
ਅੱਜ ਵਾਕਿਆ ਹੀ ਪੰਥ ਖ਼ਤਰੇ ਵਿਚ ਹੈ।
ਮੁਹਾਲੀ: ਦੇਸ਼ ਵਿਚ ਅੱਜ ਸਿੱਖ ਧਰਮ, ਸਿੱਖ ਕੌਮ, ਸਿੱਖ ਸਭਿਆਚਾਰ ਖ਼ਤਰੇ ਵਿਚ ਹੈ। ਪਿਛਲੇ 60 ਕੁ ਸਾਲਾਂ ਤੋਂ ਇਕ ਵਿਸ਼ੇਸ਼ ਪਾਰਟੀ ਦੇ ਆਗੂਆਂ ਤੋਂ ਸੁਣਦੇ ਆ ਰਹੇ ਹਾਂ ਕਿ ਪੰਥ ਖ਼ਤਰੇ ਵਿਚ ਹੈ। ਉਹ ਇਕ ਰਾਜਨੀਤਕ ਜੁਮਲਾ ਹੈ ਜਿਸ ਨੂੰ ਵਰਤ ਕੇ ਉਹ ਸੱਤਾ ਹਥਿਆਉਂਦੇ ਆ ਰਹੇ ਹਨ। ਇਕ ਵਿਧਾਨ ਸਭਾ ਚੋਣ ਵਿਚ ਮੈਂ ਖ਼ੁਦ ਬਿਰਧ ਮਾਤਾ ਨੂੰ ਚੋਣ ਅਮਲੇ ਨੂੰ ਇਹ ਕਹਿੰਦੇ ਸੁਣਿਆ ਸੀ, ''ਵੇ ਭਾਈ ਮੈਂ ਤਾਂ ਪੰਥ ਨੂੰ (ਤਕੜੀ) ਵੋਟ ਪਾਉਣੀ ਹੈ।'' ਜੇ ਪੰਥ ਨੂੰ ਖ਼ਤਰੇ ਦਾ ਅਧਿਐਨ ਕਰੀਏ ਤਾਂ ਮਾਸਟਰ ਕਰੀਏ ਤਾਂ ਮਾਸਟਰ ਤਾਰਾ ਸਿੰਘ ਨੂੰ ਛੱਡ ਕੇ ਬਾਕੀ ਦੇ ਬਹੁਤੇ ਪੰਥਕ ਲੀਡਰ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਵਾਲੇ ਹੀ ਸਾਬਤ ਹੋਏ ਹਨ। ਪੰਥ ਨੂੰ ਖ਼ਤਰਾ ਬਾਹਰਲਿਆਂ ਤੋਂ ਤਾਂ ਰਿਹਾ ਹੀ ਹੈ, ਘੱਟ ਅਪਣਿਆਂ ਨੇ ਵੀ ਨਹੀਂ ਕੀਤੀ। ਅੱਜ ਵਾਕਿਆ ਹੀ ਪੰਥ (ਸਿੱਖ ਧਰਮ) ਖ਼ਤਰੇ ਵਿਚ ਹੈ।
Sikh
ਪਰ ਸਿੱਖੀ ਨੂੰ ਖ਼ਤਰਾ, ਸਿੱਖੀ ਤੇ ਹੋ ਰਹੇ ਹਮਲਿਆਂ ਦਾ ਮੁੱਦਾ, ਸਿਆਸਤਦਾਨਾਂ ਦੇ ਏਜੰਡੇ ਤੇ ਹੀ ਨਹੀਂ। ਹਮਲਾਵਰ ਦੂਜਿਆਂ ਨੂੰ ਕੀ ਸਮਝਦੇ ਹਨ। ਸੰਨ 1978 ਵਿਚ ਅੰਮ੍ਰਿਤਸਰ ਵਿਖੇ ਵਿਸਾਖੀ ਤੇ ਨਕਲੀ ਨਿਰੰਕਾਰੀਆਂ ਨੇ 13 ਸਿੰਘਾਂ ਦਾ ਕਤਲ ਕਰ ਦਿਤਾ। ਹਕੂਮਤ ਬਾਦਲ ਦੀ ਸੀ। ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਬਰਗਾੜੀ ਵਿਗੜੇ, ਤਿਗੜੇ ਪ੍ਰੇਮੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰੇਆਮ ਬੇਅਦਬੀ ਕੀਤੀ। ਹਕੂਮਤ ਬਾਦਲ ਦੀ ਸੀ। ਪੰਜਾਬ ਵਿਚੋਂ ਕਿਸੇ ਗੁਪਤ ਇਸ਼ਾਰੇ ਤੇ ਲੜੀਵਾਰ ਬੀੜਾਂ (ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ) ਚੁੱਕ ਕੇ ਉਨ੍ਹਾਂ ਦਾ ਸਸਕਾਰ ਕਰ ਦਿਤਾ। ਸ਼੍ਰੋਮਣੀ ਕਮੇਟੀ ਕੁਸਕੀ ਤਕ ਨਹੀਂ। ਸੰਨ 2015 ਵਿਚ 267 ਬੀੜਾਂ ਗਾਇਬ ਹੋ ਗਈਆਂ। ਸ਼੍ਰੋਮਣੀ ਕਮੇਟੀ ਸੁੱਤੀ ਪਈ ਰਹੀ। ਸਾਜ਼ਸ਼ ਇਉਂ ਜਾਪਦੀ ਹੈ ਕਿ ਹੌਲੀ-ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੁਰਲੱਭ ਹੀ ਹੋ ਜਾਣ ਤੇ ਲੋਕ ਗੁਰਬਾਣੀ ਨਾਲੋਂ ਟੁੱਟ ਜਾਣ। ਸਤਿਕਾਰ ਕਮੇਟੀ ਵਾਲੇ ਅੰਮ੍ਰਿਤਧਾਰੀ ਸਿੱਖਾਂ ਦੇ ਹੱਥੋਂ ਬੀੜਾਂ ਖੋਹ ਰਹੇ ਹਨ, ਜਿਹੜੀ ਉਸੇ ਹੀ ਸਾਜ਼ਸ਼ ਦੀ ਕੜੀ ਜਾਪਦੀ ਹੈ।
Darbar Sahib
ਬਚਿੱਤਰ ਨਾਟਕ ਵਿਚ ਪੁਰਾਣਿਕ ਕਥਾਵਾਂ ਦੇ ਦੇਵੀ ਦੇਵਤਿਆਂ ਬਾਰੇ ਪ੍ਰਸੰਗ ਗੁਰੂ ਸਾਹਿਬ ਨੇ ਨਹੀਂ, ਉਨ੍ਹਾਂ ਤੋਂ ਬਾਅਦ ਸਿੱਖ ਵਿਰੋਧੀ ਸ਼ਕਤੀਆਂ ਨੇ ਦਰਜ ਕੀਤੇ। ਇਵੇਂ ਹੀ ਸੂਰਜ ਪ੍ਰਕਾਸ਼ ਵਿਚ ਸੰਤੋਖ ਸਿੰਘ ਚੂੜਾਮਣੀ ਤੋਂ ਬ੍ਰਾਹਮਣਾਂ ਨੇ ਪੁਰਾਣਿਕ ਕਥਾਵਾਂ ਦੇ ਪ੍ਰਸੰਗ ਦਰਜ ਕਰਵਾਏ। ਹੁਣ ਸਿੱਖ ਵਿਰੋਧੀ ਦੁਸ਼ਮਣ ਜਮਾਤ ਨੂੰ ਸੌਖਾ ਹੀ ਹੋ ਗਿਆ ਹੈ, ਉਹ ਸਿੱਖਾਂ ਦੇ ਪੁਰਾਤਨ ਗ੍ਰੰਥਾਂ ਦਾ ਹਵਾਲਾ ਦਿਵਾ ਕੇ, ਪ੍ਰਧਾਨ ਮੰਤਰੀ ਤੇ ਆਰ. ਐਸ. ਐਸ ਦੇ ਜੀ ਹਜ਼ੂਰੀਏ ਸਾਬਕਾ ਜਥੇਦਾਰ ਇਕਬਾਲ ਸਿੰਘ ਤੋਂ ਮਨਮਰਜ਼ੀ ਦੇ ਸਿੱਖੀ ਤੇ ਹਮਲੇ ਕਰਵਾ ਦੇਣ। ਹਿੰਦੂਤਵੀਆਂ ਦੇ ਪ੍ਰਭਾਵ ਅਧੀਨ ਦੇਸ਼ ਦੀ ਸਰਬ ਉੱਚ ਅਦਾਲਤ ਨੇ ਰਾਮ ਮੰਦਰ ਦੇ ਮਸਲੇ ਤੇ ਫ਼ੈਸਲਾ ਦਿੰਦੇ ਹੋਏ ਬਾਬਾ ਨਾਨਕ ਜੀ ਨੂੰ ਵੀ 'ਰਾਮ ਭਗਤ' ਐਲਾਨ ਦਿਤਾ। ਸ਼੍ਰੋਮਣੀ ਕਮੇਟੀ ਨੇ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਸਿਰਫ਼ ਪ੍ਰਸਿੱਧ ਸਿੱਖ ਇਤਿਹਾਸਕਾਰ ਸ. ਹਰਜਿੰਦਰ ਸਿੰਘ ਦਿਲਗੀਰ ਨੇ ਇਸ ਨੂੰ ਕੋਰਾ ਝੂਠ ਕਰਾਰ ਦਿਤਾ ਸੀ।
Sikh Sangat
ਸ. ਗੁਰਬਖ਼ਸ਼ ਸਿੰਘ ਕਾਲਾਅਫ਼ਗਾਨਾ ਨੇ ਬਚਿੱਤਰ ਨਾਟਕ ਨੂੰ ਗੁਰਬਾਣੀ ਦੀ ਕਸੌਟੀ ਤੇ ਪਰਖ ਕੇ ਇਸ ਦੀਆਂ ਬਹੁਤੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਨਹੀਂ ਮੰਨਿਆ। ਸਿੱਖ ਕੌਮ ਦੀ ਇਹ ਤ੍ਰਾਸਦੀ ਹੈ ਕਿ ਉਹ ਲੰਮੇ ਸਮੇਂ ਤੋਂ ਅਪਣੇ ਗ੍ਰੰਥਾਂ ਵਿਚ ਗੁਰਮਤਿ ਵਿਰੋਧੀ ਪ੍ਰਸੰਗਾਂ ਨੂੰ ਕੱਢ ਨਹੀਂ ਸਕੀ। ਇਸ ਸਬੰਧ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਹੁਣ ਤਕ ਦੇ ਪ੍ਰਧਾਨ ਦੋਸ਼ੀ ਬਣਦੇ ਹਨ। ਇਸ ਸਮੇਂ ਤੋਂ ਬਾਅਦ ਬਾਹਰਲੇ ਦੋਖੀਆਂ ਵਿਚ ਅੰਗਰੇਜ਼ ਵੀ ਆਉਂਦੇ ਹਨ। ਜਿਨ੍ਹਾਂ ਨੇ ਸਿੱਖੀ ਨੂੰ ਢਾਹ ਲਾਉਣ ਲਈ ਅਪਣੀ ਫ਼ੌਜ ਵਿਚੋਂ ਨੌਕਰੀ ਕਰਦੇ ਫ਼ੌਜੀਆਂ ਨੂੰ 'ਸੰਤ' ਬਣਾ ਕੇ ਫ਼ੀਲਡ ਵਿਚ ਉਤਾਰ ਦਿਤਾ ਇਸ ਪੱਖ ਤੇ ਪ੍ਰੋ. ਇੰਦਰ ਸਿੰਘ ਘੱਗਾ ਵਲੋਂ ਲਿਖਿਆ ਕਿਤਾਬਚਾ 'ਸੰਤ ਦੀ ਸਿੱਖੀ ਕੌਮ ਦੀ ਤਬਾਹੀ' ਸੋਹਣਾ ਚਾਣਨ ਪਾਉਂਦਾ ਹੈ।
Sikh Sangat
ਬ੍ਰਾਹਮਣਵਾਦ ਵਲੋਂ ਕਲਪਿਤ ਦੇਵੀ ਦੇਵਤਿਆਂ ਦੀ ਮਾਨਤਾ, ਪੁਰਾਣਿਕ ਕਥਾਵਾਂ ਦੀਆਂ ਗੱਪ-ਗਪੌੜ ਦੀਆਂ ਕਹਾਣੀਆਂ ਵਿਗਿਆਨਕ ਸੋਚ ਤੇ ਕੀ ਖਰੀਆਂ ਉਤਰਨਗੀਆਂ, ਆਮ ਦਲੀਲ ਤੇ ਵੀ ਪੂਰੀਆਂ ਨਹੀਂ ਉਤਰਦੀਆਂ। ਉਦਾਹਰਣ ਵਜੋਂ ਸਮੁੰਦਰ ਰਿੱੜਕਣ ਦਾ ਪ੍ਰਸੰਗ ਕੋਈ ਦੁਨੀਆਂ ਦਾ ਅਕਲਮੰਦ ਵਿਅਕਤੀ ਸ਼ੰਸ਼ਨਾਗ ਵਲੋਂ ਹਿਮਾਲਿਆ ਪਰਬਤ ਨੂੰ ਮਧਾਣੀ ਬਣਾ ਕੇ ਸਮੁੰਦਰ ਰਿੜਕਣਾ ਮੰਨ ਸਕਦਾ ਹੈ? ਸਾਰੀ ਨਾਨਕ ਬਾਣੀ, ਕਬੀਰ ਬਾਣੀ ਬ੍ਰਾਹਮਣਵਾਦ ਦੇ ਪਾਖੰਡਾਂ ਦਾ ਪਰਦਾਫ਼ਾਸ਼ ਕਰਦੀ ਹੈ ਕੂੜ ਦੀਆਂ ਇਨ੍ਹਾਂ ਕਹਾਣੀਆਂ ਕਥਾਵਾਂ ਕਰ ਕੇ ਤੀਰਥਾਂ ਤੇ ਮੰਦਰਾਂ ਵਿਚੋਂ ਕਰੋੜਾਂ ਦੇ ਚੜ੍ਹਾਵੇ ਚੜ੍ਹਦੇ ਹਨ। ਕਰੋੜਾਂ ਹਿੰਦੂਆਂ ਦਾ ਵਪਾਰ ਪਨਪਦਾ ਹੈ।
ਇਨ੍ਹਾਂ ਕੂੜ ਕਥਾਵਾਂ ਤੇ ਪਰਦਾ ਪਾਈ ਰੱਖਣ ਦੀ ਜ਼ਿੰਮੇਵਾਰੀ ਹਿੰਦੂਤਵੀਆਂ ਦੇ ਥਿੰਕ ਟੈਂਕ ਦੀ ਹੈ ਤਾਕਿ ਲੋਕ ਅੰਧਵਿਸ਼ਵਾਸੀ ਬਣੇ ਰਹਿਣ, ਸਾਡੀਆਂ ਇਹ ਦੁਕਾਨਾਂ ਵਪਾਰ ਚਲਦਾ ਰਹੇ। ਫਿਰ ਭਲਾ ਇਨ੍ਹਾਂ ਨੂੰ ਉਹ ਧਰਮ ਕਦੋਂ ਫਿਟ ਬੈਠਦੇ ਹਨ ਜਿਹੜੇ ਇਨ੍ਹਾਂ ਦੇ ਕਰਮਕਾਂਡ ਦੀ ਨਿੰਦਿਆ ਕਰਨ? ਬੁਧ ਧਰਮ ਜਿਹੜਾ ਨਾ ਜਾਤ-ਪਾਤ ਨੂੰ ਮੰਨਦਾ ਹੈ, ਨਾ ਕਰਕਾਂਡ ਨੂੰ ਇਸ ਕਰ ਕੇ ਇਨ੍ਹਾਂ ਨੇ ਬੁਧ ਧਰਮ ਨੂੰ ਦੇਸ਼ ਨਿਕਾਲਾ ਦੇ ਦਿਤਾ। ਜੈਨ ਤੇ ਪਾਰਸੀ ਧਰਮ ਨੂੰ ਇਨ੍ਹਾਂ ਨੇ ਅਪਣੇ ਵਿਚ ਹੀ ਜਜ਼ਬ ਕਰ ਲਿਆ। ਫਿਰ ਇਹ ਸਿੱਖ ਧਰਮ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ, ਜਿਹੜਾ ਮਨੁੱਖੀ ਬਰਾਬਰੀ ਦੀ ਗੱਲ ਕਰਦਾ ਹੈ, ਅੰਧ ਵਿਸ਼ਵਾਸੀ ਨਹੀਂ, ਕਰਮਕਾਂਡੀ ਨਹੀਂ, ਸਿਧਾਂਤਕ ਤੌਰ ਤੇ ਜਾਤ-ਪਾਤ ਨੂੰ ਨਹੀਂ ਮੰਨਦਾ (ਇਹ ਵਖਰੀ ਗੱਲ ਹੈ ਕਿ ਅਸਲ ਵਿਚ ਹਾਲੇ ਵੀ ਸਿੱਖਾਂ ਨੂੰ ਜਾਤ-ਪਾਤ ਦਾ ਕੋਹੜ ਚਿੰਬੜਿਆ ਹੋਇਆ ਹੈ) ਇਹ ਧਰਮ ਨਰਕ ਦੇ ਡਰਾਵੇ ਨਹੀਂ ਦਿੰਦਾ ਤੇ ਸਵਰਗਾਂ ਦੀਆਂ ਟਿਕਟਾਂ ਵੀ ਨਹੀਂ ਵੰਡਦਾ। ਬ੍ਰਾਹਮਣਾਂ ਨੇ ਤਾਂ ਦਰਿਆਵਾਂ ਨੂੰ ਪਵਿੱਤਰ ਕਰਾਰ ਦੇ ਦਿਤਾ। ਹਰਿਦੁਆਰ ਵਿਖੇ ਹੋ ਕੇ ਗੁਜ਼ਰਦੀ ਗੰਗਾ ਤੇ ਪੂਰਾ ਉੱਤਰੀ ਭਾਰਤ ਪਵਿੱਤਰ ਹੋਣ ਲਈ ਇਸ਼ਨਾਨ ਕਰਨ ਹੀ ਨਹੀਂ ਆਉਂਦਾ, ਸਗੋਂ ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਵੀ ਜਲ-ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਇਲਾਹਾਬਾਦ ਵਿਖੇ ਤਿੰਨ ਦਰਿਆਵਾਂ ਦੇ ਸੰਗਮ ਨੂੰ ਪਵਿੱਤਰ ਕਰਾਰ ਦਿਤਾ ਹੋਇਆ ਹੈ ਜਦੋਂ ਕਿ ਪੰਜਾਬ ਵਿਚ ਹਰੀਕੇ ਪੱਤਣ ਵਿਖੇ ਤਿੰਨ ਦਰਿਆਵਾਂ ਦਾ ਸੰਗਮ ਪੰਜਾਬ ਦੇ ਲੋਕਾਂ ਲਈ ਕੋਈ 'ਪਵਿੱਤਰ' ਨਹੀਂ।
ਆਰ.ਐਸ.ਐਸ. ਨੇ ਸਿੱਖਾਂ ਵਿਚ ਘੁਸਪੈਠ ਕਰਨ ਲਈ ਇਸ ਨੂੰ ਰਾਸ਼ਟਰੀ ਸਿੱਖ ਸੰਗਤ ਦਾ ਨਾਂ ਦਿਤਾ ਹੋਇਆ ਹੈ, ਜਿਹੜੀ ਤੇਜ਼ੀ ਨਾਲ ਪੰਜਾਬ ਵਿਚ ਅਪਣੇ ਪੈਰ ਪਸਾਰ ਰਹੀ ਹੈ। ਇਹ ਉਹੀ ਜਥੇਬੰਦੀ ਹੈ ਜਿਸ ਨੂੰ ਖ਼ਾਲਸੇ ਦੀ 300ਵੀਂ ਜਨਮ ਸ਼ਤਾਬਦੀ ਮੌਕੇ ਪ੍ਰਧਾਨ ਮੰਤਰੀ ਨੇ 100 ਕਰੋੜ ਰੁਪਏ ਸਿੱਖੀ ਪ੍ਰਚਾਰ ਲਈ ਦਿਤੇ ਸਨ। ਇਸ ਜਥੇਬੰਦੀ ਨੇ ਸਿੱਖੀ ਦਾ ਕਿੰਨਾ ਕੁ ਪ੍ਰਚਾਰ ਕੀਤਾ, ਇਨ੍ਹਾਂ ਦੇ 'ਭੇਖੀ ਸਿੱਖ ਪ੍ਰਚਾਰਕ' ਕੌਮ ਨੂੰ ਦੱਸ ਦੇਣ। ਸਿੱਖੀ ਨਾਲ ਸਬੰਧਤ ਬਹੁਗਿਣਤੀ ਡੇਰੇ ਜਿਹੜੇ ਗੁਰਮਤਿ ਘੱਟ ਤੇ ਮਨਮੱਤ ਵੱਧ ਫੈਲਾਅ ਰਹੇ ਹਨ, ਇਹ ਹਿੰਦੂਤਵੀਆਂ ਦੇ ਆਸ਼ੇ ਦੀ ਪੂਰਤੀ ਹੀ ਤਾਂ ਕਰ ਰਹੇ ਹਨ। ਪੰਜਾਬ ਵਿਚ ਹਜ਼ਾਰਾਂ ਸਾਧਾਂ ਦੇ ਡੇਰੇ ਦੁਧ ਅਤੇ ਪੁੱਤਰ ਦੀਆਂ 'ਅਸੀਸਾਂ' ਦੇ ਕੇ ਦਿਨੋ ਦਿਨ ਭੀੜ ਇਕੱਤਰ ਕਰ ਰਹੇ ਹਨ। ਬਹੁ ਗਿਣਤੀ ਵਿਚ ਬੀਬੀਆਂ ਹੀ ਸਾਧਾਂ ਦੇ ਡੇਰੇ ਤੇ ਜਾਂਦੀਆਂ ਹਨ। ਇਥੇ ਸਾਨੂੰ ਇਕ ਲੋਕ ਕਹਾਵਤ ਵੀ ਯਾਦ ਆਉਂਦੀ ਹੈ, 'ਨੰਗੇ ਪੈਰੀ ਸੰਭਰਦੀ ਡੇਰਾ ਸਾਧ ਕੋਲੋਂ ਪੁੱਤਰ ਮੰਗਦੀ।'
ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਸਿੱਖੀ ਨਾਲ ਸਬੰਧਤ ਡੇਰੇ ਆਰ.ਐਸ.ਐਸ ਨਾਲ ਜੁੜਨ ਲਈ ਇਕ ਦੂਜੇ ਤੋਂ ਕਾਹਲੇ ਹਨ ਤੇ ਸਿੱਖੀ ਦੇ ਮਹਿਲ ਨੂੰ ਢਾਹੁਣ ਲਈ ਆਰ.ਐਸ.ਐਸ ਦੇ ਹਥੌੜੇ ਦੇ ਦਸਤੇ ਬਣਨ ਨੂੰ ਤਿਆਰ ਬੈਠੇ ਹਨ। ਇਥੇ ਸਾਨੂੰ ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਇਹ ਲਾਈਨਾਂ ਯਾਦ ਆਉਂਦੀਆਂ ਹਨ, 'ਧੋਬੀ ਕਪੜੇ ਧਂੋਦਿਆ ਵੀਰਾ, ਹੋ ਹੁਸ਼ਿਆਰ ਤੇਰੇ ਪਿਛੇ ਮੂੰਹ ਅੱਡੀ ਆ ਰਿਹੈ ਸੰਸਾਰ (ਘੜਿਆਣ)।' ਸਿੱਖੋ ਸੰਭਲ ਜਾਉ ਆਰ.ਐਸ.ਐਸ. ਵਾਲੇ ਸਿੱਖੀ ਨੂੰ ਹੜੱਪਣ ਲਈ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਸਿੱਖ ਧਰਮ ਦੇ ਮੁੱਖ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਚ ਬਿਨਾਂ ਜਾਤ-ਪਾਤ, ਧਰਮ, ਨਸਲ ਦੇਸੀ, ਵਿਦੇਸ਼ੀ ਕੋਈ ਵੀ ਇਨਸਾਨ ਦਾਖ਼ਲ ਹੋ ਕੇ ਅਪਣੀ ਸਰਧਾ ਮੁਤਾਬਕ ਨਤਮਸਤਕ ਹੋ ਸਕਦਾ ਹੈ। ਕੀ ਹਿੰਦੂ ਮੰਦਰਾਂ ਵਿਚ ਕੋਈ ਇਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਹੈ? ਸਿੱਖਾਂ ਵਿਚ ਲੰਗਰ ਦੀ ਪ੍ਰਥਾ ਨੇ ਦੁਨੀਆਂ ਦਾ ਧਿਆਨ ਖਿਚਿਆ ਹੈ। ਕੁੱਝ ਡੇਰੇ ਜਿਵੇਂ ਸੌਦਾ ਸਾਧ ਦਾ ਡੇਰਾ, ਰਾਧਾ ਸਵਾਮੀ ਡੇਰਾ, ਨਕਲੀ ਨਿਰੰਕਾਰੀ ਇਸ ਪ੍ਰਥਾ ਨੂੰ ਵਿਗਾੜਨ ਤੇ ਤੁਲੇ ਹੋਏ ਹਨ, ਉਥੇ ਹਿੰਦੂਤਵੀ ਵੀ ਲੰਗਰ ਵਲ 'ਕੌੜੀ ਮੱਝ' ਵਾਂਗ ਝਾਕਦੇ ਹਨ। ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਪਾਉਣ ਵੇਲੇ ਹਰਿਦੁਆਰ ਦੇ ਪੰਡਤ ਮ੍ਰਿਤਕ ਦੇ ਵਾਰਸਾਂ ਨੂੰ ਕਿਵੇਂ ਲੁਟਦੇ ਹਨ। ਦੂਜੇ ਪਾਸੇ ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਕੀਰਤਪੁਰ ਵਿਖੇ ਦਰਿਆ ਵਿਚ ਪਾਉਣ ਵੇਲੇ ਕੋਈ ਅਡੰਬਰ ਨਹੀਂ ਕੀਤਾ ਜਾਂਦਾ।
ਪੂਰੀ ਸਿੱਖ ਕੌਮ ਦੇ ਸੋਚਣ ਦਾ ਵਿਸ਼ਾ ਹੈ ਕਿ ਤੁਹਾਡੇ ਕੋਲ ਦੁਨੀਆਂ ਦਾ ਅਨਮੋਲ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੇ ਕਿਸੇ ਇਕ ਸ਼ਬਦ ਨੂੰ ਇਸ ਦੇ ਕੱਟੜ ਵਿਰੋਧੀ ਵੀ ਨਹੀਂ ਕੱਟ ਸਕਦੇ। ਦੂਜੇ ਪਾਸੇ ਪੌਰਾਣਿਕ ਕਥਾਵਾਂ ਦੀ ਇਕ ਵੀ ਕਹਾਣੀ ਸਚਾਈ ਦੇ ਨੇੜੇ-ਤੇੜੇ ਵੀ ਨਹੀਂ। (ਪੂਰਾ ਸੱਚ ਜਾਣਨ ਲਈ ਪ੍ਰੋ. ਇੰਦਰ ਸਿੰਘ ਘੱਗਾ ਦੀ ਕਿਤਾਬ ਪੁਰਾਣਿਕ ਕਥਾਵਾਂ ਦਾ ਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸੌਟੀ ਤੇ ਪੜ੍ਹੋ) ਤੁਹਾਡੇ ਕੋਲ ਸ਼ੁੱਧ ਸੋਨਾ ਹੈ, ਤੁਸੀ ਉਸ ਨੂੰ ਪਿੱਤਲ ਦੇ ਭਾਅ ਤੋਂ ਵੀ ਹੇਠ ਲੈ ਆਂਦਾ ਹੈ। ਦੂਜੇ ਪਿੱਤਲ ਨੂੰ ਵੀ ਸੋਨਾ ਦੱਸ ਰਹੇ ਹਨ। ਸਦੀਆਂ ਤੋਂ ਗ਼ੁਲਾਮੀ ਹੰਢਾ ਚੁਕੀ ਕੌਮ ਦੇ ਕਿਸੇ 'ਬਹਾਦਰ' ਦੀ ਚੀਚੀ ਨੂੰ ਵੀ ਖ਼ੂਨ ਨਹੀਂ ਲਗਿਆ ਪਰ ਉਹ ਸ਼ੇਰ ਦੀਆਂ ਮੁੱਛਾਂ ਫੜਨ ਨੂੰ ਤਿਆਰ ਬੈਠੇ ਹਨ।
ਦੁਨੀਆਂ ਭਰ ਦੇ ਸਿੱਖਾਂ ਲਈ ਜਥੇਬੰਦ ਹੋ ਕੇ ਸਿੱਖ ਪੰਥ ਲਈ ਇਕ ਥਿੰਕ ਟੈਂਕ ਸਥਾਪਤ ਕਰਨਾ ਬਣਦਾ ਹੈ, ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਤੇ ਬੈਠੇ ਜਥੇਦਾਰਾਂ ਤੋਂ ਕੌਮ ਨੂੰ ਅਗਵਾਈ ਦੀ ਝਾਕ ਛੱਡ ਕੇ ਕੌਮ ਨੂੰ ਸੇਧ ਦੇਵੇ ਤੇ ਸਿੱਖੀ ਤੇ ਹੋ ਰਹੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਵੇ। ਇਹ ਥਿੰਕ ਟੈਂਕ ਜਿਥੇ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੋਵੇ ਉਥੇ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਚੁਕੇ 'ਉਚਾ ਦਰ ਬਾਬੇ ਨਾਨਕ ਦਾ' ਦੇ ਸਹਿਯੋਗ ਨਾਲ ਸਿੱਖ ਜਗਤ ਦੀ ਆਵਾਜ਼ ਬਣ ਕੇ ਸ਼੍ਰੋਮਣੀ ਕਮੇਟੀ ਤੋਂ ਮੰਗ ਕਰ ਕੇ ਫ਼ੈਸਲੇ ਲਵੇ ਜਿਹੜੇ ਵਿਵਾਦਤ ਪੁਰਾਤਨ ਗ੍ਰੰਥ ਜਿਵੇਂ ਬਚਿੱਤਰ ਨਾਟਕ, ਸੂਰਜ ਪ੍ਰਕਾਸ਼ ਤੇ ਹੋਰ ਗੁਰਮਤਿ ਵਿਰੋਧੀ ਲਿਖਤਾਂ ਜਿਹੜੀਆਂ ਗੁਰਬਾਣੀ ਦੀ ਕਸੌਟੀ ਤੇ ਪੂਰਾ ਨਹੀਂ ਉਤਰਦੀਆਂ, ਗੁਰਮਤਿ ਦੇ ਵਿਹੜੇ ਵਾੜ ਦਿਤੀਆਂ ਹਨ, ਦੇ ਕੂੜ ਕਰਕਟ ਨੂੰ ਬਾਹਰ ਸੁੱਟ ਦੇਣ ਤਾਕਿ ਕਿਸੇ ਨੂੰ ਸਿੱਖਾਂ ਬਾਰੇ ਊਲ-ਜਲੂਲ ਬੋਲਣ ਦਾ ਮੌਕਾ ਹੀ ਨਾ ਮਿਲੇ।
ਸੰਤ ਸਿੰਘ ਗਿੱਲ ,ਸੰਪਰਕ : 99886-38498