ਜਦੋਂ ਗਾਂਧੀ ਨੇ ਕਿਹਾ ਕੀ ਸਿੱਖਾਂ ਕੋਲ ਕਿਰਪਾਨ ਵੀ ਹੁੰਦੀ ਹੈ
Published : Nov 2, 2021, 1:51 pm IST
Updated : Nov 2, 2021, 1:51 pm IST
SHARE ARTICLE
Joginder Singh
Joginder Singh

ਪੰਜਾਬੀ ਸੂਬਾ ਮੋਰਚਾ ਭਾਗ- ਪਹਿਲਾ

ਚੰਡੀਗੜ੍ਹ (ਸੁਰਖਾਬ ਚੰਨ) : ਭਾਸ਼ਾ ਦੇ ਅਧਾਰ 'ਤੇ ਬਣੇ ਪੰਜਾਬ ਸੂਬੇ ਨਾਲ ਕਈ ਤਰ੍ਹਾਂ ਦੇ ਵਿਤਕਰੇ ਹੋਏ ਹਨ ਜਿਸ ਤੋਂ ਅੱਜ ਦੀ ਨੌਜਵਾਨ ਪੀੜੀ ਅਣਜਾਣ ਹੈ।  ਪੰਜਾਬ ਨੂੰ ਹੋਂਦ ਵਿਚ ਆਉਣ ਲਈ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਸ ਨੂੰ ਸਾਮਰਾਜ ਅਤੇ ਤਾਕਤ ਕਿਵੇਂ ਮਿਲੀ ਇਸ ਸਾਰੇ ਵਿਸ਼ੇ ਬਾਰੇ ਸਪੋਕੇਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਸਾਹਨੀ ਨੇ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਸ. ਜੋਗਿੰਦਰ ਸਿੰਘ ਸਾਹਨੀ ਨਾਲ ਹੋਈ ਗੱਲਬਾਤ ਦੇ ਕੁੱਝ ਅੰਸ਼ ਇਸ ਤਰ੍ਹਾਂ ਹਨ :

ਸਵਾਲ : ਇੱਕ ਵਿਅਕਤੀ ਦੀ ਕੁਰਬਾਨੀ ਸਦਕਾ ਤਕਰੀਬਨ 60 ਦਿਨਾਂ ਵਿਚ ਆਂਧਰਾ ਪ੍ਰਦੇਸ਼ ਨੂੰ ਭਾਸ਼ਾ ਦੇ ਅਧਾਰ 'ਤੇ ਸੂਬੇ ਦਾ ਦਰਜਾ ਮਿਲਿਆ ਪਰ ਹਜ਼ਾਰਾਂ ਗ੍ਰਿਫ਼ਤਾਰੀਆਂ ਹੋਣ ਮਗਰੋਂ ਵੀ ਪੰਜਾਬ ਨੂੰ ਲੰਬੀ ਘਾਲਣਾ ਘਾਲਣੀ ਪਈ ਇਹ ਵਿਤਕਰਾ ਕਿਉਂ ?

ਜਵਾਬ : ਡੈਮੋਕਰੇਸੀ (ਲੋਕਤੰਤਰ) ਵਿਚ ਹਮੇਸ਼ਾਂ ਹੀ ਘੱਟ ਗਿਣਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਜੇਕਰ ਉਹ ਚੁੱਪ ਚਾਪ ਆਪਣਾ ਕੰਮ ਕਰੀ ਜਾਣ, ਜਿਵੇਂ ਪਾਰਸੀ ਹਨ, ਕੋਈ ਤਾਕਤ ਨਹੀਂ ਮੰਗਦੇ, ਵੱਖਰਾ ਸੂਬਾ ਨਹੀਂ ਮੰਗਦੇ, ਕੋਈ ਸਿਆਸੀ ਤਾਕਤ ਜਾਂ ਵੱਡਾ ਅਹੁਦਾ ਨਹੀਂ ਮੰਗਦੇ ਤਾਂ ਕੋਈ ਪ੍ਰਵਾਹ ਨਹੀਂ ਹੁੰਦੀ ਉਨ੍ਹਾਂ ਨੂੰ ਕੋਈ ਤੰਗੀ ਨਹੀਂ ਆਈ। ਤੁਸੀਂ ਤਾਕਤ ਮੰਗਦੇ ਹੋ ਕਿਉਂਕਿ ਤੁਸੀਂ ਰਾਜ ਕੀਤਾ ਹੋਇਆ ਹੈ ਜੇਕਰ ਤੁਸੀਂ ਵੀ ਅੱਜ ਰਾਜ ਨਾ ਮੰਗੋ ਤਾਂ ਤੁਹਾਡੇ ਨਾਲ ਵੀ ਨਰਮ ਹੋ ਜਾਣਗੇ ਡੈਮੋਕਰੇਸੀ ਵਿਚ ਹਮੇਸ਼ਾਂ ਘੱਟ ਗਿਣਤੀਆਂ ਵਲੋਂ ਰਾਜ ਮੰਗਣ 'ਤੇ ਵੱਧ ਗਿਣਤੀਆਂ ਵਲੋਂ ਇਤਰਾਜ਼ ਕੀਤਾ ਜਾਂਦਾ ਹੈ ਕਿਉਂਕਿ ਉਹ ਸਮਜਦੇ ਹਨ ਕਿ ਫ਼ੈਸਲੇ ਲੈਣ ਦਾ ਹੱਕ ਉਨ੍ਹਾਂ ਦਾ ਹੈ।ਇਹ ਸਾਰੀ ਦੁਨੀਆਂ ਵਿਚ ਹੀ ਹੁੰਦਾ ਹੈ ਇਹ ਤੁਹਾਡੇ ਇਕੱਲਿਆਂ ਨਾਲ ਨਹੀਂ ਹੋ ਰਿਹਾ ਤੁਹਾਡੇ ਤੋਂ ਪਹਿਲਾਂ ਵੀ ਕਈ ਲੱਗੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਤੁਹਾਡੇ ਤੋਂ ਕਈ ਗੁਣਾ ਜ਼ਿਆਦਾ ਹੈ ਕਸ਼ਮੀਰੀ, ਜਿਨ੍ਹਾਂ ਨਾਲ ਪਾਕਿਸਤਾਨ ਅਤੇ ਹੋਰ ਮੁਸਲਿਮ ਦੇਸ਼ ਵੀ ਸਾਥ ਦੇ ਰਹੇ ਸਨ ਪਰ ਫਿਰ ਵੀ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਜੋ ਕੁੱਝ ਵੀ ਮਿਲਿਆ ਉਹ ਵੀ ਵਾਪਸ ਲੈ ਲਿਆ ਗਿਆ ਹੈ ਕਿਸੇ ਨੇ ਵੀ ਹਿੰਦੁਸਤਾਨ ਵਿਚ ਆਵਾਜ਼ ਹੀ ਨਹੀਂ ਚੁੱਕੀ। ਘੱਟ ਗਿਣਤੀਆਂ ਦੀ ਇਹ ਮੁਸ਼ਕਲ ਹੈ ਕਿ 100 ਫ਼ੀ ਸਦੀ ਠੀਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਝੂਠਾ ਸਾਬਤ ਕੀਤਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਤੁਸੀਂ ਦੇਸ਼ ਵਿਰੋਧੀ ਹੋ, ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਹੋ। 

ਉਹ ਮੰਗ ਕਰਦੇ ਹਨ ਕੇ ਸਾਨੂੰ ਦੇਸ਼ ਦੇ ਸਾਰੇ ਸੂਬਿਆਂ ਤੋਂ ਵੱਧ ਅਧਿਕਾਰ ਦਿਤੇ ਜਾਣ, ਜਿਵੇਂ ਅਨੰਦਪੁਰ ਦਾ ਮਤਾ ਸੀ। ਇਹ ਕਹਿੰਦੇ ਹਨ ਕਿ ਅਨੰਦਪੁਰ ਮਤਾ ਮਤਲਬ ਹੈ ਕਿ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਹਨ, ਸਿੱਖ ਪਾਕਿਸਤਾਨ ਨਾਲ ਮਿਲੇ ਹੋਏ ਹਨ। ਉਨ੍ਹਾਂ ਵਲੋਂ ਲਗਾਏ ਸਾਰੇ ਇਲਜ਼ਾਮ ਤੁਹਾਡੇ 'ਤੇ ਫਿੱਟ ਹੋ ਜਾਂਦੇ ਹਨ ਕਿਉਂਕਿ ਤੁਸੀਂ ਘੱਟ ਗਿਣਤੀ ਹੋ। ਤੁਸੀਂ ਭਾਵੇਂ ਜਿੰਨਾ ਮਰਜ਼ੀ ਬੋਲ ਲਾਓ ਕਿ ਅਸੀਂ ਦੇਸ਼ ਵਾਸੀ ਹਾਂ,ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਚੀਨ ਨੂੰ ਹਰਾਇਆ, ਪਾਕਿਸਤਾਨ ਨੂੰ ਹਰਾਇਆ,ਅਨਾਜ ਅਸੀਂ ਪੈਦਾ ਕੀਤਾ, ਹਿੰਦੁਸਤਾਨ ਦੀ ਹਰ ਤਕਲੀਫ਼ ਅਸੀਂ ਦੂਰ ਕੀਤੀ ਹੈ ਫਿਰ ਸਾਡੇ 'ਤੇ ਇਹ ਇਲਜ਼ਾਮ ਕਿਉਂ ਲਗਾਉਂਦੇ ਹੋ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਚੁੱਪ ਕਰ ਕੇ ਬੈਠੇ ਰਹੋ ਪਰ ਮੰਗੋ ਕੁੱਝ ਨਾ ਫਿਰ ਸਭ ਕੁੱਝ ਠੀਕ ਹੈ ਅਤੇ ਫਿਰ ਤੁਹਾਡੇ 'ਤੇ ਕੋਈ ਇਲਜ਼ਾਮ ਨਹੀਂ ਲਗਾਉਂਦੇ ਸਾਡੀ ਸੇਵਾ ਕਰਦੇ ਰਹੋ, ਤੁਹਾਡਾ ਕੰਮ ਹੈ ਸੇਵਾ ਕਰਦੇ ਰਹੋ।

Joginder SinghJoginder Singh

ਸਵਾਲ : ਸੂਬਿਆਂ ਦੀ ਹੱਦਬੰਦੀ ਹੋਣ ਤੋਂ ਬਾਅਦ ਇਹ ਹਾਲਤ ਸਨ ਭਾਵੇਂ ਕਿ ਪੰਜਾਬ ਨਾਲ ਵਿਤਕਰਾ ਹੋਇਆ ਪਰ 1940 ਤੋਂ ਪਹਿਲਾਂ ਜਾਂ ਮੁਸਲਿਮ ਲੀਗ ਦੀ ਗੱਲ ਕੀਤੀ ਜਾਵੇ ਤਾਂ ਉਸ ਪ੍ਰਭਾਵ ਹੇਠ ਕੀ ਅੱਜ ਦੇ ਪੰਜਾਬ ਨੂੰ ਕੋਈ ਨੁਕਸਾਨ ਹੋਇਆ?

ਜਵਾਬ: 1940 ਦਾ ਕੀ ਪ੍ਰਭਾਵ ਹੋਣਾ ਸੀ? ਮੁਸਲੀਮ ਲੀਗ (ਜੋ ਉਸ ਵੇਲੇ ਘੱਟ ਗਿਣਤੀ ਸਨ) ਨੇ ਮੰਗ ਰੱਖੀ ਸੀ ਕਿ ਸਾਨੂੰ ਪਾਰਟ ਬੀ ਸੂਬਿਆਂ (ਜੋ ਉਸ ਵੇਲੇ ਅੰਗਰੇਜ਼ਾਂ ਨੇ ਬਣਾਈਆਂ ਸਨ ਜਿਨ੍ਹਾਂ ਵਿਚ ਮੁਸਲਮਾਨਾਂ ਦੀ ਵੱਧ ਗਿਣਤੀ ਸੀ) ਵਿਚ ਤਾਕਤ ਦਿੱਤੀ ਜਾਵੇ। ਮੁਸਲਮਾਨਾਂ ਦੀ ਵੱਧ ਗਿਣਤੀ ਸੂਬਿਆਂ (ਪਾਰਟ ਬੀ) ਵਿਚ ਮੁਸਲਮਾਨ ਆਪਣੇ ਕਾਨੂੰਨ ਆਪ ਬਣਾ ਸਕਣਗੇ ਇਨੀ ਗੱਲ ਮੰਗੀ ਸੀ ਉਨ੍ਹਾਂ ਨੇ ਇਸ ਤੋਂ ਵੱਧ ਕੁੱਝ ਨਹੀਂ ਸੀ ਮੰਗਿਆ। 
ਉਨ੍ਹਾਂ ਨੇ ਇਹ ਗੱਲ ਨਹੀਂ ਮੰਨੀ ਪਰ ਫਿਰ ਕੁੱਜ ਸਿਆਣੇ ਲੋਕਾਂ ਨੇ ਵਿਚ ਪੈ ਕੇ ਸਮਝੌਤਾ ਕਰਵਾਇਆ ਜਿਸ ਨੂੰ ਲਖਨਊ ਪੈਕੇਟ ਕਹਿੰਦੇ ਹਨ ਲਖਨਊ ਪੈਕੇਟ ਵਿਚ ਇਹ ਗੱਲ ਮਨ ਲਈ ਗਈ ਕਿ ਮੁਸਲਮਾਨਾਂ  'ਤੇ ਹਿੰਦੂ ਆਪਣੇ ਕਾਨੂੰਨ ਲਾਗੂ ਨਹੀਂ ਕਰੇਗਾ। ਉਹ ਪਾਕਿਸਤਾਨ ਰੁਕਦੇ ਸੀ,ਅਸੀਂ ਨਹੀਂ ਲੈਂਦੇ ਪਾਕਿਸਤਾਨ। ਤੁਸੀਂ ਸਾਨੂੰ ਸਿਰਫ਼ ਹਿੰਦੁਸਤਾਨ ਵਿਚ ਪਾਰਟ ਬੀ ਸੂਬਿਆਂ ਵਿਚ ਆਪਣੇ ਕਾਨੂੰਨ ਆਪ ਬਣਾਉਣ ਦਾ ਹੱਕ ਦੇ ਦਿਓ। ਲਖਨਊ ਪੈਕੇਟ ਵਿਚ ਇਹ ਸਮਝੌਤਾ ਹੋ ਗਿਆ, ਉਸ ਵਿਚ ਨਾ ਨਹਿਰੂ ਸੀ ਨਾ ਪਟੇਲ ਅਤੇ ਨਾ ਹੀ ਗਾਂਧੀ। ਜਦੋਂ ਇਹ ਖ਼ਬਰ ਸਵੇਰੇ ਅਖ਼ਬਾਰ ਵਿਚ ਆਈ ਤਾਂ ਨਹਿਰੂ ਨੇ ਦਿੱਲੀ ਤੋਂ ਬਿਆਨ ਦੇ ਦਿਤਾ ਕਿ ਇਹ ਜੋ ਮਰਜ਼ੀ ਫ਼ੈਸਲੇ ਲੈ ਲੈਣ ਪਰ ਫ਼ੈਸਲਾ ਤਾਂ ਉਹ ਹੀ ਲਾਗੂ ਹੋਵੇਗਾ ਜੋ ਹਿੰਦੁਸਤਾਨ ਦੀ ਪਾਰਲੀਮੈਂਟ ਵਿਚ ਲਿਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਇਨ੍ਹਾਂ ਨੇ ਮੁੱਕਰ ਜਾਣਾ ਹੈ ਅਤੇ ਇਹ ਤਾਂ ਹੁਣ ਹੀ ਨਹੀਂ ਮਨ ਰਹੇ ਇਸ ਲਈ ਫਿਰ ਉਹ ਪਾਕਿਸਤਾਨ ਲਈ ਡਟ ਗਏ ਕਿ ਅਸੀਂ ਤਾਂ ਹੁਣ ਪਾਕਿਸਤਾਨ ਲੈ ਕੇ ਹੀ ਰਹਾਂਗੇ ਪਰ ਜਿਨਹਾ ਅਖੀਰ ਤੱਕ ਇਹ ਨਹੀਂ ਸੀ ਚਾਹੁੰਦੇ ਹਿੰਦੁਸਤਾਨ ਅਤੇ ਪਾਕਿਸਤਾਨ ਦੋਵੇਂ ਬਣਨ ਉਹ ਸਿਰਫ਼ ਇਹ ਚਾਹੁੰਦੇ ਸਨ ਕਿ ਮੁਸਲਮਾਨਾਂ ਨੂੰ ਤਾਕਤ ਦਿਤੀ ਜਾਵੇ (ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਵੀ ਆ ਗਈਆਂ ਹਨ ਅਤੇ ਉਨ੍ਹਾਂ ਦੇ ਆਖਰੀ ਕਥਨ ਵੀ ਆ ਗਏ ਹਨ) ਮੈਂ ਇਹ ਨਹੀਂ ਚਾਹੁੰਦਾ ਪਰ ਮੈਨੂੰ ਇਹ ਤਾਂ ਦੱਸੋ ਕਿ ਮੈਂ ਕੀ ਗ਼ਲਤ ਮੰਗਿਆ ਹੈ? ਮੇਰੇ 'ਤੇ ਉਨ੍ਹਾਂ ਦੇ ਬਣਾਏ ਹੋਏ ਕਾਨੂੰਨ ਲਾਗੂ ਨਾ ਹੋਣ ਸਗੋਂ ਮੇਰੇ 'ਤੇ ਮੇਰੇ ਖੁਦ ਦੇ ਕਾਨੂੰਨ ਦਾ ਹੱਕ ਹੋਵੇ ਉਨ੍ਹਾਂ ਦੀ ਇਹ ਗੱਲ ਨਹੀਂ ਮੰਨੀ ਗਈ। ਇਨ੍ਹਾਂ ਦੀ ਇਹ ਹਠ ਸੀ ਕਿ ਘੱਟ ਗਿਣਤੀ ਕੌਣ ਹੁੰਦੇ ਹਨ ਸਾਡੇ ਤੋਂ ਕੁੱਝ ਮੰਗਣ ਵਾਲੇ। ਸਾਨੂੰ ਤੋੜਨ ਖਾਤਰ ਉਨ੍ਹਾਂ ਨੇ ਕਿਹਾ ਕਿ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਦੇ ਦਿੱਤਾ ਜਾਵੇਗਾ। 

ਕੋਈ ਸੰਵਿਧਾਨ ਨਹੀਂ ਬਣੇਗਾ ਜਿਹੜਾ ਸਿੱਖ ਨਹੀਂ ਪਾਸ ਕਰਨਗੇ, ਇਹ ਬਕਾਇਦਾ ਮਹਾਤਮਾ ਗਾਂਧੀ ਨੇ ਸ੍ਰੀ ਸੀਸਗੰਜ ਸਾਹਿਬ ਆ ਕੇ ਇੱਕ ਲੈਕਚਰ ਵਿਚ ਵੀ ਕਿਹਾ ਸੀ। ਉਥੇ ਬੈਠੇ ਕੁੱਝ ਨੌਜਵਾਨਾਂ ਨੇ ਪੁੱਛਿਆ ਕਿ ਜੇ ਤੁਸੀਂ ਮੁੱਕਰ ਗਏ ਤਾਂ ਫਿਰ ਅਸੀਂ ਕੀ ਕਰਾਂਗੇ? ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਤੁਹਾਡੇ ਕੋਲ ਕਿਰਪਾਨ ਹੈ ਫਿਰ ਤੁਹਾਡੇ ਕੋਲ ਇਹ ਹੱਕ ਹੋਵੇਗਾ ਕਿ ਆਪਣੀ ਕਿਰਪਾਨ ਵਰਤ ਕੇ ਇਹ ਹੱਕ ਲੈ ਲਾਓ। ਇਹ ਗੱਲ ਰਿਕਾਰਡ ਵਿਚ ਵੀ ਹੈ। ਫਿਰ ਕਾਂਗਰਸ ਨੇ ਮਤਾ ਪਾਸ ਕੀਤਾ ਅਤੇ ਜਵਾਹਰਲਾਲ ਨਹਿਰੂ ਨੇ ਪ੍ਰੈਸ ਕਾਨਫ਼ਰੰਸ ਕੀਤੀ ਕਿ ਜਦੋਂ ਆਜ਼ਾਦ ਹਿੰਦੁਸਤਾਨ ਬਣੇਗਾ ਤਾਂ ਉੱਤਰ ਵਿਚ ਇੱਕ ਅਜਿਹਾ ਇਲਾਕਾ ਬਣਾਇਆ ਜਾਵੇਗਾ ਜਿਥੇ ਸਿੱਖ ਆਜ਼ਾਦੀ ਨਾਲ ਸਾਹ ਲੈ ਸਕਣਗੇ। ਸੋ, ਤੁਹਾਡੇ ਨਾਲ ਇਹ ਸਭ ਵਾਅਦੇ ਉਨ੍ਹਾਂ ਇਸ ਲਈ ਕੀਤੇ ਸਨ ਕਿ ਮੁਸਲਮਾਨਾਂ ਨੂੰ ਇੱਕ ਵਾਰ ਜਾਣ ਦ੍ਓ ਸਿੱਖਾਂ ਨੂੰ ਬਾਅਦ ਵਿਚ ਦੇਖ ਲਿਆ ਜਾਵੇਗਾ ਪਰ ਘੱਟ ਗਿਣਤੀਆਂ ਨੂੰ ਕੁੱਝ ਦੇਣ ਲਈ ਕਦੇ ਵੀ ਕੋਈ ਤਿਆਰ ਨਹੀਂ ਹੋਇਆ। 

 

ਸਵਾਲ :  ਅੰਗਰੇਜ਼ ਵੀ ਤਿਆਰ ਨਹੀਂ ਸੀ ਉਸ ਵੇਲੇ? ਅੰਗਰੇਜ਼ ਕੀ ਦਿੰਦੇ ਸਨ?

ਜਵਾਬ : ਅੰਗਰੇਜ਼ ਬਾਹਰਲੀ ਤਾਕਤ ਸਨ ਅਤੇ ਦੂਰ ਦੀ ਸੋਚਦੇ ਸਨ, ਆਪਣੇ ਬਾਰੇ ਸੋਚਦੇ ਸਨ।ਹਿੰਦੁਸਤਾਨ ਦੀ ਲੀਡਰਸ਼ਿਪ ਜੋ ਉਨ੍ਹਾਂ ਦੇ ਹਮਾਇਤੀ ਸਨ (ਨਹਿਰੂ, ਗਾਂਧੀ, ਪਟੇਲ ਆਦਿ) ਇਨ੍ਹਾਂ ਨੂੰ ਖੁਸ਼ ਕਰ ਲਿਆ ਸੀ। ਸੁਬਾਸ਼ ਚੰਦਰ, ਭਗਤ ਸਿੰਘ ਅਤੇ ਜਿੰਨੇ ਵੀ ਇਨਕਲਾਬੀ ਸਨ, ਕਈਆਂ ਨੂੰ ਖ਼ਤਮ ਕਰ ਦਿੱਤਾ ਤੇ ਕਈਆਂ ਨੂੰ ਮਾਰ ਦਿਤਾ। ਇਸ ਲਈ ਇਹ ਸਾਰੀ ਲੀਡਰਸ਼ਿਪ ਖੁਸ਼ ਸੀ ਕਿ ਜੋ ਤੁਸੀਂ  ਬਾਅਦ ਵਿਚ ਚਾਹੁੰਦੇ ਹੋ ਉਹ ਅਸੀਂ ਕਰਾਂਗੇ। ਇਨ੍ਹਾਂ ਨੇ ਅੰਗਰੇਜ਼ਾਂ ਨਾਲ ਵਾਅਦੇ ਕੀਤੇ ਕਿ ਜਦੋਂ ਉਹ ਇਥੋਂ ਚਲੇ ਜਾਣਗੇ ਤਾਂ ਉਨ੍ਹਾਂ ਦੇ ਕਰ ਇਹ ਵਾਜਦ ਕਰਵਾਉਣਗੇ। ਭਾਰਤ ਦਾ ਪਹਿਲਾ ਗਵਰਨਰ ਜਨਰਲ ਮਾਊਂਟ ਬੈਟਨ ਸੀ, ਸਾਰੇ ਅਹੁਦੇਦਾਰ ਅੰਗਰੇਜ਼ਾਂ ਦੇ ਹੱਕ ਦੇ ਸਨ। 

ਇਹੀ ਉਨ੍ਹਾਂ (ਅੰਗਰੇਜ਼ਾਂ) ਨੇ ਮੁਸਲਿਮ ਲੀਗ ਤੋਂ ਕਰਵਾਇਆ ਸੀ ਮੁਸਲਿਮ ਲੀਗ ਤੋਂ ਉਹ ਚਾਹੁੰਦੇ ਸਨ ਕਿ ਦੂਜੇ ਪਾਸੇ ਅਫ਼ਗ਼ਾਨਿਸਤਾਨ ਅਤੇ ਹੋਰ ਮੁਸਲਿਮ ਦੇਸ਼ ਹਨ, ਪਾਕਿਸਤਾਨ ਉਨ੍ਹਾਂ ਦਾ ਟਿਕਾਣਾ ਬਣ ਜਾਵੇ ਤੇ ਉਥੋਂ ਉਨ੍ਹਾਂ ਨੂੰ ਕਾਬੂ ਕਰਨ, ਇਹ ਸਭ ਉਨ੍ਹਾਂ ਦੇ ਆਪਣੇ ਕਰ (ਇੰਟ੍ਰਸਟ) ਕਾਰਨ ਸੀ। ਸਿੱਖਾਂ ਦੀ ਕੋਈ ਚੀਜ਼ ਨਹੀਂ ਸੀ ਜਿਸ ਕਰ ਕੇ ਉਹ ਬਾਅਦ ਵਿਚ ਅੰਗਰੇਜ਼ਾਂ ਦਾ ਕਰ (ਇੰਟ੍ਰਸਟ) ਵਾਜਦ ਕਰ ਸਕਣ ਕਿਉਂਕਿ ਇਨ੍ਹਾਂ ਦੀ ਬਹੁ ਗਿਣਤੀ ਪੰਜਾਬ ਵਿਚ ਵੀ ਨਹੀਂ ਸੀ। ਪੰਜਾਬ ਦੀ ਕੁਲ ਆਬਾਦੀ ਦੇ ਵਿਚ ਮੁਸਲਮਾਨ ਬਹੁ ਗਿਣਤੀ ਵਿਚ ਸਨ ਰਾਵਲਪਿੰਡੀ ਤੋਂ ਲੈ ਕੇ ਗੁੜਗਾਉਂ ਤਕ, ਜਿਸ ਵਿਚ ਪੰਜਾਬ,ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵੀ ਸੀ, ਇਨ੍ਹਾਂ ਵਿਚ 58% ਮੁਸਲਮਾਨ ਸਨ ਅਤੇ  ਹਿੰਦੂ ਤੇ ਸਿੱਖ ਮਿਲਾ ਕੇ 42% ਸਨ । ਸਿੱਖਾਂ ਦੀ ਗਿਣਤੀ ਸਿਰਫ਼ 13% ਸੀ, 13% ਨੂੰ ਉਹ ਕਿ ਦੇਣ?

ਜਦੋਂ ਗਿਆਨੀ ਕਰਤਾਰ ਸਿੰਘ ਵਾਇਸਰਾਏ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਖ਼ਾਲਿਸਤਾਨ ਚਾਹੀਦਾ ਹੈ ਵਾਇਸਰਾਏ ਨੇ ਕਿਹਾ ਕਿ ਸਾਹਮਣੇ ਕੰਧ 'ਤੇ ਨਕਸ਼ਾ ਲੱਗਾ ਹੋਇਆ ਹੈ ਜਿਥੇ ਵੀ ਸਿੱਖਾਂ ਦੀ ਬਹੁ ਗਿਣਤੀ ਹੈ ਉਥੇ ਲਕੀਰ ਮਾਰ ਦੀਓ, ਉਥੇ ਹੀ ਤੁਹਾਡਾ ਖ਼ਾਲਿਸਤਾਨ ਬਣਾ ਦੇਵਾਂਗੇ...ਕਿਥੇ ਬਣਾਈਏ? ਜਿਥੇ ਤੁਹਾਡੀ ਬਹੁ ਗਿਣਤੀ ਹੋਵੇਗੀ ਉਥੇ ਹੀ ਬਣਾਵਾਂਗੇ। ਕੋਈ ਜਗ੍ਹਾ ਨਹੀਂ ਸੀ ਸਿਰਫ਼ ਇੱਕ ਤਹਿਸੀਲ ਸੀ ਤਰਨਤਾਰਨ ਤਾਂ ਉਨ੍ਹਾਂ (ਵਾਇਸਰਾਏ) ਕਿਹਾ ਕਿ ਦੱਸੋ ਤੁਹਾਨੂੰ ਕਿਥੇ ਖ਼ਾਲਿਸਤਾਨ ਦੇਵਾਂ ? ਇਹ ਨਹੀਂ ਹੋ ਸਕਦਾ..ਗ਼ਲਤ ਗੱਲਾਂ ਨਾ ਕਰਿਆ ਕਰੋ ਤੇ ਨਾ ਹੀ ਸਮਾਂ ਬਰਬਾਦ ਕਰੋ  ਵਾਇਸਰਾਏ ਨੇ ਉਨ੍ਹਾਂ ਨੂੰ (ਗਿਆਨੀ ਕਰਤਾਰ ਸਿੰਘ) ਨੂੰ ਇਕ ਦਮ ਬਾਹਰ ਕੱਢ ਦਿਤਾ। ਇਸ ਕਰ ਕੇ ਸਿੱਖਾਂ ਪ੍ਰਤੀ ਅੰਗਰੇਜ਼ਾਂ ਦੀ ਪਾਲਸੀ ਕਦੇ ਵੀ ਚੰਗੀ ਨਹੀਂ ਰਹੀ।  ਉਹ ਸਿਰਫ਼ ਸਿੱਖਾਂ ਨੂੰ ਲੜਾਉਂਦਾ ਸੀ ਕਿਉਂਕਿ ਆਰਮੀ ਵਿਚ ਸਿੱਖ ਜ਼ਿਆਦਾ ਜਾਂਦੇ ਸਨ ...ਤਾਕਤ ਉਨ੍ਹਾਂ ਦੀ ਉਹ ਸੀ ਪਰ ਜਦੋਂ ਅੰਗਰੇਜ਼ ਜਾ ਰਹੇ ਸਨ ਤਾਂ ਉਨ੍ਹਾਂ ਦੀ ਰੁਚੀ ਸਿੱਖਾਂ ਵਿਚ ਨਹੀਂ ਸੀ। ਅੰਗਰੇਜ਼ਾਂ ਨੇ ਕਦੇ ਵੀ ਸਿੱਖਾਂ ਨੂੰ ਕੁੱਝ ਨਹੀਂ ਦਿੱਤਾ।

ਸਵਾਲ : ਪਰ ਜੇਕਰ ਭਾਸ਼ਾ ਦੇ ਅਧਾਰ 'ਤੇ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਕਾਫੀ ਆਸਾਨੀ ਨਾਲ ਬਣ ਗਿਆ ਸੀ ਪਰ ਪੰਜਾਬੀਆਂ ਨੂੰ ਬਹੁਤ ਲੰਬੀ ਘਾਲਣਾ ਘਾਲਣੀ ਪਈ, ਕਈ ਵਾਅਦੇ ਹੋਏ ਅਤੇ ਬਾਅਦ ਵਿਚ ਮੁੱਕਰੇ ਵੀ ਗਏ?

ਜਵਾਬ : ਇਹ ਪੰਜਾਬੀਆਂ ਦੀ ਗੱਲ ਨਹੀਂ ਸੀ ਜਦੋਂ ਅਸੀਂ ਹਿੰਦੁਸਤਾਨ ਵਿਚ ਆਏ ਸੀ ਤਾਂ ਸਾਡੀ ਸਿੱਖਾਂ ਦੀ ਜਨਸੰਖਿਆ ਇਸ ਪੰਜਾਬ ਵਿਚ 30% ਸੀ ਜਦਕਿ 70% ਗ਼ੈਰ ਸਿੱਖ (ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਮਿਲਾ ਕੇ) ਹਿੰਦੂ ਸਨ ਇਸ ਲਈ ਜਦੋਂ ਵੀ ਕੋਈ ਆਗੂ ਵੱਖਰਾ ਸੂਬਾ ਬਣਾਉਣ ਦੀ ਮੰਗ ਲੈ ਕੇ ਜਾਂਦਾ ਤਾਂ ਅੱਗੋਂ ਜਵਾਬ ਮਿਲਦਾ ਕਿ ਕਿਸ ਨੂੰ ਦੇਈਏ? ਬਹੁ ਗਿਣਤੀ ਤਾਂ ਇਸ ਦੇ ਖ਼ਿਲਾਫ਼ ਹਨ।

ਸਵਾਲ : ਮਹਾਂਪੰਜਾਬ ਵਿਚ ਵੀ ਜਦੋਂ ਗੱਲ ਕਰਦੇ ਸੀ ਤਾਂ ਉਸ ਵਿਚ ਵੀ ਇਹ ਨੁਕਤੇ ਜੋੜੇ ਜਾਂਦੇ ਸਨ?

ਜਵਾਬ : ਬਿਲਕੁਲ ਜੋੜੇ ਜਾਂਦੇ ਸਨ ਕਿਉਂਕਿ 70% ਗਿਣਤੀ ਉਨ੍ਹਾਂ ਦੇ ਇਸ਼ਾਰੇ 'ਤੇ ਵੋਟ ਦੇਣ ਵਾਲਿਆਂ ਦੀ ਸੀ। ਮਿਸਾਲ ਦੇ ਤੌਰ 'ਤੇ ਜਦੋਂ ਇਨ੍ਹਾਂ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਮਰਦਮਸ਼ੀਮਾਰੀ ਕੀਤੀ ਤਾਂ ਉਸ ਵਿਚ ਭਾਸ਼ਾ ਅਧਾਰ ਖਾਨਾਂ ਲਿਖਵਾਇਆ ਤਾਂ ਸਾਰੇ ਪੰਜਾਬੀ ਬੋਲਦੇ ਹਿੰਦੂਆਂ ਨੇ ਹਿੰਦੀ ਨੂੰ ਵੋਟ ਪਾਈ। ਮੇਰੇ ਪਿਤਾ ਜੀ ਦੇ ਭੂਆ ਜੀ ਸਨ ਉਹ ਹਰ ਵੇਲੇ ਜਪੁਜੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਸਨ ਪਰ ਹਿੰਦੂ ਸਨ, ਉਨ੍ਹਾਂ ਨੇ ਵੀ ਹਿੰਦੀ ਨੂੰ ਵੋਟ ਪਾਈ। ਜਦੋਂ ਮੇਰੇ ਪਿਤਾ ਜੀ ਨੇ ਪੁੱਛਿਆ ਕਿਹੜੀ ਜ਼ੁਬਾਨ ਨੂੰ ਵੋਟ ਪਾਈ ਹੈ ਤਾਂ, ਉਨ੍ਹਾਂ ਨੇ ਦੱਸਿਆ ਕਿ ਮੈਂ ਤਾਂ ਹਿੰਦੀ ਨੂੰ ਹੀ ਵੋਟ ਪਾਈ ਹੈ। ਪਿਤਾ ਜੀ ਨੇ ਪੁੱਛਿਆ -ਤੁਹਾਨੂੰ ਆਉਂਦੀ ਏ ਹਿੰਦੀ?

ਉਨ੍ਹਾਂ ਕਿਹਾ ਨਹੀਂ ਆਉਂਦੀ ਤਾਂ ਨਹੀਂ ਪਰ ਬਰਾਦਰੀ ਇਕੱਠੀ ਹੋਈ ਸੀ ਤੇ ਉਨ੍ਹਾਂ ਨੇ ਕਿਹਾ ਤਾਂ ਮੈਂ ਹਿੰਦੀ ਨੂੰ ਵੋਟ ਪਾ ਦਿੱਤੀ। ਕਿਉਂਕਿ ਉਥੇ ਅੰਬਾਲੇ ਵਿਚ ਪੰਜਾਬੀ ਮੁਹੱਲਾ ਸੀ ਉਹ ਰਫਿਊਜ਼ੀ ਸਨ ਜਿਹੜੇ ਪਾਕਿਸਤਾਨ ਤੋਂ ਆਏ ਸਨ, ਜਿਨ੍ਹਾਂ ਨਾਲ ਉਹ ਰਹਿੰਦੇ ਸਨ ..ਕੱਚੇ ਕੋਠੇ ਸੀ ਤੇ ਟੀਨ ਦੀਆਂ ਛੱਤਾਂ ਸਨ। ਹੁਣ ਦਿੱਲੀ ਤੋਂ ਪਟੇਲ ਦਾ ਸੁਨੇਹਾ ਆਇਆ ਕਿ ਜੇਕਰ ਤੁਸੀਂ ਆਪਣੀ ਬੋਲੀ ਹਿੰਦੀ ਲਿਖਵਾਉਂਦੇ ਹੋ ਤਾਂ ਤੁਹਾਨੂੰ ਪੱਕੇ ਮਕਾਨ ਦਿੱਤੇ ਜਾਣਗੇ, ਲਾਲਚ ਦਿੱਤਾ ਗਿਆ ।
ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੇ ਤਾਂ ਲਿਖਵਾਉਣੀ ਹੀ ਸੀ ਪਰ ਇਸ ਲਾਲਚ ਕਾਰਨ ਸਾਰੇ ਪੰਜਾਬੀ ਹਿੰਦੂਆਂ ਨੇ ਵੀ ਆਪਣੀ ਬੋਲੀ ਹਿੰਦੀ ਲਿਖਵਾ ਦਿੱਤੀ  ਜਿਸ ਦਾ ਨਤੀਜਾ ਇਹ ਹੋਇਆ ਕਿ 70% ਲੋਕਾਂ ਨੇ ਪੰਜਾਬ ਵਿਚ ਹਿੰਦੀ ਲਿਖਵਾ ਦਿੱਤੀ। ਉਹ ਕਹਿੰਦੇ ਹੁਣ ਤੁਹਾਨੂੰ ਪੰਜਾਬੀ ਸੂਬਾ ਕਿੱਥੋਂ ਦੇਈਏ?

Joginder SinghJoginder Singh

ਸਵਾਲ: ਜਦੋਂ ਇਹ ਪੇਪਰ ਬਣਿਆ ਤਾਂ ਉਸ ਵਿਚ ਹਿੰਦੀ ਦੇ ਨਾਲ ਕੋਈ ਹੋਰ ਭਾਸ਼ਾ ਜਾਂ ਪੰਜਾਬੀ ਲਿਖੀ ਸੀ? ਜਾਂ ਸਿਰਫ ਇਹੀ ਲਿਖ ਦਿੱਤਾ ਕਿ ਹਿੰਦੀ ਜਾਂ ਹੋਰ ਭਾਸ਼ਾਵਾਂ?

ਜਵਾਬ : ਨਹੀਂ, ਉਹ ਪੇਪਰ ਖਾਲੀ ਹੁੰਦਾ ਸੀ। ਬਸ ਇਹੀ ਪੁੱਛਦੇ ਸੀ ਕਿ ਤੁਹਾਡੀ ਕਿਹੜੀ ਭਾਸ਼ਾ ਹੈ। ਸਿੱਖਾਂ ਨੇ ਪੰਜਾਬੀ ਲਿਖਾਈ, ਬਾਕੀਆਂ ਨੇ ਹਿੰਦੀ ਲਿਖਾ ਦਿੱਤੀ। ਅਕਾਲੀਆਂ ਦੀ ਮੰਗ ਪੰਜਾਬੀ ਸੂਬਾ ਨਹੀਂ ਸੀ। ਉਨ੍ਹਾਂ ਦੀ ਮੰਗ ਸੀ ਕਿ ਜਿਹੜਾ ਨਹਿਰੂ-ਗਾਂਧੀ ਨੇ ਵਾਅਦਾ ਕੀਤਾ ਸੀ ਕਿ ਅਜਿਹਾ ਖਿੱਤਾ ਦਿੱਤਾ ਜਾਵੇ, ਜਿੱਥੇ ਸਿੱਖ ਅਪਣੀ ਆਜ਼ਾਦੀ ਮਾਣ ਸਕਣ, ਸਾਨੂੰ ਉਹ ਖਿੱਤਾ ਬਣਵਾ ਦਿਓ। ਉਹ ਕਹਿੰਦੇ ਸੀ ਕਿ ਕਿੱਥੇ ਬਣਾਈਏ ਤੁਹਾਡਾ ਖਿੱਤਾ, ਤੁਹਾਡੀ ਕਿਤੇ ਬਹੁਗਿਣਤੀ ਆਬਾਦੀ ਹੀ ਨਹੀਂ ਹੈ। ਉਹ ਦਲੀਲ ਦਿੰਦੇ ਸੀ ਕਿ ਸਿਰਫ ਤੁਹਾਨੂੰ ਖੁਸ਼ ਕਰਨ ਲਈ ਅਸੀਂ ਬਾਕੀਆਂ ਨੂੰ ਨਾਰਾਜ਼ ਕਰ ਦੇਈਏ? ਫਿਰ ਇਹਨਾਂ  ਨੇ ਫਿਰ ਮੀਡੀਆ ਜ਼ਰੀਏ ਕਿਹਾ ਕਿ ਅਸੀਂ ਲੁੱਟ ਕੇ ਆਏ ਹਾਂ ਤੇ ਸਾਡੇ ਕੋਲ ਨਾ ਪੈਸਾ ਹੈ ਨਾ ਕੁਝ ਹੋਰ, ਇਸ ਲਈ ਕੁਝ ਹੋਰ ਰਸਤਾ ਕੱਢੀਏ। ਗਿਆਨੀ ਕਰਤਾਰ ਸਿੰਘ ਨੇ ਕਿਹਾ ਕਿ ਰਸਤਾ ਹੈ ਇਕ, ਪੰਜਾਬੀ ਸੂਬਾ ਮੰਗ ਲਓ। ਕਿਉਂਕਿ 1932 ਵਿਚ ਕਾਂਗਰਸ ਨੇ ਸਾਰੇ ਦੇਸ਼ ਵਿਚ ਮਤਾ ਪਾਸ ਕੀਤਾ ਸੀ ਕਿ ਜਦੋਂ ਅਸੀਂ ਆਜ਼ਾਦ ਹੋਏ ਤਾਂ ਸਾਰੇ ਦੇਸ਼ ਵਿਚ ਭਾਸ਼ਾ ਦੇ ਅਧਾਰ ’ਤੇ ਇਕ-ਇਕ ਸੂਬਾ ਬਣਾਵਾਂਗੇ। ਇਹਨਾਂ ਕਿਹਾ ਕਿ ਇਸ ਦਾ ਫਾਇਦਾ ਚੁੱਕੋ। ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸਨ ਤੇ ਅਕਾਲੀਆਂ ਨੇ ਉਨ੍ਹਾਂ ਦੀ ਗੱਲ ਮੰਨ ਕੇ ਪੰਜਾਬੀ ਸੂਬੇ ਦੀ ਮੰਗ ਰੱਖੀ। 

ਉਨ੍ਹਾਂ ਨੇ ਪੰਜਾਬੀ ਸੂਬੇ ਦਾ ਮਤਲਬ ਕੀ ਕੱਢਿਆ? ਮਾਸਟਰ ਤਾਰਾ ਸਿੰਘ ਦੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਹੋਈ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ, “ ਮਾਸਟਰ ਜੀ ਮੁਝੇ ਪਤਾ ਹੈ ਕਿ ਆਪਕੇ ਦਿਲ ਮੇ ਕਿਆ ਹੈ, ਆਪ ਖਾਲਿਸਤਾਨ ਚਾਹਤੇ ਹੈਂ, ਪੰਜਾਬੀ ਸੇ ਆਪਕਾ ਕੋਈ ਮਤਲਬ ਨਹੀਂ”। ਮਾਸਟਰ ਤਾਰਾ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਪੰਡਿਤ ਜੀ ਮੈਨੂੰ ਵੀ ਪਤਾ ਕਿ ਤੁਹਾਡੇ ਦਿਲ ਵਿਚ ਕੀ ਹੈ। ਤੁਸੀਂ ਚਾਹੁੰਦੇ ਹੋ ਕਿ ਸਾਰੇ ਸਿੱਖ ਹਿੰਦੂ ਬਣ ਜਾਣ। ਸਿੱਖ ਖਤਮ ਹੋ ਜਾਣ। ਉਨ੍ਹਾਂ ਕਿਹਾ ਕਿ ਅਪਣੇ ਦਿਲ ਦੀ ਗੱਲ ਅਪਣੇ ਦਿਲ ਵਿਚ ਰਹਿਣ ਦਿਓ ਤੇ ਮੇਰੇ ਦਿਲ ਦੀ ਮੇਰੇ ਦਿਲ ਵਿਚ ਰਹਿਣ ਦਿਓ। ਭਾਸ਼ਾ ਦੇ ਅਧਾਰ ’ਤੇ ਹੋਰ ਸੂਬੇ ਵੀ ਬਣ ਰਹੇ ਨੇ, ਇੱਥੇ ਵੀ ਬਣਾ ਦਿਓ। ਇਸ ਦਾ ਪੰਡਿਤ ਨਹਿਰੂ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਨੇ ਬਾਅਦ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਵੀ ਦੱਸਿਆ ਕਿ ਪੰਡਿਤ ਨਹਿਰੂ ਨੇ ਇਹ ਜਵਾਬ ਦਿੱਤਾ। ਉਹ ਨਹੀਂ ਚਾਹੁੰਦੇ ਸੀ ਕਿ ਸਿੱਖਾਂ ਦਾ ਕੋਈ ਸੂਬਾ ਬਣ ਜਾਵੇ। ਉਨ੍ਹਾਂ ਨੂੰ ਡਰ ਸੀ ਕਿ ਜੇ ਪੰਜਾਬੀ ਸੂਬਾ ਬਣਾ ਦਿੱਤਾ ਤਾਂ ਇਹ ਸਿੱਖ ਬਹੁਗਿਣਤੀ ਸੂਬਾ ਬਣ ਜਾਵੇਗਾ। 

ਸਿੱਖ ਇਤਿਹਾਸ ਵਿਚ ਕਦੀ ਵਿਚ ਸਿੱਖ ਬਹੁਗਿਣਤੀ ਸੂਬਾ ਨਹੀਂ ਹੋਇਆ। ਨਾ ਰਣਜੀਤ ਸਿੰਘ ਵੇਲੇ ਸੀ ਤੇ ਨਾ ਹੀ ਉਸ ਤੋਂ ਬਾਅਦ ਸੀ। ਨਾ ਹੀ ਅੰਗਰੇਜ਼ਾਂ ਦੇ ਰਾਜ ਵਿਚ ਸੀ। ਇਹ ਪਹਿਲੀ ਵਾਰ ਸਿੱਖ ਬਹੁਗਿਣਤੀ ਸੂਬਾ ਬਣਨਾ ਸੀ, ਇਸੇ ਲਈ ਇਸ ਦਾ ਵੱਡੇ ਪੱਧਰ ’ਤੇ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ 1949 ਵਿਚ ਜਲੰਧਰ ਮਿਊਂਸੀਪਲ ਕਮੇਟੀ ਨੇ ਮਤਾ ਪਾਸ ਕੀਤਾ ਕਿ ਅਸੀਂ ਸਾਰਾ ਕੰਮ ਹਿੰਦੀ ਵਿਚ ਕਰਾਂਗੇ। ਪੰਜਾਬ ਯੂਨੀਵਰਸਿਟੀ ਉਸ ਵੇਲੇ ਸ਼ਿਮਲੇ ਵਿਚ ਹੁੰਦੀ ਸੀ, ਯੂਨੀਵਰਸਿਟੀ ਨੇ ਮਤਾ ਪਾਸ ਕੀਤਾ ਕਿ ਸਾਡਾ ਸਾਰਾ ਕੰਮ ਹਿੰਦੀ ਵਿਚ ਹੋਵੇਗਾ। ਅੱਜ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹਿੰਦੀ ਹੈ, ਪੰਜਾਬੀ ਦਾ ਸਿਰਫ ਛੋਟਾ ਜਿਹਾ ਵਿਭਾਗ ਰੱਖਿਆ ਹੋਇਆ ਹੈ। ਪੂਰੇ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਮਤੇ ਪਾਸ ਹੋਣ ਲੱਗੇ ਕਿ ਅਸੀਂ ਹਿੰਦੀ ਵਿਚ ਕੰਮ ਕਰਾਂਗੇ। ਇਸ ਤੋਂ ਬਾਅਦ ਸਿੱਖ ਲਿਡਰਸ਼ਿਪ ਘਬਰਾ ਗਈ। ਉਨ੍ਹਾਂ ਨੇ ਫਿਰ ਪੰਜਾਬੀ ਸੂਬੇ ਦਾ ਵਿਚਕਾਰਲਾ ਰਸਤਾ ਕੱਢਿਆ, ਇਹ ਵੀ ਦੋ ਕਿਸ਼ਤਾਂ ਵਿਚ ਮਿਲਿਆ, ਪਹਿਲਾਂ 1955 ਵਿਚ ਰਿਜਨਲ ਫਾਰਮੂਲਾ ਬਣਿਆ, ਫਿਰ ਪੰਜਾਬੀ ਸੂਬਾ ਬਣਿਆ।

Joginder SinghJoginder Singh

ਸਵਾਲ: ਕਿਹਾ ਜਾ ਰਿਹਾ ਹੈ ਕਿ ਰਿਜਨਲ ਫਾਰਮੂਲਾ ਕਾਮਯਾਬ ਨਹੀਂ ਸੀ ਹੋਇਆ?  

ਜਵਾਬ:  ਰਿਜਨਲ ਫਾਰਮੂਲਾ ਫੇਲ੍ਹ ਹੋ ਗਿਆ ਸੀ ਕਿਉਂਕਿ ਕੈਰੋਂ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਇਸ ਲਈ ਉਨ੍ਹਾਂ ਨੇ ਜਾਣਕੇ ਇਸ ਨੂੰ ਫੇਲ੍ਹ ਕੀਤਾ। ਜਦੋਂ ਰਿਜਨਲ ਕਮੇਟੀਆਂ ਬਣੀਆਂ, ਇਕ ਹਰਿਆਣੇ ਦੀ ਹਿੰਦੀ ਦੀ ਕਮੇਟੀ ਬਣੀ ਤੇ ਇਕ ਪੰਜਾਬੀ ਦੀ ਕਮੇਟੀ ਬਣੀ। ਪੰਜਾਬੀ ਰਿਜਨਵ ਦਾ ਪਹਿਲਾ ਚੇਅਰਮੈਨ ਇਕ ਹਿੰਦੂ ਨੂੰ ਬਣਾਇਆ ਗਿਆ ਸੀ।  ਸਿੱਖਾਂ ਨੇ ਉਸ ਸਮੇਂ ਖੁੱਲ੍ਹਦਿਲੀ ਦਿਖਾਈ ਸੀ। ਉਸ ਵੇਲੇ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਇਹੀ ਹੋਣਾ ਚਾਹੀਦਾ ਹੈ ਕਿ ਸਾਡਾ ਇਕ ਅਪਣਾ ਸੂਬਾ ਹੋਵੇ, ਜਿੱਥੇ ਸਾਡਾ ਅਪਣਾ ਸੰਵਿਧਾਨ ਹੋਵੇ। ਜਦੋਂ ਪੰਜਾਬੀ ਸੂਬਾ ਬਣਿਆ ਤਾਂ ਸਾਰੇ ਮਨਿਸਟਰੀਆਂ ਪਿੱਛੇ ਪੈ ਗਏ।  

ਸਵਾਲ: ਮਾਸਟਰ ਤਾਰਾ ਸਿੰਘ ਦਾ ਬਾਈਕਾਟ ਤੱਕ ਹੋ ਗਿਆ ਸੀ। ਜਦੋਂ ਨਹਿਰੂ ਦੇ ਕਹਿਣ ’ਤੇ ਸੰਤ ਫਤਹਿ ਸਿੰਘ ਨੂੰ ਇਹ ਕਿਹਾ ਸੀ ਕਿ ਮਰਨ ਵਰਤ ਤੋੜ ਦਿਓ। ਹਾਲਾਂਕਿ ਬਾਅਦ ਵਿਚ ਉਹ ਵਾਅਦੇ ਤੋਂ ਮੁਕਰ ਗਏ। ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੀ ਮੰਨਦੇ ਹੋ ਕਿ ਕਿੰਨਾ ਕੁ ਦੋਸ਼ ਸੀ?

ਜਵਾਬ: ਗੱਲ ਇਸ ਤਰ੍ਹਾਂ ਨਹੀਂ ਸੀ। ਨਹਿਰੂ ਨੇ ਸਰਦਾਰ ਹੁਕਮ ਸਿੰਘ ਨੂੰ ਭੇਜਿਆ ਸੀ। ਉਹ ਉਸ ਵੇਲੇ ਸਪੀਕਰ ਸਨ। ਉਨ੍ਹਾਂ ਨੇ ਦਰਬਾਰ ਸਾਹਿਬ ਆ ਕੇ ਕਿਹਾ ਸੀ ਕਿ ਤੁਸੀਂ ਵਰਤ ਤੋੜ ਦਿਓ। ਮੈਂ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਕਹਿੰਦਾ ਹਾਂ ਕਿ ਪੰਜਾਬੀ ਸੂਬਾ ਬਣੇਗਾ। ਤਾਂ ਇਧਰ ਰੌਲਾ ਪੈ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਮਰਵਾਉਣਾ ਚਾਹੁੰਦੇ ਨੇ ਸੰਤ ਫਤਹਿ ਸਿੰਘ  ਨੂੰ। ਰੌਲਾ ਪਾਉਣ ਵਾਲਾ ਕੈਰੋਂ ਸੀ। ਕੈਰੋਂ ਨੇ ਹੀ ਹੁਕਮ ਸਿੰਘ ਨੂੰ ਭਿਜਵਾਇਆ ਸੀ। ਹੁਕਮ ਸਿੰਘ ਨੇ ਇਹ ਨਹੀਂ ਕਿਹਾ ਕਿ ਮੈਂ ਨਹਿਰੂ ਸਿੰਘ ਦੇ ਕਹਿਣ ’ਤੇ ਇਹ ਕਹਿ ਰਿਹਾ ਹਾਂ। ਰੋਲਾ ਇਹ ਪਿਆ ਸੀ ਕਿ ਦੇਖੋ ਮਾਸਟਰ ਤਾਰਾ ਸਿੰਘ ਅਜੇ ਵੀ ਸੰਤ ਫਤਹਿ ਸਿੰਘ ਨੂੰ ਕਹਿੰਦੇ ਨੇ ਕਿ ਵਰਤ ਨਹੀਂ ਛੱਡਣਾ। ਇਹ ਸੰਤ ਫਤਹਿ ਸਿੰਘ ਨੂੰ ਮਾਰਨਾ ਚਾਹੁੰਦਾ ਹੈ ਕਿਉਂਕਿ ਉਸ ਦੇ ਮੁਕਾਬਲੇ ਦਾ ਲੀਡਰ ਪੈਦਾ ਹੋ ਗਿਆ ਹੈ। ਇੰਨਾ ਦਬਾਅ ਪਾਇਆ ਗਿਆ ਕਿ ਉਨ੍ਹਾਂ ਮਜਬੂਰੀ ਵਿਚ ਕਿਹਾ ਕਿ ਛੱਡ ਦੇ ਵਰਤ, ਜੇ ਲੋੜ ਪਈ ਤਾਂ ਮੈ ਰੱਖਾਂਗਾ।  

ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਹਾਲਾਤ ਦੇਖੋ ਤਾਂ ਮਹਾਰਾਣੀ ਜਿੰਦਾ ਤਾਂ ਅੰਗਰੇਜ਼ਾਂ ਨਾਲ ਲੜਦੀ ਪਈ ਸੀ, ਉਹ ਅੰਨੀ ਵੀ ਹੋ ਗਈ, ਉਸ ਨੂੰ ਕੈਦ ਵੀ ਕੀਤਾ ਗਿਆ ਪਰ ਅੰਗਰੇਜ਼ਾਂ ਨੇ ਉਨ੍ਹਾਂ ਬਾਰੇ ਜੋ ਗੱਲਾਂ ਫੈਲਾਈਆਂ ਸਨ ਕਿ ਇਹ ਅੰਗਰੇਜ਼ਾ ਨਾਲ ਮਿਲੀ ਹੋਈ ਹੈ ਤੇ ਸਿੱਖਾਂ ਨੂੰ ਮਰਵਾਉਣਾ ਚਾਹੁੰਦੀ ਹੈ।  
ਮਾਸਟਰ ਤਾਰਾ ਸਿੰਘ ਦਾ ਇਕ ਨਾਵਲ ਹੈ ‘ਬਾਬਾ ਤੇਗਾ ਸਿੰਘ’। ਇਹ ਅਸਲ ਕਹਾਣੀ ਹੈ, ਬਾਬਾ ਤੇਗਾ ਸਿੰਘ ਇਕ ਫੌਜੀ ਸੀ ਜੋ ਉਨ੍ਹਾਂ ਫੌਜਾਂ ਵਿਚ ਸ਼ਾਮਲ ਸਨ, ਜੋ ਸਿੱਖਾਂ ਵਲੋਂ ਅੰਗਰੇਜ਼ਾਂ ਨਾਲ ਲੜੀਆਂ ਸਨ। ਉਹ ਕਹਿੰਦੇ ਸੀ ਕਿ ਇਹ ਮਰ ਜਾਂਦੀ, ਇਹ ਅੰਗਰੇਜ਼ਾਂ ਨਾਲ ਰਲੀ ਹੋਈ ਹੈ, ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਦਾ ਬਚਾਅ ਵੀ ਕੀਤਾ। ਡਾ. ਗੰਢਾ ਸਿੰਘ ਨੇ ਚਿੱਠੀਆਂ ਕੱਢ ਕੇ ਸਾਰੀ ਸੱਚਾਈ ਦੱਸੀ ਸੀ।  ਇਹੀ ਹਾਲ ਪਹਿਲਾਂ ਬੰਦਾ ਸਿੰਘ ਦਾ ਹੋਇਆ ਸੀ ਕਿਹਾ ਜਾਂਦਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਵੈਰੀ ਹੈ ਅਤੇ ਖੁਦ ਗੁਰੂ ਬਣਨਾ ਚਾਹੁੰਦਾ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਦਾ ਕਲੇਜਾ ਕੱਢ ਕੇ ਮੂੰਹ ਵਿਚ ਪਾਇਆ ਪਰ ਸਿੱਖਾਂ ਨੇ ਇਕ ਵੀ ਲਫਜ਼ ਉਨ੍ਹਾਂ ਬਾਰੇ ਨਹੀਂ ਬੋਲਿਆ। ਕੋਈ ਪ੍ਰਦਰਸ਼ਨ ਨਹੀਂ ਕੀਤਾ ਤੇ ਨਾ ਹੀ ਕੋਈ ਪਾਠ ਕਰਵਾਇਆ ਗਿਆ।  ਇਹ ਸ਼ੁਰੂ ਤੋਂ ਹੁੰਦਾ ਆ ਰਿਹਾ ਹੈ, ਸਾਨੂੰ ਅੰਦਰ ਦੀ ਕਹਾਣੀ ਪਤਾ ਨਹੀਂ ਹੁੰਦੀ, ਜੋ ਫੈਲਿਆ ਜਾਂਦਾ ਹੈ, ਉਸ ਉੱਤੇ ਹੀ ਯਕੀਨ ਕੀਤਾ ਜਾਂਦਾ ਹੈ।

ਸਵਾਲ: ਜੇ ਅਸੀਂ ਅੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਸਿੱਖਾਂ ਨੇ ਘਾਲਣਾਂ ਘਾਲ ਕੇ ਇਕ ਪੰਜਾਬ ਲਿਆ ਪਰ 2021 ਵਿਚ ਅੱਜ ਦਾ ਜੋ ਪੰਜਾਬ ਹੈ, ਉਸ ਨੂੰ ਦੇਖ ਕੇ ਕੀ ਲੱਗਦਾ ਹੈ ਕਿ ਜੋ ਇੱਛਾ ਰੱਖਦੇ ਸੀ, ਉਹ ਕਿਤੇ ਨਾ ਕਿਤੇ ਵਫਾ ਨਹੀਂ ਹੋਈ?

ਜਵਾਬ:  ਇਨਸਾਫ, ਵਫਾਂ ਤਾਂ ਕਸ਼ਮੀਰ ਵਿਚ ਵੀ ਨਹੀਂ ਹੋਈ। ਚੰਗੀ ਲੀਡਰਸ਼ਿਪ ਸੀ ਉਨ੍ਹਾਂ ਕੋਲ। ਉਨ੍ਹਾਂ ਵਿਚ ਕੋਈ ਕਮੀ ਵੀ ਨਹੀਂ ਸੀ। ਸਾਡੀਆਂ ਸਾਰੀਆਂ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ, ਸਾਡੇ ਤਾਂ ਲੀਡਰ ਵੀ ਨਾ ਹੋਇਆਂ ਵਰਗੇ ਹਨ। ਇਤਿਹਾਸ ਵਿਚ ਕਿਸੇ ਨੂੰ ਐਨੀ ਗੰਦੀ ਲਿਡਰਸ਼ਿਪ ਨਹੀਂ ਮਿਲੀ, ਜਿੰਨੀ ਸਾਡੀ ਕੌਮ ਨੂੰ ਮਿਲੀ ਹੈ। ਯੂਰੋਪ ਵਿਚ ਤਾਂ ਘੱਟ ਗਿਣਤੀਆਂ ਦਾ ਹੱਕ ਦਿੱਤਾ ਜਾਂਦਾ ਹੈ। ਏਸ਼ੀਆ ਤੇ ਅਰਬ ਦੇਸ਼ਾਂ ਵਿਚ ਤਾਂ ਘੱਟ ਗਿਣਤੀਆਂ ਨੂੰ ਕੋਈ ਹੱਕ ਨਹੀਂ ਮਿਲਦਾ। ਬੋਧੀਆਂ ਦੇ ਦੇਸ਼ਾਂ ਵਿਚ ਵੀ ਘੱਟ ਗਿਣਤੀਆਂ ਦਾ ਬੁਰਾ ਹਾਲ ਹੈ। ਹਿੰਦੁਸਤਾਨ ਸਰਕਾਰ ਨੇ ਕਿਸੇ ਹੋਰ ਘੱਟ ਗਿਣਤੀਆਂ ਨੂੰ ਕੁਝ ਦਿੱਤਾ ਹੈ? ਕਿਸੇ ਨੂੰ ਕੁਝ ਨਹੀਂ ਦਿੱਤਾ, ਤੁਹਾਨੂੰ ਕਿਉਂ ਦੇਣਗੇ। ਜੇ ਤੁਹਾਡੀ ਲਿਡਰਸ਼ਿਪ ਸਿਆਣੀ ਹੋਵੇਗੀ ਤਾਂ ਸ਼ਾਇਦ ਤੁਹਾਨੂੰ ਮਿਲ ਜਾਵੇ ਨਹੀਂ ਤਾਂ ਉਨ੍ਹਾਂ ਨੇ ਜਿਨਹਾ ਨੂੰ ਵੀ ਨਾਂਹ ਕਰ ਦਿੱਤੀ ਸੀ।

ਕਿਉਂਕਿ ਏਸ਼ੀਆ ਵਿਚ ਇਹ ਪਰੰਪਰਾ ਹੈ ਕਿ ਜਿਸ ਧਰਮ ਦਾ ਰਾਜਾ ਹੈ, ਉਹ ਦੂਜੇ ਧਰਮ ਨੂੰ ਬਰਦਾਸ਼ਤ ਨਹੀਂ ਕਰਦਾ, ਉਸ ਨੂੰ ਬਦਲ ਲਿਆ ਜਾਂਦਾ ਹੈ। ਉਹ ਤੁਹਾਨੂੰ ਤੁਹਾਡੇ ਲੀਡਰਾਂ ਤੋਂ ਵੀ ਦੂਰ ਕਰ ਲੈਂਦੇ ਨੇ। ਇਸ ਕਰਕੇ ਥੋੜਾ ਪੜ੍ਹਨਾ ਪੈਂਦਾ ਹੈ ਕਿ ਕਮੀ ਕਿੱਥੇ ਰਹੀ। ਮੈਂ ਇੱਥੋਂ ਤੱਕ ਲਿਖਿਆ ਕਿ ਕੋਈ ਮੇਰੇ ਕੋਲੋਂ 10 ਲੱਖ ਰੁਪਏ ਲੈ ਜਾਵੇ ਪਰ ਇਹ ਦੱਸ ਦੇਵੇ ਕਿ ਅੰਗਰੇਜ਼ ਕੁਝ ਦਿੰਦਾ ਵੀ ਸੀ। ਸ. ਕਪੂਰ ਸਿੰਘ ਨੇ ਸਾਚੀ ਸਾਖੀ ਲਿਖੀ ਸੀ ਤੇ ਮੈਂ ਕਿਹਾ ਕਿ ਕਪੂਰ ਸਿੰਘ ਜੀ ਗੱਪਾਂ ਮਾਰਨ ਦੀ ਗੱਲ ਹੋਰ ਹੈ, ਕੋਈ ਸਬੂਤ ਹੈ? ਕਿ ਉਹ ਕੁਝ ਦਿੰਦੇ ਸੀ। ਯਾਨੀ ਘੱਟ ਗਿਣਤੀਆਂ ਦੀ ਇਕ ਸਮੱਸਿਆ ਇਹ ਹੈ ਕਿ ਸਰਕਾਰ ਕੁਝ  ਨਹੀਂ ਦਿੰਦੀ ਤੇ ਦੂਜੀ ਸਮੱਸਿਆ ਇਹ ਹੈ ਕਿ ਉਹ ਸਾਡੇ ਵਿਚ ਖੂਫੀਆ ਏਜੰਸੀਆਂ ਭੇਜ ਦਿੰਦੀਆਂ ਨੇ ਤੇ ਜੋ ਉਹ ਝੂਠ ਫੈਲਾਉਂਦੀਆਂ ਨੇ ਉਹ ਸਾਨੂੰ ਸਾਡੇ ਲੀਡਰਾਂ ਤੋਂ ਦੂਰ ਲੈ ਜਾਂਦੇ ਨੇ, ਇਸ ਨਾਲ ਸਾਡੀ ਲਹਿਰ ਖਤਮ ਕਰ ਦਿੱਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement