
ਅਕਸਰ ਹੀ ਵਿਗਿਆਨੀਆਂ ਨੂੰ ''ਸਾਡੇ ਸੂਰਜੋਂ ਬਾਹਰੀ ਮੰਡਲ'' (ਐਕਸੋਪਲੈਨਿਟ) ਲਭਦੇ ਰਹਿੰਦੇ ਹਨ ਤੇ ਜਿਹੜੇ ਹੁਣ ਤਕ ਲੱਭੇ ਜਾ ਚੁੱਕੇ ਹਨ, ਉਨ੍ਹਾਂ ਦੀ ਗਿਣਤੀ 3,567 ਤਕ ਹੋ ਚੁੱਕੀ ਹੈ। ਪਰ ਇਹ ਜੋ 'ਸਾਡੇ ਸੂਰਜ ਮੰਡਲ ਤੋਂ ਬਾਹਰ ਦੇ' ਦੋ ਮੰਡਲ ਲੱਭਣ ਦਾ ਐਲਾਨ, ਅਮਰੀਕਾ ਦੀ 'ਨਾਸਾ' ਏਜੰਸੀ ਨੇ ਹੁਣ ਕੀਤਾ ਹੈ, ਉਸ ਦਾ ਮਹੱਤਵ ਇਹ ਹੈ ਕਿ ਸਾਨੂੰ ਪਹਿਲੀ ਵਾਰ ਪਤਾ ਲੱਗਾ ਹੈ ਕਿ ਸਾਡੇ ਸੂਰਜ ਦੁਆਲੇ ਚੱਕਰ ਕੱਟਣ ਵਾਲੇ ਗ੍ਰਹਿਆਂ ਤੋਂ ਇਲਾਵਾ, ਨੇੜੇ ਹੀ ਇਕ ਹੋਰ ਵੀ ਸੂਰਜ ਮੌਜੂਦ ਹੈ ਜਿਸ ਦੁਆਲੇ ਧਰਤੀ ਨਾਲੋਂ ਵੱਡੇ ਅੱਠ ਗ੍ਰਹਿ ਚੱਕਰ ਲਾਉਂਦੇ ਰਹਿੰਦੇ ਹਨ।
ਧਰਮਾਂ ਦੇ ਇਤਿਹਾਸ ਵਿਚ, ਪਹਿਲੀ ਵਾਰ ਸੰਸਾਰ ਦੇ ਸੱਭ ਤੋਂ ਵੱਡੇ ਵਿਗਿਆਨੀ-ਮਹਾਂਪੁਰਸ਼ ਬਾਬੇ ਨਾਨਕ ਨੇ, ਸਾਇੰਸਦਾਨਾਂ ਤੋਂ ਵੀ ਪਹਿਲਾਂ, ਕੁਦਰਤ ਅਤੇ ਸ੍ਰਿਸ਼ਟੀ ਬਾਰੇ ਉਹ ਸੱਚ ਦੱਸੇ ਜਿਨ੍ਹਾਂ ਨੂੰ 20ਵੀਂ ਸਦੀ ਵਿਚ ਆ ਕੇ ਸਾਇੰਸਦਾਨ ਹੀ 'ਸੌ ਫ਼ੀ ਸਦੀ' ਠੀਕ ਦੱਸ ਰਹੇ ਹਨ। ਬਾਬੇ ਨਾਨਕ ਨੇ ਲਿਖਿਆ ਕਿ ਸੂਰਜ ਅਤੇ ਚੰਨ ਇਕ ਇਕ ਨਹੀਂ, ਏਨੇ ਹਨ ਕਿ ਗਿਣੇ ਹੀ ਨਹੀਂ ਜਾ ਸਕਦੇ। ਸ੍ਰਿਸ਼ਟੀ ਦਾ ਆਕਾਰ ਏਨਾ ਵੱਡਾ ਹੈ ਕਿ ਤਿੰਨ ਧਰਤੀਆਂ ਜਾਂ 14 ਤਬਕ ਜਾਂ ਅਜਿਹੇ ਕਿਸੇ ਅੰਕੜੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ, ਇਹ ਏਨੀ ਵੱਡੀ ਹੈ ਕਿ ਇਸ ਦੇ ਆਦਿ ਅੰਤ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਅਤੇ ਪ੍ਰਮਾਤਮਾ ਇਸ ਦੇ ਕਿਸੇ ਇਕ ਭਾਗ ਵਿਚ ਨਹੀਂ ਬੈਠਾ ਹੋਇਆ ਸਗੋਂ ਇਸ ਦੇ ਜ਼ੱਰੇ ਜ਼ੱਰੇ (ਕਣ ਕਣ) ਵਿਚ ਮੌਜੂਦ ਹੈ ਤੇ ਕੋਈ ਕਿਣਕੇ ਜਿੰਨੀ ਥਾਂ ਵੀ ਅਜਿਹੀ ਨਹੀਂ ਜਿਥੇ ਰੱਬ ਦੀ ਹੋਂਦ ਨਾ ਹੋਵੇ।ਇਸ ਪਿਛੋਕੜ ਨੂੰ ਬਿਆਨ ਕਰਨ ਦਾ ਮਕਸਦ, ਵਿਗਿਆਨੀਆਂ ਵਲੋਂ ਕੀਤੀ ਗਈ ਇਕ ਤਾਜ਼ਾ ਖੋਜ ਦਾ ਵਰਣਨ ਕਰਨਾ ਹੈ ਜਿਸ ਵਿਚ ਦਸਿਆ ਗਿਆ ਹੈ ਕਿ ਸਾਇੰਸਦਾਨਾਂ ਨੂੰ ਸਾਡੇ ਜਾਣੇ ਜਾਂਦੇ ਸੂਰਜੀ ਮੰਡਲ ਤੋਂ ਬਾਹਰ ਦੋ ਹੋਰ ਮੰਡਲ (ਐਕਸੋਪਲੈਨਿਟ) ਲੱਭੇ ਹਨ ਜਿਨ੍ਹਾਂ ਦੇ ਨਾਂ ਕੈਪਲਰ-90 ਆਈ ਅਤੇ ਕੈਪਲਰ 80-ਜੀ ਰੱਖੇ ਗਏ ਹਨ। ਅਕਸਰ ਹੀ ਵਿਗਿਆਨੀਆਂ ਨੂੰ ''ਸਾਡੇ ਸੂਰਜੋਂ ਬਾਹਰੀ ਮੰਡਲ'' (ਐਕਸੋਪਲੈਨਿਟ) ਲਭਦੇ ਰਹਿੰਦੇ ਹਨ ਤੇ ਜਿਹੜੇ ਹੁਣ ਤਕ ਲੱਭੇ ਜਾ ਚੁੱਕੇ ਹਨ, ਉਨ੍ਹਾਂ ਦੀ ਗਿਣਤੀ 3,567 ਤਕ ਹੋ ਚੁੱਕੀ ਹੈ। ਪਰ ਇਹ ਜੋ 'ਸਾਡੇ ਸੂਰਜ ਮੰਡਲ ਤੋਂ ਬਾਹਰ ਦੇ' ਦੋ ਮੰਡਲ ਲੱਭਣ ਦਾ ਐਲਾਨ, ਅਮਰੀਕਾ ਦੀ 'ਨਾਸਾ' ਏਜੰਸੀ ਨੇ ਹੁਣ ਕੀਤਾ ਹੈ, ਉਸ ਦਾ ਮਹੱਤਵ ਇਹ ਹੈ ਕਿ ਸਾਨੂੰ ਪਹਿਲੀ ਵਾਰ ਪਤਾ ਲੱਗਾ ਹੈ ਕਿ ਸਾਡੇ ਸੂਰਜ ਦੁਆਲੇ ਚੱਕਰ ਕੱਟਣ ਵਾਲੇ ਗ੍ਰਹਿਆਂ ਤੋਂ ਇਲਾਵਾ, ਨੇੜੇ ਹੀ ਇਕ ਹੋਰ ਵੀ ਸੂਰਜ ਮੌਜੂਦ ਹੈ ਜਿਸ ਦੁਆਲੇ ਧਰਤੀ ਨਾਲੋਂ ਵੱਡੇ ਅੱਠ ਗ੍ਰਹਿ ਚੱਕਰ ਲਾਉਂਦੇ ਰਹਿੰਦੇ ਹਨ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ 'ਗੂਗਲ' ਦੇ ਸਾਫ਼ਟਵੇਅਰ ਇੰਜੀਨੀਅਰ ਕ੍ਰਿਸਟੋਫ਼ਰ ਸ਼ੈਲੂਏ ਅਤੇ ਟੈਕਸਾਸ ਯੂਨੀਵਰਸਟੀ ਦੇ ਐਂਡਰੀਊ ਵਾਂਡਰਬੁਰਗ ਨੇ ਇਹ ਖੋਜ, ਦਿਮਾਗ਼ ਦੇ ਕੰਮ ਕਰਨ ਦੇ ਢੰਗ ਦੀ ਨਕਲ ਕਰਨ ਵਾਲੇ ਸੰਦਾਂ ਦੀ ਮਦਦ ਨਾਲ ਕੀਤੀ। 2009 ਤੋਂ 2013 ਤਕ ਨਾਸਾ ਦੀ ਕੈਪਲਰ ਸਪੇਸ ਟੈਲੀਸਕੋਪ (ਦੂਰਬੀਨ), ਜੋ ਹਰ ਕੋਈ ਵਰਤ ਸਕਦਾ ਹੈ, ਨੇ ਦੋ ਲੱਖ ਸਿਤਾਰਿਆਂ ਅਤੇ 35 ਹਜ਼ਾਰ ਕੈਪਲਰ ਸਿਗਨਲਾਂ ਦਾ ਸਰਵੇਖਣ ਕੀਤਾ। ਉਨ੍ਹਾਂ ਨੇ ਪਹਿਲਾਂ ਪਿਛਲੇ ਵਿਚਾਰੇ ਜਾ ਚੁੱਕੇ 15000 ਸਿਗਨਲਾਂ ਦੀ ਪੜਤਾਲ ਕਰ ਕੇ ਅਸਲ ਸਿਗਨਲਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਕਮਜ਼ੋਰ ਸਿਗਨਲਾਂ ਦਾ ਅਧਿਐਨ ਕੀਤਾ ਜਿਸ ਮਗਰੋਂ ਦੋ ਨਵੇਂ ਸੂਰਜ ਮੰਡਲਾਂ ਦੀ ਖੋਜ ਸਾਹਮਣੇ ਆਈ।
ਬੜਾ ਅਜੀਬ ਲੱਗੇਗਾ ਪਰ ਬਾਬੇ ਨਾਨਕ ਨੇ ਲਿਖਤੀ ਤੌਰ ਤੇ ਮਨੁੱਖਤਾ ਨੂੰ ਇਹ ਦਸ ਦਿਤਾ ਸੀ ਕਿ ਸੂਰਜ ਚੰਨ ਇਕ ਇਕ ਨਹੀਂ, ਏਨੇ ਹਨ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ (ਕੇਤੇ ਇੰਦ ਚੰਦ ਸੂਰ) ਅਤੇ ਕਾਇਨਾਤ ਦਾ ਇਕ ਸਿਰਾ ਕਿਥੋਂ ਸ਼ੁਰੂ ਹੁੰਦਾ ਹੈ ਤੇ ਕਿਥੇ ਜਾ ਖ਼ਤਮ ਹੁੰਦਾ ਹੈ, ਇਸ ਦੀ ਥਾਹ ਨਹੀਂ ਪਾਈ ਜਾ ਸਕਦੀ। ਸਾਇੰਸ ਦੇ ਪਹਿਲੇ ਦੌਰ ਵਿਚ, ਅਕਸਰ ਸਾਇੰਸਦਾਨ ਅਜਿਹੇ ਦਾਅਵੇ ਕਰਦੇ ਵੇਖੇ ਜਾ ਸਕਦੇ ਸਨ ਕਿ ਉਹ ਛੇਤੀ ਹੀ ਕੁਦਰਤ ਦੇ ਸਾਰੇ ਭੇਤ ਖੋਜ ਲੈਣਗੇ ਤੇ ਕੁੱਝ ਵੀ ਉਨ੍ਹਾਂ ਕੋਲੋਂ ਛੁਪਿਆ ਨਹੀਂ ਰਹਿ ਜਾਵੇਗਾ। ਛੁਪਿਆ ਤਾਂ ਹੀ ਨਹੀਂ ਰਹਿੰਦਾ ਜੇ ਤੁਸੀ ਸਾਰੀ ਕੁਦਰਤ (ਬ੍ਰਹਮੰਡ) ਨੂੰ ਚਲ ਫਿਰ ਕੇ ਗਾਹ ਸਕਦੇ ਹੋਵੋ। ਬਾਬੇ ਨਾਨਕ ਨੇ ਕਿਹਾ, ਮਨੁੱਖੀ ਸ੍ਰੀਰ ਵਿਚ ਰਹਿ ਕੇ ਅਜਿਹਾ ਕਰਨਾ ਅਸੰਭਵ ਹੈ, ਇਸ ਲਈ ਮਨੁੱਖ ਕਦੇ ਵੀ ਰੱਬ ਜਾਂ ਕੁਦਰਤ ਦੇ ਸਾਰੇ ਭੇਤ ਨਹੀਂ ਜਾਣ ਸਕਦਾ ਕਿਉਂਕਿ ਭੇਤ ਬਹੁਤ ਵੱਡੇ ਹਨ, ਕੁਦਰਤ ਦਾ ਆਕਾਰ, ਮਨੁੱਖ ਦੀ ਸੋਚ ਨਾਲੋਂ ਵੀ ਵੱਡਾ ਹੈ ਤੇ ਪ੍ਰਮਾਤਮਾ ਦਾ ਆਕਾਰ ਕੁਦਰਤ ਨਾਲੋਂ ਵੀ ਵੱਡਾ ਹੈ। ਸਾਇੰਸਦਾਨ ਵੀ ਹੁਣ ਇਸ ਸਚਾਈ ਦੇ ਨੇੜੇ ਢੁਕਦੇ ਜਾਪਦੇ ਹਨ ਜਦੋਂ ਉਹ ਇਹ ਕਹਿੰਦੇ ਹਨ ਕਿ ਬ੍ਰਹਿਮੰਡ ਦੀ ਜਿੰਨੀ ਕੁ ਤਸਵੀਰ ਉਹ ਅੱਜ ਤਕ ਵੇਖ ਸਕੇ ਹਨ, ਉਹ ਉਨ੍ਹਾਂ ਦੀ ਜਾਣਕਾਰੀ ਅਨੁਸਾਰ, ਅਸਲ ਆਕਾਰ ਦੇ ਮੁਕਾਬਲੇ ਚਾਵਲ ਦੇ ਦਾਣੇ ਜਿੰਨੀ ਹੀ ਹੈ।ਬਾਬੇ ਨਾਨਕ ਵਰਗਾ 'ਸਾਇੰਸਦਾਨਾਂ ਦਾ ਸਾਇੰਸਦਾਨ' ਤਾਂ ਦੁਨੀਆਂ ਨੇ ਹੋਰ ਕੋਈ ਨਹੀਂ ਪੈਦਾ ਕੀਤਾ ਪਰ ਉਸ ਦੇ ਸਿੱਖ, ਉਸ ਨੂੰ ਏਨੀ ਵੱਡੀ ਥਾਂ ਤੋਂ ਹੇਠਾਂ ਸੁਟ ਕੇ 'ਕਰਾਮਾਤੀ ਸਾਧ' ਦੇ ਰੂਪ ਵਿਚ ਵੇਖਣਾ ਤੇ ਪ੍ਰਚਾਰਨਾ ਜ਼ਿਆਦਾ ਲਾਹੇਵੰਦ ਸਮਝਦੇ ਹਨ। ਕੀ ਕਿਹਾ ਜਾਏ ਅਜਿਹੇ ਸਿੱਖਾਂ ਬਾਰੇ?