ਸ਼ਾਨ ਏ ਸਿੱਖੀ ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ
Published : Jan 6, 2021, 7:34 am IST
Updated : Jan 6, 2021, 7:34 am IST
SHARE ARTICLE
Shaan A. Sikh Commander Nidhan Singh
Shaan A. Sikh Commander Nidhan Singh

ਇਕ ਵਾਰ ਸ਼ੇਰ-ਏ-ਪੰਜਾਬ ਨੂੰ ਗਵਰਨਰ ਜਨਰਲ ਲਾਹੌਰ ਮਿਲਣ ਆਇਆ ਤਾਂ ਉਸ ਨੇ ਨਿਧਾਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ

 ਮੁਹਾਲੀ: ਸ. ਦੁਲਚਾ ਸਿੰਘ ਜੰਮੂ ਦੇ ਰਾਜਾ ਰਣਜੀਤ ਦਿਉ ਦੀ ਫ਼ੌਜ ਵਿਚ ਕੰਮ  ਕਰਦਾ ਸੀ। ਉਸ ਦਾ ਪੁੱਤਰ ਰਾਮ ਦਾਤ ਸਿੰਘ ਸੁਕਰਚਕੀਆ ਮਿਸਲ ਵਿਚ ਮਹਾਂਸਿੰਘ ਨਾਲ ਜੰਗ ਲੜਦਾ ਰਿਹਾ। ਰਾਮ ਦਾਤ ਦੇ ਪੁੱਤਰ ਰਾਮ ਸਿੰਘ ਨੇ ਸੰਨ 1798 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਜੰਗ ਲੜੀ ਤੇ ਸੰਨ 1799 ਵਿਚ ਲਾਹੌਰ ਉੱਤੇ ਕਬਜ਼ਾ ਕਰਨ ਵਾਲੀ ਟੁਕੜੀ ਵਿਚ ਵੀ ਲੜਿਆ। ਉਸ ਦਾ ਪੁੱਤਰ ਨਿਧਾਨ ਸਿੰਘ ਸੇਵਾਦਾਰ ਵਜੋਂ ਮਹਾਰਾਜੇ ਦੀ ਫ਼ੌਜ ਵਿਚ ਸ਼ਾਮਲ ਹੋਇਆ। ਉਸ ਦੀ ਬਹਾਦਰੀ, ਡੀਲ ਡੌਲ ਤੇ ਫੁਰਤੀਲੇਪਨ ਨੂੰ ਵੇਖ ਸਰਦਾਰ ਹਰੀ ਸਿੰਘ ਨਲੂਏ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਤੇ ਸ੍ਰ. ਸ਼ੇਰ ਸਿੰਘ ਨਾਲ ਸੰਨ 1823 ਵਿਚ ਜਹਾਂਗੀਰ ਦੀ ਜੰਗ ਵਿਚ ਜੌਹਰ ਵਿਖਾਉਣ ਲਈ ਕਿਹਾ। ਉਹ ਜੰਗ ਨਿਧਾਨ ਸਿੰਘ ਦੀ ਬਹਾਦਰੀ ਦੇ ਝੰਡੇ ਗੱਡ ਗਈ। ਉਦੋਂ ਅਫ਼ਗਾਨ ਫ਼ੌਜ ਨੂੰ ਹਾਰ ਦਾ ਮੂੰਹ ਵਿਖਾਉਣ ਬਾਅਦ ਦੁਬਾਰਾ ਹੱਲਾ ਬੋਲਣ ਲਈ ਟੀਹੜੀ ਪਹਾੜੀ ਵਲ ਤੁਰ ਪਈ ਸੀ।

Maharaja Ranjit SinghMaharaja Ranjit Singh

ਅੱਟਕ ਦੇ ਪਛਮ ਵਲੋਂ ਤੁਰਦਿਆਂ ਮੁਹੰਮਦ ਆਜ਼ਮ ਖਾਂ, ਜੋ ਅਫ਼ਗਾਨਿਸਤਾਨ ਦਾ ਨਾਜ਼ਮ ਸੀ, ਨੇ ਸਿੱਖਾਂ ਨੂੰ ਢਾਹੁਣ ਲਈ ਨੌਸ਼ਿਹਰਾ ਵਲ ਚਾਲੇ ਪਾ ਦਿਤੇ। ਸ. ਨਲੂਏ ਨੇ ਕੁੱਝ ਗਿਣੇ ਚੁਣੇ ਸਿੰਘਾਂ ਦਾ ਚਾਰਜ ਦੇ ਕੇ ਨਿਧਾਨ ਸਿੰਘ ਤੇ ਮਹਾਂ ਸਿੰਘ ਅਕਾਲੀ ਨੂੰ ਉੱਧਰ ਮੋਰਚਾ ਸਾਂਭਣ ਦਾ ਹੁਕਮ ਦਿਤਾ। ਵੱਡੀ ਗਿਣਤੀ ਵਿਚ ਹੱਲਾ ਬੋਲਣ ਆਏ ਅਫ਼ਗਾਨੀਆਂ ਨੇ ਗਿਣੇ ਚੁਣੇ ਸਿੰਘਾਂ ਉਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰ੍ਹਾ ਦਿਤਾ। ਇਸ ਹੱਲੇ ਵਿਚ ਫੂਲਾ ਸਿੰਘ ਅਕਾਲੀ ਵੀ ਕਈ ਹੋਰਨਾਂ ਨਾਲ ਸ਼ਹੀਦ ਹੋ ਗਏ। ਨਿਧਾਨ ਸਿੰਘ ਨੇ ਵੇਖਿਆ ਕਿ ਵੈਰੀ ਪੂਰਾ ਜ਼ੋਰ ਵਿਖਾ ਰਹੇ ਹਨ। ਇਸੇ ਲਈ ਉਸ ਨੇ ਆਪ ਸੱਭ ਤੋਂ ਅੱਗੇ ਹੋ ਕੇ ਮੈਦਾਨ ਸਾਂਭ ਲਿਆ। ਪੂਰਾ ਗੱਜ ਕੇ ਜੈਕਾਰਾ ਲਗਾਉਂਦਿਆਂ ਜਿਵੇਂ ਉਹ ਵੈਰੀਆਂ ਉੱਤੇ ਟੁੱਟ ਕੇ ਪਿਆ, ਇੰਜ ਜਾਪਦਾ ਸੀ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਉੱਤੇ ਝਪਟਾ ਮਾਰ ਰਿਹਾ ਹੋਵੇ। ਉਸ ਨੇ ਅਪਣੇ ਸਿਪਾਹੀਆਂ ਦੀ ਸ਼ਹਾਦਤ ਨੂੰ ਰੋਕਣ ਲਈ ਜਿੱਥੇ ਲੋੜ ਪਈ, ਆਪ ਓਹਲੇ ਤੋਂ ਬਾਹਰ ਨਿਕਲ ਕੇ ਕਈ ਦੁਸ਼ਮਣਾਂ ਦੇ ਸਿਰ ਝਟਕਾ ਦਿਤੇ ਤੇ ਕਈ ਹੱਥੋਪਾਈ ਕਰ ਮਾਰ ਮੁਕਾਏ। ਅਜਿਹਾ ਕਰਦਿਆਂ ਉਸ ਦੇ ਜਿਸਮ ਦਾ ਇੰਚ-ਇੰਚ ਜ਼ਖ਼ਮੀ ਹੋ ਗਿਆ। ਦੁਸ਼ਮਣਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਇਸ ਲਈ ਸ੍ਰ. ਹਰੀ ਸਿੰਘ ਨਲੂਏ ਕੋਲੋਂ ਗੋਰਖਾ ਤੇ ਨਜੀਬ ਬਟਾਲੀਅਨ ਦੀ ਮੰਗ ਕੀਤੀ ਗਈ ਜਿਸ ਦੇ ਆਉਣ ਵਿਚ ਕਾਫ਼ੀ ਸਮਾਂ ਲਗਣਾ ਸੀ।

Maharaja Ranjit SinghMaharaja Ranjit Singh

ਇਹ ਸਮਾਂ ਨਿਧਾਨ ਸਿੰਘ ਨੇ ਜਿਸ ਨਿਡਰਤਾ ਤੇ ਬਹਾਦਰੀ ਨਾਲ ਲੰਘਾਇਆ ਤੇ ਦੁਸ਼ਮਣਾਂ ਨੂੰ ਇਕ ਇੰਚ ਵੀ ਅੱਗੇ ਆਉਣ ਤੋਂ ਰੋਕਿਆ, ਉਹ ਬੇਮਿਸਾਲ ਸਾਬਤ ਹੋ ਗਿਆ। ਜਦੋਂ ਪਿੱਛੋਂ ਹੋਰ ਬਟਾਲੀਅਨ ਪਹੁੰਚੀ ਤੇ ਉਨ੍ਹਾਂ ਨਿਧਾਨ ਸਿੰਘ ਦੀ ਹਾਲਤ ਵੇਖੀ ਤਾਂ ਉਹ ਵੀ ਉਸ ਦੀ ਹਿੰਮਤ ਵੇਖ ਕੇ ਹੈਰਾਨ ਰਹਿ ਗਏ। ਸਾਥੀਆਂ ਨੇ ਤਾਂ ਕਹਿਣਾ ਹੀ ਸੀ, ਦੁਸ਼ਮਣ ਫ਼ੌਜੀ ਵੀ ਕਹਿ ਉੱਠੇ ਕਿ ਖ਼ੌਰੇ ਨਿਧਾਨ ਦੇ ਦੋ ਨਹੀਂ ਪੰਜ ਹੱਥ ਹਨ ਕਿਉਂਕਿ ਜਿਸ ਬਿਜਲੀ ਵਰਗੀ ਤੇਜ਼ੀ ਨਾਲ ਉਹ ਇਕ ਨਹੀਂ, ਦੋ ਨਹੀਂ, ਬਲਕਿ ਪੰਜ-ਪੰਜ ਦੁਸ਼ਮਣਾਂ ਨੂੰ ਅੱਖ ਦੇ ਫੋਰ ਵਿਚ ਇਕੋ ਸਮੇਂ ਪਟਕਾ ਕੇ ਮਾਰ ਰਿਹਾ ਸੀ, ਉਹ ਕਿਸੇ ਇਕ ਬੰਦੇ ਦਾ ਕੰਮ ਹੋ ਹੀ ਨਹੀਂ ਸੀ ਸਕਦਾ। ਮੌਤ ਦਾ ਭੈਅ ਤਾਂ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ ਫਟਕ ਰਿਹਾ। ਬੇਖ਼ੌਫ਼ ਨਿਧਾਨ ਨੂੰ ਅਪਣੇ ਵਿੰਨ੍ਹੇ ਹੋਏ ਸ੍ਰੀਰ ਦੀ ਪ੍ਰਵਾਹ ਹੀ ਨਹੀਂ ਸੀ। ਜ਼ਖ਼ਮਾਂ ਦੀ ਪੀੜ ਉਸ ਨੂੰ ਮਹਿਸੂਸ ਹੀ ਨਹੀਂ ਸੀ ਹੋ ਰਹੀ। ਚੜ੍ਹਦੀ ਕਲਾ ਉਸ ਦੇ ਚਿਹਰੇ ਤੋਂ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਦੁਸ਼ਮਣਾਂ ਨੇ ਉਸ ਦੇ ਘੋੜੇ ਨੂੰ ਮਾਰ ਮੁਕਾਇਆ ਤਾਂ ਘੇਰੇ ਵਿਚ ਫਸ ਜਾਣ ਬਾਅਦ ਵੀ ਉਸ ਇਕੱਲੇ ਜਾਂਬਾਜ਼ ਨੇ ਅਪਣੀਆਂ ਦੋਵੇਂ ਬਾਹਾਂ ਵਿਚ ਫੜੀਆਂ ਤਲਵਾਰਾਂ ਨਾਲ ਘੇਰਾ ਪਾ ਕੇ ਖੜੇ ਪੰਜ ਉੱਚੇ ਲੰਮੇ ਪਠਾਣਾਂ ਨੂੰ ਘੜੀਸ ਕੇ ਵੱਢ ਸੁਟਿਆ। ਇਹ ਕੌਤਕ ਅੱਖਾਂ ਸਾਹਮਣੇ ਵੇਖ ਕੇ ਵੀ ਕਿਸੇ ਨੂੰ ਇਤਬਾਰ ਨਹੀਂ ਸੀ ਹੋ ਰਿਹਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਦੇ ਤਾਂਡਵ ਵਾਂਗ ਘੁਮਾਊਦਾਰ ਵਾਰਾਂ ਨੂੰ ਅੱਖੀਂ ਵੇਖਿਆ ਤਾਂ ਉਨ੍ਹਾਂ ਨਿਧਾਨ ਸਿੰਘ ਨੂੰ ਖ਼ਿਤਾਬ ਬਖ਼ਸ਼ਿਆ-‘ਪੰਜ-ਹੱਥਾ’!

ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਨੂੰ ਸੀਨੇ ਨਾਲ ਘੁੱਟ ਕੇ ਲਗਾ ਕੇ ਐਲਾਨ ਕੀਤਾ ਸੀ, ‘‘ਇਹ ਹੈ ਮੇਰਾ ਪੰਜ-ਹੱਥਾ ਸੂਰਮਾ। ਅੱਜ ਇਸ ਨੇ ਖ਼ਾਲਸਾਈ ਸ਼ਾਨ ਨੂੰ ਪੰਜ ਗੁਣਾਂ ਵਧਾ ਦਿਤਾ ਹੈ। ਇਸ ਨੂੰ ਸਰਕਾਰੀ ਕਾਗ਼ਜ਼ਾਂ ਵਿਚ ਵੀ ਪੰਜ-ਹੱਥਾ ਹੀ ਮੰਨਿਆ ਜਾਵੇਗਾ।’’ ਉਸ ਤੋਂ ਬਾਅਦ ਬਹਾਦਰ ਨਿਧਾਨ ਸਿੰਘ ਨੂੰ ‘ਨਿਧਾਨ ਸਿੰਘ ਪੰਜ-ਹੱਥਾ’ ਆਖ ਕੇ ਬੁਲਾਇਆ ਜਾਣ ਲੱਗ ਪਿਆ। ਜਰਨੈਲ ਨਿਧਾਨ ਸਿੰਘ ਪੰਜ-ਹੱਥਾ ਨੂੰ ਸ਼ੇਰ-ਏ-ਪੰਜਾਬ ਹਮੇਸ਼ਾ ਹੀ ਉਸ ਸਮੇਂ ਨਾਲ ਰਖਦੇ ਸਨ ਜਦੋਂ ਕਿਸੇ ਬਾਹਰੀ ਮੁਲਕ ਦੇ ਨੁਮਾਇੰਦੇ ਜਾਂ ਰਾਜੇ ਮਿਲਣ ਆਉਂਦੇ। ਉਨ੍ਹਾਂ ਨੂੰ ਨਿਧਾਨ ਸਿੰਘ ਦੇ ਸ੍ਰੀਰ ਦੇ ਫੱਟ ਵਿਖਾਏ ਜਾਂਦੇ ਤਾਕਿ ਉਹ ਯਾਦ ਰੱਖਣ ਕਿ ਸਿੱਖ ਰਾਜ ਦੇ ਯੋਧੇ ਕਿਹੋ ਜਹੇ ਹੁੰਦੇ ਹਨ। ਉਸ ਬਾਰੇ ਮਸ਼ਹੂਰ ਸੀ ਕਿ ਅਜਿਹਾ ਤਾਕਤਵਰ ਤੇ ਜਾਂਬਾਜ਼ ਹਜ਼ਾਰਾਂ ਸਾਲਾਂ ਵਿਚ ਇਕ ਹੀ ਪੈਦਾ ਹੁੰਦਾ ਹੈ। ਨਿਧਾਨ ਸਿੰਘ ਨੂੰ ਪੁੱਛੇ ਜਾਣ ਤੇ ਉਸ ਦਾ ਸਦਾ ਇਕ ਹੀ ਜਵਾਬ ਹੁੰਦਾ ਸੀ ਕਿ ਉਸ ਦੀ ਇਹ ਤਾਕਤ ਸਿਰਫ਼ ਸ੍ਰੀਰਕ ਨਹੀਂ, ਮਾਨਸਕ ਬੁਲੰਦੀ ਵੀ ਨਾਲ ਹੀ ਸ਼ਾਮਲ ਹੈ। ਇਹ ਮਾਨਸਕ ਤਾਕਤ ਉਸ ਨੂੰ ਦਸਮ ਪਾਤਸ਼ਾਹ ਵਲੋਂ ਬਖ਼ਸ਼ੇ ਇਨਕਲਾਬੀ ਜੈਕਾਰੇ ਰਾਹੀਂ ਸਦਾ ਹਾਸਲ ਹੁੰਦੀ ਰਹਿੰਦੀ ਹੈ।

ਪੰਜ-ਪੰਜ ਪਠਾਣਾਂ ਨੂੰ ਉਨ੍ਹਾਂ ਦੇ ਹਥਿਆਰਾਂ ਸਮੇਤ ਇਕੋ ਸਮੇਂ ਕਬਜ਼ੇ ਵਿਚ ਇਕੱਲੇ ਬੰਦੇ ਵਲੋਂ ਲੈ ਲੈਣਾ, ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੁੰਦਾ। ਆਮ ਬੰਦਾ ਅਜਿਹਾ ਸੋਚ ਵੀ ਨਹੀਂ ਸਕਦਾ। ਹਰ ਜੰਗ ਵਿਚ ਨਿਧਾਨ ਸਿੰਘ ਪੰਜ-ਹੱਥਾ ਹਮੇਸ਼ਾ ਸੱਭ ਤੋਂ ਅੱਗੇ ਹੁੰਦਾ ਤੇ ਸੱਭ ਤੋਂ ਅਖ਼ੀਰ ਵਿਚ ਦੁਸ਼ਮਣਾਂ ਨੂੰ ਮਾਰ ਮੁਕਾ ਕੇ ਹੀ ਵਾਪਸ ਮੁੜਦਾ। ਉਸ ਦਾ ਸ੍ਰੀਰ ਹਰ ਜੰਗ ਵਿਚ ਵਿੰਨਿ੍ਹਆ ਜਾਂਦਾ ਪਰ ਉਸ ਨੇ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਜੰਗ ਵਿਚਲੇ ਮਿਲੇ ਜ਼ਖ਼ਮਾਂ ਨੂੰ ਉਹ ਟਰਾਫ਼ੀਆਂ ਵਾਂਗ ਗਿਣਦਾ ਸੀ। ਸ੍ਰੀਰ ਦੇ ਹਰ ਇੰਚ-ਇੰਚ ਉੱਤੇ ਲੱਗੇ ਬਹਾਦਰੀ ਦੇ ਜ਼ਖ਼ਮ, ਜੋ ਡੂੰਘੇ ਨਿਸ਼ਾਨ ਛੱਡ ਗਏ ਸਨ, ਉਨ੍ਹਾਂ ਸਦਕਾ ਕਈ ਜਣੇ ਉਸ ਨੂੰ ਟਰਾਫ਼ੀਆਂ ਵਾਲਾ ਬੱਬਰ ਸ਼ੇਰ ਕਹਿੰਦੇ ਸਨ। ਇਨ੍ਹਾਂ ਜੰਗੀ ਟਰਾਫ਼ੀਆਂ ਨੂੰ ਉਹ ਬੜੇ ਫ਼ਖ਼ਰ ਨਾਲ ਹਰ ਕਿਸੇ ਨੂੰ ਵਿਖਾਉਂਦਾ ਸੀ। 

ਇਕ ਵਾਰ ਸ਼ੇਰ-ਏ-ਪੰਜਾਬ ਨੂੰ ਗਵਰਨਰ ਜਨਰਲ ਲਾਹੌਰ ਮਿਲਣ ਆਇਆ ਤਾਂ ਉਸ ਨੇ ਨਿਧਾਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਉਸ ਨੇ ਨਿਧਾਨ ਸਿੰਘ ਨੂੰ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਇਸ ਦੇ ਤਾਂ ਦੋ ਹੀ ਹੱਥ ਹਨ। ਇਸ ਨੂੰ ਪੰਜ-ਹੱਥਾ ਕਿਉਂ ਕਿਹਾ ਜਾਂਦਾ ਹੈ? ਇਸ ’ਤੇ ਮਹਾਰਾਜਾ ਰਣਜੀਤ ਸਿੰਘ ਹੱਸ ਕੇ ਬੋਲੇ, ‘‘ਸ਼ੁਕਰ ਕਰ ਤੈਨੂੰ ਇਸ ਦੇ ਪੰਜ ਹੱਥ ਵੇਖਣ ਦਾ ਮੌਕਾ ਨਹੀਂ ਮਿਲਿਆ। ਜੇ ਇਸ ਨੇ ਵਿਖਾ ਦਿਤੇ ਤਾਂ ਤੂੰ ਦੁਨੀਆਂ ਵੇਖਣ ਜੋਗਾ ਹੀ ਨਹੀਂ ਸੀ ਰਹਿਣਾ। ਇਹ ਸੂਰਮਾ ਤਾਂ ਹਾਥੀਆਂ ਦੀਆਂ ਹਿੱਕਾਂ ਵੀ ਇੱਕੋ ਹੱਥ ਨਾਲ ਚੀਰ ਸੁੱਟਦਾ ਹੈ। ਇਹੋ ਜਹੇ ਯੋਧਿਆਂ ਦੀਆਂ ਹਿੱਕਾਂ ਉੱਤੇ ਹੀ ਖ਼ਾਲਸਾ ਰਾਜ ਟਿਕਿਆ ਹੋਇਆ ਹੈ। ਜਦ ਤਕ ਇਹੋ ਜਹੇ ਸਿਰੜੀ ਖ਼ਾਲਸਾ ਰਾਜ ਵਿਚ ਹਨ, ਕਿਸੇ ਵੈਰੀ ਦੀ ਹਿੰਮਤ ਵੀ ਨਹੀਂ ਹੋਵੇਗੀ ਖ਼ਾਲਸਾ ਰਾਜ ਵਲ ਵੇਖਣ ਦੀ।’’

ਨਿਧਾਨ ਸਿੰਘ ਨੂੰ ‘ਗੁੱਡਵਿੱਲ ਮਿਸ਼ਨ’ ਤਹਿਤ ਸ਼ਿਮਲੇ ਵਿਚ ਸੰਨ 1831 ਵਿਚ ਲਾਰਡ ਵਿਲੀਅਮ ਬੈਨਟਿੰਗ ਨਾਲ ਮੁਲਾਕਾਤ ਕਰਨ ਵੀ ਬਤੌਰ ਮੈਂਬਰ ਭੇਜਿਆ ਗਿਆ। ਸੰਨ 1834 ਵਿਚ ਉਹ ਕੰਵਰ ਨੌਨਿਹਾਲ ਸਿੰਘ, ਸ੍ਰ. ਹਰੀ ਸਿੰਘ ਨਲੂਆ ਤੇ ਜਨਰਲ ਵੈਨਤੂਰ ਨਾਲ ਪੇਸ਼ਾਵਰ ਵੀ ਗਿਆ। ਪੇਸ਼ਾਵਰ ਉੱਤੇ ਸਿੰਘਾਂ ਦੇ ਕਬਜ਼ੇ ਬਾਅਦ ਨਿਧਾਨ ਸਿੰਘ ਪੰਜ-ਹੱਥਾ ਨੂੰ ਸ੍ਰ. ਹਰੀ ਸਿੰਘ ਨਲੂਏ ਨੇ ਅਪਣੇ ਨਾਲ ਹੀ ਰਖਿਆ। ਫਿਰ ਸੰਨ 1837 ਵਿਚ ਜਮਰੌਦ ਦੀ ਜੰਗ ਵਿਚ ਵੀ ‘ਪੰਜ-ਹੱਥਾ’ ਦੇ ਬਾਕਮਾਲ ਜੌਹਰ ਵੇਖਣ ਨੂੰ ਮਿਲੇ। ਸੰਨ 1839 ਦੇ ਮਈ ਵਿਚ ਪੰਜ-ਹੱਥਾ ਬੇਮਿਸਾਲ ਯੋਧਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਉਸ ਦੇ ਤੁਰ ਜਾਣ ਬਾਅਦ ਵੀ ਇਕ ਸਦੀ ਤਕ ਉਸ ਨਿਆਰੇ ਸੰਤ ਸਿਪਾਹੀ ਦੀ ਬਹਾਦਰੀ ਦੇ ਕਿੱਸੇ ਮਾਵਾਂ ਅਪਣੇ ਪੁੱਤਰਾਂ ਨੂੰ ਸੁਣਾਉਂਦੀਆ ਰਹੀਆਂ।

ਉਨ੍ਹਾਂ ਕਿਸਿਆਂ ਵਿਚ ਇਹ ਕਿੱਸਾ ਵੀ ਸ਼ਾਮਲ ਕੀਤਾ ਜਾਂਦਾ ਸੀ-ਅਫ਼ਗਾਨਾਂ ਦਾ ਬਹੁਤ ਬਹਾਦਰ ਜਰਨੈਲ ਖ਼ਾਨ ਮੁਹੰਮਦ ਸੰਨ 1823 ਦੀ ਲੜਾਈ ਵਿਚ ਸ਼ਾਮਲ ਸੀ। ਉਸ ਦੀ ਚਰਚਾ ਪੂਰੇ ਅਫ਼ਗਾਨਿਸਤਾਨ ਵਿਚ ਸੀ ਕਿ ਉਸ ਅੱਗੇ ਖੜਾ ਹੋਣ ਵਾਲਾ ਸੂਰਮਾ ਹਾਲੇ ਤਕ ਜਨਮਿਆ ਹੀ ਨਹੀਂ। ਉਸ ਦਾ ਦਬਦਬਾ ਏਨਾ ਸੀ ਕਿ ਕਿਸੇ ਅਫ਼ਗਾਨ ਫ਼ੌਜੀ ਦਾ ਉਸ ਦੇ ਚਿਹਰੇ ਵਲ ਵੇਖਣ ਦਾ ਹੀਆ ਨਹੀਂ ਸੀ ਪੈਂਦਾ। ਉਸ ਜੰਗ ਵਿਚ ਇਕ ਮੌਕੇ ਨਿਧਾਨ ਸਿੰਘ ਤੇ ਖ਼ਾਨ ਮੁਹੰਮਦ ਆਹਮੋ ਸਾਹਮਣੇ ਹੋ ਗਏ। ਦੋਵਾਂ ਸੂਰਮਿਆਂ ਦੀ ਤੇਗ ਦੇ ਜੌਹਰ ਵੇਖਣ ਲਈ ਬਾਕੀ ਫ਼ੌਜੀ ਸਾਹ ਰੋਕ ਕੇ ਖਲੋ ਗਏ। ਭਲਾ ਖ਼ਾਲਸਾ ਰਾਜ ਦੇ ਪੰਜ-ਹੱਥੇ ਅੱਗੇ ਦੋ ਹੱਥਾਂ ਵਾਲਾ ਕਿੰਨੀ ਦੇਰ ਟਿਕਦਾ? ਲੜਦੇ ਹੋਏ ਨਿਧਾਨ ਸਿੰਘ ਨੇ ਅਜਿਹਾ ਤੇਗ ਦਾ ਜੌਹਰ ਵਿਖਾਇਆ ਜੋ ਖ਼ਾਨ ਮੁਹੰਮਤ ਨੂੰ ਨਜ਼ਰੀ ਹੀ ਨਹੀਂ ਆਇਆ ਤੇ ਤੇਗ ਉਸ ਦੇ ਸੀਨੇ ਨੂੰ ਚੀਰ ਗਈ ਤੇ ਉਹ ਜ਼ਮੀਨ ਉੱਤੇ ਡਿੱਗ ਪਿਆ। ਇਸ ਤੋਂ ਬਾਅਦ ਪੂਰੀ ਅਫ਼ਗਾਨੀ ਫ਼ੌਜ ਹੀ ਇਹ ਦ੍ਰਿਸ਼ ਵੇਖ ਕੇ ਹਿੰਮਤ ਛੱਡ ਗਈ ਸੀ।

ਹੁਣ ਵੀ ਹਰ ਸਾਲ ਮਈ ਦਾ ਮਹੀਨਾ ਆਉਂਦਾ ਹੈ ਪਰ ਅਫ਼ਸੋਸ ਕਿ ਇਸ ਬੇਮਸਾਲ ਜੰਗੀ ਟਰਾਫ਼ੀਆਂ ਵਾਲੇ ਪੰਜ-ਹੱਥੇ ਯੋਧੇ ਨੂੰ ਕੋਈ ਯਾਦ ਨਹੀਂ ਕਰਦਾ। ਚਾਰ ਪੁਸ਼ਤਾਂ ਤਕ ਜੰਗ ਵਿਚ ਹਿੱਸਾ ਲੈਣ ਵਾਲੇ ਟੱਬਰ ਨੂੰ ਇਤਿਹਾਸ ਦੇ ਪੰਨਿਆਂ ਨੇ ਤਾਂ ਜ਼ਿੰਦਾ ਰਖਿਆ ਹੈ ਪਰ ਅੱਜ ਦੇ ਵਿਖਾਵਾ ਕਰਨ ਵਾਲੇ ਸਮਾਜ ਨੇ ਉੱਕਾ ਹੀ ਵਿਸਾਰ ਦਿਤਾ ਹੈ। ਇਤਿਹਾਸ ਨੂੰ ਜਿਊਂਦਾ ਰੱਖਣ ਨਾਲ ਹੀ ਅਸੀ ਕੌਮ ਦੇ ਲਹੂ ਨੂੰ ਗਰਮਾ ਸਕਦੇ ਹਾਂ ਤੇ ਉਨ੍ਹਾਂ ਦੇ ਵਾਰਸ ਅਖਵਾਉਣ ਦਾ ਮਾਣ ਹਾਸਲ ਕਰ ਸਕਦੇ ਹਾਂ। ਅੱਜ ਦੇ ਸਮੇਂ ਦੀ ਲੋੜ ਹੈ ਕਿ ਅਪਣੇ ਨੌਜੁਆਨਾਂ ਨੂੰ ਸੂਰਮੇ ਪੰਜ-ਹੱਥੇ ਨਿਧਾਨ ਸਿੰਘ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹੀਏ ਤੇ ਉਸ ਦੀ ਯਾਦਗਾਰ ਬਣਾ ਕੇ ਰਹਿੰਦੀ ਦੁਨੀਆ ਤੱਕ ਉਸ ਨੂੰ ਅਮਰ ਕਰ ਦੇਈਏ।
                                                                                 ਡਾ, ਹਰਸ਼ਿੰਦਰ ਕੌਰ, ਸੰਪਰਕ : 0175-2216783

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement