
ਗੁਰਦਵਾਰਿਆਂ ’ਚ ਹਰ ਰੋਜ਼ ਬਿਜਲੀ ਨਾਲ ਬੀੜਾਂ ਨੂੰ ਅੱਗ ਲੱਗ ਜਾਂਦੀ ਹੈ ਕਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਘਰ ਇਹ ਅੱਗ ਕਿਉਂ ਨਹੀਂ ਲਗਦੀ?
ਮੁਹਾਲੀ: ਸਿੱਖ ਕੌਮ ਲਈ ਸੱਭ ਤੋਂ ਪਵਿੱਤਰ ਤੇ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੈ। ਸੋਚੋ ਸ਼੍ਰੋਮਣੀ ਕਮੇਟੀ ਵਾਲੇ ਕਿੰਨੇ ਖ਼ਤਰਨਾਕ ਹਨ। ਹਜ਼ਾਰਾਂ ਬੀੜਾਂ ਗ੍ਰੰਥ ਸਾਹਿਬ ਦੀਆਂ ਵੇਚ ਗਏ। ਦਰਬਾਰ ਸਾਹਿਬ ਹਮਲੇ ਤੋਂ ਬਾਅਦ ਮਿਲਿਆ ਸਾਰਾ ਸਾਮਾਨ ਜੋ ਗੁਰੂਆਂ ਨਾਲ ਸਬੰਧਤ ਸੀ ਤੇ ਜੋ ਸੈਂਕੜੇ ਹੱਥ ਲਿਖਤ ਬੀੜਾਂ ਸਨ, ਸੱਭ ਵੇਚ ਗਏ। ਨਰੈਣੂ ਮਹੰਤ ਵਰਗੇ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ।
Sri Guru Granth Sahib Ji
ਅਸੀ ਗੁਰੂ ਗ੍ਰੰਥ ਸਾਹਿਬ ਤੇ ਮੱਖੀ ਨਹੀਂ ਬੈਠਣ ਦਿੰਦੇ। ਦੂਜੇ ਪਾਸੇ ਅੱਗ ਬੀੜਾਂ ਨੂੰ ਹੀ ਕਿਉਂ ਲਗਦੀ ਹੈ? ਕਹਿੰਦੇ ਜੀ ਸ਼ਾਰਟ ਸਰਕਟ ਨਾਲ ਅੱਗ ਲੱਗ ਜਾਂਦੀ ਹੈ। ਦੱਸੋ ਵੀਰੋ ਇਹ ਅੱਗ ਅੱਜ ਤਕ ਕਿਸੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਦੇ ਘਰ ਨੂੰ ਵੀ ਲੱਗੀ ਹੈ? ਸੰਗਤ ਸ਼ਰਧਾਵਾਨ ਹੈ, ਲੱਖਾਂ ਰੁਪਏ ਦੇ ਰੁਮਾਲੇ, ਦੁਸ਼ਾਲੇ, ਚੰਦੋਏ, ਚੜ੍ਹਾਉਂਦੀ ਹੈ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਇਹ ਵੀ ਵੇਚ ਰਹੇ ਹਨ।
SGPC
ਸੰਗਤ ਗੁਰੂ ਘਰਾਂ ਵਿਚ ਲੱਖਾਂ ਰੁਪਏ ਰੋਜ਼ ਖ਼ਰਚ ਕਰ ਕੇ ਲੰਗਰ ਚਲਾਉਂਦੀ ਹੈ, ਇਹ ਬਿਲ ਪਾ ਰਹੇ ਹਨ। ਜਦੋਂ ਇਨ੍ਹਾਂ ਦਾ ਕੋਈ ਖ਼ਾਸ ਮਰ ਜਾਂਦਾ ਹੈ ਤਾਂ ਇਹ ਭੋਗ ਵੀ ਉਥੇ ਹੀ ਪਾਉਂਦੇ ਹਨ, ਸਾਰਾ ਖ਼ਰਚਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖ਼ਰਚੇ ਵਿਚੋਂ। ਜਦੋਂ ਅਕਾਲੀਆਂ ਲਈ ਵੱਡੀਆਂ ਮੀਟਿੰਗਾਂ ਕਰਦੇ ਹਨ, ਗੁਰੂ ਘਰਾਂ ਵਿਚ ਸਿਰੇ ਦੇ ਪਕਵਾਨ ਪਰੌਂਠੇ, ਪਕੌੜੇ, ਸਿਰੋਪਾਉ ਸੱਭ ਗੁਰੂ ਘਰਾਂ ਤੋਂ। ਵੱਡੀਆਂ-ਵੱਡੀਆਂ ਰੈਲੀਆਂ ਵਿਚ ਜੋ ਲੰਗਰ ਬਣ ਕੇ ਜਾਂਦਾ ਹੈ, ਉਹ ਸੱਭ ਵੀ ਗੁਰੂ ਘਰਾਂ ਤੋਂ। ਜੇਕਰ ਕੋਈ ਜਾਂਚ ਕਰਨ ਵਾਲਾ ਹੋਵੇ, ਗੁਰੂ ਘਰਾਂ ਵਿਚ ਸੰਗਤ ਵਲੋਂ ਕਰਵਾਏ ਅਖੰਡ ਪਾਠ ਵੀ ਇਹ ਲੋਕ ਵੇਚ ਜਾਂਦੇ ਹਨ।
ਸੋਚੋ ਫਤਿਹਗੜ੍ਹ ਸਾਹਿਬ ਸ਼ਹੀਦ ਜੋੜ ਮੇਲ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦਾ ਸ਼ਹੀਦੀ ਦਿਨ ਹੋਵੇ, ਪਾਲਕੀ ਜਾ ਰਹੀ ਹੋਵੇ, ਅੰਤਮ ਅਰਦਾਸ ਕਰਨੀ ਹੋਵੇ, ਉਥੇ ਰਖਿਆ ਅਖੰਡ ਪਾਠ ਵੀ ਇਨ੍ਹਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੇਚ ਦਿਤਾ। ਇਹ ਘਟਨਾ ਦੋ ਤਿੰਨ ਸਾਲ ਪਹਿਲਾਂ ਦੀ ਹੈ, ਗੁਰਦਵਾਰਾ ਜੋਤੀ ਸਰੂਪ ਸਾਹਿਬ ਦੀ ਹੈ। ਸੰਗਤ ਹੈਰਾਨ ਹੋ ਗਈ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਦਾ ਉਠਾਇਆ। ਡਰਦੇ ਹੋਏ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਅਖੰਡ ਪਾਠ ਸਾਹਿਬ ਦੇ ਮੱਧ ਭਾਗ ਦੀ ਅਰਦਾਸ ਦਿੱਲੀ ਵਾਲਿਆਂ ਦੀ ਕਰ ਦਿਤੀ ਤੇ ਅੰਤਮ ਅਰਦਾਸ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦੀ ਕਰ ਦਿਤੀ। ਬਹੁਤ ਵੱਡਾ ਮੁੱਦਾ ਸੀ। ਬੀਰ ਦਵਿੰਦਰ ਸਿੰਘ ਨੇ ਉਠਾਇਆ ਪਰ ਉਹ ਵੀ ਫਿਰ ਪਤਾ ਨਹੀਂ ਕਿਉਂ ਚੁੱਪ ਕਰ ਗਏ।
ਗੁਰੂ ਘਰ ਫ਼ਤਿਹਗੜ੍ਹ ਸਾਹਿਬ ਦੀ ਕਰੋੜਾਂ ਰੁਪਏ ਦੀ ਜ਼ਮੀਨ ਖ਼ਰੀਦਣ ਦੀ ਦਲਾਲੀ ਵਿਚੋਂ ਕਰੋੜਾਂ ਰੁਪਏ ਦਲਾਲੀ ਖਾਣ ਦੇ ਦੋਸ਼ ਮੱਕੜ ਤੇ ਉਸ ਦੇ ਸਾਥੀ ਸ਼੍ਰੋਮਣੀ ਕਮੇਟੀ ਮੈਂਬਰ ਉਤੇ ਲੱਗੇ। ਲਾਏ ਵੀ ਮੌਜੂਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪਰ ਫਿਰ ਮੁੱਦਾ ਠੱਪ ਹੋ ਗਿਆ। ਗੁਰੂ ਘਰਾਂ ਤੋਂ ਇਹ ਲੋਕ ਮੈਨੇਜਰਾਂ ਤੋਂ ਪਟਰੌਲ ਵਾਲੀਆਂ ਅਪਣੀਆਂ ਨਿਜੀ ਕਾਰਾਂ ਦੀਆਂ ਟੈਂਕੀਆਂ ਸਾਰੀ ਉਮਰ ਫ਼ੁੱਲ ਕਰਵਾਉਂਦੇ ਰਹੇ। ਗੁਰੂਘਰਾਂ ਦੀਆਂ ਗੱਡੀਆਂ ਨਿਜੀ ਹਿਤਾਂ ਲਈ ਵਰਤਦੇ ਰਹੇ। ਮੁੱਦੇ ਉਠੇ, ਸਾਬਤ ਵੀ ਹੋ ਗਿਆ। ਪਰ ਨਾ ਕਾਰਵਾਈ ਤੇ ਨਾ ਸਜ਼ਾ ਕਿਸੇ ਨੂੰ ਕਿਉਂਕਿ ਇਹ ਤਕਰੀਬਨ ਕਿਤੇ ਨਾ ਕਿਤੇ ਸਾਰੇ ਹੀ ਚੋਰ ਹਨ ਗੁਰੂ ਘਰ ਦੇ।
ਬੇਰੁਜ਼ਗਾਰ, ਵਿਚਾਰੇ ਸੇਵਾਦਾਰ ਤੇ ਘੱਟ ਤਨਖ਼ਾਹ ਲੈਣ ਵਾਲੇ ਗੁਰੂ ਦੇ ਸਿੱਖ ਬੱਚੇ ਇਨ੍ਹਾਂ ਸ਼੍ਰੋਮਣੀ ਕਮੇਟੀ ਦੇ ਲੀਡਰਾਂ, ਮੈਂਬਰਾਂ ਦੇ ਘਰਾਂ ਵਿਚ ਪੋਚੇ ਮਾਰ ਰਹੇ ਹਨ, ਪੌਦੇ ਗੁੱਡ ਰਹੇ ਹਨ, ਗੰਦੀਆਂ ਗੱਡੀਆਂ ਧੋ ਰਹੇ ਹਨ। ਇਹ ਸਾਰਾ ਬੋਝ ਗੁਰੂ ਘਰਾਂ ਦੀ ਗੋਲਕ ਤੇ ਕਰੋੜਾਂ ਰੁਪਏ ਦਾ ਪੈ ਰਿਹਾ ਹੈ। ਇਹ ਮੁੱਦਾ ਵੀ ਬੀਰ ਦਵਿੰਦਰ ਸਿੰਘ ਨੇ ਉਠਾਇਆ। ਕਿਹਾ ਮੈਂ ਅਕਾਲ ਤਖ਼ਤ ਤੇ ਜਾ ਕੇ ਪੇਸ਼ ਹੋਵਾਂਗਾ ਪਰ ਫਿਰ ਪਤਾ ਨਹੀਂ ਕੀ ਹੋਇਆ, ਵਿਚਾਰਾ ਚੁੱਪ ਹੀ ਕਰ ਗਿਆ।
ਕਰੋੜਾਂ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜੋ ਲੋਕਾਂ ਨੇ ਦਬੀਆਂ ਹੋਈਆਂ ਹਨ, ਸ਼੍ਰੋਮਣੀ ਕਮੇਟੀ ਵਾਲੇ ਛੁਡਾ ਨਹੀਂ ਸਕੇ। ਕਾਬਜ਼ ਲੋਕਾਂ ਤੋਂ ਮੋਟੀਆਂ ਰਕਮਾਂ ਲੈਂਦੇ ਰਹੇ। ਲੋੜ ਤੋਂ ਵੱਧ ਇਨ੍ਹਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਵਿਚ ਅਪਣੇ ਚਹੇਤੇ ਭਰਤੀ ਕੀਤੇ, ਗ਼ਰੀਬ ਲੋਕ ਨਹੀਂ। ਉਹ ਬੋਝ ਵੀ ਗੋਲਕਾਂ ਤੇ ਪਿਆ। ਵਿਦਿਅਕ ਅਦਾਰੇ ਵੀ ਇਨ੍ਹਾਂ ਦੀ ਬਦੌਲਤ ਫ਼ੇਲ੍ਹ ਹੋ ਚੁੱਕੇ ਹਨ।
ਗੁਰੂ ਘਰਾਂ ਦੇ ਆਲੇ-ਦੁਆਲੇ ਨਾਜਾਇਜ਼ ਦੁਕਾਨਾਂ ਲਵਾ ਕੇ ਲੱਖਾਂ ਰੁਪਏ ਵਸੂਲ ਰਹੇ ਹਨ। ਇਨ੍ਹਾਂ ਨੇ ਪੈਸੇ ਖ਼ਾਤਰ ਸਰਸਾ ਵਾਲੇ ਨੂੰ ਮਾਫ਼ੀ, ਸਰਸੇ ਵਾਲੇ ਦੀਆਂ ਫ਼ਿਲਮਾਂ ਲਵਾਈਆਂ, ਵੋਟਾਂ ਖ਼ਾਤਰ ਸਰਸੇ ਵਾਲੇ ਦੇ ਗੋਡਿਆਂ ਵਿਚ ਲਿਟ ਗਏ, ਭਾਜਪਾ ਦੀ ਪਤਨੀ ਬਣ ਗਏ ਆਦਿ ਘਿਨਾਉਣੇ ਕੰਮ ਕੀਤੇ।
ਭੁਪਿੰਦਰ ਸਿੰਘ ਬਾਠ, ਫਤਿਹਗੜ੍ਹ ਸਾਹਿਬ, ਸੰਪਰਕ : 94176-82002