ਸਿੱਖ ਕੌਮ ਨੂੰ ਜਾਗਣ ਲਈ ਕਿਸ ਵੇਲੇ ਦੀ ਉਡੀਕ?
Published : Aug 1, 2018, 7:29 am IST
Updated : Aug 1, 2018, 7:29 am IST
SHARE ARTICLE
Sikhs Want Justice
Sikhs Want Justice

ਸਿੱਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚੱਲ ਰਿਹਾ। ਕਈ ਸਾਲਾਂ ਤੋਂ ਵਿਸ਼ਵ ਪੱਧਰ ਉਤੇ ਸਿੱਖਾਂ ਨਾਲ ਜੋ ਵਾਪਰ ਰਿਹਾ ਹੈ.................

ਸਿੱਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚੱਲ ਰਿਹਾ। ਕਈ ਸਾਲਾਂ ਤੋਂ ਵਿਸ਼ਵ ਪੱਧਰ ਉਤੇ ਸਿੱਖਾਂ ਨਾਲ ਜੋ ਵਾਪਰ ਰਿਹਾ ਹੈ, ਉਹ ਕੌਮ ਦੇ ਲਗਾਤਾਰ ਨਿਘਾਰ ਵਲ ਜਾਣ ਦਾ ਇਸ਼ਾਰਾ ਕਰਦਾ ਹੈ। ਸਿੱਖਾਂ ਨਾਲ ਬੇਇਨਸਾਫ਼ੀ, ਵਿਤਕਰਾ ਤੇ ਹਿੰਸਾ ਸੰਸਾਰ ਦੇ ਆਮ ਸਮਾਜਕ, ਆਰਥਕ ਤੇ ਸਿਆਸੀ ਹਾਲਾਤ ਦਾ ਹੀ ਨਤੀਜਾ ਹੈ। ਇਹ ਘਟਨਾਵਾਂ ਕਿਸੇ ਨਾਲ ਵੀ ਵਾਪਰ ਸਕਦੀਆਂ ਹਨ ਤੇ ਵਾਪਰ ਰਹੀਆਂ ਹਨ। ਅਸਲ ਮੁੱਦਾ ਇਸ ਬਾਰੇ ਕੌਮ ਦੀ ਸੋਚ ਤੇ ਚੇਤਨਾ ਦਾ ਹੈ। ਲਗਾਤਾਰ ਕੋਈ ਕੌਮ ਨਿਸ਼ਾਨੇ ਤੇ ਬਣੀ ਰਹੇ ਤਾਂ ਪੜਤਾਲ ਜ਼ਰੂਰੀ ਹੋ ਜਾਂਦੀ ਹੈ ਕਿ ਇਹ ਸੱਭ ਕਿਉਂ ਹੋ ਰਿਹਾ ਹੈ? ਇਸ ਵਿਚ ਉਸ ਕੌਮ ਦੀ ਅਪਣੀ ਕੀ ਜਵਾਬਦੇਹੀ ਬਣਦੀ ਹੈ।

ਸਿੱਖ ਕੌਮ ਤੇ ਹੋ ਰਹੇ ਹਮਲਿਆਂ ਪਿਛੇ ਜੋ ਵੀ ਕਾਰਨ ਹੋਣ ਮਹੱਤਵਪੂਰਨ ਹੈ ਕਿ ਅਸੀ ਕਿਸ ਦ੍ਰਿਸ਼ਟੀ ਤੇ ਕਿੰਨੀ ਗੰਭੀਰਤਾ ਨਾਲ ਉਨ੍ਹਾਂ ਨੂੰ ਵੇਖ ਰਹੇ ਹਾਂ ਤੇ ਕੀ ਸਾਡੇ ਕੋਲ ਇਨ੍ਹਾਂ ਨਾਲ ਨਿਪਟਣ ਲਈ ਕੋਈ ਠੋਸ ਨੀਤੀ ਮੌਜੂਦ ਹੈ? ਹਰ ਘਟਨਾ ਦੇ ਪਿਛੇ ਖ਼ਾਸ ਕਾਰਨ ਹੁੰਦੇ ਹਨ ਪਰ ਘਟਨਾਵਾਂ ਜਦੋਂ ਲਗਾਤਾਰ ਵਾਪਰਦੀਆਂ ਹਨ ਤਾਂ ਉਨ੍ਹਾਂ ਪਿਛੇ ਕੁੱਝ ਇਕ ਕਾਰਨ ਵੀ ਹੁੰਦੇ ਹਨ। ਇਨ੍ਹਾਂ ਕਾਰਨਾਂ ਦੀ ਪਛਾਣ ਕਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਅਜੇ ਵੀ ਲਗਦਾ ਹੈ ਕਿ ਅਸੀ ਜਾਗੇ ਨਹੀਂ। ਕਿਸੇ ਉਤੇ ਹਮਲਾ ਕਿਉਂ ਹੁੰਦਾ ਹੈ, ਇਹ ਜਾਣਨਾ ਕੋਈ ਬਹੁਤ ਵੱਡਾ ਵਿਗਿਆਨ ਨਹੀਂ।

ਜਦੋਂ ਵੈਰੀ ਸਾਹਮਣੇ ਵਾਲੇ ਨੂੰ ਕਮਜ਼ੋਰ ਸਮਝਦਾ ਹੈ ਤਾਂ ਜਬਰ, ਜ਼ੁਲਮ ਉਤੇ ਉਤਰ ਆਉਂਦਾ ਹੈ। ਸਿੱਖ ਕੌਮ ਨਾਲ ਇਹੋ ਹੋ ਰਿਹਾ ਹੈ। ਇਸ ਸੱਚ ਨੂੰ ਸਵੀਕਾਰ ਕਰਨਾ ਪਵੇਗਾ ਕਿ ਬਹਾਦਰੀ ਤੇ ਬਲੀਦਾਨਾਂ ਦੇ ਬੇਮਿਸਾਲ ਇਤਿਹਾਸ ਦੇ ਬਾਵਜੂਦ ਦੋ ਕਮਜ਼ੋਰੀਆਂ ਕੌਮ ਨਾਲ ਜੁੜੀਆਂ ਵਿਖਾਈ ਦਿੰਦਿਆਂ ਹਨ। ਇਕ ਤਾਂ ਕੌਮ ਦਾ ਘੱਟਗਿਣਤੀ ਹੋਣਾ, ਦੂਜਾ ਅਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾਣਾ। ਸਿੱਖ ਗੁਰੂ ਸਾਹਿਬਾਨ ਦੇ ਸਮੇਂ ਵੀ ਘੱਟਗਿਣਤੀ ਸਨ ਪਰ ਇਸ ਘਾਟ ਨੂੰ ਉਨ੍ਹਾਂ ਅਪਣੇ ਸਿਦਕ ਤੇ ਸਵੈਮਾਣ ਨਾਲ ਪੂਰਾ ਕੀਤਾ ਸੀ। ਚਮਕੌਰ ਦੀ ਜੰਗ ਵਿਚ ਜਿਥੇ 40 ਸਿੱਖਾਂ ਦਾ ਮੁਕਾਬਲਾ ਦਸ ਲੱਖ ਦੀ ਵੈਰੀ ਫ਼ੌਜ ਨਾਲ ਸੀ,

ਉਨ੍ਹਾਂ ਸਾਬਤ ਕਰ ਵਿਖਾਇਆ ਸੀ ਕਿ ਗਿਣਤੀ ਨਾਲੋਂ ਗੁਣ ਜ਼ਿਆਦਾ ਬਲਵਾਨ ਹੁੰਦੇ ਹਨ। ਸਿੱਖ ਪੰਥ ਦੀ ਰਾਹ ਹੀ ਗੁਣਾਂ ਦੀ ਹੈ ''ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ£'' ਸਿੱਖੀ ਦੀ ਸ਼ਾਨ ਉਨ੍ਹਾਂ ਤੋਂ ਹੈ ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਸੀ। ਮਨ ਅੰਦਰ ਪਰਮਾਤਮਾ ਲਈ ਪ੍ਰੀਤ ਹੋਵੇ, ਤਨ ਅੰਦਰ ਉਸ ਪ੍ਰੀਤ ਅਨੁਸਾਰ ਸ਼ੁਭ ਕਰਮ ਕਰਨ ਦਾ ਉਤਸ਼ਾਹ ਹੋਵੇ ਤਾਂ ਇਕ ਗੁਰਸਿੱਖ ਸਵਾ ਲੱਖ ਬਣ ਕੇ ਗਿਣਤੀ ਪੂਰੀ ਕਰ ਦਿੰਦਾ ਹੈ। ਅਜਿਹੇ ਸਿੱਖਾਂ ਦੀ ਨਜ਼ਰ ਆਉਂਦੀ ਘਾਟ ਸਿੱਖ ਕੌਮ ਲਈ ਵੱਡਾ ਸੰਕਟ ਬਣ ਗਈ ਹੈ। ਲਗਦਾ ਹੈ ਅਸੀ ਖ਼ੁਦ ਆਈਨਾ ਵੇਖਣ ਦੀ ਆਦਤ ਨਹੀਂ ਪਾਈ,

ਜੇ ਕੋਈ ਵਿਖਾਵੇ ਤਾਂ ਅੱਖਾਂ ਮੀਟ ਲੈਂਦੇ ਹਾਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਸ੍ਰੀ ਪਟਨਾ ਸਾਹਿਬ ਦੇ ਸਮਾਗਮ ਵਿਚ ਜੋ ਗੱਲ ਸਾਨੂੰ ਵਿਚਾਰਨੀ ਚਾਹੀਦੀ ਸੀ, ਉਹ ਇਕ ਮੁਸਲਿਮ ਬੁਲਾਰੇ ਨੇ ਚੁੱਕੀ ਕਿ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਅਸੀ ਕਿਉਂ ਨਹੀਂ ਸੁਚੇਤ ਹੁੰਦੇ ਕਿ ਸਾਡੀਆਂ ਕਮਜ਼ੋਰੀਆਂ ਨੂੰ ਸੰਸਾਰ ਵੇਖ ਰਿਹਾ ਹੈ? ਇਸ ਸਮਾਗਮ ਅੰਦਰ ਹਰ ਬੁਲਾਰਾ ਇਕੋ ਸੁਰ ਵਿਚ ਬੋਲ ਰਿਹਾ ਸੀ ਪਰ ਉਸ ਮੁਸਲਿਮ ਬੁਲਾਰੇ ਦੀ ਗੱਲ ਵਖਰੀ ਸੀ। ਇਹ ਗੱਲ  ਸਾਰਿਆਂ ਨੇ ਸੁਣੀ ਪਰ ਉਸ ਤੇ ਕਿੱਥੇ ਸੋਚ ਵਿਚਾਰ ਹੋਈ ਤੇ ਕੀ ਵਿਉਂਤ ਬਣਾਈ ਗਈ, ਇਸ ਬਾਰੇ ਕੋਈ ਜਾਣਕਾਰੀ ਨਹੀਂ।  

ਸੰਸਾਰ ਦੇ ਕਿਸੇ ਵੀ ਕੋਨੇ ਅੰਦਰ ਕਿਸੇ ਵੀ ਸਿੱਖ ਨਾਲ ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਵਿਰੋਧ ਵਿਚ ਆਵਾਜ਼ਾਂ ਉਠਦੀਆਂ ਹਨ। ਇਹ ਸੁਭਾਵਕ ਹੈ ਕਿ ਕੌਮ ਅਪਣੇ ਕਿਸੇ ਅੰਗ ਦਾ ਦਰਦ ਮਹਿਸੂਸ ਕਰੇ ਤੇ ਉਸ ਲਈ ਖੜੀ ਹੋਵੇ ਪਰ ਇਹ ਚਿਰਾਂ ਤੋਂ ਚਲਿਆ ਆ ਰਿਹਾ ਹੈ ਤੇ ਹੁਣ ਰਸਮੀ ਜਿਹਾ ਹੋ ਗਿਆ ਹੈ। ਭਾਰਤ ਅੰਦਰ ਹੀ ਸਹਾਰਨਪੁਰ ਕਾਂਡ, ਸਿਕਲੀਗਰ ਸਿੱਖਾਂ ਦਾ ਮਸਲਾ, ਗੁਰਦਵਾਰਾ ਗਿਆਨ ਗੋਦੜੀ, ਗੁਰਦਵਾਰਾ ਡਾਂਗਮਾਰ, ਸ਼ਿਲਾਂਗ ਦੇ ਸਿੱਖਾਂ ਦਾ ਮਸਲਾ ਆਦਿ ਵੱਡੇ ਤਾਜ਼ਾ ਮੁੱਦੇ ਬਿਆਨਾਂ ਤੇ ਮੁਲਾਕਾਤਾਂ ਵਿਚ ਹੀ ਨਿਬੇੜ ਦਿਤੇ ਗਏ। ਜੂਨ ਤੇ ਨਵੰਬਰ '84 ਵੀ ਹੁਣ ਮੁੱਦੇ ਨਹੀਂ ਰਹੇ ਦਿਵਸ ਬਣ ਗਏ ਹਨ। 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅੱਗੇ ਸਿੱਖ ਕੌਮ ਬੇਵਸ ਨਜ਼ਰ ਆਈ ਤੇ ਅੱਜ ਵੀ ਕੋਈ ਪੱਕੀ ਵਿਉਂਤ ਸਾਡੇ ਕੋਲ ਨਹੀਂ ਜੋ ਵਿਸ਼ਵ ਪੱਧਰ ਤੇ ਕਾਰਜਸ਼ੀਲ ਹੋ ਗਈ ਹੋਵੇ। ਦਰਅਸਲ ਕੌਮੀ ਮਸਲਿਆਂ ਦੀ ਵਾਹਿਦ ਜ਼ਿੰਮੇਵਾਰੀ ਲੈਣ ਵਾਲੀ ਕੋਈ ਕੌਮਾਂਤਰੀ ਸਿੱਖ ਸੰਸਥਾ ਅਜੇ ਤਕ  ਹੋਂਦ ਵਿਚ ਹੀ ਨਹੀਂ ਆ ਸਕੀ। ਆਮ ਜ਼ਿੰਦਗੀ ਵਿਚ ਸਿਆਸਤ ਦਾ ਦਖ਼ਲ ਦਿਨੋ ਦਿਨ ਵੱਧ ਰਿਹਾ ਹੈ। ਇਸ ਨੂੰ ਠੱਲ੍ਹ ਪਾਉਣ ਲਈ ਸੰਪੂਰਨ ਤੇ ਵਿਸ਼ਵ ਵਿਆਪੀ ਸੋਚ ਦੀ ਲੋੜ ਹੈ। ਜਿਸ ਕੌਮ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਰਹੇ ਹਨ, ਉਸ ਕੌਮ ਸਾਹਮਣੇ ਸੋਚ ਦਾ ਕੋਈ ਸੰਕਟ ਨਹੀਂ।

ਸਵਾਲ ਉਸ ਸੋਚ ਨੂੰ ਧਾਰਨ ਕਰ ਵਿਵਹਾਰਕ ਰੂਪ ਦੇਣ ਦਾ ਹੈ “ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ£ ਸਾਹਿਬੁ ਸੇਵਨਿ ਆਪਣਾ ਪੂਰੈ ਸਬਦਿ ਵੀਚਾਰਿ£'' ਸਿੱਖ ਕੌਮ ਦੇ ਹਰ ਮਸਲੇ ਹਰ ਸੰਕਟ ਦਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਲੈਣ ਤੇ ਗੁਰੂ ਸ਼ਬਦ ਅਨੁਸਾਰ ਵਿਉਹਾਰ ਕਰਨ ਵਿਚ ਹੈ। ਸਿੱਖ ਅੱਜ ਚੁਫੇਰੇ ਖਿੰਡਰੇ ਹੋਏ ਹਨ। ਭਾਰਤ ਦੇ ਹਰ ਸੂਬੇ ਵਿਚ, ਵਿਸ਼ਵ ਦੇ ਲਗਭਗ ਹਰ ਦੇਸ਼ ਵਿਚ ਸਿੱਖਾਂ ਨੇ ਵਸੋਂ ਬਣਾ ਲਈ ਹੈ। ਇਸ ਖਿੰਡਰੇ ਹੋਏ ਸਿੱਖ ਸਮਾਜ ਨੂੰ ਇਕ ਥਾਂ ਜੋੜਨ ਲਈ ਕਿਸੇ ਵੱਡੀ ਤੇ ਤਾਕਤਵਰ ਸੰਸਥਾ ਦੀ ਲੋੜ ਹੈ। ਇਕ ਅਜਿਹੀ ਵਿਸ਼ਵ ਵਿਆਪੀ ਸੰਸਥਾ ਹੋਂਦ ਵਿਚ ਆਵੇ ਜਿਸ ਵਿਚ ਹਰ ਕਿੱਤੇ,

ਹਰ ਵਿਚਾਰ ਦੇ ਸਿੱਖਾਂ ਦੀ ਨੁਮਾਇੰਦਗੀ ਹੋਵੇ। ਇਹ ਸੰਸਥਾ ਕੇਵਲ ਕੌਮ ਦੇ ਹਿਤਾਂ ਲਈ ਹੋਵੇ, ਕਿਸੇ ਦੀ ਨਿਜੀ ਸਿਆਸਤ ਦਾ ਹਿੱਸਾ ਨਾ ਬਣੇ। ਹਰ ਮਸਲੇ ਤੇ ਸਿੱਖ ਕੌਮ ਦੀ ਇਕ ਸੋਚ ਪ੍ਰਗਟ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਪਿਆਰਿਆਂ ਦੀ ਥਾਪਨਾ ਕਰ ਸਮੂਹਕ ਜ਼ਿੰਮੇਵਾਰੀ ਦੀ ਲੀਕ ਪਾ ਗਏ ਸਨ। ਇਸ ਲੀਕ ਨੂੰ ਸੁਰਜੀਤ ਕਰ, ਉਸ ਉਤੇ ਚਲਣ ਦੀ ਲੋੜ ਹੈ। ਅਗਲੇ ਘੱਟੋ ਘੱਟ ਪੰਜਾਹ ਸਾਲ ਲਈ ਇਕ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ ਕਿ ਦੁਨੀਆਂ ਭਰ ਵਿਚ ਸਿੱਖ ਕੌਮ ਦੀਆਂ ਕੀ ਜ਼ਮੀਨੀ ਲੋੜਾਂ ਹਨ। ਉਨ੍ਹਾਂ ਦੀ ਪ੍ਰਾਪਤੀ ਲਈ ਕਿਹੋ ਜਿਹੇ ਯਤਨ ਕੀਤੇ ਜਾਣ?

ਅੱਜ ਜਦੋਂ ਪੰਜਾਬ ਅੰਦਰ ਬਹਿ ਕੇ ਸਿੱਖ ਹਿਤਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋੜਾਂ ਕੁੱਝ ਨਜ਼ਰ ਆਉਂਦੀਆਂ ਹਨ। ਪਰ ਵਿਦੇਸ਼ਾਂ ਵਿਚ ਬਹਿ ਕੇ ਵਿਚਾਰਨ ਲਗਿਆਂ ਤਰਜੀਹਾਂ ਬਦਲ ਜਾਂਦੀਆਂ ਹਨ। ਇਸ ਕਾਰਨ ਤਮਾਮ ਅੰਤਰ ਵਿਰੋਧ ਪੈਦਾ ਹੋ ਗਏ ਹਨ ਤੇ ਨੁਕਸਾਨ ਕੌਮ ਦਾ ਹੋ ਰਿਹਾ ਹੈ। ਹਰ ਜਗ੍ਹਾ ਦੇ ਸਿੱਖਾਂ ਦੇ ਸਥਾਨਕ ਮਸਲੇ ਵੱਖ ਹੋ ਸਕਦੇ ਹਨ ਪਰ ਸਮੂਹ ਕੌਮ ਦੇ ਮਸਲੇ ਇਕ ਹੀ ਨਿਤਰ ਕੇ ਸਾਹਮਣੇ ਆਉਂਦੇ ਹਨ। ਸਿੱਖ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਇਹ ਸੰਸਾਰ ਦੇ ਹਰ ਕੋਨੇ ਵਿਚ ਬੈਠੇ ਸਿੱਖ ਦੀ ਚਿੰਤਾ ਹੈ। ਸਿੱਖ ਰਹਿਤ ਮਰਿਆਦਾ ਦਾ ਪਾਲਨ ਹੋਵੇ, ਇਸ ਤੇ ਕੋਈ ਦੋ ਰਾਏ ਨਹੀਂ ਹੋ ਸਕਦੀ।

ਇਥੋਂ ਹੀ ਕੌਮ ਦੀ ਤਾਕਤ ਪੈਦਾ ਹੁੰਦੀ ਆਈ ਹੈ ਤੇ ਹੋਣੀ ਹੈ। ਪੂਰਣ ਸਮਰਪਣ ਹੀ ਸਿੱਖ ਅੱਗੇ ਇਕੋ ਇਕ ਵਿਕਲਪ ਹੈ “ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ£ ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ£੩£'' ਕੌਮ ਜਦੋਂ ਇਸ ਗੁਰੂ ਦਰਸਾਈ ਸੱਚੀ ਰਾਹ ਤੇ ਹਕੀਕਤ ਵਿਚ ਚਲਣ ਲੱਗ ਪਏਗੀ ਤਾਂ ਨਿਜੀ, ਸਿਆਸੀ ਲੋਭ ਆਪ ਹੀ ਦਰਕਿਨਾਰ ਹੋ ਜਾਣਗੇ। ਇਹ ਅਤਿ ਕਠਿਨ ਹੈ ਪਰ ਕੌਮ ਦੀ ਆਨ ਕਾਇਮ ਰਖਣੀ ਹੈ ਤਾਂ ਹੋਰ ਕੋਈ ਚਾਰਾ ਨਹੀਂ। ਕੌਮ ਦੀ ਸ਼ਾਨ ਨਾਲ ਹੀ ਹਰ ਸਿੱਖ ਦੀ ਸ਼ਾਨ ਹੈ। 

ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਸਿੱਖਾਂ ਨਾਲ ਜੋ ਖ਼ੂਨੀ ਸਾਕਾ ਵਾਪਰਿਆ, ਉਸ ਤੋਂ ਪੂਰੀ ਸਿੱਖ ਕੌਮ ਨੂੰ ਸਬਕ ਲੈਣ ਦੀ ਲੋੜ ਹੈ। ਅਫ਼ਗ਼ਾਨਿਸਤਾਨ ਅੰਦਰ ਸਿੱਖ ਪੀੜ੍ਹੀਆਂ ਤੋਂ ਰਹਿ ਰਹੇ ਹਨ। ਜਦੋਂ ਸਿੱਖਾਂ ਦੀ ਤਦਾਦ ਇਥੇ ਜ਼ਿਆਦਾ ਸੀ, ਸਮਾਜ ਅੰਦਰ ਇਨ੍ਹਾਂ ਕੋਈ ਅਸਰਦਾਰ ਭੂਮਿਕਾ ਜਾਂ ਜਗ੍ਹਾ ਬਣਾਉਣ ਲਈ ਕੋਈ ਖ਼ਾਸ ਯਤਨ ਨਾ ਕੀਤੇ। ਅਤਿਵਾਦ ਤੇ ਹਿੰਸਾ ਨੇ ਅਫ਼ਗ਼ਾਨਿਸਤਾਨ ਦੇ ਮਾਹੌਲ ਵਿਚ ਜ਼ਹਿਰ ਘੋਲ ਦਿਤਾ ਹੈ। ਇਸ ਮਾਹੌਲ ਵਿਚ ਕਿਸੇ ਨਵੀਂ ਸਮਾਜਕ ਜਾਂ ਸਿਆਸੀ ਤਾਕਤ ਦਾ ਉਭਰਨਾ ਕਿਵੇਂ ਕਿਸੇ ਨੂੰ ਬਰਦਾਸ਼ਤ ਹੋਣਾ ਸੀ, ਖ਼ਾਸ ਤੌਰ ਉਤੇ ਉਸ ਵੇਲੇ ਜਦੋਂ ਸਿੱਖਾਂ ਦੀ ਆਬਾਦੀ ਕਾਫ਼ੀ ਘੱਟ ਗਈ। 

ਅੱਜ ਸਿੱਖਾਂ ਨੂੰ ਕੌਮ ਦੇ ਤੌਰ ਉਤੇ ਸੋਚਣਾ ਚਾਹੀਦਾ ਹੈ ਕਿ ਉਹ ਅਪਣੀ ਸਥਾਨਕ ਸਵੀਕਾਰਤਾ ਕਿਵੇਂ ਵਧਾਉਣ। ਇਸ ਦਾ ਸੱਭ ਤੋਂ ਵਧੀਆ ਢੰਗ ਹੈ ਵਿਦਿਆ ਪ੍ਰਤੀ ਜਾਗਰੂਕ ਹੋਣਾ। ਸੰਸਾਰ ਦੇ ਮੌਜੂਦਾ ਸੰਦਰਭਾਂ ਵਿਚ ਸਫ਼ਲਤਾ ਲਈ ਵਿਦਿਆ ਇਕ ਵੱਡਾ ਪੈਮਾਨਾ ਬਣ ਗਿਆ ਹੈ। ਕੌਮ ਦੀ ਤਰੱਕੀ ਤੇ ਮਜਬੂਤੀ ਲਈ ਵਿਦਿਆ ਪ੍ਰਤੀ ਵੱਡੇ ਪੱਧਰ ਉਤੇ ਰੁਝਾਨ ਪੈਦਾ ਕਰਨ ਦੀ ਲੋੜ ਹੈ। ਨਵੇਂ ਖ਼ਾਲਸਾ ਸਕੂਲ, ਕਾਲਜ ਖੋਲ੍ਹੇ ਜਾਣ, ਸਿੱਖ ਵਿਦਿਆਰਥੀਆਂ ਨੂੰ ਲੋੜੀਂਦੀ ਸੇਧ ਤੇ ਆਰਥਕ ਮਦਦ ਦਿਤੀ ਜਾਵੇ। ਉਨ੍ਹਾਂ ਦਾ ਹੌਸਲਾ ਵਧਾਉਣ ਲਈ ਕਾਮਯਾਬ ਸਿੱਖ ਵਿਦਿਆਰਥੀਆਂ ਦਾ ਗੁਰਦਵਾਰਿਆਂ ਅੰਦਰ ਬਾਕਾਇਦਾ ਸਨਮਾਨ ਕੀਤਾ ਜਾਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਕਿ ਸਾਰੇ ਗੁਰਦਵਾਰੇ ਅਪਣੀ ਆਮਦਨ ਦਾ 10 ਫ਼ੀ ਸਦੀ ਵਿਦਿਅਕ ਕਾਰਜਾਂ ਲਈ ਖ਼ਰਚ ਕਰਨ। ਇਸ ਦੀ ਪਾਲਨਾ ਲਈ ਕਠੋਰ ਯਤਨ ਕਰਨ ਦੀ ਲੋੜ ਹੈ। ਸਿੱਖੀ ਸਿਦਕ ਪ੍ਰਤੀ ਦ੍ਰਿੜ੍ਹ ਤੇ ਪੜ੍ਹੀ ਲਿਖੀ ਕੌਮ ਹੀ ਸਾਡੀ ਸੱਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਹ ਵੇਲਾ ਜਾਗਣ ਦਾ ਹੈ ਤੇ ਕੁੱਝ ਠੋਸ ਕਰਨ ਦਾ ਹੈ ਨਹੀਂ ਤਾਂ ਅਸੀ ਸਾਰੇ ਇਤਿਹਾਸ ਦੇ ਦੋਖੀ ਸਿੱਧ ਹੋਵਾਂਗੇ। 
ਸੰਪਰਕ :  94159-60533

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement