
ਮਰਾਠਿਆਂ ਜਾਂ ਸਾਂਭਾਜੀ ਮਹਾਰਾਜ ਦੇ ਹੀ ਪ੍ਰਸੰਗ ਵਿਚ ਇਹ ਦੱਸਣਾ ਨਾਵਾਜਬ ਨਹੀਂ ਜਾਪਦਾ ਕਿ ਉਨ੍ਹਾਂ ਦਾ ਪੁੱਤਰ ਸਾਹੂਜੀ, ਜੋ ਬਾਅਦ ਵਿਚ ਪੰਜਵਾਂ ਛਤਰਪਤੀ ਮਰਾਠਾ ਸਮਰਾਟ ਬਣਿਆ, 18 ਵਰਿ੍ਹਆਂ ਤਕ ਔਰੰਗਜ਼ੇਬ ਦੀ ਜ਼ੇਰੇ-ਹਿਰਾਸਤ ਰਿਹਾ। ਉਸ ਨਾਲ ਕਦੇ ਕੋਈ ਬਦਸਲੂਕੀ ਨਹੀਂ ਹੋਈ ਬਲਕਿ ਉਸ ਦੀ ਸ਼ਾਹਾਨਾ ਪਰਵਰਿਸ਼ ਤੇ ਤਾਲੀਮ ਦਾ ਉਚੇਚਾ ਧਿਆਨ ਰੱਖਿਆ ਗਿਆ। 1707 ਵਿਚ ਨਜ਼ਰਬੰਦੀ ਤੋਂ ਰਿਹਾਈ ਅਤੇ 1708 ਵਿਚ ਮਰਾਠਾ ਛਤਰਪਤੀ ਵਜੋਂ ਤਾਜਪੋਸ਼ੀ ਤੋਂ ਬਾਅਦ ਸਾਹੂਜੀ ਪ੍ਰਥਮ ਨੇ ਖ਼ੁਲਦਾਦਾਦ (ਅਹਿਮਦਨਗਰ) ’ਚ ਔਰੰਗਜ਼ੇਬ ਦੀ ਕਬਰ ਉੱਤੇ ਹਰੀ ਚਾਦਰ ਚੜ੍ਹਾ ਕੇ ਅਪਣੀ ਅਕੀਦਤ ਪੇਸ਼ ਕੀਤੀ। ਹੁਣ ਇਸੇ ਕਬਰ ਨੂੰ ਮਹਾਰਾਸ਼ਟਰ ਤੋਂ ਹਟਾਏ ਜਾਣ ਦੀ ਲਹਿਰ ਤੋਰਨ ਵਾਲੇ ਇਹ ਭੁੱਲ ਗਏ ਹਨ ਕਿ 41 ਵਰ੍ਹੇ ਹਕੂਮਤ ਕਰਨ ਵਾਲੇ ਤੇ ਮਰਾਠਾ ਸਾਮਰਾਜ ਦੀਆਂ ਹੱਦਾਂ ਪੂਰੇ ਮੱਧ ਭਾਰਤ ’ਚ ਫੈਲਾਉਣ ਵਾਲੇ ਸਾਹੂਜੀ ਮਹਾਰਾਜ ਦੇ ਅਕੀਦਿਆਂ ਨੂੰ ਉਹ ਕਿੰਨੀ ਠੇਸ ਪਹੁੰਚਾ ਰਹੇ ਹਨ।