
ਉਹ
ਇਕੱਲੀ ਨਹੀਂ ਸੀ ਜਿਸ ਦਾ ਸੁਪਨਾ ਟੁਟਿਆ। ਉਸ ਸਮੇਤ ਭਾਰਤ ਦੇ ਸਾਰੇ ਸੂਬਾਈ ਬੋਰਡਾਂ ਵਿਚ
ਪੜ੍ਹਦੇ ਬੱਚਿਆਂ ਦਾ ਸੁਪਨਾ ਟੁੱਟ ਗਿਆ ਕਿਉਂਕਿ ਜਦ 'ਨੀਟ' ਨੂੰ ਹਰ ਕਿਸੇ ਲਈ ਬਰਾਬਰ
ਬਣਾਉਣ ਦਾ ਟੀਚਾ ਮਿਥਿਆ ਗਿਆ ਤਾਂ ਸਿਰਫ਼ ਸੀ.ਬੀ.ਐਸ.ਈ. ਦੀ ਪੜ੍ਹਾਈ ਨੂੰ ਹੀ ਧਿਆਨ ਵਿਚ
ਰਖਿਆ ਗਿਆ। ਮਸ਼ਹੂਰ ਅਦਾਕਾਰ ਕਮਲ ਹਸਨ ਨੇ ਸਿਆਸਤ ਵਿਚ ਅਪਣੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ
ਇਸ ਨੂੰ ਆਜ਼ਾਦੀ ਦੀ ਜੰਗ ਕਰਾਰ ਦਿਤਾ ਹੈ। ਡੀ.ਐਮ.ਕੇ. ਦੇ ਸਟਾਲਿਨ ਨੇ ਇਸ ਨੂੰ ਮੁੜ ਤੋਂ
ਦ੍ਰਵਿੜ ਸਮਾਜ ਨੂੰ ਸਿਰਜਣ ਅਤੇ ਸੂਬੇ ਦੇ ਹੱਕਾਂ ਦੀ ਲੜਾਈ ਆਖਿਆ ਹੈ।
ਤਾਮਿਲਨਾਡੂ
ਦੀ ਇਕ ਬੱਚੀ ਅਨੀਤਾ ਦੇ 'ਨੀਟ' (ਨੈਸ਼ਨਲ ਇਲਿਜੀਬਿਲਟੀ ਕਮ ਐਂਟਰੈਂਸ ਟੈਸਟ) ਇਮਤਿਹਾਨ ਵਿਚ
ਪਾਸ ਨਾ ਹੋਣ ਕਰ ਕੇ ਉਸ ਵਲੋਂ ਕੀਤੀ ਖ਼ੁਦਕੁਸ਼ੀ ਨੇ ਇਕ ਵਿਵਾਦ ਖੜਾ ਕਰ ਦਿਤਾ ਹੈ। ਵਿਵਾਦ
ਦਾ ਕੇਂਦਰ 'ਨੀਟ' ਜਾਂ ਭਾਰਤੀ ਸਿਖਿਆ ਪ੍ਰਬੰਧ ਵਿਚਲੀ ਕੋਈ ਕਮੀ ਨਹੀਂ ਬਲਕਿ ਜਾਤੀਵਾਦ
ਦੀ ਲੜਾਈ ਬਣ ਗਈ ਹੈ। ਅਨੀਤਾ ਦੀ ਆਤਮਹਤਿਆ ਨੂੰ ਰੋਹਿਤ ਵੇਮੁਲਾ ਵਾਂਗ ਦੇਸ਼ ਵਿਚ ਪਛੜੀਆਂ
ਜਾਤਾਂ ਨੂੰ ਖ਼ਤਮ ਕਰਨ ਦੀ ਸਾਜ਼ਸ਼ ਆਖਿਆ ਜਾ ਰਿਹਾ ਹੈ। ਰੋਹਿਤ ਵੇਮੁਲਾ ਅਤੇ ਅਨੀਤਾ ਵਿਚ
ਬਹੁਤ ਫ਼ਰਕ ਹੈ ਅਤੇ ਇਨ੍ਹਾਂ ਦੁਹਾਂ ਵਿਚ ਸਾਂਝ ਕੇਵਲ ਏਨੀ ਹੀ ਹੈ ਕਿ ਇਹ ਦੋਵੇਂ ਅਖੌਤੀ
'ਨੀਵੀਂ' ਜਾਤ ਨਾਲ ਜੁੜੇ ਹੋਏ ਸਨ।
ਰੋਹਿਤ ਨੇ ਜਾਤੀਵਾਦ ਦੇ ਸਾਹਮਣੇ ਹਾਰ ਨਹੀਂ ਸੀ
ਮੰਨੀ ਪਰ ਇਕ ਲੰਮੀ ਸਿਆਸੀ ਲੜਾਈ ਲੜਨ ਤੋਂ ਬਾਅਦ ਉਹ ਟੁੱਟ ਗਿਆ ਸੀ। ਪੀ.ਐਚ.ਡੀ. ਕਰਦੇ
ਸਮੇਂ ਉਸ ਨੂੰ ਜਦ 'ਵਰਸਟੀ 'ਚੋਂ ਕਢਿਆ ਗਿਆ ਤਾਂ ਉਸ ਦੇ ਮਨ ਉਤੇ ਇਕ ਦਬਾਅ ਜਿਹਾ ਬਣ ਗਿਆ
ਅਤੇ ਉਸ ਨੇ ਖ਼ੁਦਕੁਸ਼ੀ ਦਾ ਰਾਹ ਅਪਣਾਇਆ। ਦੂਜੇ ਪਾਸੇ ਅਨੀਤਾ, ਇਕ ਬਿਨ ਮਾਂ ਦੀ ਬੱਚੀ,
ਅਪਣੇ ਪ੍ਰਵਾਰ ਵਿਚ ਰਹਿਣ ਅਤੇ ਡਾਕਟਰ ਬਣਨ ਦੇ ਸੁਪਨੇ ਲੈਣ ਵਾਲੀ ਕੁੜੀ ਸੀ। ਉਸ ਦੇ
ਸੁਪਨਿਆਂ ਦੇ ਸਾਕਾਰ ਹੋਣ ਵਿਚ 'ਨੀਟ' ਇਮਤਿਹਾਨ ਆ ਖੜਾ ਹੋਇਆ ਜਿਸ ਵਿਚ ਉਹ 720 ਵਿਚੋਂ
ਸਿਰਫ਼ 86 ਅੰਕ ਹੀ ਲੈ ਸਕੀ। ਅਨੀਤਾ ਦਾ ਅਪਣੇ ਡਾਕਟਰ ਬਣ ਜਾਣ ਬਾਰੇ ਵਿਸ਼ਵਾਸ ਇਸ ਕਰ ਕੇ
ਸੀ ਕਿ ਉਹ ਅਪਣੇ ਸੂਬੇ ਦੇ ਸਕੂਲ ਬੋਰਡ ਵਿਚ ਤਕਰੀਬਨ ਪੂਰੇ ਪੂਰੇ ਅੰਕ ਲੈਂਦੀ ਰਹੀ ਸੀ।
12ਵੀਂ ਦੀ ਪ੍ਰੀਖਿਆ, ਜਿਸ ਦੇ ਆਧਾਰ ਉਤੇ ਤਾਮਿਲਨਾਡੂ ਵਿਚ ਪਿਛਲੇ 10 ਸਾਲਾਂ ਤੋਂ
ਮੈਡੀਕਲ ਕਾਲਜਾਂ ਵਿਚ ਦਾਖ਼ਲਾ ਹੁੰਦਾ ਰਿਹਾ ਹੈ, ਵਿਚ ਉਸ ਨੂੰ 200 ਵਿਚੋਂ 196.75 ਅੰਕ
ਹਾਸਲ ਹੋਏ ਸਨ। ਜੇ 'ਨੀਟ' ਲਾਗੂ ਨਾ ਹੁੰਦਾ ਤਾਂ ਉਸ ਦਾ ਦਾਖ਼ਲਾ ਪੱਕਾ ਸੀ। ਤਾਮਿਲਨਾਡੂ
ਦੀ ਜਨਤਾ ਨਾਲ ਭਾਜਪਾ ਦੀ ਸੰਸਦ ਮੈਂਬਰ ਨਿਰਮਲਾ ਸੀਤਾਰਮਨ ਨੇ ਵਾਅਦਾ ਕੀਤਾ ਸੀ ਕਿ ਉਹ
ਅਦਾਲਤ ਤੋਂ ਇਸ ਸਾਲ 'ਨੀਟ' ਨੂੰ ਤਾਮਿਲਨਾਡੂ ਵਿਚ ਲਾਗੂ ਕਰਨ ਤੇ ਰੋਕ ਜ਼ਰੂਰ ਲਵਾ ਦੇਣਗੇ
ਪਰ ਅਦਾਲਤ ਵਿਚ ਭਾਜਪਾ ਸਰਕਾਰ ਨੇ 'ਨੀਟ' ਦੀ ਹਮਾਇਤ ਕੀਤੀ। ਅਨੀਤਾ ਦਾ ਸੁਪਨਾ ਟੁਟ ਗਿਆ
ਅਤੇ ਉਹ ਹਾਰ ਮੰਨ ਗਈ। ਪਰ ਉਹ ਇਕੱਲੀ ਨਹੀਂ ਸੀ ਜਿਸ ਦਾ ਸੁਪਨਾ ਟੁਟਿਆ। ਉਸ ਸਮੇਤ ਭਾਰਤ
ਦੇ ਸਾਰੇ ਸੂਬਾਈ ਬੋਰਡਾਂ ਵਿਚ ਪੜ੍ਹਦੇ ਬੱਚਿਆਂ ਦਾ ਸੁਪਨਾ ਟੁਟ ਗਿਆ ਕਿਉਂਕਿ ਜਦ 'ਨੀਟ'
ਨੂੰ ਹਰ ਕਿਸੇ ਲਈ ਬਰਾਬਰ ਬਣਾਉਣ ਦਾ ਟੀਚਾ ਮਿਥਿਆ ਗਿਆ ਤਾਂ ਸਿਰਫ਼ ਸੀ.ਬੀ.ਐਸ.ਈ. ਦੀ
ਪੜ੍ਹਾਈ ਨੂੰ ਹੀ ਧਿਆਨ ਵਿਚ ਰਖਿਆ ਗਿਆ।
ਮਸ਼ਹੂਰ ਅਦਾਕਾਰ ਕਮਲ ਹਸਨ ਨੇ ਸਿਆਸਤ ਵਿਚ ਅਪਣੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਇਸ ਨੂੰ ਆਜ਼ਾਦੀ ਦੀ ਜੰਗ ਕਰਾਰ ਦਿਤਾ ਹੈ। ਡੀ.ਐਮ.ਕੇ. ਦੇ ਸਟਾਲਿਨ ਨੇ ਇਸ ਨੂੰ ਮੁੜ ਤੋਂ ਦ੍ਰਵਿੜ ਸਮਾਜ ਨੂੰ ਸਿਰਜਣ ਅਤੇ ਸੂਬੇ ਦੇ ਹੱਕਾਂ ਦੀ ਲੜਾਈ ਆਖਿਆ ਹੈ। ਪਰ ਜਦ ਇਨ੍ਹਾਂ ਸਿਆਸਤਦਾਨਾਂ ਨੂੰ ਕੋਈ ਬਿਮਾਰੀ ਲੱਗੇਗੀ ਤਾਂ ਇਹ ਲੋਕ ਅਪਣੇ ਸੂਬੇ ਦੇ ਹਸਪਤਾਲਾਂ ਵਿਚ ਨਹੀਂ ਜਾਣਗੇ। ਇਹ ਜਾਂ ਤਾਂ ਦਿੱਲੀ ਦੇ 'ਏਮਜ਼' ਵਰਗੇ ਕਿਸੇ ਵੱਡੇ ਹਸਪਤਾਲ ਵਲ ਹੀ ਦੌੜਨਗੇ ਜਾਂ ਵਿਦੇਸ਼ਾਂ ਵਿਚ ਇਲਾਜ ਵਾਸਤੇ ਉਡ ਜਾਣਗੇ।
ਕਾਰਨ
ਇਹ ਕਿ ਇਹ ਲੋਕ ਖ਼ੁਦ ਵੀ ਜਾਣਦੇ ਹਨ ਕਿ ਸੂਬੇ ਦੇ ਸਿਖਿਆ ਬੋਰਡ ਦੀ ਹਾਲਤ ਖ਼ਸਤਾ ਹੈ ਅਤੇ
ਇਸ ਖ਼ਸਤਾ ਸਿਖਿਆ ਵਿਚੋਂ ਨਿਕਲਿਆ ਡਾਕਟਰ ਸ਼ਾਇਦ ਉਹ ਜਾਣਕਾਰੀ ਨਾ ਰਖਦਾ ਹੋਵੇ ਜੋ ਇਕ
ਅੰਗਰੇਜ਼ੀ ਮਾਧਿਅਮ ਵਿਚ ਪੜ੍ਹਿਆ ਡਾਕਟਰ ਰਖਦਾ ਹੋਵੇਗਾ। ਕਮੀ ਬੱਚੇ ਵਿਚ ਨਹੀਂ, ਕਮੀ
ਦੋਹਾਂ ਡਾਕਟਰਾਂ ਦੀ ਕੋਸ਼ਿਸ਼ ਵਿਚ ਵੀ ਨਹੀਂ, ਕਮੀ ਉਨ੍ਹਾਂ ਨੂੰ ਦਿਤੀ ਗਈ ਜਾਣਕਾਰੀ ਦੇ
ਖ਼ਜ਼ਾਨੇ ਵਿਚ ਹੈ। ਮਾਂ-ਬੋਲੀ ਦੀ ਗੱਲ ਤਾਂ ਸਾਰੇ ਹੀ ਕਰਦੇ ਹਨ ਪਰ ਮਾਂ-ਬੋਲੀ ਵਿਚ ਸਿਖਿਆ
ਦਾ ਪੱਧਰ ਉੱਚਾ ਕਰਨ ਦਾ ਕੰਮ ਕੋਈ ਨਹੀਂ ਕਰਦਾ।
ਜਿਥੇ ਡਾਕਟਰੀ ਜਾਂ ਕਿਸੇ ਵੀ ਹੋਰ ਪੇਸ਼ੇਵਰ ਇਮਤਿਹਾਨ ਦੀ ਗੱਲ ਆਉਂਦੀ ਹੈ, ਭਰਤੀ ਵਾਸਤੇ ਇਮਤਿਹਾਨ ਇਕ ਬਰਾਬਰ ਹੋਣੇ ਚਾਹੀਦੇ ਹਨ। ਇਸ ਨਾਲ ਸੂਬੇ ਵਿਚ ਚਲਦੀਆਂ ਸਿਖਿਆ ਦੇ ਨਾਂ ਦੀਆਂ ਦੁਕਾਨਾਂ ਉਤੇ ਵੀ ਕਰੜੀ ਨਜ਼ਰ ਰੱਖੀ ਜਾ ਸਕੇਗੀ ਪਰ ਸੂਬਿਆਂ ਦੇ ਬੋਰਡਾਂ ਨੂੰ ਅਪਣਾ ਕੱਦ ਉੱਚਾ ਕਰਨ ਲਈ, ਉਨ੍ਹਾਂ ਨੂੰ ਕੁੱਝ ਸਮਾਂ ਵੀ ਦੇਣਾ ਪਵੇਗਾ।
ਇਹ ਜਾਤ-ਪਾਤ ਦੀ ਨਹੀਂ ਬਲਕਿ ਅੰਗਰੇਜ਼ੀ ਅਤੇ ਅਮੀਰ ਦੇ ਨਾਲ ਨਾਲ ਗ਼ਰੀਬ ਅਤੇ ਮਾਂ-ਬੋਲੀ ਦੀ ਲੜਾਈ ਵੀ ਹੈ। ਇਥੇ ਸਰਕਾਰਾਂ ਅਤੇ ਨੀਤੀ ਆਯੋਗ ਨੂੰ ਪੰਜ ਸਾਲ ਵਾਸਤੇ ਸੂਬਿਆਂ ਦੇ ਸਿਖਿਆ ਬੋਰਡਾਂ ਨੂੰ ਸੀ.ਬੀ.ਐਸ.ਈ. ਦੇ ਪੱਧਰ ਉਤੇ ਲਿਆਉਣ ਦਾ ਸਮਾਂ ਅਤੇ ਯੋਜਨਾ ਦੇਣੀ ਬਣਦੀ ਹੈ। ਜਦ ਉਨ੍ਹਾਂ ਕੋਲ ਇਸ ਪੱਧਰ ਉਤੇ ਪਹੁੰਚਣ ਦਾ ਸਮਾਂ ਵੀ ਹੈ ਅਤੇ ਸਾਧਨ ਵੀ ਹਨ ਤਾਂ ਅਨੀਤਾ ਵਰਗੀਆਂ ਬੱਚੀਆਂ ਨੂੰ ਅਪਣੀਆਂ ਕੋਸ਼ਿਸ਼ਾਂ ਦਾ ਫੱਲ ਜ਼ਰੂਰ ਦਿਤਾ ਜਾ ਸਕਦਾ ਹੈ।
ਦੁਨੀਆਂ ਦੀ ਸੱਚਾਈ ਸਮਝਦੇ ਹੋਏ, ਅੱਜ ਸਾਰੇ ਸੂਬਿਆਂ ਵਿਚ
ਮਾਂ-ਬੋਲੀ ਦੇ ਨਾਲ-ਨਾਲ ਅੰਗਰੇਜ਼ੀ ਨੂੰ ਵੀ ਤਾਕਤਵਰ ਬਣਾਉਣਾ ਪਵੇਗਾ ਤਾਕਿ ਸਾਡੇ ਬੱਚੇ
ਅੰਗਰੇਜ਼ੀ ਪੜ੍ਹੇ ਸ਼ਹਿਰੀ ਅਤੇ ਕੇਂਦਰੀ ਸਕੂਲਾਂ ਦੇ ਬੱਚਿਆਂ ਸਾਹਮਣੇ ਅਪਣੀ ਭਾਸ਼ਾ ਦੀ
ਕਮਜ਼ੋਰੀ ਕਾਰਨ ਨਾ ਹਾਰ ਜਾਣ। -ਨਿਮਰਤ ਕੌਰ