
ਜਾਸੂਸੀ ਅੱਜ ਕੋਈ ਨਵੇਂ ਜ਼ਮਾਨੇ ਦੀ ਕਾਢ ਨਹੀਂ, ਇਹ ਸਦੀਆਂ ਤੋਂ ਹੀ ਅਪਣੇ ਦੁਸ਼ਮਣ ਤੇ ਨਜ਼ਰ ਰੱਖਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਰਹੀ ਹੈ।
ਜਾਸੂਸੀ ਅੱਜ ਕੋਈ ਨਵੇਂ ਜ਼ਮਾਨੇ ਦੀ ਕਾਢ ਨਹੀਂ, ਇਹ ਸਦੀਆਂ ਤੋਂ ਹੀ ਅਪਣੇ ਦੁਸ਼ਮਣ ਤੇ ਨਜ਼ਰ ਰੱਖਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਰਹੀ ਹੈ। ਜਾਸੂਸ ਕਿਸੇ ਵੀ ਸਰਕਾਰ ਦਾ ਅਟੁਟ ਹਿੱਸਾ ਹਨ ਤੇ ਹਮੇਸ਼ਾ ਰਹੇ ਵੀ ਹਨ। ਦੂਜੇ ਵਿਸ਼ਵ ਯੁੱਧ ਸਮੇਂ ਅਲਾਈਡ ਤਾਕਤਾਂ ਨੇ ਜਰਮਨੀ ਵਿਚ ਪਹਿਲੀ ਵਾਰ ਜਾਸੂਸਾਂ ਨੂੰ ਇਸਤੇਮਾਲ ਕਰ ਕੇ ਜੰਗ ਵਿਚ ਕਈ ਜਾਨਾਂ ਬਚਾਈਆਂ। ‘ਮਾਤਾ ਹਰੀ’ ਇਤਿਹਾਸ ਦੀ ਮਸ਼ਹੂਰ ਜਾਸੂਸ ਸੀ, ਜੋ ਪੈਸੇ ਨਾਲ ਵੱਡੀਆਂ-ਵੱਡੀਆਂ ਸਰਕਾਰਾਂ ਦੇ ਭੇਦ ਕਢਵਾ ਕੇ ਵੇਚਦੀ ਸੀ।
Pegasus spyware
ਫ਼ਿਲਮਾਂ ਰਾਹੀਂ ਦੁਨੀਆਂ ਦੇ ਸੱਭ ਤੋਂ ਪ੍ਰਸਿੱਧ ਜਾਸੂਸ 007 ਨੇ ਸਰਕਾਰਾਂ ਵਲੋਂ ਕਰਵਾਈ ਜਾਂਦੀ ਜਾਸੂਸੀ ਸਾਨੂੰ ਸਮਝਾਈ ਹੈ। ਪਰ ਇਸ ਆਧੁਨਿਕ ਦੁਨੀਆਂ ਵਿਚ ਜਿਥੇ ਹੁਨਰ ਤੇ ਤਕਨੀਕ ਸਾਡੇ ਹਥਿਆਰ ਬਣਦੇ ਜਾ ਰਹੇ ਹਨ, ਜ਼ਾਹਰ ਹੈ ਕਿ ਜਾਸੂਸੀ ਨੇ ਵੀ ਤਰੱਕੀ ਕੀਤੀ ਹੋਵੇਗੀ। ਬੀਤੇ ਐਤਵਾਰ ਵਾਲੇ ਦਿਨ ਦੁਨੀਆਂ ਵਿਚ ਇਕ ਵੱਡੇ ਸੱਚ ਤੋਂ ਪਰਦਾ ਚੁਕਿਆ ਗਿਆ ਜਦ ਅਮਰੀਕਨ ਅਖ਼ਬਾਰ ਵਾਸ਼ਿੰਗਟਨ ਪੋਸਟ ਤੇੇ ਦੁਨੀਆਂ ਦੇ ਵੱਡੇ ਦੇਸ਼ਾਂ ਦੀਆਂ ਵੱਡੀਆਂ ਅਖ਼ਬਾਰਾਂ ਨੇ ਮਿਲ ਕੇ ਇਹ ਜਾਂਚ ਜਨਤਕ ਕੀਤੀ।
Hacking
ਇਸ ਵਿਚ ਭਾਰਤ ‘ਦੀ ਵਾਇਰ’ ਇਸ ਉਪਰਾਲੇ ਵਿਚ ਹਿੱਸਾ ਬਣੀ। ਇਸ ਖ਼ੁਲਾਸੇ ਨੇ ਹੈਰਾਨ ਕਰ ਦਿਤਾ, ਨਾ ਕੇਵਲ ਇਸ ਕਰ ਕੇ ਕਿ ਭਾਰਤ ਵਿਚ ਜਾਸੂਸੀ ਹੋ ਰਹੀ ਹੈ ਸਗੋਂ ਇਸ ਕੰਮ ਉਤੇ ਖ਼ਰਚ ਕੀਤੀ ਜਾਂਦੀ ਰਕਮ ਬਾਰੇ ਜਾਣ ਕੇ ਵੀ ਤੇ ਦੂਜਾ ਕਿਸ ਤਰ੍ਹਾਂ ਦੇ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਸੀ, ਇਸ ਬਾਰੇ ਜਾਣ ਕੇ ਵੀ। ਜਾਸੂਸੀ ਕਰਨ ਵਾਲੇ ਸਾਫ਼ਟਵੇਅਰ ਨੂੰ ਇਕ ਇਜ਼ਰਾਈਲੀ ਕੰਪਨੀ ਨੇ ਬਣਾਇਆ ਤੇ ਪਹਿਲਾਂ ਇਜ਼ਰਾਈਲ ਸਰਕਾਰ ਆਪ ਹੀ ਇਸ ਦੀ ਵਰਤੋਂ ਕਰਦੀ ਸੀ ਪਰ ਫਿਰ ਉਨ੍ਹਾਂ ਚੰਗੀ ਕੀਮਤ ਲੈ ਕੇ ਇਸ ਨੂੰ ਕੁੱਝ ਗਿਣੇ ਚੁਣੇ ਲੋਕਾਂ ਨੂੰ ਵੇਚਣਾ ਸ਼ੁਰੂ ਕਰ ਦਿਤਾ।
‘ਪੇਗਾਸਸ’ ਦਾ ਇਕ ਲਾਇਸੰਸ 10 ਲੋਕਾਂ ਤੇ ਨਜ਼ਰ ਰੱਖਣ ਦੇ ਕੰਮ ਆਉਂਦਾ ਸੀ ਤੇ ਇਹ ਵਟਸਐਪ ਰਾਹੀਂ ਕਿਸੇ ਵੀ ਫ਼ੋਨ ਵਿਚ ਲਗਾਇਆ ਜਾ ਸਕਦਾ ਹੈ। 10 ਲੋਕਾਂ ਦੇ ਫ਼ੋਨ ਤੇ ਨਜ਼ਰ ਰੱਖਣ ਵਾਸਤੇ ਘੱਟੋ ਘੱਟ 10 ਕਰੋੜ ਖ਼ਰਚਾ ਆਉਂਦਾ ਸੀ ਤੇ ਜੇ ਟਾਰਗੇਟ ਜ਼ਿਆਦਾ ਤਾਕਤਵਰ ਹੁੰਦਾ ਤਾਂ ਕੀਮਤ ਵੱਧ ਜਾਂਦੀ ਸੀ। ਦੁਨੀਆਂ ਭਰ ਵਿਚ ਹਜ਼ਾਰਾਂ ਹੀ ਫ਼ੋਨ ਇਸ ਤਰ੍ਹਾਂ ਜਾਸੂਸੀ ਵਾਸਤੇ ਵਰਤੇ ਗਏ ਤੇ ਭਾਰਤ ਵਿਚ 300 ਫ਼ੋਨਾਂ ਦੀ ਲਿਸਟ ਸਾਹਮਣੇ ਆਈ ਹੈ ਯਾਨੀ ਕਿ 3000 ਕਰੋੜ ਘੱਟੋ ਘੱਟ ਇਨ੍ਹਾਂ 300 ਲੋਕਾਂ ਦੀ ਜਾਸੂਸੀ ਤੇ ਲਗਾਇਆ ਗਿਆ।
Rahul Gandhi
ਦੇਸ਼ ਦੀ ਸੁਰੱਖਿਆ ਖ਼ਾਤਰ ਅਰਬਾਂ-ਖਰਬਾਂ ਖ਼ਰਚੇ ਜਾਂਦੇ ਹਨ ਤੇ ਫਿਰ 3 ਹਜ਼ਾਰ ਕਰੋੜ ਦੀ ਰਕਮ ਕਿਹੜੀ ਵੱਡੀ ਗੱਲ ਹੈ? ਪਰ ਸੱਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਭਾਰਤ ਵਿਚ ਇਸ ਦੀ ਵਰਤੋਂ ਦੇਸ਼ ਦੇ ਦੁਸ਼ਮਣਾਂ ਤੇ ਨਜ਼ਰ ਰੱਖਣ ਲਈ ਨਹੀਂ ਬਲਕਿ ਦੇਸ਼ ਦੇ ਨਾਗਰਿਕਾਂ ਤੇ ਨਜ਼ਰ ਰੱਖਣ ਲਈ ਕੀਤੀ ਗਈ। ਅਜੇ ਇਹ ਨਹੀਂ ਪਤਾ ਲੱਗਾ ਕਿ ਇਸ ਦੀ ਵਰਤੋਂ ਕੌਣ ਕਰ ਰਿਹਾ ਸੀ ਪਰ ਜਿਸ ਤਰ੍ਹਾਂ ਦੇ ਲੋਕਾਂ ਤੇ ਵਰਤੋਂ ਕੀਤੀ ਗਈ, ਉਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਭਾਰਤ ਵਿਚ ਇਸ ਜਾਸੂਸੀ ਪਿੱਛੇ ਕੌਣ ਕੰਮ ਕਰਦਾ ਹੋਵੇਗਾ।
Prashant Kishor
ਰਾਹੁਲ ਗਾਂਧੀ ਤੇ ਉਨ੍ਹਾਂ ਦੇ ਕਰੀਬੀਆਂ ਦੀ ਜਾਸੂਸੀ ਕੀਤੀ ਗਈ। ਪ੍ਰਸ਼ਾਂਤ ਕਿਸ਼ੋਰ, ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਵਰਗੇ ਵੱਡੇ ਸਿਆਸਤਦਾਨਾਂ ਦੇ ਨਾਲ ਨਾਲ 40 ਪੱਤਰਕਾਰ, ਸਮਾਜ ਸੇਵੀ ਹਸਤੀਆਂ ਇਸ ਸੂਚੀ ਵਿਚ ਸ਼ਾਮਲ ਹਨ। ਹੈਰਾਨੀ ਜਨਕ ਗੱਲ ਹੈ ਕਿ ਸੁਪਰੀਮ ਕੋਰਟ ਦੀ ਇਕ ਲੇਡੀ ਅਫ਼ਸਰ ਜਿਸ ਨੇ ਜਸਟਿਸ ਬੋਬੜੇ ਤੇ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ, ਉਹ ਵੀ ਇਸ ਸੂਚੀ ਵਿਚ ਸ਼ਾਮਲ ਹੈ। ਇਸ਼ਾਰਾ ਤਾਂ ਸਾਫ਼ ਹੈ ਤੇ ਸ਼ਾਇਦ ਇਸੇ ਕਰ ਕੇ ਅੰਤਰਰਾਸ਼ਟਰੀ ਏਜੰਸੀ ਫ਼ਰੀਡਮ ਹਾਊਸ ਨੇ ਭਾਰਤ ਨੂੰ ਹੁਣ ਨੀਮ ਆਜ਼ਾਦ ਦੇਸ਼ ਦੀ ਸੂਚੀ ਵਿਚ ਪਾ ਦਿਤਾ ਹੈ।
Supreme Court
ਜਿਥੇ ਮੈਕਸੀਕੋ ਵਿਚ ਜਾਸੂਸੀ ਦੇ ਇਸ ਯੰਤਰ ਨੂੰ ਨਸ਼ਾ ਤਸਕਰਾਂ ਤੇ ਅਫ਼ਸਰਾਂ ਦੀ ਜਾਸੂਸੀ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ। ਅਮਰੀਕਾ ਵਿਚ ਵੱਡੀਆਂ ਕੰਪਨੀਆਂ ਅਪਣੇ ਮੁਨਾਫ਼ੇ ਵਧਾਉਣ ਵਾਸਤੇ ਇਸ ਦੀ ਵਰਤੋਂ ਕਰ ਰਹੀਆਂ ਸਨ। ਭਾਰਤ ਸ਼ਾਇਦ ਇਕੱਲਾ ਦੇਸ਼ ਹੈ ਜਿਥੇ ਦੇਸ਼ ਦੇ ਅਹਿਮ ਮੁੱਦੇ ਚੁੱਕਣ ਵਾਲਿਆਂ ਤੇ ਸੰਵਿਧਾਨ ਦੀ ਰਾਖੀ ਕਰਨ ਵਾਲੀਆਂ ਆਵਾਜ਼ਾਂ, ਸੁਪਰੀਮ ਕੋਰਟ ਦੇ ਜੱਜ ਵਲੋਂ ਸ਼ੋਸ਼ਣ ਕਰਨ ਵਿਰੁਧ ਉਠਣ ਵਾਲੀ ਆਵਾਜ਼ ਨੂੰ ਦੁਸ਼ਮਣ ਸਮਝਿਆ ਜਾਂਦਾ ਹੈ।
Parliament Monsoon Session
ਸਦਨ ਵਿਚ ਇਸ ਤੇ ਸਰਕਾਰ ਕੋਲੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਇਸ ਨੂੰ ਮਾਨਸੂਨ ਸੈਸ਼ਨ ਨੂੰ ਕੰਮ ਕਰਨ ਤੋਂ ਰੋਕਣ ਦੀ ਸਾਜ਼ਿਸ਼ ਆਖ ਦਿਤਾ ਪਰ ਅਸਲ ਵਿਚ ਇਸ ਤੇ ਜਵਾਬਦੇਹੀ ਜ਼ਰੂਰੀ ਹੈ। ਸਦਨ ਵਿਚ ਇਹ ਸੱਚ ਸਾਹਮਣੇ ਲਿਆਉਣਾ ਪਵੇਗਾ ਕਿ ਕੌਣ ਹੈ ਉਹ ਜੋ ਅਪਣੇ ਪੱਤਰਕਾਰਾਂ, ਸਿਆਸੀ ਤੇ ਸਮਾਜ ਸੇਵੀਆਂ ਨੂੰ ਭਾਰਤ ਦਾ ਦੁਸ਼ਮਣ ਮੰਨਦਾ ਹੈ। ਇਹ ਸੋਚ ਲੋਕਤੰਤਰ ਦੀ ਰਾਖੀ ਵਾਸਤੇ ਨਹੀਂ ਬਲਕਿ ਲੋਕਾਂ ਦੀ ਆਵਾਜ਼ ਦਬਾਉਣ ਵਲ ਝੁਕਾਅ ਰਖਦੀ ਹੈ। -ਨਿਮਰਤ ਕੌਰ