
ਧਰਮ ਯੁੱਧ ਮੋਰਚੇ ਦਾ ਨਤੀਜਾ ਕੀ ਨਿਕਲਿਆ?
What was the Dharam Yudh Morcha that brought together the Akalis and Bhindranwale, but what was the outcome?
1980 ’ਚ ਹਰਚੰਦ ਸਿੰਘ ਲੌਂਗੋਵਾਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਗਦੇਵ ਸਿੰਘ ਤਲਵੰਡੀ ਆਪੋ-ਆਪਣੇ ਪੱਧਰ ’ਤੇ ਪੰਜਾਬ ਦੇ ਪਾਣੀਆਂ ਅਤੇ ਹੋਰ ਮੰਗਾਂ ਲਈ ਲੜ ਰਹੇ ਸਨ ਪਰ ਇਹ ਸਾਰੀਆਂ ਧਿਰਾਂ ਸਫ਼ਲਤਾ ਤੋਂ ਦੂਰ ਸਨ। ਫਿਰ 4 ਅਗਸਤ, 1982 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ‘ਧਰਮ ਯੁੱਧ ਮੋਰਚਾ’ ਸ਼ੁਰੂ ਕੀਤਾ। ਜੋ ਕਰੀਬ ਪੌਣੇ ਦੋ ਸਾਲ ਤੱਕ ਚਲਿਆ।
ਇਸ ਦੇ 15 ਨੁਕਤੀ ਡਿਮਾਂਡ ਚਾਰਟਰ ਵਿੱਚ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ, ਪਾਣੀਆਂ ਦੇ ਮਸਲੇ ਦਾ ਹੱਲ ਅਤੇ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਨਾ ਸ਼ਾਮਿਲ ਸੀ। 1 ਨਵੰਬਰ 1966 ਨੂੰ ਭਾਸ਼ਾ ਦੇ ਅਧਾਰ ’ਤੇ ਸਥਾਪਤ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਸਨ।
‘ਧਰਮ ਯੁੱਧ ਮੋਰਚੇ’ ਬਾਰੇ ਅਕਾਲੀ ਦਲ ਦੇ ਇੱਕ ਬੁਲਾਰੇ ਦੇ ਬਿਆਨ ਨੂੰ ‘ਦਿ ਟਰੁੱਥ ਅਬਾਊਟ ਪੰਜਾਬ-ਐੱਸਜੀਪੀਸੀ ਵਾਈਟ ਪੇਪਰ’ ਨਾਂ ਦੀ ਕਿਤਾਬ ਵਿੱਚ ਡਾ. ਗੁਰਦਰਸ਼ਨ ਢਿੱਲੋਂ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ : ‘‘ਸਾਡੀ ਕੌਮੀ ਪਰੰਪਰਾ ਦੇ ਅਨੁਸਾਰ, ਆਪਣੇ ਜਾਇਜ਼ ਅਧਿਕਾਰਾਂ ਲਈ ਲੜਾਈ ‘ਧਰਮ ਯੁੱਧ’ ਤੋਂ ਇਲਾਵਾ ਹੋਰ ਕੁਝ ਨਹੀਂ ਹੈ।’’
ਧਰਮ ਯੁੱਧ ਮੋਰਚਾ ਕੀ ਸੀ?
8 ਅਪ੍ਰੈਲ, 1982 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਸਮਾਗਮ ਪਟਿਆਲਾ ਦੇ ਕਪੂਰੀ ਪਿੰਡ ਵਿਖੇ ਹੋਇਆ ਸੀ, ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ 24 ਅਪ੍ਰੈਲ, 1982 ਨੂੰ ਕਪੂਰੀ ਵਿੱਚ ‘ਨਹਿਰ ਰੋਕੋ ਮੋਰਚਾ’ ਸ਼ੁਰੂ ਕਰ ਦਿੱਤਾ ਗਿਆ।
‘ਦਿ ਟਰੁੱਥ ਅਬਾਊਟ ਪੰਜਾਬ-ਐੱਸਜੀਪੀਸੀ ਵਾਈਟ ਪੇਪਰ’ ਅਨੁਸਾਰ 13 ਅਪ੍ਰੈਲ 1981 ਤੋਂ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ ਪੰਜਾਬ ਨੂੰ ਵਧੇਰੇ ਅਧਿਕਾਰਾਂ ਦੇਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ ਜਿਸ ਨੂੰ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ।
ਦੂਜੇ ਪਾਸੇ ਜੁਲਾਈ 17, 1982 ਤੋਂ ਦਮਦਮੀ ਟਕਸਾਲ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਸੰਘਰਸ਼ ਸੁਰੂ ਕਰ ਦਿੱਤਾ ਸੀ।
ਇਸ ਦੌਰ ਦੀ ਰਿਪੋਰਟਿੰਗ ਕਰਨ ਵਾਲੇ ਅਤੇ ਸਿੱਖ ਮਾਮਲਿਆਂ ਦੇ ਜਾਣਕਾਰ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, ‘‘ਟਕਸਾਲ ਮੈਂਬਰ ਥਾਰਾ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਧਰਮ ਯੁੱਧ ਮੋਰਚੇ ਵਿੱਚ ਮਹਿਤਾ ਚੌਂਕ ਤੋਂ ਆ ਗਏ ਅਤੇ ਉਹਨਾਂ ਨੇ ਬੰਦੇ ਭੇਜਣੇ ਸ਼ੁਰੂ ਕਰ ਦਿੱਤੇ।’’
ਉਹ ਦੱਸਦੇ ਹਨ, ‘‘ਸਾਰੀਆਂ ਧਿਰਾਂ ਨੇ ਵਿਚਾਰ ਚਰਚਾ ਤੋਂ ਬਾਅਦ ਸਾਂਝਾ ਸੰਘਰਸ਼ ਲੜਨ ਦਾ ਫੈਸਲਾ ਲਿਆ।’’
ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, ‘‘ਪਾਣੀਆਂ ਦੇ ਮਸਲਿਆਂ ਦੀ ਲੜਾਈ ਸਮੇਂ ਅਕਾਲੀਆਂ ਦੇ ਨਾਲ-ਨਾਲ ਪੰਜਾਬ ਦੀਆਂ ਖੱਬੀਆਂ ਧਿਰਾਂ ਵੀ ਲੜ ਰਹੀਆਂ ਸਨ।’’
‘ਪੰਜਾਬ: ਜਰਨੀਜ਼ ਥਰੂ ਫ਼ਾਲਟ ਲਾਇਨਜ਼’ ਨਾਂ ਦੀ ਕਿਤਾਬ ਦੇ ਲੇਖਕ ਅਮਨਦੀਪ ਸੰਧੂ ਕਹਿੰਦੇ ਹਨ, ‘‘ਸ਼ੁਰੂਆਤ ਪਾਣੀ ਦੇ ਮਸਲੇ ਤੋਂ ਹੋਈ ਸੀ ਪਰ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ’ਤੇ ਜ਼ੋਰ ਦਿੱਤਾ।’’