ਸਪੋਕਸਮੈਨ ਦੀ ਸੱਥ: ਚਿੱਟੇ ਤੇ ਬੇਰੁਜ਼ਗਾਰੀ ਕਾਰਨ ਕੈਪਟਨ ਤੋਂ ਨਾਰਾਜ਼ ਦਿਖੇ ਪਿੰਡ ਬਡਰੁੱਖਾਂ ਦੇ ਲੋਕ
Published : Oct 2, 2021, 4:27 pm IST
Updated : Oct 2, 2021, 4:27 pm IST
SHARE ARTICLE
Spokesman di sath at village Badrukhan
Spokesman di sath at village Badrukhan

ਨਵੇਂ ਬਣੇ ਸੀਐਮ ਤੋਂ ਬਡਰੁੱਖਾਂ ਵਾਸੀਆਂ ਨੂੰ ਕੀ-ਕੀ ਉਮੀਦਾਂ?

ਬਡਰੁੱਖਾਂ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਕੁਝ ਹੀ ਮਹੀਨੇ ਬਾਕੀ ਰਹਿ ਗਏ। ਇਸ ਦੇ ਚਲਦਿਆਂ ‘ਸਪੋਕਸਮੈਨ ਦੀ ਸੱਥ’ ਵਿਚ ਸੰਗਰੂਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬਡਰੁੱਖਾਂ ਦੇ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪਿੰਡ ਵਾਸੀਆਂ ਦੇ ਦਿਲ ਦਾ ਦਰਦ ਸਮਝਣ ਅਤੇ ਉਸ ਨੂੰ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਬਡਰੁੱਖਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਨਮਭੂਮੀ ਹੈ।
ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਪਿੰਡ ਦੀਆਂ ਬੀਬੀਆਂ ਨੇ ਵੀ ਉਮੀਦ ਪ੍ਰਗਟਾਈ ਕਿ ਨਵਾਂ ਮੁੱਖ ਮੰਤਰੀ ਉਹਨਾਂ ਲਈ ਚੰਗੀਆਂ ਸਕੀਮਾਂ ਲੈ ਕੇ ਆਵੇ, ਜਿਸ ਦੇ ਤਹਿਤ ਲੋੜਵੰਦਾਂ ਅਤੇ ਅੰਗਹੀਣਾਂ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ।

Spokesman di sath at village BadrukhanSpokesman di sath at village Badrukhan

ਸੱਥ ਵਿਚ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਡਰੁੱਖਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦਾ ਜੱਦੀ ਪਿੰਡ ਹੈ। ਸਰਕਾਰ ਦੀ ਵਿਰੋਧੀ ਧਿਰ ਹੋਣ ਦੇ ਬਾਵਜੂਦ ਉਹ ਪਿੰਡਾਂ ਵਿਚ ਲੋਕਾਂ ਦੀ ਸਮੱਸਿਆਵਾਂ ਜ਼ਰੂਰ ਸੁਣਦੇ ਹਨ। ਪਰ ਪਿੰਡ ਲਈ ਕੋਈ ਵੱਡੀ ਗ੍ਰਾਂਟ ਨਹੀਂ ਆਈ ਤੇ ਨਾ ਹੀ ਪਿੰਡ ਦਾ ਜ਼ਿਆਦਾ ਕੰਮ ਕਾਰ ਕੀਤਾ ਗਿਆ। ਪਿੰਡ ਦੀਆਂ ਜ਼ਰੂਰਤਾਂ ਬਾਰੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਕੁੱਲ ਅਬਾਦੀ 11,500 ਹੈ ਤੇ ਪਿੰਡ ਵਿਚ ਕਰੀਬ 6800 ਵੋਟਰ ਹਨ। ਪੰਚਾਇਤਾਂ ਵਲੋਂ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਪਰ ਸਰਕਾਰਾਂ ਵਲੋਂ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਭੇਜੀ ਗਈ, ਪਿੰਡ ਵਾਸੀਆਂ ਨੂੰ ਸਰਕਾਰ ਦਾ ਕੋਈ ਫਾਇਦਾ ਨਹੀਂ ਹੈ।  

Spokesman di sath at village BadrukhanSpokesman di sath at village Badrukhan

ਪਿੰਡ ਦੇ ਸਕੂਲਾਂ ਦੀ ਸਥਿਤੀ ਬਾਰੇ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਕੰਮ ਪੂਰਾ ਹੈ ਤੇ ਸਕੂਲ ਵਿਚ ਪੜ੍ਹਾਈ ਵੀ ਵਧੀਆ ਕਰਵਾਈ ਜਾਂਦੀ ਹੈ ਜਦਕਿ ਹਾਈ ਸਕੂਲ ਦਾ ਕੰਮ ਅਜੇ ਜਾਰੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਕੂਲ ਸਬੰਧੀ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ ਲੋਕਾਂ ਨੇ ਕਿਹਾ ਸਿਰਫ ਸਕੂਲ ਸਮਾਰਟ ਹੀ ਬਣਾਏ ਗਏ ਪਰ ਉਹਨਾਂ ਵਿਚ ਪੜ੍ਹਾਉਣ ਲਈ ਲੋੜੀਦਾਂ ਸਟਾਫ ਨਹੀਂ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਉਮੀਦਾਂ ਸਨ ਪਰ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਵੀ ਅਪਣਾ ਵਾਅਦਾ ਪੂਰਾ ਨਹੀਂ ਕੀਤਾ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਲਿਤ ਪਰਿਵਾਰ ਵਿਚੋਂ ਗਏ ਹਨ ਤੇ ਉਹਨਾਂ ਤੋਂ ਉਮੀਦ ਵੀ ਬਹੁਤ ਹਨ। ਕਰਜ਼ਾ ਮੁਆਫੀ ਬਾਰੇ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਸਰਕਾਰ ਨੇ ਅਪਣੇ ਵਾਅਦੇ ਪੂਰੇ ਨਹੀਂ ਕੀਤੇ, ਉਹਨਾਂ ਦਾ ਕੋਈ ਕਰਜ਼ਾ ਮੁਆਫ ਨਹੀਂ ਹੋਇਆ।

Spokesman di sath at village BadrukhanSpokesman di sath at village Badrukhan

ਰੁਜ਼ਗਾਰ ਅਤੇ ਨਸ਼ੇ ਦੇ ਮੁੱਦੇ ’ਤੇ ਨੌਜਵਾਨਾਂ ਵਿਚ ਨਿਰਾਸ਼ਾ  

ਰੁਜ਼ਗਾਰ ਸਬੰਧੀ ਪਿੰਡ ਦੇ ਨੌਜਵਾਨਾਂ ਵਿਚ ਨਿਰਾਸ਼ਾ ਦਿਖਾਈ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਤਨਖਾਹ ਦੇਣੀ ਚਾਹੀਦੀ ਹੈ। ਜ਼ਿਆਦਾਤਰ ਵਿਭਾਗਾਂ ਵਿਚ ਰਿਸ਼ਵਰ ਅਤੇ ਸਿਫਾਰਿਸ਼ ਚੱਲਦੀ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਭਰਤੀ ਵਿਚ ਵੀ ਘੱਟ ਨੰਬਰਾਂ ਵਾਲੇ ਉਮੀਦਵਾਰਾਂ ਨੂੰ ਰੱਖਿਆ ਜਾ ਰਿਹਾ ਹੈ ਜਦਕਿ ਜ਼ਿਆਦਾ ਨੰਬਰਾਂ ਵਾਲੇ ਕਈ ਉਮੀਦਵਾਰਾਂ ਨੂੰ ਬਾਹਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਈਟੀਟੀ ਟੈੱਟ ਪਾਸ ਅਧਿਆਪਕ ਵੀ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਨਸ਼ੇ ਵਿਚ ਪੈਣ ਅਤੇ ਵਿਦੇਸ਼ਾਂ ਵੱਲ ਰੁਖ ਕਰਨ ਪਿੱਛੇ ਇਹੀ ਕਾਰਨ ਹੈ।
ਪਿੰਡ ਬਡਰੁੱਖਾਂ ਦੇ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਇਸ ਵਿਚ ਪੁਲਿਸ ਦੀ ਵੀ ਸ਼ਮੂਲੀਅਤ ਹੈ। ਜਿਹੜੇ ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ, ਉਹਨਾਂ ਨੂੰ ਕੁਝ ਸਮੇਂ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ। ਸਾਰੀਆਂ ਪੁਲਿਸ ਚੌਂਕੀਆਂ ਨਸ਼ਾ ਤਸਕਰਾਂ ਨਾਲ ਮਿਲੀਆਂ ਹੋਈਆਂ ਹਨ।

Spokesman di sath at village BadrukhanSpokesman di sath at village Badrukhan

ਪਿੰਡ ਵਾਸੀਆਂ ਨੂੰ ਨਵੇਂ ਮੁੱਖ ਮੰਤਰੀ ਤੋਂ ਉਮੀਦਾਂ

ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੋਈ ਕੰਮ ਨਹੀਂ ਕੀਤਾ ਪਰ ਹੁਣ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਤੋਂ ਬਹੁਤ ਉਮੀਦਾਂ ਹਨ। ਉਹਨਾਂ ਕੋਲ ਸਮਾਂ ਬਹੁਤ ਘੱਟ ਹੈ, ਉਹ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੁਝ ਨਾ ਕੁਝ ਜ਼ਰੂਰ ਕਰਨਗੇ। ਪਿੰਡ ਵਾਸੀਆਂ ਨੇ ਨਵੇਂ ਮੁੱਖ ਮੰਤਰੀ ਦੇ ਅਪਣੀ ਸੁਰੱਖਿਆ ਘਟਾਉਣ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਵਿਧਾਇਕਾਂ ਨੂੰ ਇਕ ਪੈਨਸ਼ਨ ਹੀ ਮਿਲਣੀ ਚਾਹੀਦੀ ਹੈ ਤੇ ਉਹਨਾਂ ਨਾਲ ਸਿਰਫ ਇਕ ਹੀ ਸੁਰੱਖਿਆ ਕਰਮੀ ਹੋਣਾ ਚਾਹੀਦਾ ਹੈ।

Spokesman di sath at village BadrukhanSpokesman di sath at village Badrukhan

ਪਿੰਡ ਵਾਸੀ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਵਿਚ ਪੂਰਾ ਸਹਿਯੋਗ ਦੇ ਰਹੇ ਹਨ। ਪਿੰਡ ਦੇ ਲੋਕ ਲਗਾਤਾਰ ਕਿਸਾਨੀ ਅੰਦੋਲਨ ਵਿਚ ਹਾਜ਼ਰੀ ਲਗਵਾ ਕੇ ਖੇਤੀ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਉਹ ਉਸੇ ਪਾਰਟੀ ਨੂੰ ਵੋਟ ਦੇਣਗੇ ਜਿਨ੍ਹਾਂ ਲਈ ਕਿਸਾਨ ਜਥੇਬੰਦੀਆਂ ਕਹਿਣਗੀਆਂ। ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨਾਲ ਪਿੰਡ ਵਾਸੀ ਨਰਾਜ਼ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਉਹ ਲਗਾਤਾਰ ਦੂਜੀ ਵਾਰ ਐਮਪੀ ਬਣੇ ਪਰ ਉਹਨਾਂ ਨੇ ਇਕ ਵਾਰ ਵੀ ਪਿੰਡ ਆ ਕੇ ਲੋਕਾਂ ਦਾ ਧੰਨਵਾਦ ਨਹੀਂ ਕੀਤਾ।

Spokesman di sath at village BadrukhanSpokesman di sath at village Badrukhan

 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਂਗਣਵਾੜੀ ਵਿਭਾਗ ਵਿਚ 25 ਸਾਲ ਤੋਂ ਕਿਸੇ ਵੀ ਵਰਕਰ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਬੁਢਾਪਾ ਪੈਨਸ਼ਨ ਵਿਚ ਵਾਧੇ ਨੂੰ ਲੈ ਕੇ ਬਜ਼ੁਰਗਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2500 ਰੁਪਏ ਪੈਨਸ਼ਨ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਵੋਟਾਂ ਨੇੜੇ ਹੋਣ ਕਾਰਨ ਉਹਨਾਂ ਨੇ ਸਿਰਫ 1500 ਰੁਪਏ ਪੈਨਸ਼ਨ ਕੀਤੀ ਹੈ। ਉਹਨਾਂ ਕਿਹਾ ਕਿ ਲੋਕ ਹੁਣ ਸਿਆਣੇ ਹਨ ਉਹ ਸਭ ਕੁਝ ਦੇਖ ਕੇ ਹੀ ਵੋਟ ਦੇਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦਾ ਚੋਣ ਮੈਨੀਫੈਸਟੋ ਪੜ੍ਹਨਗੇ। ਇਸ ਤੋਂ ਇਲਾਵਾ ਉਹ ਸਰਕਾਰ ਦਾ ਰਿਪੋਰਟ ਕਾਰਡ ਵੀ ਜ਼ਰੂਰ ਦੇਖਣਗੇ। ਇਸ ਦੇ ਨਾਲ ਹੀ ਚੋਣ ਮੈਨੀਫੈਸਟੋ ਵਿਚ ਲਿਖੇ ਕੰਮ ਪੂਰੇ ਕਰਵਾਉਣ ਲਈ ਉਹ ਕੋਰਟ ਤੱਕ ਵੀ ਜਾਣਗੇ।

Spokesman di sath at village BadrukhanSpokesman di sath at village Badrukhan

ਸੱਥ ਵਿਚ ਪਹੁੰਚੀਆਂ ਪਿੰਡ ਦੀਆਂ ਬੀਬੀਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 51,000 ਰੁਪਏ ਸ਼ਗਨ ਸਕੀਮ ਦਾ ਐਲਾਨ ਕੀਤਾ ਸੀ ਪਰ ਪਿੰਡ ਦੀਆਂ ਧੀਆਂ ਦੇ ਵਿਆਹਾਂ ਮੌਕੇ ਸਰਕਾਰਾਂ ਵਲੋਂ ਕੋਈ ਪੈਸਾ ਨਹੀਂ ਮਿਲਿਆ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਹੁਣ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨ ਰੱਦ ਕਰਵਾ ਦੇਣ, ਇਸ ਦੇ ਬਾਵਜੂਦ ਉਹਨਾਂ ਨੂੰ ਜਾਂ ਭਾਜਪਾ ਨੂੰ ਵੋਟਾਂ ਨਹੀਂ ਦਿੱਤੀਆਂ ਜਾਣਗੀਆਂ। ਇਕ ਸਾਲ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ, ਹੁਣ ਉਹ ਭਾਜਪਾ ਨੂੰ ਮੁਆਫ ਨਹੀਂ ਕਰਨਗੇ।

Spokesman di sath at village BadrukhanSpokesman di sath at village Badrukhan

ਸਪੋਕਸਮੈਨ ਦੀ ਸੱਥ ਵਿਚ ਪਹੁੰਚੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਕਿਸੇ ਸਿਆਸੀ ਪਾਰਟੀ ’ਤੇ ਯਕੀਨ ਨਹੀਂ ਰਿਹਾ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸੇ ਵੀ ਸਿਆਸੀ ਆਗੂ ਨੇ ਅਪਣੀ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਆਗੂ ਇਮਾਨਦਾਰ ਨਹੀਂ ਹਨ ਜੇ ਉਹ ਇਮਾਨਦਾਰੀ ਨਾਲ ਕੰਮ ਕਰਨ ਤਾਂ ਸਾਰੇ ਸਰਕਾਰੀ ਅਦਾਰਿਆਂ ਦੀ ਨੁਹਾਰ ਬਦਲ ਸਕਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਵੋਟਾਂ ਸਮੇਂ ਪਾਰਟੀਆਂ ਵਲੋਂ ਆਮ ਲੋਕਾਂ ਨੂੰ ਸ਼ਰਾਬ, ਅਫੀਮ ਆਦਿ ਵੀ ਦਿੱਤੀ ਜਾਂਦੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਡੇ ਲੋਕ ਸਰਕਾਰਾਂ ਕੋਲੋਂ ਸਿਰਫ ਆਟਾ ਦਾਲ, ਗਲੀਆਂ-ਸੜਕਾਂ ਆਦਿ ਹੀ ਮੰਗਦੇ ਹਨ ਪਰ ਸਿੱਖਿਆ ਤੇ ਸਕੂਲ ਕਦੀ ਮੰਗੇ ਹੀ ਨਹੀਂ।  

Spokesman di sath at village BadrukhanSpokesman di sath at village Badrukhan

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸ਼ਹੀਦ ਜਵਾਨ ਦੀ ਪਤਨੀ ਅਤੇ ਉਸ ਦੇ ਬੱਚਿਆਂ ਦੀ ਕਿਸੇ ਨੇ ਸਾਰ ਨਹੀਂ ਲਈ। ਸਰਕਾਰ ਨੇ ਉਹਨਾਂ ਦੀ ਬਾਂਹ ਨਹੀਂ ਫੜੀ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਵੋਟਾਂ ਲਈ ਕੋਈ ਲਾਲਚ ਨਾ ਦੇਵੇ। ਸਾਨੂੰ ਸਿਰਫ ਫਸਲਾਂ ਦੀਆਂ ਸਹੀ ਕੀਮਤਾਂ ਦਿੱਤੀਆਂ ਜਾਣ ਅਤੇ ਬਿਜਲੀ ਦੇ ਰੇਟ ਸਹੀ ਲਗਾਏ ਜਾਣ, ਸਾਨੂੰ ਮੁਫਤ ਬਿਜਲੀ ਨਹੀਂ ਚਾਹੀਦੀ। ਬਡਰੁੱਖਾਂ ਵਿਚ ਲੱਗੀ ਸਪੋਕਸਮੈਨ ਦੀ ਸੱਥ ਵਿਚ ਇਹ ਸਪੱਸ਼ਟ ਹੋ ਗਿਆ ਕਿ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਹਨ ਤੇ ਉਹ ਵੋਟ ਦੇਣ ਤੋਂ ਪਹਿਲਾਂ ਪਾਰਟੀਆਂ ਦੇ ਰਿਪੋਰਟ ਕਾਰਡ ਜ਼ਰੂਰ ਮੰਗਣਗੇ। ਇਸ ਵਾਰ ਵੋਟਾਂ ਪੈਸੇ ਨਾਲ ਨਹੀਂ ਵਿਕਣਗੀਆਂ। ਨਵੀ ਪੀੜੀ ਦਾ ਵੋਟ ਦੇਣ ਦਾ ਰਵੱਈਆ ਪਹਿਲਾਂ ਨਾਲੋ ਵੱਖਰਾ ਹੋਵੇਗਾ। ਉਹ ਮੁਫਤ ਆਟਾ-ਦਾਲ ਜਾਂ ਮੁਫਤ ਬਿਜਲੀ ਨਹੀਂ ਮੰਗਣਗੇ, ਉਹ ਅਪਣਾ ਬਣਦਾ ਹੱਕ ਮੰਗਣਗੇ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਵੀ ਤਿੰਨ ਮਹੀਨੇ ਦਾ ਰਿਪੋਰਟ ਕਾਰਡ ਮੰਗਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement