
ਭਾਰੀ ਦਬਾਅ ਦੇ ਚਲਦਿਆਂ ਟਰੰਪ ਸਰਕਾਰ ਦਾੜ੍ਹੀ ਰੱਖਣ ’ਤੇ ਰੋਕ ਲਗਾਉਣ ਵਾਲੇ ਫ਼ੈਸਲੇ ਨੂੰ ਲੈ ਸਕਦੀ ਹੈ ਵਾਪਸ
ਮੋਹਾਲੀ : ਬੀਤੇ ਦਿਨੀਂ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਅਮਰੀਕਨ ਫ਼ੌਜ ਵਿਚ ਫ਼ੌਜੀ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਫੈਸਲੇ ਨੂੰ ਲਾਗੂ ਕਰਨ ਲਈ 90 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਫ਼ੈਸਲੇ ਦਾ ਅਸਰ ਅਮਰੀਕਨ ਫ਼ੌਜ ਵਿਚ ਤਾਇਨਾਤ ਸਿੱਖ, ਮੁਸਲਮਾਨ ਅਤੇ ਯਹੂਦੀ ਫੌਜੀਆਂ ’ਤੇ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਨੂੰ ਧਰਮ ਜਾਂ ਕੈਰੀਅਰ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਪਵੇਗੀ। ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਸਿੱਖ ਫ਼ੌਜੀਆਂ ’ਤੇ ਹੋਣ ਵਾਲਾ ਕਿਉਂਕਿ ਸਿੱਖ ਧਰਮ ਅਨੁਸਾਰ ਦਾੜ੍ਹੀ ਰੱਖਣਾ ਲਾਜ਼ਮੀ ਹੈ ਜਦਕਿ ਮੁਸਲਮਾਨਾਂ ਅਤੇ ਯਹੂਦੀਆਂ ਅੰਦਰ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ। ਇਸ ਸਾਰੇ ਮਸਲੇ ’ਤੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਕੁਲਦੀਪ ਸਿੰਘ ਭੋੜੇ ਵੱਲੋਂ ਸਾਬਕਾ ਬ੍ਰਿਗੇਡੀਅਰ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਗਈ। ਉਹ ਸਾਰੀ ਗੱਲਬਾਤ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।
ਸਵਾਲ : ਟਰੰਪ ਸਰਕਾਰ ਦੇ ਫ਼ੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ : ਫ਼ੌਜ ਸਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਕਾਫ਼ੀ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਪਰ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਫੌਜੀ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਰੋਕ ਲਗਾਉਣ ਵਾਲਾ ਫ਼ੈਸਲਾ ਕਾਹਲੀ ਵਿਚ ਲਿਆ ਗਿਆ ਹੈ। ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਸਿੱਖ ਫੌਜੀਆਂ ’ਤੇ ਪੈਣਾ ਹੈ, ਬੇਸ਼ੱਕ ਮੁਸਲਮਾਨ ਤੇ ਯਹੂਦੀ ਫ਼ੌਜੀ ਵੀ ਦਾੜ੍ਹੀ ਰੱਖਦੇ ਹਨ, ਪਰ ਉਨ੍ਹਾਂ ਲਈ ਦਾੜ੍ਹੀ ਰੱਖਣਾ ਰੱਖਣਾ ਲਾਜ਼ਮੀ ਨਹੀਂ ਹੈ ਜਦਕਿ ਸਿੱਖਾਂ ਦੀ ਤਾਂ ਪਹਿਚਾਣ ਹੀ ਦਾੜ੍ਹੀ ਕਰਕੇ ਹੈ। ਜੇਕਰ ਅਮਰੀਕਾ ਸਰਕਾਰ ਵੱਲੋਂ ਇਸ ਫੈਸਲੇ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਦਾ ਇਸ ਅਮਰੀਕਾ ਨੂੰ ਨੁਕਸਾਨ ਹੋਵੇਗਾ। ਕਿਉਂਕਿ ਸਿੱਖ ਫ਼ੌਜਾਂ ਨੇ ਪਿਛਲੇ 300 ਸਾਲਾਂ ਦੌਰਾਨ ਜਿੰਨੀਆਂ ਵੀ ਲੜਾਈਆਂ ਲੜੀਆਂ ਉਨ੍ਹਾਂ ਦੌਰਾਨ ਸਿੱਖਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਇੰਡੀਅਨ ਆਰਮੀ ਨੂੰ ਛੱਡ ਕੇ ਹੋਰਨਾਂ ਫ਼ੌਜਾਂ ਵਿਚ ਵੀ ਫੌਜੀ ਜਵਾਨ ਦਾੜ੍ਹੀ ਰੱਖਦੇ ਹਨ ਜਿਨ੍ਹਾਂ ਵਿਚ ਇੰਗਲੈਂਡ, ਕੈਨੇਡਾ ਆਦਿ ਦੇਸ਼ਾਂ ਦਾ ਨਾਮ ਸ਼ਾਮਲ ਹੈ।
ਸਵਾਲ : ਕੀ ਟਰੰਪ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਿੱਖ ਫ਼ੌਜੀ ਆਪਣੀ ਜਾਨ ਦੀ ਬਿਨਾ ਪਰਵਾਹ ਕੀਤੇ ਲੜਦੇ ਹਨ?
ਜਵਾਬ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰਾਂ ਨੂੰ ਸ਼ਾਇਦ ਸਿੱਖਾਂ ਬਾਰੇ ਪਤਾ ਨਹੀਂ। ਸਿੱਖਾਂ ਬਾਰੇ ਉਨ੍ਹਾਂ ਨੂੰ ਪਤਾ ਨਾ ਹੋਣ ਕਰਕੇ ਉਨ੍ਹਾਂ ਨੇ ਸਿੱਖ ਇਤਿਹਾਸ ਵੱਲ ਧਿਆਨ ਨਹੀਂ ਦਿੱਤਾ। ਸ਼ਾਇਦ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਦਾੜ੍ਹੀ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ। ਉਨ੍ਹਾਂ ਨੇ ਫ਼ੌਜ ਦੀ ਇਕ ਪਹਿਚਾਣ ਬਣਾਉਣ ਦੇ ਲਈ ਸ਼ਾਇਦ ਇਹ ਫ਼ੈਸਲਾ ਲਿਆ ਹੈ ਜਿਹੜਾ ਕਿ ਸਰਾਸਰ ਗਲਤ ਹੈ।
ਸਵਾਲ : ਕੀ ਡੋਨਾਲਡ ਟਰੰਪ ਕਿਸੇ ਧਰਮ ਨੂੰ ਨਹੀਂ ਮੰਨਦੇ?
ਜਵਾਬ : ਧਰਮ ਨੂੰ ਤਾਂ ਉਹ ਮੰਨਦੇ ਹਨ ਕਿਉਂਕਿ ਜਦੋਂ ਅਮਰੀਕਾ ਵਿਚ ਲੋਕ ਆਏ ਤਾਂ ਉਹ ਧਰਮ ਦੇ ਆਧਾਰ ’ਤੇ ਹੀ ਆਏ ਸਨ। ਕਿਉਂਕਿ ਯੂਰਪ ਦੇ ਲੋਕ ਉਸ ਸਮੇਂ ਖੁਸ਼ ਨਹੀਂ ਸਨ ਕਿਉਂਕਿ ਉਨ੍ਹਾਂ ਦੀ ਰੋਮਨ ਕੈਥੋਲਿਕ ਨਾਲ ਬਣਦੀ ਨਹੀਂ ਸੀ। ਸ਼ਾਇਦ ਉਨ੍ਹਾਂ ਨੂੰ ਲਗਦਾ ਹੈ ਕਿ ਸਿੱਖ ਜੇਕਰ ਦਾੜ੍ਹੀ ਕਟਾ ਦੇਣਗੇ ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣਾ ਅਤੇ ਉਹ ਸਾਡੇ ਵਰਗੇ ਲੱਗਣਗੇ। ਪਰ ਉਨ੍ਹਾਂ ਨੂੰ ਸ਼ਾਇਦ ਸਿੱਖਾਂ ਦੀ ਹਿਸਟਰੀ ਅਤੇ ਪਿਛੋਕੜ ਬਾਰੇ ਨਹੀਂ ਪਤਾ ਜਿਸ ਕਰਕੇ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਜਵਾਬ : ਅਮਰੀਕੀ ਸਿੱਖ ਫ਼ੌਜੀ ਹੁਣ ਕੀ ਕਰਨਗੇ?
ਜਵਾਬ : ਅਮਰੀਕੀ ਸਰਕਾਰ ਵੱਲੋਂ ਹੁਣ ਸਿੱਖ ਫੌਜੀਆਂ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਆਪਣੇ ਧਰਮ ਨੂੰ ਚੁਣਨ ਜਾਂ ਆਪਣਾ ਕੈਰੀਅਰ ਚੁਣਨ। ਜਿਹੜੇ ਸਿੱਖ ਫੌਜੀਆਂ ਨੂੰ ਆਪਣਾ ਧਰਮ ਪਿਆਰਾ ਹੈ ਉਹ ਅਮਰੀਕੀ ਫ਼ੌਜ ਨੂੰ ਛੱਡ ਦੇਣਗੇ। ਕਿਉਂਕਿ ਬਹੁਤ ਸਾਰੇ ਵਿਅਕਤੀ ਆਪਣੇ ਧਰਮ ਨਾਲ ਜੁੜੇ ਹੋਏ ਹਨ ਅਤੇ ਉਹ ਅਮਰੀਕੀ ਫ਼ੌਜ ਨੂੰ ਛੱਡਣਗੇ, ਜਿਸ ਨਾਲ ਅਮਰੀਕਾ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।
ਜਵਾਬ : ਕੀ ਅਮਰੀਕਾ ਸਰਕਾਰ ਨੇ ਕੈਨੇਡਾ ਤੇ ਆਸਟਰੇਲੀਆ ਤੋਂ ਕੋਈ ਸੇਧ ਨਹੀਂ ਲਈ?
ਜਵਾਬ : ਅਮਰੀਕਾ ਨੂੰ ਸਿੱਖ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜਿਹੜੇ ਕਾਮਨਵੈਲਥ ਦੇਸ਼ ਹਨ ਉਹ ਸਿੱਖਾਂ ਸੈਂਕੜੇ ਸਾਲਾਂ ਤੋਂ ਡੀਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਖਾਂ ਬਾਰੇ ਗਿਆਨ ਹੈ। ਜਿਵੇਂ ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀ ਫਰਾਂਸ ਵਿਚ ਗਏ ਅਤੇ ਉਨ੍ਹਾਂ ਵੱਲੋਂ ਉਥੇ ਬਹੁਤ ਚੰਗਾ ਕੰਮ ਕੀਤਾ ਗਿਆ ਅਤੇ ਫ਼ਰਾਂਸ ਵਿਚ ਸਿੱਖ ਯੋਧਿਆਂ ਦੇ ਬੁੱਧ ਲੱਗੇ ਹੋਏ ਹਨ।
ਸਵਾਲ : ਕੀ ਅਮਰੀਕਾ ਸਰਕਾਰ ਦੇ ਫ਼ੈਸਲੇ ਖਿਲਾਫ ਆਵਾਜ਼ ਬੁਲੰਦ ਕਰਨੀ ਪਵੇਗੀ?
ਜਵਾਬ : ਅਮਰੀਕਾ ਵਿਚ ਰਹਿ ਰਹੀਆਂ ਸਿੱਖ ਜਥੇਬੰਦੀਆਂ ਵੱਲੋਂ ਫ਼ੈਸਲੇ ਖਿਲਾਫ਼ ਸ਼ਾਇਦ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ। ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਿੱਖਾਂ ਦੇ ਧਰਮ ਨਾਲ ਜੁੜਿਆ ਹੋਇਆ ਮਸਲਾ ਹੈ। ਅਮਰੀਕਨ ਸਿੱਖ ਆਗੂ ਅਮਰੀਕਾ ਸਰਕਾਰ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਇਹ ਦੱਸ ਸਕਦੇ ਹਨ ਕਿ ਇਸ ਫ਼ੈਸਲੇ ਦਾ ਅਮਰੀਕਾ ਨੂੰ ਸਰਕਾਰ ਨੂੰ ਨੁਕਸਾਨ ਹੋਵੇਗਾ ਫਾਇਦਾ ਨਹੀਂ ਹੋਵੇਗਾ, ਜਿਸ ਤੋਂ ਬਾਅਦ ਅਮਰੀਕਾ ਸਰਕਾਰ ਆਪਣੇ ਫ਼ੈਸਲੇ ਨੂੰ ਬਦਲ ਸਕਦੀ ਹੈ। ਖਾਲਸਾ ਏਡ ਅਤੇ ਐਸ.ਜੀ.ਪੀ.ਸੀ. ਅਮਰੀਕਨ ਲੋਕਾਂ ਨੂੰ ਜਾਗਰੂਕ ਕਰਕੇ ਫ਼ੈਸਲੇ ਨੂੰ ਵਾਪਸ ਲੈਣ ’ਚ ਆਪਣੀ ਭੂਮਿਕਾ ਨਿਭਾਅ ਸਕਦੀਆਂ ਹਨ।
ਸਵਾਲ : ਕੀ ਇਸ ਤੋਂ ਪਹਿਲਾਂ ਵੀ ਕਿਸੇ ਦੇਸ਼ ਨੇ ਅਜਿਹਾ ਫ਼ੈਸਲਾ ਥੋਪਿਆ ਸੀ?
ਜਵਾਬ : ਇਸ ਤਰ੍ਹਾਂ ਫ਼ੈਸਲਾ ਤਾਂ ਨਹੀਂ ਥੋਪਿਆ ਗਿਆ ਬਲਕਿ ਅੰਗਰੇਜ਼ਾਂ ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਜ਼ੋਰ ਲਾਇਆ ਸੀ ਕਿ ਸਿੱਖ ਫੌਜੀ ਹੈਲਮਟ ਜਾਂ ਲੋਹੇ ਦੀ ਟੋਪੀ ਪਾਉਣ, ਕਿਉਂਕਿ ਸਿਰ ਦੀ ਜਿਹੜੀ ਇੰਜਰੀ ਹੁੰਦੀ ਹੈ ਉਹ ਬਹੁਤ ਖਤਰਨਾਕ ਹੁੰਦੀ ਹੈ। ਅੰਗਰੇਜ਼ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਕਿਹਾ ਗਿਆ ਕਿ ਉਹ ਦਸਤਾਰ ਦੇ ਉਪਰ ਲੋਹੇ ਦੀ ਟੋਪੀ ਪਾ ਲੈਣ ਜਾਂ ਟੋਪੀ ਦੇ ਉਪਰ ਦਸਤਾਰ ਸਜਾ ਲੈਣ। ਪਰ ਸਿੱਖ ਫ਼ੌਜੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸਿੱਖ ਫ਼ੌਜੀਆਂ ਨੇ ਕਿਹਾ ਕਿ ਸੀ ਅਸੀਂ ਲੜਾਈ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿਆਂਗੇ ਪਰ ਹੈਲਮਟ ਨਹੀਂ ਪਾਵਾਂਗੇ, ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਹੈਲਮਟ ਪਾਉਣ ਵਾਲਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਸਿੱਖ ਫ਼ੌਜੀਆਂ ਨੇ ਆਪਣੀਆਂ ਦਸਤਾਰਾਂ ਨਾਲ ਹੀ ਦੂਜਾ ਵਿਸ਼ਵ ਯੁੱਧ ਲੜਿਆ ਸੀ।