ਸਾਕਾ ਨੀਲਾ ਤਾਰਾ ਮੌਕੇ ਵੱਜੀ ਗੋਲੀ ਅੱਜ ਵੀ ਗੋਡੇ ’ਚ ਲੈ ਕੇ ਫਿਰਦੈ ਅਵਤਾਰ ਸਿੰਘ
Published : Jun 4, 2023, 7:22 am IST
Updated : Jun 4, 2023, 8:01 am IST
SHARE ARTICLE
Avtar Singh Khalsa Varpal
Avtar Singh Khalsa Varpal

ਅਵਤਾਰ ਸਿੰਘ ਨੇ ਅਪਣੇ ਮੁੜ੍ਹਕੇ ਨਾਲ ਭਿੱਜੀ ਬਨੈਣ ਨੂੰ ਨਿਚੋੜ ਕੇ ਬੁਝਾਈ ਸੀ ਅਪਣੀ ਪਿਆਸ

ਜਪੁਜੀ ਸਾਹਿਬ ਦਾ ਪਾਠ ਕਰਨ ’ਤੇ ਵੀ ਕੁਟਦੇ ਸਨ ਫ਼ੌਜੀ : ਅਵਤਾਰ ਸਿੰਘ

ਅੰਮ੍ਰਿਤਸਰ (ਚਰਨਜੀਤ ਸਿੰਘ ਸੁਰਖ਼ਾਬ/ਕਮਲਜੀਤ ਕੌਰ): ਜੂਨ 1984 ਸਿੱਖ ਮਾਨਸਕਤਾ ’ਤੇ ਅਜਿਹਾ ਜ਼ਖ਼ਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ ਹੈ। ਇਸ ਦੀ ਪੀੜ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਅੱਜ ਵੀ ਸਿੱਖਾਂ ਨੂੰ ਇਨਸਾਫ਼ ਦੀ ਉਡੀਕ ਹੈ। ਸਾਕਾ ਨੀਲਾ ਤਾਰਾ ਦੀ 39ਵੀਂ ਵਰ੍ਹੇਗੰਢ ਮੌਕੇ ਰੋਜ਼ਾਨਾ ਸਪੋਕਸਮੈਨ ਨੇ ਅਵਤਾਰ ਸਿੰਘ ਖ਼ਾਲਸਾ ਨਾਲ ਖ਼ਾਸ ਗੱਲਬਾਤ ਕੀਤੀ। ਜਿਸ ਸਮੇਂ ਫ਼ੌਜੀ ਹਮਲਾ ਹੋਇਆ, ਅਵਤਾਰ ਸਿੰਘ ਉਸ ਸਮੇਂ ਦਰਬਾਰ ਸਾਹਿਬ ਦੇ ਅੰਦਰ ਹੀ ਸਨ, ਇਸ ਦੌਰਾਨ ਉਨ੍ਹਾਂ ਨੂੰ ਗੋਲੀ ਵੀ ਲੱਗੀ, ਜੋ ਕਿ ਅੱਜ ਵੀ ਉਨ੍ਹਾਂ ਦੇ ਗੋਡੇ ਵਿਚ ਹੈ।

ਅਵਤਾਰ ਸਿੰਘ ਨੇ ਦਸਿਆ ਕਿ 3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ, ਉਹ ਵਰਪਾਲ ਪਿੰਡ ਤੋਂ ਦੁੱਧ ਲੈ ਕੇ ਆਏ ਅਤੇ ਉਨ੍ਹਾਂ ਦੀ ਮੁਲਾਕਾਤ ਭਾਈ ਅਮਰੀਕ ਸਿੰਘ ਨਾਲ ਹੋਈ, ਉਨ੍ਹਾਂ ਕਿਹਾ ਕਿ ਅਪਣੇ ਘਰ ਆਖ਼ਰੀ ਫ਼ਤਿਹ ਬੁਲਾ ਕੇ ਆਇਉ। ਅਵਤਾਰ ਸਿੰਘ ਵਾਪਸ ਪਿੰਡ ਗਏ ਅਤੇ 15-16 ਸਿੰਘ ਦੁੱਧ ਦਾ ਬਹਾਨਾ ਬਣਾ ਕੇ ਪਿੰਡ ਤੋਂ ਅੰਮ੍ਰਿਤਸਰ ਆਏ, ਉਨ੍ਹਾਂ ਨੇ ਦੋ ਡਰੰਮਾਂ ਵਿਚ ਦੁੱਧ ਭਰ ਲਿਆ। ਫ਼ੌਜ ਦੇ ਜਵਾਨ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਅੱਗੇ ਜਾਣ ’ਤੇ ਗੋਲੀ ਮਾਰਨ ਦੀ ਧਮਕੀ ਦਿਤੀ। ਇਸ ਤੋਂ ਬਾਅਦ ਉਹ ਵਾਪਸ ਬਿਬੇਕਸਰ ਵਿਖੇ ਆ ਗਏ। ਸ਼ਾਮ ਵੇਲੇ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਢਿੱਲ ਦਿਤੀ ਗਈ ਕਿ ਜਿਸ ਨੇ ਬਾਹਰ ਜਾਣਾ ਹੈ, ਚਲੇ ਜਾਣ। ਇਸ ਮੌਕੇ ਦਾ ਫ਼ਾਇਦਾ ਚੁਕਦਿਆਂ ਅਵਤਾਰ ਸਿੰਘ ਅਪਣੇ ਸਾਥੀਆਂ ਸਣੇ ਅੰਦਰ ਦਾਖ਼ਲ ਹੋ ਗਏ। ਇਸ ਮਗਰੋਂ ਉਨ੍ਹਾਂ ਦੀ ਵੱਖ-ਵੱਖ ਮੋਰਚਿਆਂ ਵਿਚ ਡਿਊਟੀ ਲਗਾਈ ਜਾਂਦੀ ਰਹੀ।

ਇਹ ਵੀ ਪੜ੍ਹੋ:

ਅਵਤਾਰ ਸਿੰਘ ਨੇ ਅੱਗੇ ਦਸਿਆ ਕਿ ਸੰਤਾਂ ਨੂੰ ਸੂਚਨਾ ਮਿਲੀ ਸੀ ਕਿ 4 ਜੂਨ ਨੂੰ ਸਵੇਰੇ 4 ਵਜੇ ਹਮਲਾ ਹੋਵੇਗਾ, ਇਸ ਲਈ ਸਿੰਘ ਪੂਰੀ ਰਾਤ ਪਹਿਰਾ ਦਿੰਦੇ ਰਹੇ। ਜਦ ਹਮਲੇ ਦਾ ਸਮਾਂ ਲੰਘ ਗਿਆ ਤਾਂ ਉਹ ਅਵੇਸਲੇ ਹੋ ਗਏ ਕਿ ਹੁਣ ਹਮਲਾ ਨਹੀਂ ਹੋਵੇਗਾ ਪਰ ਕਰੀਬ ਪੌਣੇ 5 ਵਜੇ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ ਅਤੇ 8-9 ਵਜੇ ਤਕ ਗੋਲੀ ਚਲਦੀ ਰਹੀ। 5 ਜੂਨ ਨੂੰ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲੇ। ਜਿਨ੍ਹਾਂ ਕਿਹਾ ਕਿ ਜੋ ਨਿਕਲਣਾ ਚਾਹੁੰਦਾ ਹੈ, ਉਹ ਇਥੋਂ ਨਿਕਲ ਜਾਵੇ ਪਰ ਅਵਤਾਰ ਸਿੰਘ ਨੇ ਕਿਹਾ ਕਿ ਅਸੀਂ ਨਿਕਲਣ ਲਈ ਨਹੀਂ ਆਏ। ਉਸ ਰਾਤ ਅੰਨ੍ਹੇਵਾਹ ਗੋਲੀ ਚਲੀ, ਟੈਂਕਰਾਂ, ਹੈਲੀਕਾਪਟਰਾਂ ਨਾਲ ਹਮਲਾ ਕੀਤਾ ਗਿਆ। ਸਵੇਰ ਸਮੇਂ ਹੋਈ ਗੋਲੀਬਾਰੀ ਦੌਰਾਨ ਕਈ ਸਿੰਘ ਸ਼ਹੀਦ ਹੋਏ ਅਤੇ ਅਵਤਾਰ ਸਿੰਘ ਦੀ ਪਿੱਠ ’ਤੇ ਗੋਲੀ ਲੱਗੀ ਪਰ ਪ੍ਰਮਾਤਮਾ ਦੀ ਮਿਹਰ ਨਾਲ ਉਹ ਠੀਕ ਸਨ। 6 ਜੂਨ 2 ਵਜੇ ਦਰਸ਼ਨੀ ਡਿਉਢੀ ਮਚ ਰਹੀ ਸੀ। ਇਸ ਮੌਕੇ 15-20 ਮਿੰਟ ਗੋਲੀ ਚਲਦੀ ਰਹੀ ਅਤੇ ਇਕ ਗੋਲੀ ਅਵਤਾਰ ਸਿੰਘ ਦੇ ਗੋਡੇ ਵਿਚ ਜਾ ਲੱਗੀ।

ਇਹ ਵੀ ਪੜ੍ਹੋ:

4 ਵਜੇ ਫ਼ੌਜ ਨੇ ਅਨਾਊਂਸਮੈਂਟ ਕੀਤੀ ਕਿ ਸੰਤ ਅਪਣੇ ਸਾਥੀਆਂ ਨਾਲ ਬਾਹਰ ਆ ਜਾਣ, ਹਿੰਦੁਸਤਾਨ ਦੀ ਫ਼ੌਜ ਨੇ ਪ੍ਰਕਰਮਾ ਦਾ ਇਲਾਕਾ ਸਰ ਕਰ ਲਿਆ ਹੈ। ਇਸ ਮਗਰੋਂ ਸਿੰਘਾਂ ਅਤੇ ਫ਼ੌਜ ਵਿਚਾਲੇ ਮੁਕਾਬਲਾ ਹੋਇਆ ਅਤੇ ਫਿਰ ਅਨਾਊਂਸਮੈਂਟ ਹੋਈ ਕਿ ਜੋ ਬਾਹਰ ਨਿਕਲ ਜਾਵੇਗਾ, ਉਸ ਦੀ ਜਾਨ ਬਖ਼ਸ਼ ਦਿਤੀ ਜਾਵੇਗੀ। ਇਸ ਦੌਰਾਨ ਕਰੀਬ 500 ਸਿੰਘ ਬਾਹਰ ਨਿਕਲੇ (ਸਿੰਘਾਂ ਨੇ ਅਵਤਾਰ ਸਿੰਘ ਨੂੰ ਚੁਕ ਕੇ ਬਾਹਰ ਕਢਿਆ), ਜਦੋਂ ਸਿੰਘ ਬਾਹਰ ਨਿਕਲੇ ਤਾਂ ਫ਼ੌਜੀਆਂ ਨੇ ਉਨ੍ਹਾਂ ਦੇ ਬੱਟ ਮਾਰਨੇ ਸ਼ੁਰੂ ਕਰ ਦਿਤੇ। ਉਨ੍ਹਾਂ ਨੂੰ ਬਿਠਾ ਕੇ ਉਪਰੋਂ ਟੈਂਕਰ ਲੰਘਾਉਣ ਦੀ ਚਰਚਾ ਕੀਤੀ ਜਾ ਰਹੀ ਸੀ ਪਰ ਫ਼ੌਜ ਦੇ ਇਕ ਅਫ਼ਸਰ ਨੇ ਫ਼ੌਜੀਆਂ ਨੂੰ ਅਜਿਹਾ ਕਰਨ ਤੋਂ ਰੋਕ ਦਿਤਾ। ਸਾਰੀ ਰਾਤ ਸਿੰਘਾਂ ਨੂੰ ਬਿਠਾ ਕੇ ਰਖਿਆ ਗਿਆ। ਫ਼ੌਜ ਨੇ ਉਥੇ ਖੜੇ ਪਾਣੀ ਦੇ ਟੈਂਕ ਵਿਚੋਂ ਸਿੰਘਾਂ ਨੂੰ ਪਾਣੀ ਤਕ ਨਹੀਂ ਪੀਣ ਦਿਤਾ, ਜਦੋਂ ਸਿੰਘ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਤਾਂ ਫ਼ੌਜੀ ਬੱਟ ਮਾਰ ਦਿੰਦੇ ਸਨ।

ਇਹ ਵੀ ਪੜ੍ਹੋ:

ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ“ਦਰਬਾਰ ਸਾਹਿਬ ਦੇ ਨੇੜਲੇ ਹਿੰਦੂ ਜੁੱਤੀਆਂ ਸਮੇਤ, ਸਿਗਰਟਾਂ ਰੱਖ ਕੇ ਅਤੇ ਟਰੇਆਂ ਵਿਚ ਰੰਗ-ਬਿਰੰਗੇ ਪਾਣੀ ਲੈ ਕੇ ਫ਼ੌਜ ਨੂੰ ਖ਼ੁਸ਼ ਕਰਨ ਲਈ ਆਉਂਦੇ ਸਨ। ਉਨ੍ਹਾਂ ਕਿਹਾ ਕਿ ਜੋ ਵੀ ਹੁੰਦਾ ਕਰੋ, ਕਿਸੇ ਨੇ ਸਿੰਘਾਂ ਦੇ ਗੋਡੇ ਮਾਰੇ, ਕਿਸੇ ਨੇ ਕੁੱਝ ਮਾਰਿਆ ਅਤੇ ਕਿਸੇ ਨੇ ਟਰੇਆਂ ਉਲਟਾ ਦਿਤੀਆਂ। ਫ਼ੌਜ ਨੇ ਬਹੁਤ ਤਸ਼ੱਦਦ ਕੀਤੇ, ਗ਼ਲਤ ਨਾਚ ਦੇਖਣ ਲਈ ਮਜਬੂਰ ਕੀਤਾ ਗਿਆ”। 7 ਜੂਨ ਨੂੰ ਘੰਟਾ ਘਰ ਤੋਂ ਸਿੰਘਾਂ ਨੂੰ ਬਾਹਰ ਕਢਿਆ ਗਿਆ। 10 ਕਮਰਿਆਂ ਦੀ ਸਮਰੱਥਾ ਵਾਲੇ ਕਮਰਿਆਂ ਵਿਚ 100 ਬੰਦਿਆਂ ਨੂੰ ਰਖਿਆ ਗਿਆ ਅਤੇ ਰੌਸ਼ਨਦਾਨ ਵਿਚੋਂ ਬੋਤਲਾਂ ਰਾਹੀਂ ਪਾਣੀ ਪਿਲਾਇਆ ਜਾਂਦਾ ਸੀ। ਅਵਤਾਰ ਸਿੰਘ ਨੇ ਅਪਣੇ ਮੁੜ੍ਹਕੇ ਨਾਲ ਭਿੱਜੀ ਬਨੈਣ ਨੂੰ ਨਿਚੋੜ ਕੇ ਅਪਣੀ ਪਿਆਸ ਬੁਝਾਈ।

8 ਜੂਨ ਨੂੰ ਜਦੋਂ ਅਵਤਾਰ ਸਿੰਘ ਨੇ ਪਹਿਰੇਦਾਰ ਕੋਲੋਂ ਪਾਣੀ ਮੰਗਿਆ ਤਾਂ ਉਸ ਨੇ ਫਿਰ ਗੋਲੀ ਮਾਰ ਦਿਤੀ (ਪਹਿਲਾਂ ਲੱਗੀ ਗੋਲੀ ਵਾਲੀ ਥਾਂ ਦੀ ਪੱਟੀ ਉਤੇ ਹੀ), ਜੋ ਕਿ ਅੱਜ ਤਕ ਨਹੀਂ ਕੱਢੀ ਗਈ। ਇਸ ਮਗਰੋਂ ਉਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਲਿਜਾਇਆ ਗਿਆ, ਉਨ੍ਹਾਂ ਦਾ ਇਲਾਜ ਕਰ ਰਹੀਆਂ ਨਰਸਾਂ ਨਾਲ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ, ਹਾਲਾਂਕਿ ਕਈ ਫ਼ੌਜੀ ਅਫ਼ਸਰਾਂ ਨੇ ਰਹਿਮਦਿਲੀ ਵੀ ਦਿਖਾਈ। ਜਦ ਹਸਪਤਾਲ ਵਿਚ ਕਈ ਸਿੰਘਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫ਼ੌਜ ਨੇ ਬਾਕੀ ਜ਼ਖ਼ਮੀ ਸਿੰਘਾਂ ਉਤੇ ਬਹੁਤ ਤਸ਼ੱਦਦ ਕੀਤਾ। ਸਿੰਘਾਂ ਨੂੰ ਉੱਚੀ ਪਾਠ ਕਰਨ ਤੋਂ ਮਨਾਂ ਕੀਤਾ ਜਾਂਦਾ ਸੀ, ਜਦੋਂ ਸਿੰਘ ਪਾਠ ਕਰਦੇ ਤਾਂ ਫ਼ੌਜੀ ਉਨ੍ਹਾਂ ਨੂੰ ਕੁਟਦੇ ਸਨ। ਅਵਤਾਰ ਸਿੰਘ ਨੇ ਦਸਿਆ ਕਿ ਇਸ ਦੌਰਾਨ ਬੀਬੀ ਰਾਜਿੰਦਰ ਕੌਰ ਭੱਠਲ ਹਸਪਤਾਲ ਵਿਚ ਆਏ ਪਰ ਉਨ੍ਹਾਂ ਸਿਰਫ਼ ਮੁਲਾਜ਼ਮਾਂ ਨਾਲ ਗੱਲ ਕੀਤੀ ਪਰ ਹੋਰਨਾਂ ਸਿੰਘਾਂ ਦਾ ਹਾਲ ਨਹੀਂ ਜਾਣਿਆ। ਉਨ੍ਹਾਂ ਦਸਿਆ ਕਿ ਜਦੋਂ ਵੀ ਕਿਸੇ ਸਿੰਘ ਤੋਂ ਪੁਛਗਿਛ ਹੁੰਦੀ ਤਾਂ ਪਹਿਲਾ ਸਵਾਲ ਇਹੀ ਹੁੰਦਾ ਸੀ ‘ਭਿੰਡਰਾਂਵਾਲਾ’ ਕਿਥੇ ਹੈ?

ਇਹ ਵੀ ਪੜ੍ਹੋ:

ਸਾਕਾ ਨੀਲਾ ਤਾਰਾ ਮਗਰੋਂ ਪ੍ਰਸ਼ਾਸਨ ਦੇ ਵਤੀਰੇ ਬਾਰੇ ਅਵਤਾਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ‘ਬੀ’ ਕੈਟੇਗਰੀ ਵਿਚ ਰਖਿਆ ਗਿਆ (ਭਾਵ ਜ਼ਮਾਨਤ ਨਹੀਂ ਮਿਲੇਗੀ) ਪਰ ਜੱਜ (ਜੋ ਕਿ ਪਿੰਡ ਵਰਪਾਲ ਦੇ ਸਰਪੰਚ ਦਾ ਰਿਸ਼ਤੇਦਾਰ ਸੀ), ਦੀ ਮਦਦ ਨਾਲ ਉਹ ਬਚ ਨਿਕਲੇ ਅਤੇ ਭਗੌੜਾ ਹੋ ਗਏ। 1986 ਦੇ ਹਾਲਾਤ ਬਿਆਨ ਕਰਦਿਆਂ ਅਵਤਾਰ ਸਿੰਘ ਨੇ ਭਰੀਆਂ ਅੱਖਾਂ ਨਾਲ ਦਸਿਆ ਕਿ 1984 ਵਿਚ ਉਨ੍ਹਾਂ ਨਾਲ ਜੋ ਸਲੂਕ ਹੋਇਆ ਉਸ ਦਾ ਕੋਈ ਦੁੱਖ ਨਹੀਂ ਕਿਉਂਕਿ ਉਹ ਖ਼ੁਦ ਗਏ ਸਨ ਪਰ 1986 ਵਿਚ ਉਨ੍ਹਾਂ ਨੂੰ ਘਰੋਂ ਕੱਢ ਕੇ ਤਸ਼ੱਦਦ ਕੀਤੇ ਗਏ। 1986 ਤੋਂ ਬਾਅਦ ਉਨ੍ਹਾਂ ਦੀ ਥਾਣੇ ਵਿਚ ਇਕ ਸਾਲ ਤਕ ਹਾਜ਼ਰੀ ਲਗਦੀ ਰਹੀ, ਜਿਸ ਵਿਚ ਉਨ੍ਹਾਂ ਨੂੰ ਸਵੇਰੇ ਪੁਛਿਆ ਜਾਂਦਾ ਸੀ ਕਿ ਰਾਤ ਕਿਥੇ ਰਿਹਾ ਅਤੇ ਰਾਤ ਪੁਛਿਆ ਜਾਂਦਾ ਸੀ ਕਿ ਸਵੇਰੇ ਕਿਥੇ ਰਿਹਾ। ਹਰ ਮਹੀਨੇ ਅਧਿਕਾਰੀ ਦੀ ਬਦਲੀ ਮਗਰੋਂ ਹਾਜ਼ਰੀ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਸੀ। ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਗਿਆ, ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਪਿੰਡ ਛਡਣਾ ਪਿਆ।

ਹਮਲੇ ਵਿਚ ਸ਼ਹੀਦ ਸਿੱਖਾਂ ਦੀ ਗਿਣਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਗਿਣਤੀ 600 ਤੋਂ ਕਿਤੇ ਵੱਧ ਸੀ ਅਤੇ ਲੜਾਕੂ ਸਿੰਘਾਂ ਦੀ ਗਿਣਤੀ ਘੱਟ ਸੀ। ਆਮ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਮਰਨ ਵਾਲੇ ਫ਼ੌਜੀ ਜਵਾਨਾਂ ਦੀ ਗਿਣਤੀ ਵੀ ਜ਼ਿਆਦਾ ਸੀ ਕਿਉਂਕਿ ਜਨਰਲ ਸੁਬੇਗ ਸਿੰਘ ਨੇ ਬਹੁਤ ਵਧੀਆ ਮੋਰਚਾਬੰਦੀ ਕੀਤੀ ਹੋਈ ਸੀ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸੰਤਾਂ ਦੀ ਸੱਜੀ ਬਾਂਹ ਮੰਨੇ ਜਾਂਦੇ ਕਈ ਲੋਕਾਂ ਨੂੰ ਬਾਅਦ ਵਿਚ ਅਹੁਦੇ ਦਿਤੇ ਗਏ ਅਤੇ ਉਹ ਬਾਦਸ਼ਾਹ ਬਣੇ ਫਿਰਦੇ ਰਹੇ ਪਰ ਇਨ੍ਹਾਂ ਨੇ ਕੋਈ ਸਾਰ ਨਹੀਂ ਲਈ। ਇਸ ਦੁਖਾਂਤ ਲਈ ਉਹ ਸਰਕਾਰ ਨੂੰ ਦੋਸ਼ੀ ਮੰਨਦੇ ਹਨ ਕਿਉਂਕਿ ਸਰਕਾਰ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬ ਨਾਲ ਵਿਤਕਰਾ ਕੀਤਾ ਹੈ ਤੇ ਅੱਜ ਵੀ ਇਹੀ ਹੋ ਰਿਹਾ ਹੈ।

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement