
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਪੰਜ ਸਿਰ ਮੰਗਣ ਤੋਂ ਬਾਅਦ ਅੰਮ੍ਰਿਤ ਦੀ ਦਾਤ ਦਿਤੀ ਤੇ ਪੰਜ ਪਿਆਰੇ ਸਾਜੇ। ਫਿਰ ਆਪ ਅੰਮ੍ਰਿਤ...........
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਪੰਜ ਸਿਰ ਮੰਗਣ ਤੋਂ ਬਾਅਦ ਅੰਮ੍ਰਿਤ ਦੀ ਦਾਤ ਦਿਤੀ ਤੇ ਪੰਜ ਪਿਆਰੇ ਸਾਜੇ। ਫਿਰ ਆਪ ਅੰਮ੍ਰਿਤ ਦੀ ਮੰਗ ਕੀਤੀ ਤਾਂ ਭਾਈ ਦਇਆ ਸਿੰਘ ਨੇ ਕਿਹਾ ਅਸੀ ਅੰਮ੍ਰਿਤ ਬਦਲੇ ਪੰਜ ਸਿਰ ਦਿਤੇ ਹਨ, ਤੁਸੀ ਕੀ ਦਿਉਗੇ? ਸਤਿਗੁਰੂ ਨੇ ਕਿਹਾ ਕਿ ਮੈਂ ਪਿਤਾ ਵਾਰ ਦਿਤਾ ਪਹਿਲਾਂ, ਹੁਣ ਪ੍ਰਵਾਰ ਲੁਟਾ ਦਿਆਂਗਾ। ਕ੍ਰਿਪਾ ਕਰ ਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ੋ। ਪਰ ਬੜੇ ਦੁੱਖ ਦੀ ਗੱਲ ਹੈ ਕਿ ਹੁਣ ਵੱਖੋ-ਵੱਖ ਬਾਬਿਆਂ ਵਲੋਂ ਧੜਾਧੜ ਅੰਮ੍ਰਿਤ ਛਕਾਇਆ ਜਾ ਰਿਹਾ ਹੈ, ਉਹ ਵੀ ਉਨ੍ਹਾਂ ਲੋਕਾਂ ਨੂੰ ਜੋ ਰਾਤ ਨੂੰ ਸ਼ਰਾਬ ਪੀਂਦੇ ਤੇ ਤੜਕੇ ਉਠ ਕੇ ਅੰਮ੍ਰਿਤ ਛੱਕ ਲੈਂਦੇ ਹਨ।
ਉਨ੍ਹਾਂ ਤੇ ਇਹ ਵੀ ਭਰੋਸਾ ਨਹੀਂ ਹੁੰਦਾ ਕਿ ਇਹ ਕਲ ਸ਼ਰਾਬ ਪੀਣ ਵਾਲਾ ਅੱਜ ਫਿਰ ਸ਼ਰਾਬ ਨਹੀਂ ਪੀਏਗਾ। ਅੱਜ ਬਾਬਿਆਂ ਦਾ ਨਾਂ ਲੈ ਕੇ ਅੰਮ੍ਰਿਤ ਦਾ ਪ੍ਰਚਾਰ ਹੋ ਰਿਹਾ ਹੈ ਕਿ ਮੈਂ ਚਿਮਟਿਆਂ ਵਾਲੇ ਬਾਬੇ ਦਾ ਅੰ੍ਿਰਮਤ ਛਕਿਆ ਹੈ, ਮੈਂ ਕੌਲੀਆਂ ਵਾਲੇ ਬਾਬੇ ਦਾ ਅੰਮ੍ਰਿਤ ਛਕਿਆ ਹੈ ਵਗ਼ੈਰਾ-ਵਗ਼ੈਰਾ। ਪਰ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਪੰਜ ਪਿਆਰਿਆਂ ਤੋਂ ਗੁਰੂ ਕਲੰਗੀਧਰ ਪਾਤਸ਼ਾਹ ਦੇ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ ਹੈ। ਇਥੇ ਹੀ ਬਸ ਨਹੀਂ ਕਈ ਬਾਬਿਆਂ ਵਲੋਂ ਤਿੰਨ ਬਾਣੀਆਂ ਦੇ ਨਿੱਤਨੇਮ ਵਾਲੇ ਗੁਟਕੇ ਦਿਤੇ ਜਾ ਰਹੇ ਹਨ।
ਇਥੋਂ ਤਕ ਕਿ ਚੌਪਈ ਸਾਹਿਬ ਦੇ ਪਾਠ ਵਿਚ ਵੀ ਫਰਕ ਪਾਇਆ ਹੋਇਆ ਹੈ ਜਿਵੇਂ ਪਾਤਸ਼ਾਹੀ 10 ਚੌਪਈ 'ਪੁਨ ਰਾਛਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ' ਤੋਂ ਸ਼ੁਰੂ ਕਰ ਕੇ 'ਸਾਧ ਅਸਾਧ ਜਾਨੋ ਨਾਹੀ ਬਾਦ ਸ਼ੁਬਾਦ ਬਿਬਾਦ' 'ਗਰੰਥ ਸਕਲ ਪੂਰਨ ਕੀਯੋ ਭਗਵਤ ਕ੍ਰਿਪਾ ਪ੍ਰਸਾਦਿ' ਸਮੇਤ ਅਨੇਕਾਂ ਦੋਹਰੇ ਅਤੇ ਸਵੈਯੇ ਲਿਖੇ ਹੁੰਦੇ ਹਨ।
ਕਈ ਗੁਟਕਿਆਂ ਵਿਚ ਪਾਤਸ਼ਾਹੀ 10 ਕਬਿਯੋ ਬਾਚ ਬੇਨਤੀ ਚੋਪਈ ਤੋਂ ਸ਼ੁਰੂ ਹੋ ਕੇ 'ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿੱਤ ਕੀ ਇੱਛਾ' ਤੇ 'ਦੁਸ਼ਟ ਦੋਖ ਤੇ ਲੇਹੁ ਬਚਾਈ' ਤਕ ਬਾਣੀ ਦਰਜ ਹੈ। ਇਥੇ ਹੀ ਬਸ ਨਹੀਂ ਕਈ ਬਾਬਿਆਂ ਦੀ ਅਰਦਾਸ ਵੀ ਵਖੋ ਵਖਰੀ ਹੈ। ਸੰਗਤ ਨੂੰ ਭੰਬਲ-ਭੂਸੇ ਵਿਚ ਪਾਇਆ ਜਾ ਰਿਹਾ ਹੈ। ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ ਤੇ ਬਾਬੇ ਬਾਣੀ ਨਾਲੋਂ ਤੋੜ ਕੇ ਅਪਣੇ ਨਾਲ ਜੋੜ ਰਹੇ ਹਨ।
-ਮੱਖਣ ਸਿੰਘ ਸੇਲਬਰਾਹ, ਬਠਿੰਡਾ, ਸੰਪਰਕ : 98153-95393