
3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ।
4 ਜੂਨ 'ਤੇ ਵਿਸ਼ੇਸ਼
3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ। ਸ਼ਹਿਰ ਵਿਚ ਫੌਜੀ ਗੱਡੀਆਂ ਸ਼ੁਕਦੀਆਂ, ਫੌਜੀ ਬੂਟਾਂ ਦੀ ਆਵਾਜ਼ ਫਿਜ਼ਾ ਵਿਚ ਫੈਲੀ ਦਹਿਸ਼ਤ ਵਿਚ ਵਾਧਾ ਕਰ ਰਹੀ ਸੀ। ਲੋਕ ਆਪਣੇ ਘਰਾਂ ਵਿਚ ਵੀ ਉੱਚੀ ਆਵਾਜ਼ ਵਿਚ ਸਾਹ ਨਹੀਂ ਸੀ ਲੈ ਰਹੇ। ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੀਆਂ ਘੜੀਆਂ ਦੀ ਟਿਕ ਟਿਕ ਦੀ ਆਵਾਜ਼ ਵੀ ਅੱਜ ਬੜੀ ਆਸਾਨੀ ਨਾਲ ਸੁਣੀ ਜਾ ਸਕਦੀ ਸੀ। ਸਵੇਰ ਦੇ 4 ਵੱਜ ਗਏ। ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਨਿਤਕ੍ਰਮ ਦੀ ਤਿਆਰੀ ਕਰਨ ਲਗੇ।
4 June 1984
ਸਮਾਂ ਆਪਣੀ ਚਾਲੇ ਚਲ ਰਿਹਾ ਸੀ। ਕਿਸੇ ਅਣਹੋਣੀ ਦੀ ਸ਼ੰਕਾ ਨਾਲ ਦਿਲ ਦੀਆਂ ਧੜਕਣਾ ਤੇਜ਼ ਹੋ ਰਹੀਆ ਸਨ। ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਅੱਜ ਬੇਨਤੀ ਅਤੇ ਬੀਰਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੋਹਨ ਸਿੰਘ ਆਪਣੀ ਡਿਊਟੀ 'ਤੇ ਆਣ ਹਾਜ਼ਰ ਹੋਏ।ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸ਼ਬਦ ਗਾਇਨ ਕਰ ਰਹੇ ਸਨ। ਸੰਗਤ ਪ੍ਰਕਰਮਾ ਵਿਚ ਸੁੱਤੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਵਿਚ ਰੱਖ ਕੇ ਸ੍ਰੀ ਦਰਬਾਰ ਸਾਹਿਬ ਵੱਲ ਸੰਗਤ ਚਲ ਪਈ।
Darbar Sahib
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਰੋਜ਼ ਦੀ ਮਰਿਯਾਦਾ ਮੁਤਬਿਕ ਪ੍ਰਕਾਸ਼ ਕਰ ਦਿਤਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੜ ਕੀਰਤਨ ਸ਼ੁਰੂ ਹੋਇਆ, ਆਸਾ ਦੀ ਵਾਰ ਦੀ 13 ਪਉੜੀ ਪੜਣਾ ਸ਼ੁਰੂ ਕਰ ਚੁਕੇ ਸਨ।
ਪਉੜੀ
ਸਤਿਗੁਰੂ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲੀਆ।।
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀ ਨੇਤ੍ਰੀ ਜਗਤੁ ਨਿਹਾਲਿਆ।।
Operation Blue Star
4 ਵੱਜ ਕੇ 45 ਮਿੰਟ ਦਾ ਸਮਾਂ ਘੜੀਆਂ ਤੇ ਸੀ । ਜਲਿਆਂਵਾਲਾ ਬਾਗ਼ ਵਾਲੇ ਪਾਸਿਉਂ ਇਕ ਸ਼ੁਕਦਾ ਹੋਇਆ ਗੋਲਾ ਆਇਆ। ਆਵਾਜ਼ ਨਾਲ ਪੂਰਾ ਵਾਤਾਵਰਨ ਗੂੰਜ ਉਠਿਆ। ਸ਼ਬਦ ਚਲ ਰਿਹਾ ਸੀ ਗੋਲੀਬਾਰੀ ਸ਼ੁਰੂ ਹੋ ਗਈ। ਪਰਿਕਰਮਾ ਵਿਚ ਔਰਤਾਂ ਤੇ ਬਚਿਆ ਦਾ ਬੁਰਾ ਹਾਲ ਸੀ। ਚਾਰੋ ਪਾਸਿਓਂ ਗੋਲੀ ਚਲਣੀ ਸ਼ੁਰੂ ਹੋ ਗਈ। ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਗੋਲੀਆਂ ਦੇ ਨਾਲ ਨਾਲ ਬੰਬਾਂ ਦੀ ਆਵਾਜ਼ ਹੇਠ ਚੀਕ ਚਿਹਾੜਾ ਦੱਬ ਕੇ ਰਹਿ ਗਿਆ। ਪੋਹ ਫੁਟ ਚੁਕੀ ਸੀ ਸੂਰਜ ਦੀ ਲਾਲੀ ਤੇ ਦਿਨ ਦੇ ਚਾਨਣ ਵਿਚ ਮੰਜਰ ਹੋਰ ਵੀ ਡਰਾਵਣਾ ਲੱਗ ਰਿਹਾ ਸੀ।
Akal Takht Sahib
ਮੌਤ ਜਿਵੇਂ ਅੱਜ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਡੇਰਾ ਲਾ ਕੇ ਬੈਠੀ ਹੋਵੇ। ਧੜਾਧੜ ਲਾਸ਼ਾਂ ਡਿਗ ਰਹੀਆ ਸਨ। ਫਾਇਰਿੰਗ ਪੂਰੇ ਜੋਬਨ 'ਤੇ ਸੀ। ਜੈਕਾਰਿਆਂ ਅਤੇ ਨਾਰਿਆ ਦੀ ਗੂੰਜ ਦੋਵੇ ਪਾਸਿਓਂ ਸੁਣਾਈ ਦੇ ਰਹੀ ਸੀ। ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ ਬਿਜਲੀ ਘਰ 'ਤੇ ਡਿੱਗਾ। ਸ੍ਰੀ ਦਰਬਾਰ ਸਾਹਿਬ ਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ।
Akal Takht Sahib
ਮਾਸੂਮ ਬੱਚਿਆਂ ਦੇ ਰੋਣ ਦੀ ਆਵਾਜ਼ ਵਾਤਾਵਰਨ ਵਿਚ ਪੈਦਾ ਬੋਏ ਡਰ ਨੂੰ ਹੋਰ ਤਲਖ਼ ਬਣਾ ਰਹੀ ਸੀ। ਪੁਰਾ ਦਿਨ ਗੋਲੀ ਤੇ ਵਿਚ ਬੰਬ ਚਲਦੇ ਰਹੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪੂਰੀ ਪ੍ਰਕਰਮਾ ਵਿਚ ਗੋਲੀਆਂ ਇਮਾਰਤ ਨੂੰ ਛੱਲਣੀ ਕਰ ਰਹੀਆਂ ਸਨ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਰੀਬ 8 ਵਜੇ ਹੀ ਸੁਖ ਆਸਨ ਕਰਕੇ ਪਹਿਲੀ ਮੰਜਿਲ ਤੇ ਲਿਜਾਇਆ ਗਿਆ।