Joginder Singh: ਬੀਬੀ ਜਗਜੀਤ ਕੌਰ ਵੀ ਸ. ਜੋਗਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਲਈ ਕੰਮ ਕਰਦੇ ਰਹੇ।
Joginder Singh death news in punjabi : ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਸੰਖੇਪ ਬਿਮਾਰੀ ਮਗਰੋਂ 83 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਏ। ਪੇਸ਼ੇ ਤੋਂ ਵਕੀਲ, ਸ. ਜੋਗਿੰਦਰ ਸਿੰਘ ਨੇ ਇਕ ਸੁਤੰਤਰ ਮੀਡੀਆ ਆਉਟਲੈਟ ਲੱਭਣ ਅਤੇ ਸਥਾਪਤ ਕਰਨ ਲਈ ਇਕ ਸ਼ਾਨਦਾਰ ਕਰੀਅਰ ਛੱਡ ਦਿਤਾ ਸੀ। ਪੰਥ ਲਈ ਕੁੱਝ ਕਰ ਗੁਜ਼ਰਨ ਦੀ ਲਲਕ ਲਈ, ਉਨ੍ਹਾਂ ਸਖ਼ਤ ਮਿਹਨਤ ਨਾਲ 1 ਜਨਵਰੀ 1994 ਵਿਚ ਸ਼ੁਰੂ ਹੋਏ ‘ਸਪੋਕਸਮੈਨ’ ਦੇ ਮਾਸਕ ਰਸਾਲੇ ਨੂੰ 1 ਦਸੰਬਰ 2005 ਵਾਲੇ ਦਿਨ ਰੋਜ਼ਾਨਾ ਸਪੋਕਸਮੈਨ ਨਾਂ ਦੇ ਰੋਜ਼ਾਨਾ ਅਖ਼ਬਾਰ ’ਚ ਬਦਲ ਦਿਤਾ, ਜਿਸ ਨੇ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦਿਤੀ।
ਬੀਬੀ ਜਗਜੀਤ ਕੌਰ ਵੀ ਸ. ਜੋਗਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਲਈ ਕੰਮ ਕਰਦੇ ਰਹੇ। ਅਸਲ ’ਚ ਸ. ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ‘ਰੋਜ਼ਾਨਾ ਸਪੋਕਸਮੈਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਅਸਲ ਹੀਰੋ ਇਕ ਬੀਬੀ ਹੈ, ਮੈਂ ਨਹੀਂ!’ ਉਹ ਅਪਣੇ ਸੁਪਤਨੀ ਜਗਜੀਤ ਕੌਰ ਬਾਰੇ ਹੀ ਗੱਲ ਕਰ ਰਹੇ ਸਨ। ਉਨ੍ਹਾਂ ਦੇ ਨਕਸ਼ੇ ਕਦਮ ’ਤੇ ਉਨ੍ਹਾਂ ਦੀ ਬੇਟੀ ਨਿਮਰਤ ਕੌਰ ਵੀ ਰੋਜ਼ਾਨਾ ਸਪੋਕਸਮੈਨ ਨਾਂ ਦਾ ਵੈੱਬ ਚੈਨਲ ਚਲਾ ਰਹੇ ਹਨ, ਜੋ ਛੇਤੀ ਹੀ ਟੀ.ਵੀ. ਚੈਨਲ ਬਣਨ ਜਾ ਰਿਹਾ ਹੈ।
ਵੱਡੀਆਂ ਰਹੀਆਂ ਅਕਾਦਮਿਕ ਪ੍ਰਾਪਤੀਆਂ: ਉਨ੍ਹਾਂ ਦਾ ਜਨਮ 1 ਮਈ, 1941 ਨੂੰ ਕਸਬਾ ਚੇਲੀਆਂਵਾਲਾ (ਪਾਕਿਸਤਾਨ) ਵਿਖੇ ਡਾ. ਇੰਦਰਜੀਤ ਸਿੰਘ ਤੇ ਮਾਤਾ ਸੁੰਦਰ ਕੌਰ ਦੇ ਘਰ ਜਨਮ ਲਿਆ। ਉਨ੍ਹਾਂ ਨੇ ਮੈਟ੍ਰਿਕ ਤੇ ਬੀ.ਏ. ਮੁਕੰਦ ਲਾਲ ਨੈਸ਼ਨਲ ਹਾਈ ਸਕੂਲ/ਕਾਲਜ, ਯਮੁਨਾਨਗਰ ਤੋਂ ਤੇ ਕਾਨੂੰਨ ਦੀ ਪੜ੍ਹਾਈ (ਐਲ.ਐਲ.ਬੀ.) ਚੰਡੀਗੜ੍ਹ ਤੋਂ ਕੀਤੀ। ਸਕੂਲ ਵਿਚ ਪੰਜਾਬੀ ਪੜ੍ਹਾਉਣ ਲਈ ਕੋਈ ਟੀਚਰ ਨਹੀਂ ਸੀ ਰਖਿਆ ਹੋਇਆ, ਫਿਰ ਵੀ ਮੈਟਰਿਕ ਦੇ ਪੰਜਾਬੀ ਪੇਪਰ ਵਿਚੋਂ 150 ’ਚੋਂ 142 ਨੰਬਰ ਲੈ ਕੇ ਸਾਰੇ ਵੱਡੇ ਪੰਜਾਬ ’ਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਵਜ਼ੀਫ਼ਾ ਪ੍ਰਾਪਤ ਕੀਤਾ ਤੇ ਸਕੂਲ ਦਾ ਮਾਣ ਵਧਾਇਆ।
ਪੁਜਾਰੀਆਂ ਅੱਗੇ ਕਦੇ ਨਹੀਂ ਝੁਕੇ: ਕੈਨੇਡਾ ਰਹਿੰਦੇ ਲੇਖਕ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਨਿਜੀ ਕਿੜਾਂ ਕੱਢਣ ਲਈ, ਜੋਗਿੰਦਰ ਸਿੰਘ ਵੇਦਾਂਤੀ ‘ਜਥੇਦਾਰ’ ਅਕਾਲ ਤਖ਼ਤ ਨੇ ਪੰਥ ’ਚੋਂ ਛੇਕ ਦਿਤਾ। ਸ: ਜੋਗਿੰਦਰ ਸਿੰਘ ਨੇ ਵਿਦਵਾਨਾਂ ਨੂੰ ਨਾਲ ਲੈ ਕੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਨਵੰਬਰ, 2003 ਵਿਚ ‘ਵਰਲਡ ਸਿੱਖ ਕਨਵੈਨਸ਼ਨ’ ਬੁਲਾ ਲਈ, ਜਿਸ ਵਿਚ ਸਾਰੀ ਦੁਨੀਆਂ ਤੋਂ ਆਏ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਅਕਾਲ ਤਖ਼ਤ ਤੋਂ ਵਿਦਵਾਨਾਂ ਨੂੰ ਛੇਕਣ ਆਦਿ ਦਾ ਜਿਹੜਾ ਸਿਲਸਿਲਾ ਲਾਗੂ ਕੀਤਾ ਜਾ ਰਿਹਾ ਹੈ, ਇਹ ਸਿੱਖ ਧਰਮ ਦੇ ਮੁਢਲੇ ਅਸੂਲਾਂ ਦੇ ਉਲਟ ਹੈ, ਇਸ ਲਈ ਕਿਸੇ ਵੀ ਸਿੱਖ ਨੂੰ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਾ ਚਾਹੀਦਾ।
ਗੁੱਸਾ ਖਾ ਕੇ ਪੁਜਾਰੀਆਂ ਨੇ ਸ: ਜੋਗਿੰਦਰ ਸਿੰਘ ਨੂੰ ਵੀ ਛੇਕ ਦਿਤਾ ਤੇ ਕਈ ਝੂਠੇ ਇਲਜ਼ਾਮ, ਗੁਰਦਵਾਰਾ ਸਟੇਜਾਂ ਤੋਂ ਵੀ ਦੁਹਰਾਏ। ਸ. ਜੋਗਿੰਦਰ ਸਿੰਘ ਦਾ ਕਹਿਣਾ ਸੀ, ‘‘ਕੋਈ ਵੀ ਕੀਮਤ ਦੇਣੀ ਪਈ, ਦੇਵਾਂਗਾ ਪਰ ਪੁਜਾਰੀਵਾਦ ਅੱਗੇ ਸਿਰ ਨਹੀਂ ਝੁਕਾਵਾਂਗਾ ਕਿਉਂਕਿ ਅਜਿਹਾ ਕਰਨ ਦਾ ਮਤਲਬ ਹੋਵੇਗਾ ਬਾਬੇ ਨਾਨਕ ਦੀ ਸਿੱਖੀ ਨੂੰ ਬੇਦਾਵਾ ਦੇ ਦੇਣਾ ਤੇ ਸਿੱਖ ਧਰਮ ਨੂੰ ਅੱਜ ਦੇ ਯੁਗ ਦਾ ਨਹੀਂ, ਬੀਤੇ ਪਛੜੇ ਯੁਗ ਦਾ ਫ਼ਲਸਫ਼ਾ ਮੰਨਣਾ। ਮੈਂ ਇਹ ਪਾਪ ਨਹੀਂ ਕਰਾਂਗਾ।’’ ਕਾਨੂੰਨੀ ਕੇਸਾਂ ਦਾ ਵੀ ਕੀਤਾ ਡਟ ਕੇ ਸਾਹਮਣਾ: ਪੰਜਾਬੀ ਪੱਤਰਕਾਰੀ ਵਿਚ ਸ. ਜੋਗਿੰਦਰ ਸਿੰਘ ਪਹਿਲੇ ਸੰਪਾਦਕ ਸਨ ਜਿਸ ਨੂੰ ਝੁਕਾਉਣ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਦਰਜਨ ਦੇ ਕਰੀਬ ਕੇਸ ਪਾ ਦਿਤੇ ਗਏ ਤਾਕਿ ਥੱਕ ਟੁਟ ਕੇ ਹਾਰ ਮੰਨ ਲਵੇ। ਇਨ੍ਹਾਂ ਕੇਸਾਂ ਦੀ ਪੈਰਵੀ ਉਤੇ ਹੁਣ ਤਕ ਦੋ ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ ਤੇ ਇਸੇ ਸਮੇਂ ਦੌਰਾਨ ਹੀ ਸ. ਜੋਗਿੰਦਰ ਸਿੰਘ ਨੂੰ ਦਿਲ ਦੀ ਬਾਈਪਾਸ ਸਰਜਰੀ ਵੀ ਕਰਵਾਉਣੀ ਪਈ।
ਪੰਜਾਬੀ ਪੱਤਰਕਾਰੀ ਵਿਚ ਸ. ਜੋਗਿੰਦਰ ਸਿੰਘ ਉਹ ਪਹਿਲੇ ਹਸਤਾਖ਼ਰ ਸਨ ਜਿਨ੍ਹਾਂ ਨੂੰ ਅਪਣੇ ਸਿਧਾਂਤ ਤੋਂ ਡੇਗਣ ਲਈ, ਬਾਕੀ ਹਰਬੇ ਫ਼ੇਲ ਹੋ ਜਾਣ ਮਗਰੋਂ, ਕਰੋੜਾਂ ਰੁਪਏ ਦੀ ਰਿਸ਼ਵਤ ਵੀ ਪੇਸ਼ ਕੀਤੀ ਗਈ ਪਰ ਉਨ੍ਹਾਂ ਇਕ ਪੈਸਾ ਵੀ ਲੈਣਾ ਮਨਜ਼ੂਰ ਨਾ ਕੀਤਾ। ਇਸ ਸਰਕਾਰੀ-ਪੁਜਾਰੀ-ਗੋਲਕਧਾਰੀ ਹੱਲੇ ਦੇ ਜਾਰੀ ਰਹਿੰਦਿਆਂ ਹੀ ਸ. ਜੋਗਿੰਦਰ ਸਿੰਘ ਨੇ ਐਲਾਨ ਕੀਤਾ ਕਿ ਪਹਿਲਾਂ ਤੋਂ ਐਲਾਨਿਆ 100 ਕਰੋੜੀ ‘ਉੱਚਾ ਦਰ ਬਾਬੇ ਨਾਨਕ ਦਾ’ ਵੀ ਜ਼ਰੂਰ ਬਣਾਇਆ ਜਾਵੇਗਾ ਜੋ ਹੁਣ ਸ਼ੰਭੂ ਬਾਰਡਰ ਨੇੜੇ ਜੀ.ਟੀ. ਰੋਡ ਉਤੇ ਸ਼ੁਰੂ ਹੋ ਚੁੱਕਾ ਹੈ। ਇਸ ਦੀ ਉਸਾਰੀ ਲਈ ਉਨ੍ਹਾਂ ਕੇਵਲ ਅਪਣੇ ਪਾਠਕਾਂ ਤੋਂ ਹੀ ਮਦਦ ਮੰਗੀ ਤੇ ਇਸ ਨੂੰ ‘ਭਾਈ ਲਾਲੋਆਂ ਦਾ ਅਜੂਬਾ’ ਦਸਿਆ ਜਿਸ ਦਾ 100 ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਕਰ ਦਿਤਾ ਗਿਆ।