
Special Article : ਕਦਰ
Special Article : ਅੱਜ ਮੌਸਮ ਬੜਾ ਸੁਹਾਵਣਾ ਸੀ ਤੇ ਉਸ ਨੇ ਅਪਣੀ ਪਤਨੀ ਨੂੰ ਕਿਹਾ ਕਿ ਅੱਜ ਸ਼ਾਮ ਦੀ ਸੈਰ ਕਰ ਕੇ ਆਉਂਦੇ ਹਾਂ। ਉਹ ਜਿਵੇਂ ਹੀ ਸੜਕ ’ਤੇ ਨਿਕਲੇ ਤਾਂ ਉਨ੍ਹਾਂ ਦੇਖਿਆ ਕਿ ਸੜਕ ਦੇ ਖੱਬੇ ਪਾਸੇ ਕੁੱਤਿਆਂ ਦੀ ਡਾਰ ਖੜ੍ਹੀ ਹੈ। ਕੁੱਤਿਆਂ ਨੂੰ ਦੇਖ ਕੇ ਉਸ ਦੀ ਪਤਨੀ ਸਹਿਮ ਗਈ ਤੇ ਕਹਿਣ ਲੱਗੀ ਕਿ ਦੂਜੇ ਪਾਸੇ ਚਲਦੇ ਹਾਂ ਪਰ ਉਹ ਨਾ ਮੰਨਿਆ ਤੇ ਕਹਿਣ ਲੱਗਾ ਕਿ ਆਬਾਦੀ ’ਚ ਰਹਿੰਦੇ ਕੁੱਤੇ ਵਢਦੇ ਨਹੀਂ ਹੁੰਦੇ।
ਉਹ ਜਿਵੇਂ ਹੀ ਕੁੱਤਿਆਂ ਦੇ ਨੇੜੇ ਪਹੁੰਚਣ ਵਾਲੇ ਹੋਏ ਤਾਂ ਇਕ ਕੁੱਤਾ ਪੂਛ ਹਿਲਾਉਂਦਾ ਉਨ੍ਹਾਂ ਵਲ ਵਧਣ ਲੱਗਾ। ਪਹਿਲਾਂ ਤਾਂ ਉਹ ਡਰ ਗਏ ਪਰ ਕੁੱਤੇ ਦੀਆਂ ਅੱਖਾਂ ਵਿਚ ਚਮਕ ਸੀ ਤੇ ਉਹ ਬੜੇ ਹੀ ਪਿਆਰ ਨਾਲ ਉਨ੍ਹਾਂ ਵਲ ਆ ਰਿਹਾ ਸੀ। ਨੇੜੇ ਆ ਕੇ ਕੁੱਤਾ ਸੜਕ ’ਤੇ ਲਿਟਣ ਲੱਗਾ, ਹੌਲੀ-ਹੌਲੀ ਉਨ੍ਹਾਂ ਦੇ ਪੈਰੀਂ ਡਿੱਗਣ ਲੱਗਾ ਤੇ ਫਿਰ ਹੱਥ-ਪੈਰ ਚੱਟਣ ਲੱਗਾ। ਉਸ ਨੇ ਵੀ ਕੁੱਤੇ ਦਾ ਸਿਰ ਪਲੋਸਣਾ ਸ਼ੁਰੂ ਕਰ ਦਿਤਾ। 4-5 ਮਿੰਟ ਬਾਅਦ ਕੁੱਤਾ ਅਪਣੇ-ਆਪ ਚਲਾ ਗਿਆ ਜਿਵੇਂ ਉਹ ਸਮਝ ਗਿਆ ਹੋਵੇ ਕਿ ਮਨੁੱਖ ਕੋਲ ਸਮਾਂ ਘੱਟ ਹੀ ਹੁੰਦਾ ਹੈ।
ਕੁੱਤਾ ਅਪਣੇ ਸਾਥੀਆਂ ਵਲ ਇੰਝ ਜਾ ਰਿਹਾ ਸੀ ਕਿ ਜਿਵੇਂ ਉਸ ਨੇ ਕੋਈ ਵੱਡੀ ਜੰਗ ਜਿੱਤ ਲਈ ਹੋਵੇ। ਉਹ ਜਿਵੇਂ ਹੀ ਅਪਣੇ ਸਾਥੀਆਂ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ ਜਿਵੇਂ ਪੁੱਛ ਰਹੇ ਹੋਣ ਕਿ ਉਹ ਮਨੁੱਖ ਕੋਲ ਕਿਉਂ ਗਿਆ।
ਕੁੱਤੇ ਨੇ ਅਪਣੀ ਬੋਲੀ ’ਚ ਅਪਣੇ ਸਾਥੀਆਂ ਨੂੰ ਦਸਿਆ,‘ਇਹ ਉਹ ਮਨੁੱਖ ਸੀ ਜਿਸ ਨੇ ਮੇਰੀ ਮਾਂ ਮਰੀ ਤੋਂ ਸਰਦੀਆਂ ’ਚ ਅਪਣੇ ਘਰ ਦੀਆਂ ਪੌੜੀਆਂ ’ਚ ਰੱਖ ਕੇ ਪਾਲਿਆ ਤੇ ਅਪਣੇ ਬੱਚਿਆਂ ਵਾਂਗ ਰੋਟੀ ਤੇ ਦੁੱਧ ਦਿਤਾ। ਅੱਜ ਮੈਂ ਉਸ ਵਲੋਂ ਕੀਤੇ ਅਹਿਸਾਨਾਂ ਦੀ ਕਦਰ ਕੀਤੀ ਹੈ।’
ਭੋਲਾ ਸਿੰਘ ‘ਪ੍ਰੀਤ’
(For more news apart from appreciate Special Article News in Punjabi, stay tuned to Rozana Spokesman)