
ਇਹ ਅੰਨਦਾਤੇ ਹਨ, ਅੱਧੀ ਸਦੀ ਤੋਂ ਭੁੱਖੇ ਭਾਰਤ ਦਾ ਢਿੱਡ ਭਰਨ ਵਾਲੇ
ਮੁਹਾਲੀ: ਅੱਜ ਪੂਰੀ ਤਰ੍ਹਾਂ ਨਿਸ਼ਬਦ ਹਾਂ। ਦੁਨੀਆ ਦੇ ਸੱਭ ਤੋਂ ਲੰਮੇ ਵਿਰੋਧ-ਪ੍ਰਦਰਸ਼ਨ ਬਾਰੇ ਚਾਹੁੰਦਿਆਂ ਵੀ ਕਲਮ ਨਹੀਂ ਚਲਾ ਸਕਦੀ। ਲਿਖਣਾ ਚਾਹੁੰਦਿਆਂ ਵੀ ਲਿਖ ਨਹੀਂ ਸਕਦੀ ਕਿਉਂਕਿ ਦਿਮਾਗ਼ ਵਿਚ ਐਨਾ ਫ਼ਤੂਰ ਹੈ, ਐਨੀ ਬੇਚੈਨੀ ਤੇ ਤਕਲੀਫ਼ ਕਿ ਨਾ ਦਿਨੇ ਚੈਨ ਤੇ ਨਾ ਰਾਤ ਨੂੰ ਨੀਂਦ। ਸਾਡੇ ਸੰਘਰਸ਼ੀ ਯੋਧੇ ਤਾਂ ਕਫ਼ਨ ਬੰਨ੍ਹ ਕੇ ਸੜਕਾਂ 'ਤੇ ਰੁਲ ਹੀ ਰਹੇ ਹਨ ਪਰ ਸਾਨੂੰ ਘਰ ਬੈਠਿਆਂ ਵੀ ਲੋਹੜੇ ਦੀ ਤੜਪ ਹੈ, ਕਹਿਰਾਂ ਦਾ ਸੇਕ ਹੈ। ਦਿਮਾਗ਼ ਵਿਚ ਐਨਾ ਕੁੱਝ ਉਸਲਵੱਟੇ ਲੈ ਰਿਹਾ ਹੈ ਕਿ ਕਲਮ ਉਸ ਨੂੰ ਬੋਚ ਸਕਣੋਂ ਹੀਣੀ ਹੋ ਗਈ ਜਾਪਦੀ ਹੈ।
Farmers Protest
ਐਡੀ ਹਨੇਰਗਰਦੀ! ਐਡੀ ਬੁਰਛਾਗਰਦੀ!! ਐਡਾ ਜ਼ੁਲਮ!!! ਓ, ਤੁਹਾਡਾ ਤੁਖ਼ਮ ਵੀ ਨਾ ਰਹੇ ਜ਼ਾਲਮੋ ਜਿਵੇਂ ਤੁਸੀ ਇਸ ਦੇਸ਼ ਦੀ ਰੀੜ੍ਹ ਦੀ ਹੱਡੀ, ਅੰਨਦਾਤੇ, ਸਰਹੱਦਾਂ ਦੇ ਰਾਖੇ, ਦੇਸ਼ ਦੇ ਰਾਖੇ, ਸਰਬੱਤ ਦੇ ਭਲੇ ਦੇ ਬੋਧਕ, ਸਰਬ ਸਾਂਝ ਦੇ ਮੁਦਈ, ਜ਼ੁਲਮ ਦੇ ਨਾਸ਼ਕ ਤੇ ਪ੍ਰਮਾਤਮ-ਮੌਜ ਵਿਚੋਂ ਪ੍ਰਗਟੇ ਖ਼ਾਲਸੇ ਤੇ ਪੰਜਾਬੀਆਂ ਨਾਲ ਕੀਤੀ ਹੈ। ਤੁਹਾਡਾ ਬੀਜ ਨਾਸ਼ ਹੋ ਜਾਵੇ ਵੈਰੀਉ ਜਿਵੇਂ ਭਿਆਨਕ ਰੋਕਾਂ, ਵਿਸ਼ਾਲ ਰੁਕਾਵਟਾਂ, ਪਾਣੀਆਂ ਦੀਆਂ ਤੋਪਾਂ, ਅਥਰੂ ਗੈਸ, ਲਾਠੀ ਚਾਰਜ, ਹੱਥੋਪਾਈ, ਪਥਰੀਲੀਆਂ ਕੰਧਾਂ, ਮਾਰੂ ਤਾਰਾਂ, ਕਹਿਰੀਲੇ ਬੈਰੀਕੇਡ, ਭਾਰੀ ਪੁਲਿਸ ਫ਼ੋਰਸ, ਸਰਹੱਦੀ ਫ਼ੌਜ, ਅਰਧ ਸੈਨਿਕ ਬੱਲ ਤੇ ਹੋਰ ਪਤਾ ਨਹੀਂ ਕਿਹੜਾ-ਕਿਹੜਾ ਹੱਥਕੰਡਾ ਵਰਤ ਕੇ ਤੁਸੀ ਹੱਕ-ਸੱਚ ਦਾ ਹਿਸਾਬ ਕਰਨ ਨਿਕਲੇ ਨਿਹੱਥੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਹੈ।
Farmers Protest
ਜਦੋਂ ਤੁਹਾਡੇ ਬਾਕੀ ਹਰਬੇ ਫੇਲ੍ਹ ਹੋ ਗਏ ਤਾਂ ਤੁਸੀ ਜੀ.ਟੀ. ਰੋਡ ਹੀ ਪੁੱਟ ਦਿਤੀ, ਮਿੱਟੀ ਦੇ ਪਹਾੜ ਉਸਾਰ ਦਿਤੇ, ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨ ਕਿਸਾਨਾਂ ਨਾਲ ਦੋ-ਦੋ ਹੱਥ ਕਰਨ ਲਈ ਖਲ੍ਹਾਰ ਦਿਤੇ ਤੇ ਹੋਰ ਵੀ ਕਈ ਹਰਬੇ ਵਰਤ ਵਰਤ ਅਜਮਾ ਲਏ। ਸਿੱਟਾ? ਧਰਤ-ਪੁਤਰਾਂ ਨੇ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਕਰਨ ਨੂੰ ਹਰ ਨਾਕੇ ਉਤੇ ਤਿੰਨ-ਤਿੰਨ ਮਿੰਟ ਵੀ ਨਹੀਂ ਲਗਾਏ। ਤਾਸ਼ ਦੇ ਪੱਤਿਆਂ ਵਾਂਗ ਤੁਹਾਡਾ ਸਾਰਾ ਤਾਣਾ-ਬਾਣਾ ਉਡਾ ਕੇ ਰੱਖ ਦਿਤਾ। ਤੁਸੀ ਮਾਈਆਂ-ਬੀਬੀਆਂ, ਬੱਚੇ-ਬਿਰਧ (92 ਸਾਲ ਤਕ ਦੇ) ਕਿਸੇ ਦਾ ਕੋਈ ਲਿਹਾਜ਼ ਨਾ ਕੀਤਾ, ਨੌਜੁਆਨ ਤਾਂ ਚਲੋ ਸਿਰ ਉਤੇ ਕਫ਼ਨ ਬੰਨ੍ਹ ਕੇ ਹੀ ਨਿਕਲੇ ਸਨ। ਪਿਛਲੇ ਡੇਢ ਮਹੀਨੇ ਵਿਚ ਮਾਈ ਭਾਗੋ ਬ੍ਰਿਗੇਡ ਦੀ ਮੁਖ ਸੇਵਾਦਾਰ ਹੋਣ ਦੇ ਨਾਤੇ, ਸਾਡੀ ਟੀਮ ਦਰਜਨਾਂ ਹੀ ਕਿਸਾਨ-ਮੋਰਚਿਆਂ ਉਤੇ ਮੁਢਲੀ ਮੈਡੀਕਲ ਮਦਦ ਦੇਣ ਪੁਜਦੀ ਰਹੀ ਜਿਥੇ ਘੰਟਿਆਂ-ਘੰਟਿਆਂ ਬੱਧੀ ਦਾਸਰੀ ਕਿਸਾਨ-ਵੀਰਾਂ ਨਾਲ ਗੰਭੀਰ ਵਿਚਾਰਾਂ ਵੀ ਕਰਦੀ ਰਹੀ।
Farmers Protest
ਹਰ ਮੋਰਚੇ ਉਤੇ ਮੇਰੇ ਪੰਜਾਬੀ ਵੀਰਾਂ ਦਾ ਹੌਸਲਾ, ਹਿੰਮਤ, ਸਬਰ ਤੇ ਸਿਦਕ ਲਾਮਿਸਾਲ ਵੇਖਿਆ ਤੇ ਇਹੋ ਜਹੀ ਵਿਉਂਤਬੰਦੀ, ਪ੍ਰਬੰਧ ਤੇ ਸਫ਼ਲ ਇੰਤਜ਼ਾਮ ਵੇਖੇ ਜਿਵੇਂ ਫ਼ੌਜਾਂ ਦੇ ਕਮਾਂਡਰ ਕਰਦੇ ਹਨ। ਰੋਟੀ, ਪਾਣੀ, ਜੰਗਲ ਪਾਣੀ, ਵਾਰੀਆਂ, ਹਾਜ਼ਰੀ, ਬਿਸਤਰ-ਪ੍ਰਬੰਧ ਕਮਾਲ ਦਾ! ਸਿਰੇ ਦਾ! ਭਾਵੇਂ ਕਿਸੇ ਟੋਲ ਪਲਾਜ਼ੇ ਉਤੇ ਗਏ, ਭਾਵੇਂ ਰਾਜਪੁਰੇ ਦੇ ਥਰਮਲ ਪਲਾਂਟ ਲਾਗਲੇ ਰੇਲਵੇ ਟਰੈਕ ਉਤੇ, ਭਾਵੇਂ ਸ਼ੰਭੂ ਮੋਰਚੇ ਵਿਚ ਜਾਂ ਨਾਭੇ ਦੇ ਰਿਲਾਇੰਸ ਪੈਟਰੋਲ ਪੰਪਾਂ 'ਤੇ, ਹਰ ਇਕੱਠ ਵਿਚ ਪ੍ਰਸ਼ੰਸਾਯੋਗ ਯੋਜਨਾਬੰਦੀ, ਹਾਜ਼ਰੀ, ਸਬਰ ਤੇ ਸਿਦਕ ਤੇ ਦ੍ਰਿੜ੍ਹਤਾ ਕਹਿਰ ਦੀ-ਅਪਣੇ ਨਾਲ ਹੋਈ ਵਧੀਕੀ, ਥੋਪੇ ਕਾਨੂੰਨਾਂ ਦਾ ਗੁੱਸਾ, ਸਿਰੇ ਤਕ। 85 ਸਾਲਾ ਬਜ਼ੁਰਗ ਵੀ ਉਵੇਂ ਹੀ ਹਿੰਮਤੀ ਭਾਵੇਂ ਗੋਡੇ-ਗਿੱਟੇ ਜਵਾਬ ਦੇ ਰਹੇ ਜਾਪਦੇ, ਸ੍ਰੀਰ ਨਿਢਾਲ ਹੁੰਦੇ ਦਿਸਦੇ ਪਰ ਬਲਵਾਨ ਆਤਮਾ ਵਾਲੇ ਤੇ ਟਿਕੇ ਮਨ ਵਾਲੇ ਗੁਰੂ ਪਾਤਿਸ਼ਾਹਾਂ ਦੇ ਪੁਤਰਾਂ ਦਾ ਬਿਆਨ ਕਿਹੜੇ ਸ਼ਬਦਾਂ ਨਾਲ ਕਰਾਂ?
Farmers Protest
ਮੇਰੇ ਪੰਜਾਬੀ ਪੁਤਰੋ! ਮੈਨੂੰ ਮਾਫ਼ ਕਰਨਾ। ਮੈਂ ਤਾਂ ਸਮਝ ਲਿਆ ਸੀ ਕਿ ਸਾਨੂੰ ਜ਼ਰਦਿਆਂ, ਚਿੱਟਿਆਂ, ਗਾਂਜਿਆਂ ਤੇ ਦਾਰੂਆਂ ਨੇ ਤਬਾਹ ਕਰ ਦਿਤਾ ਹੈ। ਸਾਡੀ ਨੌਜੁਆਨੀ ਜਾਂ ਤਾਂ ਜਹਾਜ਼ੀ ਚੜ੍ਹ ਗਈ ਹੈ ਤੇ ਪਿਛੇ ਬਾਕੀ ਬਚਦੀ, ਸਾਡੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਨਸ਼ੇ ਵਿਚ ਡੁੱਬ ਚੁੱਕੀ ਹੈ। ਅਪਣੇ ਮੋਢਿਆਂ ਉਤੇ ਨਿੱਤ ਦਿਨ ਨਸ਼ਈ ਪੁਤਰਾਂ ਦੀਆਂ ਅਰਥੀਆਂ ਉਠਾਉਂਦੇ ਕਿਸਾਨ ਵੀਰਾਂ ਨੂੰ ਤਕਦਿਆਂ ਜਾਂ ਸੁਣਦਿਆਂ ਮੈਂ ਭੁਲੇਖੇ ਦੀ ਸ਼ਿਕਾਰ ਹੋ ਗਈ ਸਾਂ ਕਿ ਪੰਜਾਬ ਸ਼ਾਇਦ ਹੁਣ ਹਿੰਮਤੀ ਨੌਜੁਆਨਾਂ ਤੋਂ ਹੀ ਸਖਣਾ ਹੋ ਗਿਆ ਹੈ। ਪਰ ਮੇਰਾ ਅੰਦਾਜ਼ਾ ਬਿਲਕੁਲ ਗ਼ਲਤ ਸਾਬਤ ਕੀਤਾ ਮੇਰੇ ਜਾਂਬਾਜ਼ ਪੁਤਰਾਂ ਨੇ! ਸ਼ਾਬਾਸ਼ ਦੂਲਿਓ! ਵਾਹਵਾ ਬੱਬਰੋ!! ਬੱਲੇ ਬਾਂਕਿਉਂ!!! ਤੁਹਾਡੇ ਅਲੌਕਿਕ, ਬੇਮਿਸਾਲ, ਅਦਭੁਤ, ਅਨੋਖੇ, ਲਾਸਾਨੀ, ਕ੍ਰਿਸ਼ਮਈ ਤੇ ਕਰਾਮਾਤੀ ਜਾਪਦੇ ਦ੍ਰਿਸ਼ ਸਾਰੀ ਦੁਨੀਆਂ ਨੇ ਤੱਕੇ, ਸਾਰੇ ਜਹਾਨ ਨੇ ਵੇਖੇ, ਸਾਰੀ ਖ਼ਲਕਤ ਨੇ ਨਿਹਾਰੇ। ਉਹ ਐਡਾ ਜ਼ੁਲਮ! ਕਹਿਰ! ਵਧੀਕੀ!! ਤੋਬਾ-ਤੋਬਾ ਸਬਰ ਦੀ ਏਨੀ ਕਰੜੀ ਅਜ਼ਮਾਇਸ਼??
Farmers Protest
ਪ੍ਰਮਾਤਮਾ ਦੀ ਮੌਜ ਵਿਚੋਂ ਪ੍ਰਗਟੇ ਇਸ ਫੁਰਤੀਲੇ, ਬਹਾਦਰ, ਦੂਰਦ੍ਰਿਸ਼ਟ ਤੇ ਜਾਂਬਾਜ਼ ਖ਼ਾਲਸੇ ਨੇ ਸਾਰਾਗੜ੍ਹੀ ਚੇਤੇ ਕਰਵਾ ਦਿਤੀ, ਪਹਿਲੀ ਤੇ ਦੂਜੀ ਵਿਸ਼ਵ ਜੰਗ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ, ਚਮਕੌਰ ਦੀ ਗੜ੍ਹੀ ਸਾਹਮਣੇ ਲਿਆ ਖਲ੍ਹਾਰੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਲਾਮਿਸਾਲ ਕੁਰਬਾਨੀ ਸਜਿੰਦ ਕਰ ਦਿਤੀ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਸੂਬੇਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ. ਹਰੀ ਸਿੰਘ ਨਲੂਆ, ਸ. ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਸਦਾ ਕੌਰ ਜਹੇ ਇਤਿਹਾਸਕ ਕਿਰਦਾਰਾਂ ਦੀ ਅਲ-ਔਲਾਦ ਤੇ ਵਾਰਸੋ! ਤੁਹਾਨੂੰ ਹੁਣ ਸਮਝ ਆ ਗਈ ਹੈ ਨਾ ਕਿ ਦੁਸ਼ਮਣ ਕੇਡਾ ਸ਼ਾਤਰ ਹੈ, ਖ਼ਤਰਨਾਕ ਹੈ ਤੇ ਤੁਹਾਡਾ ਖੁਰਾ ਖੋਜ ਮਿਟਾਉਣ ਉਤੇ ਉਤਾਰੂ ਹੈ। ਇਸ ਨੇ 'ਜੈ ਜਵਾਨ ਤੇ ਜੈ ਕਿਸਾਨ' ਦਾ ਨਾਅਰਾ ਪਲਟਦਿਆਂ 'ਮਰ ਕਿਸਾਨ, ਮਾਰ ਜਵਾਨ' ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਤੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਜਹੇ ਕਿਸਾਨ-ਪੱਖੀ ਪ੍ਰਧਾਨ ਮੰਤਰੀ ਨੂੰ ਜ਼ੀਰੋ ਕਰਨ ਦੀ ਠਾਣ ਲਈ ਹੈ।
ਪਰ ਦੇਸ਼ ਦੇ ਬਾਕੀ ਕਿਸਾਨਾਂ ਨੂੰ ਜਗਾਉਣ ਵਾਲਾ ਪੰਜਾਬੀ ਕਿਸਾਨ ਅੱਜ ਪੂਰੀ ਤਰ੍ਹਾਂ ਜਾਗਰੂਕ, ਸੁਚੇਤ, ਸਿਆਣਾ ਤੇ ਅਗਾਂਹ ਵਧੂ ਹੈ। ਦਿੱਲੀ ਦਾ ਮੂਰਖ ਲਾਣਾ ਸਮਝੀ ਬੈਠਾ ਹੈ ਕਿ ਇਹ ਕਿਸਾਨ ਬੇਵਕੂਫ਼ ਹਨ, ਅਨਪੜ੍ਹ ਹਨ ਤੇ ਬੇਸਮਝ ਵੀ ਜਿਨ੍ਹਾਂ ਨੂੰ ਨਵੇਂ ਥੋਪੇ ਖੇਤੀ-ਕਾਨੂੰਨਾਂ ਦਾ ਕੋਈ ਇਲਮ ਹੀ ਨਹੀਂ ਕਿ ਇਹ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਣ ਵਾਲੇ ਹਨ। ਬਾਕੀ ਦੇਸ਼ ਦੇ ਭੋਲੇ ਕਿਸਾਨਾਂ ਦੀ ਇਹ ਮਨੋਦਸ਼ਾ ਹੋ ਸਕਦੀ ਹੈ ਕਿਉਂਕਿ ਤਾਜ਼ਾ ਸਰਵੇਖਣਾਂ ਅਨੁਸਾਰ, 71 ਫ਼ੀ ਸਦੀ ਅੰਨਦਾਤਾ ਨੂੰ ਇਨ੍ਹਾਂ ਖੇਤੀ-ਕਾਨੂੰਨਾਂ ਦੇ ਸਿੱਟਿਆਂ, ਪੇਚੀਦਗੀਆਂ ਤੇ ਨਤੀਜਿਆਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਪਰ ਪੰਜਾਬ ਤੇ ਹਰਿਆਣੇ (ਇਕੋ ਮਾਂ ਦੇ ਜਾਏ) ਦੇ ਕਿਸਾਨ ਜਾਗਰੂਕ ਹਨ। ਹਰਗਿਜ਼ ਵੀ ਕਿਸੇ ਸਿਆਸੀ ਪਾਰਟੀ ਤੋਂ ਪ੍ਰੇਰਿਤ ਨਹੀਂ, ਕਿਸੇ ਨੇਤਾ ਨੂੰ ਤਾਂ ਉਹ ਅਪਣੇ ਮੋਰਚੇ ਵਿਚ ਵੜਨ ਤਕ ਨਹੀਂ ਦਿੰਦੇ। ਸੋ, ਹਰਿਆਣੇ ਦੇ ਮੁੱਖ ਮੰਤਰੀ ਤੇ ਹੋਰ ਭਾਜਪਾਈਆਂ ਦੇ ਇਲਜ਼ਾਮ ਸਰਾਸਰ ਗ਼ਲਤ, ਫੋਕੇ, ਫ਼ਜ਼ੂਲ ਤੇ ਸਮਾਂ-ਟਪਾਊ ਹਨ ਕਿ ਇਹ ਸਿਆਸਤਦਾਨਾਂ ਦੇ ਸਿਖਾਏ-ਪੜ੍ਹਾਏ ਇਥੇ ਪੁੱਜੇ ਹਨ।
ਮੂਰਖੋ! ਹਾਲੇ ਵੀ ਸਮਝ ਜਾਉ। ਅਜੇ ਵੇਲਾ ਹੈ! ਇਹ ਨਾ ਸਮਝ ਲੈਣਾ ਕਿ ਇਹ ਵਕਤੀ ਉਬਾਲ ਹੈ, ਛੇਤੀ ਠੰਢਾ ਪੈ ਜਾਊ। ਨਹੀਂ, ਹਰਗਿਜ਼ ਵੀ ਦਬਣ ਜਾਂ ਠੰਢਾ ਪੈਣ ਵਾਲਾ ਨਹੀਂ ਇਹ ਵਿਰੋਧ ਕਿਉਂਕਿ ਇਸ ਦੇ ਪਿੱਛੇ ਭਾਵੇਂ ਪੰਜਾਬ ਦੀ ਹਜ਼ਾਰਾਂ ਵਰ੍ਹਿਆਂ ਦੀ ਹੋਣੀ ਹੈ ਪਰ ਸਾਢੇ ਪੰਜ ਸੌ ਸਾਲਾਂ ਦਾ ਸ਼ਾਂਤਮਈ, ਸੰਤੋਖੀ ਤੇ ਸਨਿਮਰ ਇਤਿਹਾਸ ਅਪਣੀ ਬੁੱਕਲ ਵਿਚ 'ਪਹਿਲਾਂ ਮਰਣੁ ਕਬੂਲ, ਜੀਵਨ ਕੀ ਛਡੁ ਆਸਿ' ਸਾਂਭੀ ਬੈਠਾ ਹੈ। 'ਮਰਣੁ ਮੁਨਸਾ ਸੂਰਿਆ ਹਕੁ ਹੈ' ਦੀ ਸੋਝੀ ਦਿਤੀ ਸੀ ਸਾਡੇ ਪਾਤਿਸ਼ਾਹਾਂ ਨੇ। 'ਬਾਬੇ ਕਿਆਂ' ਨਾਲ ਵੈਰ ਨਾ ਪਾਲੋ, ਇਥੇ 'ਬਾਬਰ ਕਿਆਂ' ਨਾਲ ਟੱਕਰ ਲੈਣ ਵਾਲੇ ਯੋਧੇ ਵੀ ਹਨ। ਗੁਰੂ ਸਾਹਿਬਾਨ, ਸੰਤਾਂ ਭਗਤਾਂ, ਪੀਰਾਂ ਫ਼ਕੀਰਾਂ, ਸੂਰਬੀਰਾਂ ਤੇ ਮਰਜੀਵੜਿਆਂ ਦੀ ਅਲ-ਔਲਾਦ ਨੇ ਦੇਸ਼ ਦੀ ਰਾਜਧਾਨੀ ਉਤੇ ਇਸ ਤਰ੍ਹਾਂ ਦੀ ਦਸਤਕ ਦਿਤੀ ਹੈ ਜਿਵੇਂ ਦੀ ਵੰਗਾਰ ਦੇਣੀ ਲੋਕ ਚਿਰਾਂ ਤੋਂ ਭੁੱਲ ਚੁੱਕੇ ਸਨ।
ਜੇ ਕਹਾਂ ਕਿ 'ਵਾਹ ਵਾਹ ਛਿੰਞ ਪਈ ਦਰਬਾਰ' ਤਾਂ ਹੋਰ ਵੀ ਅਰਥ-ਭਰਪੂਰ ਹੋਵੇਗਾ (ਜਿਵੇਂ ਕਿ ਬੁੱਲ੍ਹੇ ਸ਼ਾਹ ਨੇ ਕਿਹਾ ਸੀ) ਇਹ ਭਿਖਾਰੀ ਨਹੀਂ ਜਿਨ੍ਹਾਂ ਨੂੰ ਭੀਖ ਦੇਣ ਲਈ ਤੁਸੀਂ ਸ਼ਰਤਾਂ ਲਗਾ ਰਹੇ ਹੋ, ਤਰੀਕਾਂ ਵਧਾ ਰਹੇ ਹੋ। ਇਹ ਅੰਨਦਾਤੇ ਹਨ, ਅੱਧੀ ਸਦੀ ਤੋਂ ਭੁੱਖੇ ਭਾਰਤ ਦਾ ਢਿੱਡ ਭਰਨ ਵਾਲੇ। ਹਾਕਮਾਂ ਨੂੰ ਵੰਗਾਰਨ ਵਾਲੇ, ਸਿਕੰਦਰਾਂ ਦੇ ਮੂੰਹ ਭੰਨਣ ਵਾਲੇ, ਸਰਹੱਦਾਂ ਉਤੇ ਵਰ੍ਹਦੀਆਂ ਗੋਲੀਆਂ 'ਚ ਵੀ ਅੱਗੇ ਵਧਣ ਵਾਲੇ, ਅਪਣੀ ਜੰਗਜੂ ਵਿਰਾਸਤ ਤੇ ਪਹਿਰਾ ਦੇਣ ਵਾਲੇ। ਢੋਲ ਨਗਾਰਿਆਂ ਦੇ ਸ਼ੌਕੀਨ, ਢੋਲ ਵਜਾ ਕੇ ਦਿੱਲੀ ਕੂਚ ਕਰਨ ਵਾਲੇ, ਸਮੇਂ ਦੀ ਅੱਖ ਵਿਚ ਅੱਖ ਪਾ ਕੇ ਚੁਨੌਤੀ ਦੇਣ ਵਾਲਾ। ਹੁਣ ਵੀ ਸਮਝ ਜਾਉ, ਝੂਠੀਆਂ ਸ਼ਾਨਾਂ ਦੇ ਮਾਲਕੋ! ਗੁਰੂ ਦੇ ਸਿੰਘ ਤੁਹਾਡੇ ਦਰ ਉਤੇ ਹਿਸਾਬ ਮੰਗਣ ਆਏ ਹਨ-ਟੱਬਰਾਂ ਸਮੇਤ।
ਡਾ.ਕੁਲਵੰਤ ਕੌਰ,ਸੰਪਰਕ : 98156-20515