ਪੰਜਾਬ ਜਿਊਂਦਾ ਗੁਰਾਂ ਦੇ ਨਾਮ ਉਤੇ
Published : Jan 8, 2021, 7:28 am IST
Updated : Jan 8, 2021, 7:28 am IST
SHARE ARTICLE
Farmer
Farmer

ਇਸ ਰਣ ਤੱਤੇ ਵਿਚ ਬਹੁਤ ਅਹਿਤਿਆਤ ਵਰਤਣ ਦੀ ਲੋੜ ਹੈ।

ਮੁਹਾਲੀ: ਪੰਜਾਬ ਦੀ ਸਿਫ਼ਤ ਕਰਦਿਆਂ ਕਵੀਆਂ ਨੇ ਫੁੱਲਾਂ ਵਿਚੋਂ ਗੁਲਾਬ ਦਾ ਫੁੱਲ ਤੇ ਦੇਸ਼ਾਂ ਵਿਚ ਦੇਸ਼ ਪੰਜਾਬ ਨੂੰ ਸੋਹਣੇ ਸ਼ਬਦਾਂ ਨਾਲ ਨਿਵਾਜਿਆ ਹੈ- ‘‘ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਉ, ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਉ।’’ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪੰਜਾਬ ਦੀ ਮਿੱਟੀ ਦੀ ਤਾਸੀਰ ਹੀ ਇਹੋ ਜਹੀ ਹੈ ਕਿ ਬੇ-ਇਨਸਾਫ਼ੀ ਦੇ ਝੱਖੜ, ਸਰਕਾਰੀ ਜ਼ੁਲਮ ਦੀ ਹਨੇਰੀ ਨੂੰ ਵੰਗਾਰਨ ਤੇ ਮਨੁੱਖੀ ਹੱਕਾਂ ਲਈ ਡੱਟ ਕੇ ਖੜੇ ਹੋ ਜਾਣ ਦੀ ਅਣਖ ਇਸ ਦੇ ਰੋਮ-ਰੋਮ ਵਿਚ ਸਮਾਈ ਹੋਈ ਹੈ। ਪੰਜਾਬ ਦੇ ਜਾਏ ਨੂੰ ਗੁੜ੍ਹਤੀ ਨਿਰਭਉ ਤੇ ਨਿਰਵੈਰ ਦੀ ਮਿਲੀ ਹੈ। ਜਦੋਂ ਸਮਾਂ ਬਣਦਾ ਹੈ ਤਾਂ ਇਹ ਇਤਿਹਾਸ ਨੂੰ ਦੁਹਰਾ ਦਿੰਦਾ ਹੈ। ਹੁਣ ਜਦੋਂ ਭਾਰਤ ਸਰਕਾਰ ਨੇ ਧੱਕੇ ਨਾਲ ਖੇਤੀ ਬਿੱਲਾਂ ਨੂੰ ਪਾਸ ਕੀਤਾ ਤਾਂ ਸਾਰਾ ਭਾਰਤ ਚੁੱਪ ਕਰ ਗਿਆ ਪਰ ਪੰਜਾਬ ਦੇ ਵਾਰਸ ਕੇਂਦਰ ਦੇ ਧੱਕੇ ਵਿਰੁਧ ਡਟ ਗਏ ਹਨ। ਪੰਜਾਬੀਆਂ ਦੀ ਚੇਤੰਨਤਾ ਵਿਚ ਧੱਕੇ ਵਿਰੁਧ ਲੜਨ ਦੀ ਅਣਖੀ ਚੰਗਾੜੀ ਸੁਲਗਦੀ ਰਹਿੰਦੀ ਹੈ। ਵਰਤਮਾਨ ਕਿਸਾਨੀ ਸੰਘਰਸ਼ ਵਿਚ ਪੰਜਾਬ ਦੇ ਗੱਭਰੂਆਂ ਨੇ ਇਕ ਵਾਰ ਫਿਰ ਅਪਣੀ ਪੁਰਾਣੀ ਸਿੱਖ ਤਵਾਰੀਖ਼ ਨੂੰ ਤਾਜ਼ਾ ਕਰ ਦਿਤਾ ਹੈ। ਨੌਜੁਆਨਾਂ ਵਿਚ ਅਪਣੇ ਵਿਰਸੇ ਪ੍ਰਤੀ ਨਵੀਂ ਜਾਗਰਤੀ ਲਹਿਰ ਨੇ ਜਨਮ ਲਿਆ ਹੈ। 

ModiPM MODI

ਪਿਛਲੇ ਛੇ ਸਾਲ ਤੋਂ ਕੇਂਦਰ ਵਿਚ ਭਾਜਪਾ ਰਾਜ ਕਰ ਰਹੀ ਹੈ। ਕੇਂਦਰੀ ਸਰਕਾਰ ਨੇ ਆਨੇ ਬਹਾਨੇ ਅਪਣੀ ਮਨ ਮਰਜ਼ੀ ਕੀਤੀ ਹੈ। ਪਹਿਲਾਂ ਬਿਨਾਂ ਕਿਸੇ ਠੋਸ ਕਾਰਨ ਦੇ ਕਰੰਸੀ ਨੂੰ ਖ਼ਤਮ ਕਰ ਕੇ ਨਵੀਂ ਕਰੰਸੀ ਚਾਲੂ ਕਰ ਦਿਤੀ। ਜਿਹੜੀਆਂ ਮਾਵਾਂ ਨੇ ਕਿਰਸ ਕਰ ਕੇ ਥੋੜਾ ਬਹੁਤਾ ਜੋੜਿਆ ਸੀ, ਉਹ ਇਕੋ ਝਟਕੇ ਨਾਲ ਖੋਹ ਲਿਆ। ਅਗਾਂਹ ਜੀ.ਐਸ.ਟੀ. ਲਗਾ ਕੇ ਰਹਿੰਦੀ ਕਸਰ ਕੱਢ ਦਿਤੀ। ਜੀ.ਐਸ.ਟੀ. ਵਿਚੋਂ ਬਣਦਾ ਹਿੱਸਾ ਲੈਣ ਲਈ ਭਾਰਤ ਦੇ ਸੂਬਿਆਂ ਨੂੰ ਕੇਂਦਰ ਅੱਗੇ ਹਾੜੇ ਕਢਣੇ ਪੈ ਰਹੇ ਹਨ। ਫਿਰ ਸਰਕਾਰ ਵਲੋਂ ਹਰ ਖੇਤਰ ਨੂੰ ਨਿਜੀ ਸੈਕਟਰ ਅਧੀਨ ਕਰਨ ਦਾ ਯਤਨ ਆਰੰਭਿਆ ਗਿਆ। ਲਗਭਗ ਸਾਰੇ ਹੀ ਵੱਡੇ ਅਦਾਰੇ ਨਿਜੀ ਹੱਥਾਂ ਵਿਚ ਚਲੇ ਗਏ ਹਨ। ਖੇਤੀ ਸੈਕਟਰ ਅਜੇ ਬਚਿਆ ਚਲਿਆ ਆ ਰਿਹਾ ਸੀ। 5 ਜੂਨ 2020 ਨੂੰ ਖੇਤੀਬਾੜੀ ਸਬੰਧੀ ਤਿੰਨ ਕਾਨੂੰਨ ਬਣਾ ਕੇ ਇਸ ਨੂੰ ਵੱਡੇ ਵਪਾਰੀਆਂ ਕੋਲ ਵੇਚਣ ਦਾ ਰਾਹ ਪਧਰਾ ਕਰਦਿਆਂ ਪਾਰਲੀਮੈਂਟ ਵਿਚੋਂ ਵੀ ਪਾਸ ਕਰਾ ਲਏ। ਹੈਰਾਨੀ ਦੀ ਗੱਲ ਵੇਖੋ ਰਾਜ ਸਭਾ ਵਿਚ ਭਾਜਪਾ ਦੀ ਬਹੁ-ਗਿਣਤੀ ਨਾ ਹੋਣ ਦੇ ਬਾਵਜੂਦ ਵੀ ਹੱਥ ਖੜੇ ਕਰਵਾ ਕੇ ਬਿੱਲ ਪਾਸ ਕਰਵਾ ਦਿਤਾ।

GSTGST

ਬਹੁਤ ਕਾਹਲ ਵਿਚ ਰਾਸ਼ਟਰਪਤੀ ਨੇ ਅਪਣੇ ਦਸਤਖ਼ਤ ਕਰ ਕੇ ਕਿਸਾਨੀ ਲਈ ਕਾਲੇ ਕਾਨੂੰਨਾਂ ਨੂੰ ਪ੍ਰਵਾਨਗੀ ਦੇ ਦਿਤੀ। ਉਦੋਂ ਤੋਂ ਹੀ ਪੰਜਾਬ ਤੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਪਰ ਸਰਕਾਰ ਦੇ ਕੰਨ ਤੇ ਕਿਸੇ ਕਿਸਮ ਦੀ ਜੂੰ ਤਕ ਨਾ ਸਰਕੀ। ਅਖ਼ੀਰ ਨੂੰ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਰੇਲ ਰੋਕੋ ਪ੍ਰੋਗਰਾਮ ਦਿਤਾ। ਪੰਜਾਬ ਦੇ ਕਿਸਾਨਾਂ ਨੇ ਰੇਲ ਰੋਕਣ ਵਾਲੇ ਪ੍ਰੋਗਰਾਮ ਨੂੰ ਸ਼ਾਂਤਮਈ ਤਰੀਕੇ ਨਾਲ ਵੱਧ ਤੋਂ ਵੱਧ ਸਫ਼ਲ ਬਣਾਇਆ। ਨਾਲ ਦੀ ਨਾਲ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਪੈਦਾ ਕਰ ਕੇ ਇਕ ਸਾਂਝਾ ਪ੍ਰੋਗਰਾਮ ਦਿਤਾ। ਦੋ ਮਹੀਨੇ ਤੋਂ ਵੱਧ ਸਮਾਂ ਪੰਜਾਬ ਵਿਚ ਖੇਤੀ ਸਬੰਧੀ ਕਾਨੂੰਨਾਂ ਵਿਰੁਧ ਲੜਾਈ ਲੜੀ ਗਈ ਪਰ ਕੇਂਦਰ ਸਰਕਾਰ ਨੇ ਕੋਈ ਧਿਆਨ ਨਾ ਦਿਤਾ। ਕੇਂਦਰ ਸਰਕਾਰ ਸਮਝਦੀ ਸੀ ਕਿ ਸ਼ਾਇਦ ਸੰਘਰਸ਼ ਨੂੰ ਲੰਮਾ ਕਰ ਕੇ ਇਸ ਨੂੰ ਤੋੜਿਆ ਜਾ ਸਕਦਾ ਹੈ। ਇਹ ਇਸ ਦਾ ਇਕ ਭਰਮ ਸੀ। ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਏਕਤਾ ਦਾ ਪ੍ਰਤੱਖ ਸਬੂਤ ਵਿਖਾਉਂਦਿਆਂ 26, 27 ਨਵੰਬਰ 2020 ਦਿਲੀ ਵਿਚ ਰੋਸ ਪ੍ਰਗਟ ਕਰਨ ਦਾ ਸੱਦਾ ਦਿਤਾ। 

FARMER PROTESTFARMER PROTEST

ਸਾਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਇਕ ਸਾਂਝੀ ਕਮੇਟੀ ਬਣਾ ਕੇ ਕੇਂਦਰੀ ਪ੍ਰਭੂਆਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ। ਇਹ ਠੀਕ ਹੈ ਕਿ ਖੇਤੀ ਸਬੰਧੀ ਕਾਨੂੰਨ ਸਾਰੇ ਭਾਰਤ ਲਈ ਹਨ ਪਰ ਇਸ ਦੀ ਅਗਵਾਈ ਕਰਨ ਦਾ ਯਤਨ ਪੰਜਾਬ ਦੇ ਹਿੱਸੇ ਹੀ ਆਇਆ ਹੈ। ਖੇਤੀ ਕਾਨੂੰਨਾਂ ਦੀ ਸੱਭ ਤੋਂ ਵੱਧ ਮਾਰ ਵੀ ਪੰਜਾਬ ਤੇ ਹਰਿਆਣੇ ਨੂੰ ਪੈਂਦੀ ਦਿਸਦੀ ਹੈ। ਖੇਤੀ ਕਾਨੂੰਨਾਂ ਦੀਆਂ ਬਾਰੀਕੀਆਂ ਬਹੁਤ ਹਨ ਜਿਸ ਨਾਲ ਸਦੀਆਂ ਦੇ ਬਣੇ ਮਾਲਕੀ ਦੇ ਹੱਕ ਮਿੰਟਾਂ ਵਿਚ ਖੁਸਦੇ ਨਜ਼ਰ ਆਉਂਦੇ ਹਨ। ਜ਼ਿਆਦਾ ਬਾਰੀਕੀ ਵਿਚ ਨਾ ਵੀ ਜਾਇਆ ਜਾਏ ਤਾਂ ਮੋਟੇ ਤੌਰ ਉਤੇ ਸਮਝਣ ਲਈ ਏਨਾ ਹੀ ਜ਼ਰੂਰੀ ਹੈ ਕਿ ਖੇਤਾਂ ਵਿਚ ਕੰਮ ਕਰਨ ਵਾਲੇ ਨੂੰ ਅਪਣੀ ਉਪਜ ਭੰਗ ਦੇ ਭਾੜੇ ਵਿਚ ਸੁੱਟਣ ਲਈ ਮਜਬੂਰ ਹੋਣਾ ਪੈਣਾ ਹੈ। ਫਿਰ ਇਸ ਦੀ ਸੁਣਵਾਈ ਕੋਈ ਨਹੀਂ ਹੋਵੇਗੀ। ਖੇਤੀ ਕਾਨੂੰਨਾਂ ਵਿਚ ਚੋਰ ਮੋਰੀਆਂ ਇਸ ਤਰ੍ਹਾਂ ਦੀਆਂ ਹਨ ਕਿ ਵਪਾਰੀ ਠੇਕੇ ਤੇ ਜ਼ਮੀਨ ਲੈ ਕੇ ਉਸ ਉਤੇ ਕਰਜ਼ਾ ਚੁੱਕ ਕੇ ਤਿੱਤਰ ਹੋ ਜਾਏਗਾ, ਕਿਸਾਨ ਉਸ ਦਾ ਕੁੱਝ ਵੀ ਨਹੀਂ ਵਿਗਾੜ ਸਕਦਾ।  ਹੁਣ ਭਾਰਤ ਦੀ ਕੇਂਦਰੀ ਸਰਕਾਰ ਕਹਿੰਦੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਬਣਾਏ ਹਨ। ਇਨ੍ਹਾਂ ਦਾ ਜੀਵਨ ਸੁਧਰੇਗਾ। ਇਹ ਭਲਾ ਏਦਾਂ ਸਮਝ ਆਉਂਦਾ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਇਹ ਕਿਹਾ ਜਾਵੇ ਕਿ ਤੂੰ ਅਪਣੀ ਕਾਰ ਮੈਨੂੰ ਦੇ-ਦੇ ਤੇ ਮੈਂ ਤੈਨੂੰ ਤੇਰੇ ਭਲੇ ਲਈ ਬੁਲਡੋਜ਼ਰ ਦਿੰਦਾ ਹਾਂ। ਵੇਖ ਬੁਲਡੋਜ਼ਰ ਕਿੰਨਾ ਤਾਕਤਵਰ ਹੈ ਤੂੰ ਹੁਣ ਅਪਣੀਆਂ ਰਿਸ਼ਤੇਦਾਰੀਆਂ ਵਿਚ ਇਸ ਤੇ ਚੜ੍ਹ ਕੇ ਜਾਇਆ ਕਰ, ਲੋਕ ਵੇਖਿਆ ਕਰਨਗੇ।

ਕੀ ਬੁਲਡੋਜ਼ਰ ਨਾਲ ਪ੍ਰਵਾਰ ਦੀ ਤਰੱਕੀ ਹੋਵੇਗੀ ਜਾਂ ਬਰਬਾਦੀ ਹੋਵੇਗੀ? ਹੁਣ ਆਪ ਹੀ ਅੰਦਾਜ਼ਾ ਲਗਾ ਲਉ ਕਿ ਕਿਸਾਨ ਖੇਤੀ ਕਾਨੂੰਨ ਨਹੀਂ ਚਾਹੁੰਦੇ ਪਰ ਸਰਕਾਰ ਧੱਕੇ ਨਾਲ ਬੁਲਡੋਜ਼ਰ ਦੇ ਰਹੀ ਹੈ। ਸਮੁੱਚੇ ਭਾਰਤ ਦੇ ਕਿਸਾਨਾਂ ਨੇ ਦਿੱਲੀ ਵਿਚ ਜਾ ਕੇ ਅਪਣਾ ਧਰਨਾ ਲਗਾਉਣ ਦਾ ਐਲਾਨ ਕਰ ਦਿਤਾ। ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ 25 ਨਵੰਬਰ 2020 ਨੂੰ ਚਾਲੇ ਪਾਉਣੇ ਸ਼ੁਰੂ ਕੀਤੇ। ਚਾਹੀਦਾ ਤਾਂ ਇਹ ਸੀ ਕਿ ਹਰਿਆਣਾ ਸਰਕਾਰ ਤੇ ਦਿੱਲੀ ਸਰਕਾਰ ਇਨ੍ਹਾਂ ਨੂੰ ਨਾ ਰੋਕਦੀ ਤੇ ਅਪਣਾ ਰੋਸ ਪ੍ਰਗਟ ਕਰਨ ਦਿੰਦੀ ਪਰ ਸਰਕਾਰ ਵੀ ਕੀ ਹੋਈ ਜਿਹੜੀ ਜੱਗ੍ਹੋਂ ਤੇਰ੍ਹਵੀਂ ਨਾ ਕਰੇ।   ਜਿਉਂ ਹੀ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ, ਹਰਿਆਣੇ ਦੇ ਮੁੱਖ ਮੰਤਰੀ ਭਾਊ ਖੱਟਰ ਨੇ ਜੀ.ਟੀ. ਰੋਡ ਵਿਚ ਵੀਹ-ਵੀਹ ਫ਼ੁਟ ਟੋਏ ਪੁਟਵਾ ਦਿਤੇ। ਵੱਡੀਆਂ ਪੱਥਰ ਦੀ ਸਿਲਾਂ ਰੱਖ ਕੇ ਰਾਹ ਰੋਕਣ ਦਾ ਯਤਨ ਕੀਤਾ। ਤਿੱਖੇ ਬਲੇਡਾਂ ਵਾਲੀਆਂ ਤਾਰਾਂ ਲਗਾ ਦਿਤੀਆਂ। ਪਾਣੀ ਤੇ ਅੱਥਰੂ ਗੈਸ ਸੁੱਟਣ ਵਾਲੀਆਂ ਤੋਪਾਂ ਚਲਾਈਆਂ ਗਈਆਂ ਤਾਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ। ਉਂਜ ਤਾਂ ਖੱਟਰ ਸਾਹਬ ਪੰਜਾਬੀ ਹਨ ਪਰ ਪਤਾ ਨਹੀਂ ਉਸ ਨੂੰ ਕਿਸੇ ਨੇ ਇਹ ਮੱਤ ਕਿਉਂ ਦਿਤੀ ਕਿ ਆਪਾਂ ਇਨ੍ਹਾਂ ਪੰਜਾਬੀਆਂ ਨੂੰ ਦਿੱਲੀ ਨਹੀਂ ਜਾਣ ਦੇਣਾ। ਅਸਲ ਵਿਚ ਉਨ੍ਹਾਂ ਨੂੰ ਦਿੱਲੀ ਵਿਚ ਅਪਣੀ ਭਾਜਪਾ ਦੀ ਸਰਕਾਰ ਲਈ ਮੁਸੀਬਤਾਂ ਨਹੀਂ ਵਧਾਉਣੀਆਂ ਚਾਹੀਦੀਆਂ ਸਨ।  

ਪੰਜਾਬੀ ਤਾਂ ਜਨਮੇ ਹੀ ਹਰ ਮੁਹਿੰਮ ਨੂੰ ਸਰ ਕਰਨ ਲਈ ਹਨ। ਜਦੋਂ ਅਣਖ਼, ਗੈਰਤ ਦਾ ਸਵਾਲ ਆਉਂਦਾ ਹੈ ਤਾਂ ਇਹ ਝੱਟ ਇਕੱਠੇ ਹੋ ਕੇ ਮੌਤ ਨੂੰ ਲਲਕਾਰਨ ਲੱਗ ਪੈਂਦੇ ਹਨ। ਇਨ੍ਹਾਂ ਦੇ ਜਜ਼ਬਾਤ ਦੀ ਗੱਲ ਕਰਦਿਆਂ ਸ. ਕਰਤਾਰ ਸਿੰਘ ਬਲੱਗਣ ਨੇ ਲਿਖਿਆ ਹੈ- 
ਜਣਿਆਂ ਵਾਂਗ ਜੀਣਾ, ਜਣਿਆਂ ਵਾਂਗ ਮਰਨਾ, ਇਹ ਹੈ ਜੱਗ ਉਤੇ ਨਾਮ ਪੰਜਾਬੀਆਂ ਦਾ। 
ਯੋਧਾ ਉਹ ਜੋ ਮਰੇ ਮੈਦਾਨ ਅੰਦਰ, ਰਿਹਾ ਮੁੱਢੋਂ ਜਾਪ ਪੰਜਾਬੀਆਂ ਦਾ। 
ਜਦ ਤਕ ਜ਼ੁਲਮ ਦੀ ਮੜ੍ਹੀ ਨਾ ਹੋਏ ਠੰਢੀ, ਲਹਿੰਦਾ ਕਦੇ ਨਹੀਂ ਤਾਪ ਪੰਜਾਬੀਆਂ ਦਾ। 
ਉਸ ਕੌਮ ਦੇ ਸੜ ਗਏ ਨਸੀਬ ਲੋਕੋ ਜਿਸ ਨੂੰ ਮਿਲਿਆ ਸਰਾਪ ਪੰਜਾਬੀਆਂ ਦਾ। 
ਇਹ ਪੰਜਾਬ ਹੈ ਦੇਸ਼ ਪ੍ਰਵਾਨਿਆਂ ਦਾ, ਸੂਰਮਤਾਈ ਨੂੰ ਜਿਦ੍ਹੇ ਤੇ ਮਾਣ ਹੋਇਆ। 
ਹੱਦਾਂ ਉੱਤੇ ਪੰਜਾਬ ਦੀ ਰੱਤ ਡੁਲ੍ਹੀ, ਸਰਖ਼ਰੂ ਸਾਰਾ ਹਿੰਦੁਸਤਾਨ ਹੋਇਆ। 
ਹਰਿਆਣਾ ਸਰਕਾਰ ਨੇ ਅਪਣੇ ਵਲੋਂ ਵੱਡੀਆਂ-ਵੱਡੀਆਂ ਤੇ ਦੋਹਰੀਆਂ ਤੀਹਰੀਆਂ ਰੋਕਾਂ ਲਗਾਈਆਂ ਸਨ ਕਿ ਸ਼ਾਇਦ ਪੰਜਾਬੀ ਇਨ੍ਹਾਂ ਨੂੰ ਪਾਰ ਨਹੀਂ ਕਰ ਸਕਣਗੇ। ਪੰਜਾਬੀਆਂ ਦੇ ਜੋਸ਼ ਅੱਗੇ ਰੋਕਾਂ ਅਪਣੇ ਆਪ ਢਹਿੰਦੀਆਂ ਗਈਆਂ। ਨੌਜੁਆਨਾਂ ਦੇ ਜਜ਼ਬੇ ਵੇਖੋ ਪਾਣੀ ਵਾਲੀ ਗੱਡੀ ‘ਤੇ ਚੜ੍ਹ ਕੇ ਇਕ ਨੌਜੁਆਨ ਨੇ ਪਾਣੀ ਵਾਲੀ ਪਾਈਪ ਦਾ ਮੂੰਹ ਬੰਦ ਕਰ ਕੇ ਮੁੜ ਅਪਣੀ ਟਰਾਲੀ ਵਿਚ ਛਾਲ ਮਾਰ ਕੇ ਵਾਪਸ ਆ ਗਿਆ। ਕਦੇ ਏਦਾਂ ਹੀ ਹਾਥੀ ਉਤੇ ਬੈਠੇ ਜਸਪਤ ਰਾਏ ਦਾ ਸਿਰ ਭਾਈ ਨਿਗਾਹੀਆ ਸਿੰਘ ਨੇ ਹਾਥੀ ਉਤੇ ਚੜ੍ਹ ਕੇ ਧੜ ਨਾਲੋਂ ਵਖਰਾ ਕਰ ਦਿਤਾ ਸੀ। ਵੱਡੀਆਂ ਰੋਕਾਂ ਨੂੰ ਜਵਾਨੀ ਦੇ ਜੋਸ਼ ਨੇ ਖਿਲਾਰ ਦਿਤਾ। ਹੱਥਾਂ ਨਾਲ ਹੀ ਸੜਕ ਉਤੇ ਪੁੱਟੇ ਟੋਇਆਂ ਨੂੰ ਪੂਰ ਦਿਤਾ। 

ਨਾਨਕਈ ਫ਼ਲਸਫ਼ੇ ਨੇ ਗ਼ੁਲਾਮੀ ਦੀਆਂ ਚੂਲਾਂ ਹਿਲਾ ਕੇ ਰੱਖ ਦਿਤੀਆਂ, ਜ਼ਿੰਦਗੀ ਦੇ ਮਹੱਤਵ ਨੂੰ ਸਮਝਾਇਆ। ਕਰਮ-ਕਾਂਡਾਂ ਨੂੰ ਨਕਾਰਦਿਆਂ ਇਕ ਨਵੀਂ ਸਵੇਰ ਵਰਗੀ ਨਵੀਂ ਜ਼ਿੰਦਗੀ ਦਾ ਆਗ਼ਾਜ਼ ਕੀਤਾ। ਸਿੱਖ ਇਤਿਹਾਸ ਵਿਚ ਸੂਰਮਤਾਈ ਦੀਆਂ ਉਹ ਮਿਸਾਲਾਂ ਖੜੀਆਂ ਕੀਤੀਆਂ ਹਨ ਜਿਹੜੀਆਂ ਰਹਿੰਦੀ ਦੁਨੀਆਂ ਤਕ ਸਾਡਾ ਰਾਹ ਰੌਸ਼ਨ ਕਰਦੀਆਂ ਰਹਿਣਗੀਆਂ-ਗੁਰਬਾਣੀ ਦਾ ਫ਼ਲਸਫ਼ਾ ਸਦਾ ਹੀ ਮਾਨਸਿਕ ਜੀਵਨ ਨੂੰ ਪ੍ਰਪੱਕ ਕਰਦਾ ਹੈ। ਮੌਤ ਦਾ ਭੈਅ ਨਾਸ ਹੁੰਦਾ ਹੈ। ਦੁਨੀਆਂ ਮਰਨ ਤੋਂ ਡਰਦੀ ਹੈ ਪਰ ਸਿੱਖ ਮੌਤ ਨਾਲ ਕਲੋਲਾਂ ਕਰਦਾ ਹੈ। ਸਾਹਮਣੇ ਸ਼ਰਾਬ ਨਾਲ ਰੱਜਿਆ ਹਾਥੀ ਕਿਲ੍ਹੇ ਵਲ ਨੂੰ ਵੱਧ ਰਿਹਾ ਹੈ, ਦੂਜੇ ਪਾਸੇ ਭਾਈ ਬਚਿੱਤਰ ਸਿੰਘ ਦਾ ਹਾਥੀ ਨਾਲ ਟਾਕਰਾ ਕਰਨ ਲਈ ਬਰਛੀ ਦੀ ਪਰਖ ਕਰ ਰਿਹਾ ਹੈ। ਕਲਮਾਂ ਵਾਲਿਆਂ ਨੇ ਯੋਧਿਆਂ ਨੂੰ ਗਾਇਆ ਤੇ ਲਿਖਿਆ ਹੈ- 
ਇਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਵਿਚੋਂ, ਘੂਰ-ਘੂਰ ਮੌਤ ਨੂੰ ਬੁਲਾਵੇ ਤੇਰਾ ਖ਼ਾਲਸਾ।
ਪੰਜ ਘੁੱਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੇ, ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖ਼ਾਲਸਾ। 
ਪਵੇ ਕਿਤੇ ਲੜ ਜੇਕਰ ਛਾਤੀਆਂ ਅਜ਼ਮਾਉਣ ਲਈ, ਮੂਹਰੇ ਹੋ ਕੇ ਛਾਤੀਆਂ ਨੂੰ ਡਾਹਵੇ ਤੇਰਾ ਖ਼ਾਲਸਾ। 
ਇਹਦੇ ਦਿਲ ਵਿਚ ਪਿਆਰ ਵੱਸੇ, ਨੈਣਾਂ ਵਿਚ ਅਕਾਲ ਵਸੇ, ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖ਼ਾਲਸਾ। 

ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਨੇ ਪੰਜਾਬੀਆਂ ਨੂੰ ਇਕ ਵਾਰੀ ਫਿਰ ਉਸ ਮੋੜ ਉਤੇ ਖੜਾ ਕਰ ਦਿਤਾ ਹੈ ਜਿਥੇ ਇਸ ਨੇ ਸਾਰੇ ਭਾਰਤ ਦੀ ਆਵਾਜ਼ ਬਣਨਾ ਹੈ। ਬਜ਼ੁਰਗਾਂ ਦਾ ਤਜਰਬਾ, ਨੌਜੁਆਨਾਂ ਦਾ ਜੋਸ਼ ਤੇ ਕਿਸਾਨ ਜਥੇਬੰਦੀਆਂ ਦੀ ਏਕਤਾ ਨੇ ਅੱਜ ਦੀ ਤਰੀਕ ਤਕ ਨਵਾਂ ਇਤਿਹਾਸ ਸਿਰਜਿਆ ਹੈ ਕਿ ਸਿੱਖ ਕਿਵੇਂ ਅਪਣੇ ਹੱਕਾਂ ਦੀ ਰਾਖੀ ਲਈ ਦਿਨ ਰਾਤ ਇਕ ਕਰ ਸਕਦਾ ਹੈ। 
ਦਸੰਬਰ ਦਾ ਮਹੀਨਾ ਪੂਰੀ ਠੰਢ ਵਾਲਾ ਹੁੰਦਾ ਹੈ, ਕਿਸਾਨ ਅਪਣੀਆਂ ਟਰਾਲੀਆਂ ਵਿਚ ਸੌਂ ਰਹੇ ਹਨ। ਸੜਕਾਂ ਉਤੇ ਬੈਠ ਕੇ ਰਾਤਾਂ ਕੱਟ ਰਹੇ ਹਨ, ਕੀ ਮਜਾਲ ਹੈ ਕਿ ਕਿਸੇ ਮੱਥੇ ਉਤੇ ਕੋਈ ਘਬਰਾਹਟ ਹੋਵੇ। ਬਲੱਗਣ ਸਾਹਬ ਦੇ ਬੋਲ ਬੜੇ ਕੀਮਤੀ ਹਨ- 
ਫਿਰ ਵੀ ਕਹਿ ਦੇ ਪੰਜਾਬ ਦੇ ਰਹਿਨੁਮਾ ਨੂੰ, ਤੇਰਾ ਕਾਫ਼ਲਾ ਕਿਤੇ ਨਹੀਂ ਰੁਕਣ ਦੇਣਾ। 
ਨਾਲ ਮੌਤ ਦੇ ਮੱਥਾ ਲਗਾ ਲਵਾਂਗੇ, ਪਰ ਨਹੀਂ ਸੀਸ ਪੰਜਾਬ ਦਾ ਝੁਕਣ ਦੇਣਾ। 
ਇਸ ਰਣ ਤੱਤੇ ਵਿਚ ਬਹੁਤ ਅਹਿਤਿਆਤ ਵਰਤਣ ਦੀ ਲੋੜ ਹੈ। ਸਰਕਾਰਾਂ ਕੋਲ ਬਹੁਤ ਸਾਧਨ ਹੁੰਦੇ ਹਨ ਪਰ ਸਰਕਾਰੀ ਚਾਲਾਂ ਨੂੰ ਸਮਝਣ ਦੀ ਲੋੜ ਹੈ। ਇਸ ਸੰਘਰਸ਼ ਨੇ ਸਿੱਖ ਕੌਮ ਦੀਆਂ ਸ਼ਾਨਾਂਮਤੀ ਰਵਾਇਤਾਂ ਨੂੰ ਇਕ ਵਾਰ ਫਿਰ ਦੁਨੀਆਂ ਸਾਹਮਣੇ ਰੱਖ ਦਿਤਾ ਹੈ। ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨੀ ਬਿੱਲਾਂ ਨੂੰ ਵਾਪਸ ਲਿਆ ਜਾਏ ਤਾਕਿ ਕਿਸਾਨ ਅਣਚਾਹੇ ਉਜਾੜੇ ਤੋਂ ਬਚ ਸਕਣ

ਪ੍ਰਿੰ.ਗੁਰਬਚਨ ਸਿੰਘ ਪੰਨਵਾ ,ਸੰਪਰਕ : 9915529725 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement