
ਅੱਜ ਪੂਰੀ ਦੁਨੀਆਂ ਵਿਚ ਕੋਰੋਨਾ ਰੂਪੀ ਬੀਮਾਰੀ ਭਾਰੀ ਤਬਾਹੀ ਮਚਾ ਰਹੀ ਹੈ ਜਿਸ ਕਾਰਨ ਅੱਜ ਸਾਰੀ ਦੁਨੀਆਂ ਤਾਲਾਬੰਦੀ ਵਿਚ ਅਪਣੇ ਦਿਨ ਕੱਟ ਰਹੀ ਹੈ।
ਅੱਜ ਪੂਰੀ ਦੁਨੀਆਂ ਵਿਚ ਕੋਰੋਨਾ ਰੂਪੀ ਬੀਮਾਰੀ ਭਾਰੀ ਤਬਾਹੀ ਮਚਾ ਰਹੀ ਹੈ ਜਿਸ ਕਾਰਨ ਅੱਜ ਸਾਰੀ ਦੁਨੀਆਂ ਤਾਲਾਬੰਦੀ ਵਿਚ ਅਪਣੇ ਦਿਨ ਕੱਟ ਰਹੀ ਹੈ। ਹਾਲਾਂਕਿ ਭਾਰਤ ਨੇ ਤਾਲਾਬੰਦੀ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਪਰ ਪੰਜਾਬ ਤੇ ਕੁੱਝ ਹੋਰ ਸੂਬਿਆਂ ਨੇ ਇਸ ਦੇ ਉਲਟ ਤਾਲਾਬੰਦੀ ਜਾਰੀ ਰੱਖ ਕੇ ਬਹੁਤ ਹੀ ਅਹਿਮ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਵਲੋਂ ਦਿਤੀ ਜਾ ਰਹੀ ਛੋਟ ਕਾਰਨ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।
Central government
ਕੋਰੋਨਾ ਦੇ ਸਤਾਏ ਸਾਰੇ ਦੇਸ਼ ਹੁਣ ਚੀਨ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖ ਰਹੇ ਹਨ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਚੀਨ ਨੇ ਇਹ ਬੀਮਾਰੀ ਫੈਲਾਉਣ ਵਿਚ ਸੱਭ ਵੱਡਾ ਯੋਗਦਾਨ ਪਾਇਆ ਹੈ। ਜੇਕਰ ਚੀਨ ਚਾਹੁੰਦਾ ਤਾਂ ਇਸ ਨੂੰ ਵੁਹਾਨ ਸ਼ਹਿਰ ਵਿਚ ਹੀ ਰੋਕ ਸਕਦਾ ਸੀ। ਪਹਿਲਾ ਕੇਸ 19 ਦਸੰਬਰ 2019 ਨੂੰ ਵੁਹਾਨ ਸ਼ਹਿਰ ਵਿਚੋਂ ਹੀ ਆਇਆ ਸੀ। ਇਹ ਵਾਇਰਸ ਏਨੀ ਤੇਜ਼ੀ ਨਾਲ ਫੈਲਿਆ ਕਿ ਵੁਹਾਨ ਸ਼ਹਿਰ ਵਿਚ ਲਾਸ਼ਾਂ ਦੇ ਢੇਰ ਲੱਗ ਗਏ ਤੇ ਇਸ ਬੀਮਾਰੀ ਦੀ ਦੁਨੀਆਂ ਵਿਚ ਚਰਚਾ ਹੋਣੀ ਸ਼ੁਰੂ ਹੋ ਗਈ।
WHO
ਜਦੋਂ ਇਸ ਬਾਰੇ ਪੱਤਰਕਾਰਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਨੂੰ ਮਜ਼ਾਕ ਵਿਚ ਲਿਆ। ਸ੍ਰੀ ਟਰੰਪ ਨੇ ਇਥੋਂ ਤਕ ਕਿਹਾ ਕਿ ਕੋਰੋਨਾ ਸਾਡਾ ਕੁੱਝ ਨਹੀਂ ਵਿਗਾੜ ਸਕਦਾ ਤੇ ਅਸੀ ਇਸ ਨੂੰ ਚੁਟਕੀ ਵਜਾਉਣ ਵਾਂਗ ਹੀ ਮਾਰ ਮੁਕਾਵਾਂਗੇ। ਉਸ ਸਮੇਂ ਟਰੰਪ ਨੂੰ ਅਪਣੀ ਤਾਕਤ ਉਤੇ ਹੰਕਾਰ ਸੀ ਤੇ ਉਹ ਕਿਸੇ ਸਮੱਸਿਆ ਨੂੰ ਵੀ ਕੁੱਝ ਨਹੀਂ ਸੀ ਸਮਝਦਾ। ਭਾਵੇਂ ਇਸ ਬੀਮਾਰੀ ਨੂੰ ਚੀਨ ਦੁਨੀਆਂ ਤੋਂ ਛੁਪਾਉਣਾ ਚਾਹੁੰਦਾ ਸੀ ਪਰ ਡਬਲਿਊ.ਐਚ.ਓ ਨੇ ਇਸ ਨੂੰ ਮਹਾਂਮਾਰੀ ਐਲਾਨ ਦਿਤਾ ਤੇ ਪੂਰੀ ਦੁਨੀਆਂ ਨੂੰ ਇਸ ਤੋਂ ਬਚਣ ਦੇ ਪ੍ਰਬੰਧ ਕਰਨ ਲਈ ਕਿਹਾ।
Doctors
ਜਿਸ ਅਮਰੀਕਾ ਨੂੰ ਅਪਣੀ ਸ਼ਕਤੀ ਉਤੇ ਜ਼ਿਆਦਾ ਹੰਕਾਰ ਸੀ, ਅੱਜ ਉਹੀ ਅਮਰੀਕਾ ਇਸ ਬੀਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਤ ਹੈ। ਇਕੱਲੇ ਅਮਰੀਕਾ ਵਿਚ ਇਸ ਬੀਮਾਰੀ ਕਾਰਨ 20 ਲੱਖ ਦੇ ਕਰੀਬ ਲੋਕ ਬੀਮਾਰ ਹਨ ਅਤੇ ਸਵਾ ਲੱਖ ਮੌਤਾਂ ਹੋ ਚੁਕੀਆਂ ਹਨ ਤੇ ਅਮਰੀਕਾ ਹੁਣ ਚੀਨ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਅਮਰੀਕਾ ਤੋਂ ਇਲਾਵਾ ਇਟਲੀ, ਇੰਗਲੈਂਡ, ਸਪੇਨ ਆਦਿ ਪਛਮੀ ਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਮੌਤਾਂ ਹੋ ਚੁਕੀਆਂ ਹਨ ਤੇ ਇਨ੍ਹਾਂ ਦੇਸ਼ਾਂ ਵਿਚ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਇਸ ਬੀਮਾਰੀ ਤੋਂ ਪ੍ਰਭਾਵਤ ਹਨ।
doctors
ਅੱਜ ਪੂਰੇ ਸੰਸਾਰ ਵਿਚ 62 ਲੱਖ ਲੋਕ ਇਸ ਬੀਮਾਰੀ ਨਾਲ ਪ੍ਰਭਾਵਤ ਹਨ ਤੇ 4 ਲੱਖ ਮੌਤਾਂ ਹੋ ਚੁਕੀਆਂ ਹਨ। ਸੱਭ ਤੋਂ ਵੱਧ ਮਾੜੀ ਗੱਲ ਇਹ ਹੈ ਕਿ ਅਜੇ ਤਕ ਇਸ ਬੀਮਾਰੀ ਦੀ ਕੋਈ ਦਵਾਈ ਸਾਹਮਣੇ ਨਹੀਂ ਆਈ, ਭਾਵੇਂ ਸਾਰੀ ਦੁਨੀਆਂ ਇਸ ਬੀਮਾਰੀ ਦੀ ਦਵਾਈ ਲੱਭਣ ਵਿਚ ਲੱਗੀ ਹੋਈ ਹੈ। ਇੰਗਲੈਂਡ ਦੀ ਆਕਸ ਫੋਰਡ ਯੂਨੀਵਰਸਟੀ ਨੇ ਇਸ ਦੀ ਵੈਕਸੀਨ ਲੱਭ ਲੈਣ ਦਾ ਦਾਅਵਾ ਜ਼ਰੂਰ ਕੀਤਾ ਹੈ ਪਰ ਇਸ ਦੇ ਨਤੀਜੇ ਹਾਲੇ ਜੁਲਾਈ ਤਕ ਸਾਹਮਣੇ ਆਉਣੇ ਹਨ। ਸ੍ਰੀ ਟਰੰਪ ਨੇ ਵੀ ਸਾਲ ਦੇ ਅਖ਼ੀਰ ਤਕ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਹੈ।
Trump
ਜਿਸ ਤਰ੍ਹਾਂ ਟਰੰਪ ਨੂੰ ਇਸ ਬੀਮਾਰੀ ਨਾਲੋਂ ਜ਼ਿਆਦਾ ਫ਼ਿਕਰ ਅਪਣੀ ਚੋਣ ਜਿੱਤਣ ਦਾ ਸੀ, ਉਸੇ ਤਰ੍ਹਾਂ ਹੀ ਭਾਜਪਾ ਸਰਕਾਰ ਦਾ ਵੀ ਸ਼ੁਰੂ-ਸ਼ੁਰੂ ਵਿਚ ਦਿੱਲੀ ਚੋਣਾਂ ਜਿੱਤਣ ਵਲ ਧਿਆਨ ਸੀ। ਭਾਜਪਾ ਚਾਹੁੰਦੀ ਸੀ ਕਿ ਉਹ ਦਿੱਲੀ ਵਿਚ ਚੋਣਾਂ ਜਿੱਤੇ, ਇਸੇ ਕਰ ਕੇ ਉਸ ਨੇ ਸਾਰਾ ਜ਼ੋਰ ਚੋਣਾਂ ਵਲ ਲਗਾਈ ਰਖਿਆ। ਜੇਕਰ ਉਸ ਨੇ ਵੇਲੇ ਸਿਰ ਜ਼ੋਰ ਚੋਣਾਂ ਦੀ ਬਜਾਏ ਇਸ ਬੀਮਾਰੀ ਨਾਲ ਨਜਿੱਠਣ ਲਈ ਰਣਨੀਤੀ ਪਹਿਲਾਂ ਤਿਆਰੀ ਕਰ ਲਈ ਹੁੰਦੀ ਤਾਂ ਅੱਜ ਸ਼ਾਇਦ ਭਾਰਤ ਕੋਰੋਨਾ ਦੇ ਕਹਿਰ ਤੋਂ ਬਚ ਸਕਦਾ ਸੀ। ਪਰ ਇਸ ਸੱਭ ਦੇ ਬਾਵਜੂਦ ਵੀ ਨਾ ਤਾਂ ਭਾਜਪਾ ਚੋਣ ਜਿੱਤ ਸਕੀ ਨਾ ਹੀ ਇਸ ਬੀਮਾਰੀ ਨੂੰ ਫੈਲਣ ਤੋਂ ਬਚਾਅ ਸਕੀ।
Corona Virus
ਇਸੇ ਤਰ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਸਿਰਫ਼ ਪੰਜਾਬ ਦੇ ਪ੍ਰਵਾਸੀਆਂ ਉਤੇ ਹੀ ਉਂਗਲ ਚੁੱਕੀ ਕਿ ਕੋਰੋਨਾ ਫੈਲਾਉਣ ਵਿਚ ਸਿਰਫ਼ ਉਨ੍ਹਾਂ ਦਾ ਹੀ ਹੱਥ ਹੈ। ਹੱਦ ਹੀ ਹੋ ਗਈ ਜਦਕਿ ਸਾਰੇ ਦੇਸ਼ ਵਿਚ ਕੋਈ 15 ਲੱਖ ਤੋਂ ਵੱਧ ਪ੍ਰਵਾਸੀ ਆਏ ਕਿਸੇ ਨੇ ਵੀ ਪ੍ਰਵਾਸੀਆਂ ਨੂੰ ਕੁੱਝ ਨਹੀਂ ਕਿਹਾ ਪਰ ਪੰਜਾਬ ਵਿਚ ਅਖ਼ਬਾਰਾਂ ਵਿਚ ਟੀ.ਵੀ. ਤੇ ਖ਼ਬਰਾਂ ਦਿਤੀਆਂ ਗਈਆਂ ਸਨ ਕਿ ਪ੍ਰਵਾਸੀ ਦੱਸਣ ਕਿ ਉਹ ਦੇਸ਼ ਵਿਚ ਕਿਥੇ ਕਿਥੇ ਲੁਕੇ ਹੋਏ ਹਨ। ਅਸਲ ਵਿਚ ਗ਼ਲਤੀ ਸਰਕਾਰਾਂ ਦੀ ਹੁੰਦੀ ਹੈ ਪਰ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਹਨ।
Narendra Modi
ਦੇਸ਼ ਵਿਚ ਵੱਧ ਰਹੀ ਬੀਮਾਰੀ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ 23 ਮਾਰਚ ਦੇ ਸੰਬੋਧਨ ਦੌਰਾਨ ਕਿਹਾ ਸੀ ਕਿ ਅੱਜ ਰਾਤ 12 ਵਜੇ ਤੋਂ ਦੇਸ਼ ਭਰ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ ਜਿਥੇ ਕੋਈ ਹੈ ਉਹ ਉਥੇ ਹੀ ਰਹੇ। ਪਰ ਕਿਸੇ ਨੇ ਇਹ ਨਾ ਸੋਚਿਆ ਕਿ ਲੱਖਾਂ ਲੋਕ ਤੇ ਵਿਦਿਆਰਥੀ ਅਪਣੇ ਘਰਾਂ ਤੋਂ ਦੂਰ ਗਏ ਹੋਏ ਹਨ, ਉਨ੍ਹਾਂ ਨੂੰ ਮੌਕਾ ਦਿਤਾ ਜਾਵੇ ਕਿ ਉਹ ਅਪਣੇ ਘਰ ਪਹੁੰਚ ਜਾਣ ਕਿਉਂਕਿ ਉਨ੍ਹਾਂ ਦਿਨਾਂ ਵਿਚ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਸਨ ਜਿਸ ਕਾਰਨ ਬਹੁਤ ਸਾਰੀ ਜਨਤਾ ਬੱਚਿਆਂ ਸਮੇਤ ਸੈਰਗਾਹਾਂ ਤੇ ਤੀਰਥ ਅਸਥਾਨਾਂ ਤੇ ਗਈ ਹੋਈ ਸੀ।
Doctors
ਪਰ ਤਾਲਾਬੰਦੀ ਤੋਂ ਬਾਅਦ ਸਾਰੇ ਲੋਕ ਉਥੇ ਹੀ ਫੱਸ ਗਏ ਕਿਉਂਕਿ ਹਰ ਤਰ੍ਹਾਂ ਆਵਾਜਾਈ ਦੇ ਸਾਧਨ ਬੰਦ ਕਰ ਦਿਤੇ ਗਏ। ਜਿਵੇਂ-ਜਿਵੇਂ ਕੋਰੋਨਾ ਦੇ ਕੇਸ ਵਧਦੇ ਗਏ, ਲੋਕ ਧੜਾ ਧੜ ਹਸਪਤਾਲਾਂ ਵਿਚ ਪਹੁੰਚਣੇ ਸ਼ੁਰੂ ਹੋ ਗਏ। ਹੁਣ ਇਹ ਲੜਾਈ ਡਾਕਟਰਾਂ, ਨਰਸਾਂ ਤੇ ਬਾਕੀ ਸਿਹਤ ਕਰਮਚਾਰੀਆਂ ਵਲੋਂ ਲੜੀ ਜਾਣੀ ਸੀ। ਇਸ ਲੜਾਈ ਨਾਲ ਲੜਨ ਲਈ ਡਾਕਟਰਾਂ, ਨਰਸਾਂ ਤੇ ਬਾਕੀ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ ਦੀ ਲੋੜ ਸੀ, ਦਵਾਈਆਂ ਦੀ ਲੋੜ ਸੀ ਜਿਹੜੇ ਮਰੀਜ਼ ਜ਼ਿਆਦਾ ਗੰਭੀਰ ਸਨ, ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਸੀ। ਹਰ ਹਸਪਤਾਲ ਵਿਚ ਇਹ ਸਮਾਨ ਦੀ ਭਾਰੀ ਘਾਟ ਸੀ।
coronavirus
ਪਰ ਫਿਰ ਵੀ ਸਾਡੇ ਡਾਕਟਰਾਂ ਅਤੇ ਬਾਕੀ ਕਰਮਚਾਰੀਆਂ ਨੇ ਅਪਣੀ ਜਾਨ ਤਲੀ ਤੇ ਧਰ ਕੇ ਇਸ ਲੜਾਈ ਵਿਚ ਕੁੱਦ ਪਏ। ਬਹੁਤ ਸਾਰੇ ਹਸਪਤਾਲਾਂ ਦੇ ਸਟਾਫ਼ ਮੈਂਬਰਾਂ ਵਲੋਂ ਰੋਸ ਮੁਜ਼ਾਹਰੇ ਵੀ ਕੀਤੇ ਗਏ। ਪੰਜਾਬ ਵਿਚ ਵੀ ਅੰਮ੍ਰਿਤਸਰ, ਬਠਿੰਡਾ ਅਤੇ ਹੋਰ ਕਈ ਥਾਈਂ ਮੁਲਾਜ਼ਮਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏ, ਜਿਨ੍ਹਾਂ ਸਬੰਧੀ ਖ਼ਬਰਾਂ ਵੀ ਛਪਦੀਆਂ ਰਹੀਆਂ। ਇਹ ਲੜਾਈ ਲੰਮੀ ਹੈ ਇਹ ਲੜਾਈ ਲੜਨ ਲਈ ਡਾਕਟਰਾਂ, ਨਰਸਾਂ ਤੇ ਬਾਕੀ ਕਰਮਚਾਰੀਆਂ ਦੇ ਹੌਸਲੇ ਨੂੰ ਤਕੜਾ ਰੱਖਣ ਲਈ ਸਰਕਾਰ ਵਲੋਂ ਕੁੱਝ ਕਰਨ ਦੀ ਲੋੜ ਸੀ।
Nurses
ਜਿਸ ਤਰ੍ਹਾਂ ਲੜਾਈ ਦੇ ਮੈਦਾਨ ਵਿਚ ਜਦੋਂ ਫ਼ੌਜੀ ਅਫ਼ਸਰ ਅਤੇ ਜਵਾਨ ਲੜਦੇ ਹਨ ਤਾਂ ਉਨ੍ਹਾਂ ਨੂੰ ਬਹਾਦਰੀ ਵਾਲੇ ਕਾਰਨਾਮੇ ਕਰਨ ਬਦਲੇ ਵੀਰ ਚੱਕਰ, ਪਰਮਵੀਰ ਚੱਕਰ, ਮਹਾਵੀਰ ਚੱਕਰ, ਅਸ਼ੋਕ ਚੱਕਰ, ਪਰਮ ਵਸਿਸਟ ਮੈਡਲ, ਅਤਿ ਵਸਿਸਟ ਮੈਡਲ, ਸੇਵਾ ਮੈਡਲ ਤੇ ਕਈ ਹੋਰ ਇਨਾਮ ਦਿਤੇ ਜਾਂਦੇ ਹਨ। ਇਸੇ ਤਰ੍ਹਾਂ ਪੁਲਿਸ ਵਿਭਾਗ ਵਿਚ ਵੀ ਇਨਾਮ ਦਿਤੇ ਜਾਂਦੇ ਹਨ। ਚਾਹੀਦਾ ਤਾਂ ਇਹ ਸੀ ਕਿ ਸਾਡੀ ਕੇਂਦਰ ਅਤੇ ਸੂਬਾ ਸਰਕਾਰਾਂ ਇਨ੍ਹਾਂ ਡਾਕਟਰਾਂ, ਨਰਸਾਂ ਤੇ ਹੋਰ ਕਰਮਚਾਰੀਆਂ ਦਾ ਹੌਸਲਾ ਵਧਾਉਣ ਲਈ ਜਿਹੜੇ ਪੱਕੇ ਮੁਲਾਜ਼ਮ ਹਨ, ਉਨ੍ਹਾਂ ਨੂੰ ਤਰੱਕੀਆਂ ਦਿਤੀਆਂ ਜਾਂਦੀਆਂ।
Corona Virus
ਸਾਲਾਨਾ ਇਕਰੀਮੈਂਟ ਦਿਤਾ ਜਾਂਦਾ ਤੇ ਜਿਹੜੇ ਕੱਚੇ ਮੁਲਾਜ਼ਮ ਹਨ, ਉਨ੍ਹਾਂ ਨੂੰ ਪੱਕੇ ਕੀਤਾ ਜਾਂਦਾ। ਜਦੋਂ ਕਿਸੇ ਮੁਲਾਜ਼ਮ ਨੂੰ ਚੰਗੇ ਕੰਮ ਬਦਲੇ ਕੋਈ ਇਨਾਮ ਮਿਲਦਾ ਹੈ ਤਾਂ ਉਸ ਦਾ ਰੁਤਬਾ ਹੀ ਨਹੀਂ ਵਧਦਾ ਸਗੋਂ ਉਸ ਦਾ ਸਮਾਜ ਵਿਚ ਵੀ ਸਤਿਕਾਰ ਵਧਦਾ ਹੈ। ਜਦੋਂ ਕਿਸੇ ਮੁਲਾਜ਼ਮ ਨੂੰ ਕੋਈ ਆਰਥਕ ਮਦਦ ਮਿਲਦੀ ਹੈ ਤਾਂ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਵੀ ਖ਼ੁਸ਼ੀ ਮਿਲਦੀ ਹੈ। ਪਰ ਸਾਡੇ ਪ੍ਰਧਾਨ ਮੰਤਰੀ ਜੀ ਵਲੋਂ ਇਨ੍ਹਾਂ ਮੁਲਾਜ਼ਮਾਂ ਦੀ ਹੌਸਲਾ ਅਫ਼ਜਾਈ ਲਈ ਪਹਿਲਾਂ ਐਲਾਨ ਕੀਤਾ ਗਿਆ ਕਿ 5 ਵਜੇ ਸਾਰੇ ਥਾਲੀਆਂ, ਘੰਟੀਆਂ ਵਜਾਉਣ।
PM Modi
ਦੂਜਾ ਐਲਾਨ ਹੁੰਦਾ ਹੈ ਕਿ 5 ਤਰੀਕ ਨੂੰ 9 ਵਜ ਕੇ 9 ਮਿੰਟ ਤੇ ਘਰ ਦੀਆਂ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਜਗਾਈਆਂ ਜਾਣ ਜਾਂ ਮੋਬਾਈਲ ਫ਼ੋਨ ਦੀਆਂ ਲਾਈਟਾਂ ਨਾਲ ਚਾਨਣ ਕੀਤਾ ਜਾਵੇ। ਭਲਾ ਹੋਵੇ ਪ੍ਰਧਾਨ ਮੰਤਰੀ ਸਾਹਬ ਦਾ ਉਨ੍ਹਾਂ ਕਿਤੇ ਇਹ ਨਹੀਂ ਕਹਿ ਦਿਤਾ ਕਿ 12 ਤਰੀਕ ਨੂੰ 12 ਵਜੇ ਰਾਤ ਨੂੰ 12 ਮਿੰਟ ਤਾੜੀਆਂ ਮਾਰੀਆਂ ਜਾਣ। ਤੀਜਾ ਐਲਾਨ ਆਉਂਦਾ ਹੈ ਕਿ ਫ਼ੌਜ ਦੇ ਤਿੰਨੋ ਵਿੰਗ ਵਖਰੇ-ਵਖਰੇ ਪ੍ਰੋਗਰਾਮ ਕਰਨਗੇ। ਥਲ ਸੈਨਾ ਵਲੋਂ ਫ਼ੌਜੀ ਬੈਂਡ ਵਜਾਇਆ ਜਾਵੇਗਾ, ਹਵਾਈ ਫ਼ੌਜ ਵਲੋਂ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ ਜਲ ਸੈਨਾ ਵਲੋਂ ਰਾਤ ਨੂੰ ਜਹਾਜ਼ਾਂ ਤੇ ਚਾਨਣ ਕੀਤਾ ਜਾਵੇਗਾ।
Corona virus
ਜਲ ਸੈਨਾ ਦੇ ਸਾਬਕਾ ਮੁਖੀ ਵਲੋਂ ਇਸ ਨੂੰ ਨਾਜਾਇਜ਼ ਖ਼ਰਚਾ ਆਖ ਕੇ ਇਸ ਦੀ ਨੁਕਤਾ ਚੀਨੀ ਕੀਤੀ। ਇਸ ਤੋਂ ਇਲਾਵਾ ਪਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਇਹ ਕਰਨ ਦੀ ਆਗਿਆ ਹੀ ਨਹੀਂ ਦਿਤੀ। ਪ੍ਰਧਾਨ ਮੰਤਰੀ ਜੀ ਥੁੱਕਾਂ ਨਾਲ ਵੜੇ ਨਹੀਂ ਪਕਦੇ। ਇਸ ਵਾਸਤੇ ਜਿਹੜੇ ਮੁਲਾਜ਼ਮ ਰਾਸ਼ਟਰੀ ਸਿਹਤ ਯੋਜਨਾ ਅਧੀਨ 10-10 ਸਾਲਾਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਤੁਰਤ ਪੱਕਾ ਕਰੋ। ਇਸੇ ਤਰ੍ਹਾਂ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀਆਂ ਨਰਸਾਂ ਕਈ ਸਾਲਾਂ ਤੋਂ ਥੋੜੇ ਜਹੇ ਪੈਸਿਆਂ ਬਦਲੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
Doctor
ਇਸੇ ਤਰ੍ਹਾਂ ਜਿਹੜੀ ਡਾਕਟਰ ਕਈ ਸਾਲਾਂ ਤੋਂ ਤਰੱਕੀ ਤੋਂ ਵਾਂਝੇ ਕੀਤੇ ਹੋਏ ਹਨ, ਉਨ੍ਹਾਂ ਦੀਆਂ ਤਰੱਕੀਆਂ ਕੀਤੀਆਂ ਜਾਣ, ਦੂਜੇ ਕਰਮਚਾਰੀਆਂ ਨੂੰ ਆਰਥਕ ਸਹਾਇਤਾ ਦਿਤੀ ਜਾਵੇ। ਇਨ੍ਹਾਂ ਸਿਹਤ ਮੁਲਾਜ਼ਮਾਂ ਤੋਂ ਬਿਨਾਂ ਪੁਲਿਸ ਮੁਲਾਜ਼ਮ, ਬਿਜਲੀ ਮੁਲਾਜ਼ਮ ਤੇ ਸਫ਼ਾਈ ਕਰਮਚਾਰੀ ਵੀ ਇਸ ਲੜਾਈ ਦੌਰਾਨ ਸਿਰ ਤੋੜ ਮਿਹਨਤ ਕਰ ਰਹੇ ਹਨ। ਬਹੁਤ ਸਾਰੇ ਡਾਕਟਰ, ਨਰਸਾਂ ਦੂਜੇ ਕਰਮਚਾਰੀ ਅਪਣੀ ਡਿਊਟੀ ਦੌਰਾਨ ਇਸ ਬੀਮਾਰੀ ਨਾਲ ਪੀੜਤ ਹੋ ਰਹੇ ਹਨ, ਇਕ ਪੁਲਿਸ ਡੀ.ਐਸ.ਪੀ ਦੀ ਲੁਧਿਆਣਾ ਵਿਚ ਮੌਤ ਹੋ ਚੁਕੀ ਹੈ।
Corona Virus Vaccine
ਅੱਜ ਸਾਡੇ ਦੇਸ਼ ਵਿਚ 2 ਲੱਖ ਦੇ ਕਰੀਬ ਲੋਕ ਇਸ ਬੀਮਾਰੀ ਤੋਂ ਪੀੜਤ ਹਨ ਜਿਸ ਵਿਚੋਂ 5 ਹਜ਼ਾਰ ਤੋਂ ਉਪਰ ਮੌਤ ਦਾ ਸ਼ਿਕਾਰ ਹੋ ਚੁਕੇ ਹਨ ਤੇ ਦਿਨੋਂ ਦਿਨ ਇਸ ਬੀਮਾਰੀ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਬਹੁਤ ਸਾਰੇ ਹਸਪਤਾਲਾਂ ਦੀ ਲੋੜ ਪਵੇਗੀ ਤੇ ਇਸ ਬੀਮਾਰੀ ਦਾ ਇਲਾਜ ਕਰਨ ਲਈ ਸਿਖਿਆ ਮੁਲਾਜ਼ਮਾਂ ਦੀ ਲੋੜ ਹੈ ਜਿਨ੍ਹਾਂ ਦੀ ਭਰਤੀ ਕਰਨੀ ਚਾਹੀਦੀ ਹੈ।
Narendra modi
ਜੇਕਰ ਸਰਕਾਰ ਸਿਆਣਪ ਤੋਂ ਕੰਮ ਲੈਂਦੀ ਤੇ ਤਾਲਾਬੰਦੀ ਤੋਂ ਪਹਿਲਾਂ ਜਿਹੜੇ ਲੋਕ ਵਿਦਿਆਰਥੀ ਤੇ ਮਜ਼ਦੂਰ ਅਪਣੇ ਘਰਾਂ ਤੋਂ ਦੂਰ ਬੈਠੇ ਸਨ, ਉਨ੍ਹਾਂ ਨੂੰ ਚਾਰ-ਪੰਜ ਦਿਨ ਦੇ ਦੇਂਦੀ ਤਾਕਿ ਅੱਜ ਜਿਸ ਤਰ੍ਹਾਂ ਮਜ਼ਦੂਰ ਸੜਕਾਂ ਤੇ ਧੱਕੇ ਖਾ ਰਹੇ ਹਨ, ਉਨ੍ਹਾਂ ਨੂੰ ਇਹ ਦਿਨ ਨਾ ਵੇਖਣੇ ਪੈਂਦੇ। 7 ਮਹੀਨੇ ਦੀ ਗਰਭਵਤੀ ਔਰਤ ਨੂੰ ਸੈਂਕੜੇ ਕਿਲੋਮੀਟਰ ਪੈਂਡਾ ਤੁਰਨ ਲਈ ਮਜਬੂਰ ਨਾ ਹੋਣਾ ਪੈਂਦਾ।
Tablighi Jamaat
ਅੱਜ ਇਨ੍ਹਾਂ ਮਜ਼ਦੂਰਾਂ ਨੂੰ ਅਪਣੇ ਬੱਚੇ ਮੋਢੇ ਉਤੇ ਚੁੱਕ ਕੇ ਹਜ਼ਾਰਾਂ ਕਿਲੋਮੀਟਰ ਦਾ ਦੁਖਦਾਈ ਸਫ਼ਰ ਨਾ ਤੈਅ ਕਰਨਾ ਪੈਂਦਾ। ਇਸੇ ਤਰ੍ਹਾਂ ਤਬਲੀਗ਼ੀ ਮੁਸਲਮਾਨਾਂ ਤੇ ਹਜ਼ੂਰ ਸਾਹਿਬ ਪਰਤੇ ਸਿੱਖਾਂ ਨੂੰ ਕੋਰੋਨਾ ਫੈਲਾਉਣ ਦਾ ਮਿਹਣਾ ਨਾ ਸੁਣਨਾ ਪੈਂਦਾ ਜਿਸ ਤਰ੍ਹਾਂ ਟੀ.ਵੀ. ਦੇ ਐਂਕਰ ਇਨ੍ਹਾਂ ਲੋਕਾਂ ਨੂੰ ਕੋਰੋਨਾ ਦੋਸ਼ੀ ਵਜੋਂ ਪੇਸ਼ ਕਰ ਰਹੇ ਸਨ, ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਸ਼ੁਰੂ ਵਿਚ ਹੀ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਿਰੁਧ ਲੜਾਈ ਦੀਆਂ ਤਿਆਰੀਆਂ ਲਈ ਦਬਾਅ ਬਣਾਉਂਦੇ ਤਾਂ ਸ਼ਾਇਦ ਅੱਜ ਹਾਲਾਤ ਕੁੱਝ ਹੋਰ ਹੀ ਹੁੰਦੇ।
ਸੰਪਰਕ : 94646-96083