ਜਾਣੋ, ਕੌਣ ਐ ਜੋਹਰਾਨ ਮਮਦਾਨੀ ਦੀ ਪਤਨੀ ਰਾਮਾ ਦੁਵਾਜੀ?
ਨਿਊਯਾਰਕ (ਸ਼ਾਹ) : ਜੋਹਰਾਨ ਮਮਦਾਨੀ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ਵਿਚ ਛਾਏ ਹੋਏ ਨੇ ਕਿਉਂਕਿ ਉਨ੍ਹਾਂ ਨੇ ਟਰੰਪ ਅਤੇ ਐਲਨ ਮਸਕ ਵਰਗੇ ਦਿੱਗਜ਼ਾਂ ਦੇ ਵਿਰੋਧ ਦੇ ਬਾਵਜੂਦ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਜਿੱਤ ਲਈ ਐ। ਭਾਰਤੀ ਮੂਲ ਦੇ ਹੋਣ ਕਰਕੇ ਉਨ੍ਹਾਂ ਦੀ ਚਰਚਾ ਭਾਰਤ ਵਿਚ ਵੀ ਕਾਫ਼ੀ ਜ਼ਿਆਦਾ ਹੋ ਰਹੀ ਐ, ਖ਼ਾਸ ਤੌਰ ’ਤੇ ਲੋਕ ਉਨ੍ਹਾਂ ਦੀ ਪਤਨੀ ਬਾਰੇ ਜਾਣਨਾ ਚਾਹੁੰਦੇ ਨੇ, ਜਿਸ ਨੇ ਮਮਦਾਨੀ ਦੇ ਚੋਣ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਈ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਜੋਹਰਾਨ ਮਮਦਾਨੀ ਦੀ ਪਤਨੀ ਅਤੇ ਕੀ ਐ ਉਸ ਦਾ ਪਿਛੋਕੜ?
ਨਿਊਯਾਰਕ ਵਿਚ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਜੋਹਰਾਨ ਮਮਦਾਨੀ ਦਾ ਨਾਂਅ ਕਾਫ਼ੀ ਸੁਰਖ਼ੀਆਂ ਵਿਚ ਬਣਿਆ ਹੋਇਆ ਏ। ਹਰ ਕੋਈ ਮਮਦਾਨੀ ਦੇ ਸਿਆਸੀ ਕਰੀਅਰ ਤੋਂ ਲੈ ਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾ ਏ। ਖ਼ਾਸ ਤੌਰ ’ਤੇ ਜ਼ਿਆਦਾਤਰ ਲੋਕ ਉਨ੍ਹਾਂ ਦੀ ਪਤਨੀ ਰਾਮਾ ਦੁਵਾਜੀ ਬਾਰੇ ਜਾਣਨਾ ਚਾਹੁੰਦੇ ਨੇ, ਜੋ ਇਸ ਸ਼ਾਨਦਾਰ ਜਿੱਤ ਮਗਰੋਂ ਕੁੱਝ ਥਾਵਾਂ ’ਤੇ ਉਨ੍ਹਾਂ ਦੇ ਨਾਲ ਦਿਖਾਈ ਦਿੱਤੀ, ਜਦਕਿ ਪੂਰੀ ਚੋਣ ਮੁਹਿੰਮ ਰਾਮਾ ਦੁਵਾਜੀ ਨੇ ਸੰਭਾਲੀ ਹੋਈ ਸੀ।

ਜੋਹਰਾਨ ਮਮਦਾਨੀ ਦੀ ਜਿੱਤ ਦੇ ਨਾਲ ਨਿਊਯਾਰਕ ਦੇ ਗ੍ਰੇਸੀ ਮੈਂਨਸ਼ਨ ਨੂੰ ਕਈ ਸਾਲਾਂ ਮਗਰੋਂ ਫਸਟ ਲੇਡੀ ਮਿਲੀ ਐ ਅਤੇ ਉਹ ਐ 28 ਸਾਲਾਂ ਦੀ ਰਾਮਾ ਦੁਵਾਜੀ। ਰਾਮਾ ਦੁਵਾਜੀ ਜੈੱਨ ਜੀ ਜਨਰੇਸ਼ਨ ਐ ਅਤੇ ਉਹ ਇਕ ਸੀਰੀਆਈ-ਅਮਰੀਕੀ ਕਲਾਕਾਰ ਅਤੇ ਇਲਸਟ੍ਰੇਟਰ ਐ, ਜਿਸ ਨੇ ਨਾ ਸਿਰਫ਼ ਆਪਣੇ ਪਤੀ ਜੋਹਰਾਨ ਦੀ ਰਾਜਨੀਤਕ ਯਾਤਰਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਬਲਕਿ ਜਨਰੇਸ਼ਨ ਜੀ ਦੀ ਉਸ ਨਵੀਂ ਸੋਚ ਦੀ ਵੀ ਨੁਮਾਇੰਦਗੀ ਕੀਤੀ ਜੋ ਕਲਾ, ਪਛਾਣ ਅਤੇ ਰਾਜਨੀਤਕ ਸਰਗਰਮੀ ਨੂੰ ਇਕੱਠਿਆਂ ਜੋੜਦੀ ਐ। ਮਮਦਾਨੀ ਦੀ ਚੋਣ ਮੁਹਿੰਮ ਨਿਊਯਾਰਕ ਸ਼ਹਿਰ ਦੇ ਨਾਲ ਨਾਲ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਚਰਚਾ ਦਾ ਵਿਸ਼ਾ ਰਹੀ। ਮਮਦਾਨੀ ਦੀ ਚੋਣ ਮੁਹਿੰਮ ਦੀ ਵਿਜ਼ੂਅਲ ਪਛਾਣ, ਜਿਵੇਂ ਪੀਲੇ, ਨਾਰੰਗੀ ਅਤੇ ਨੀਲੇ ਰੰਗਾਂ ਦੇ ਬੋਲਡ ਮਿਸ਼ਰਣ ਨੇ ਲੋਕਾਂ ’ਤੇ ਕਾਫ਼ੀ ਪ੍ਰਭਾਵ ਛੱਡਿਆ ਅਤੇ ਇਹ ਉਨ੍ਹਾਂ ਦੀ ਪਤਨੀ ਦੁਵਾਜੀ ਦੀ ਹੀ ਕਲਪਨਾ ਦਾ ਨਤੀਜਾ ਸੀ। ਅਮਰੀਕੀ ਮੀਡੀਆ ਮੁਤਾਬਕ ਦੁਵਾਜੀ ਨੇ ਮਮਦਾਨੀ ਦੀ ਚੋਣਾਵੀ ਮੁਹਿੰਮ ਨੂੰ ਆਕਰਸ਼ਕ, ਪ੍ਰਭਾਵਸ਼ਾਲੀ ਅਤੇ ਡਿਜ਼ੀਟਲ ਪਲੇਟਫਾਰਮ ਦੇ ਜ਼ਰੀਏ ਨੌਜਵਾਨਾਂ ਨੂੰ ਚੋਣ ਮੁਹਿੰਮ ਨਾਲ ਜੋੜਨ ਦਾ ਇਕ ਕੰਸੈਪਟ ਤਿਆਰ ਕੀਤਾ ਸੀ, ਜੋ ਬੇਹੱਦ ਕਾਮਯਾਬ ਰਿਹਾ।
ਰਾਮਾ ਦੁਵਾਜੀ ਦੀ ਸੀਰੀਆ ਤੋਂ ਨਿਊਯਾਰਕ ਦੀ ਯਾਤਰਾ ਕਾਫ਼ੀ ਦਿਲਚਸਪ ਐ। ਸੀਰੀਆ ਦੀ ਰਾਜਧਾਨੀ ਦਮਿਸ਼ਕ ਨਾਲ ਸਬੰਧ ਰੱਖਣ ਵਾਲੀ ਰਾਮਾ ਦੁਵਾਜੀ ਸਾਲ 2021 ਵਿਚ ਅਮਰੀਕਾ ਆਈ ਅਤੇ ਉਸ ਨੇ ਨਿਊਯਾਰਕ ਦੇ ਸਕੂਲ ਆਫ਼ ਵਿਜ਼ੂਅਲ ਆਰਟਸ ਤੋਂ ਮਾਸਟਰ ਆਫ਼ ਫਾਈਨ ਆਰਟਸ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਜਲਦ ਹੀ ਆਪਣੇ ਇਲਸਟ੍ਰੇਸ਼ਨ ਅਤੇ ਐਨੀਮੇਸ਼ਨ ਨਾਲ ਸਬੰਧਤ ਕੰਮਾਂ ਦੀ ਵਜ੍ਹਾ ਨਾਲ ਕੌਮਾਂਤਰੀ ਪੱਧਰ ’ਤੇ ਪਛਾਣ ਬਣਾਉਣੀ ਸ਼ੁਰੂ ਕੀਤੀ। ਰਾਮਾ ਦੁਵਾਜੀ ਦੇ ਕੰਮ ‘ਦਿ ਨਿਊਯਾਰਕਰ, ਦਿ ਵਾਸ਼ਿੰਗਟਨ ਪੋਸਟ, ਬੀਬੀਸੀ, ਐਪਲ, ਸਪੋਰਟੀਫਾਈ, ਵਾਈਸ ਅਤੇ ਲੰਡਨ ਦੇ ਟੈਟ ਮਾਡਰਨ ਵਰਗੀਆਂ ਮਸ਼ਹੂਰ ਸੰਸਥਾਵਾ ਵਿਚ ਅਕਸਰ ਪ੍ਰਦਰਸ਼ਿਤ ਹੁੰਦੇ ਰਹਿੰਦੇ ਨੇ। ਉਨ੍ਹਾਂ ਦੇ ਕੰਮਾਂ ਨੂੰ ਕੌਮਾਂਤਰੀ ਪੱਧਰ ’ਤੇ ਸਰਾਹਨਾ ਮਿਲੀ।

ਰਾਮਾ ਦੁਵਾਜੀ ਦੀ ਨਿੱਜੀ ਜ਼ਿੰਦਗੀ ਵੀ ਉਨ੍ਹਾਂ ਦੀ ਕਲਾ ਵਾਂਗ ਵਿਭਿੰਨਤਾਵਾਂ ਨਾਲ ਭਰੀ ਹੋਈ ਐ। ਰਾਮਾ ਅਤੇ ਮਮਦਾਨੀ ਪਹਿਲੀ ਵਾਰ ਡੇਟਿੰਗ ਐਪ ’ਤੇ ਮਿਲੇ ਸੀ। ਇਸ ਤੋਂ ਬਾਅਦ ਦੋਵਾ ਦਾ ਪਿਆਰ ਪ੍ਰਵਾਨ ਚੜਿ੍ਹਆ। ਦੋਵਾਂ ਨੇ ਦਸੰਬਰ 2024 ਵਿਚ ਨਿਕਾਹ ਕਰ ਲਿਆ ਅਤੇ ਇਸੇ ਸਾਲ ਦੇ ਸ਼ੁਰੂ ਵਿਚ ਨਿਊਯਾਰਕ ਸਿਟੀ ਹਾਲ ਵਿਚ ਵਿਆਹ ਦਾ ਇਕ ਪ੍ਰੋਗਰਾਮ ਕੀਤਾ। ਦਿਲਚਸਪ ਗੱਲ ਇਹ ਐ ਕਿ ਦੁਵਾਜੀ ਜਨਤਕ ਮੰਚਾਂ ਅਤੇ ਮੀਡੀਆ ਇੰਟਰਵਿਊ ਤੋਂ ਅਕਸਰ ਦੂਰ ਰਹਿੰਦੀ ਐ। ਉਨ੍ਹਾਂ ਨੇ ਮਮਦਾਨੀ ਦੇ ਨਾਲ ਕਿਸੇ ਵੀ ਟੀਵੀ ਸ਼ੋਅ ਜਾਂ ਵੱਡੇ ਮੈਗਜ਼ੀਨ ਇੰਟਰਵਿਊ ਵਿਚ ਹਿੱਸਾ ਨਹੀਂ ਲਿਆ, ਬਲਕਿ ਆਪਦੇ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਹੀ ਆਪਣੀ ਕਲਾ ਅਤੇ ਵਿਚਾਰ ਸ਼ੇਅਰ ਕਰਨਾ ਪਸੰਦ ਕੀਤਾ।
ਦੱਸ ਦਈਏ ਕਿ ਰਾਮਾ ਦੁਵਾਜੀ ਦੇ ਇੰਸਟਾਗ੍ਰਾਮ ’ਤੇ ਲਗਭਗ 2.35 ਲੱਖ ਫਾਲੋਅਰਜ਼ ਨੇ, ਜਿੱਥੇ ਉਹ ਆਪਣੀ ਇਲਸਟ੍ਰੇਸ਼ਨ, ਸਿਰੇਮਿਕ ਕਲਾ ਅਤੇ ਰਾਜਨੀਤਕ ਸੰਦੇਸ਼ਾਂ ਜ਼ਰੀਏ ਆਪਣੇ ਫਾਲੋਅਰਜ਼ ਨਾਲ ਗੱਲਬਾਤ ਕਰਦੀ ਐ। ਉਨ੍ਹਾਂ ਦੀਆਂ ਹੈਂਡ ਪੈਂਟੇਡ ਬਲੂ ਐਂਡ ਵਾਈਟ ਸਿਰੇਮਿਕ ਪਲੇਟਾਂ ਵੀ ਕਾਫ਼ੀ ਮਸ਼ਹੂਰ ਨੇ। ਜੋਹਰਾਨ ਮਮਦਾਨੀ ਦੀ ਜਿੱਤ ਦੇ ਨਾਲ ਹੀ ਰਾਮਾ ਦੁਵਾਜੀ ਹੁਣ ਨਿਊਯਾਰਕ ਦੀ ਪਹਿਲੀ ਫਸਟ ਜਨਰੇਸ਼ਨ ਫਸਟ ਲੇਡੀ ਬਣ ਗਈ ਐ,, ਉਨ੍ਹਾਂ ਨੇ ਆਪਣੀ ਇਸ ਨਵੀਂ ਭੂਮਿਕਾ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕੀਤਾ ਏ, ਜਿਸ ਵਿਚ ਕਲਾ ਅਤੇ ਰਾਜਨੀਤੀ ਦਾ ਮਿਸ਼ਰਣ ਐ।
