Sardar Joginder Singh: ‘ਉੱਚਾ ਦਰ ਬਾਬੇ ਨਾਨਕ ਦਾ’ ਸ਼ੁਰੂ ਹੋਣਾ ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਜਿਸ ਲਈ ਸ. ਜੋਗਿੰਦਰ ਸਿੰਘ ਜੀ ਨੇ ਅਪਣਾ ਆਪਾ ਵਾਰ ਦਿਤਾ।
Sardar Joginder Singh: ਮੈਂ ਅਪਣੇ-ਆਪ ਨੂੰ ਰੋਜ਼ਾਨਾ ਸਪੋਕਸਮੈਨ ਦਾ ਇਸ ਦੇ ਜਨਮ ਤੋਂ ਹੀ ਕਹਿੰਦਾ-ਕਹਾਉਂਦਾ ਟਿਪਣੀਕਾਰ ਪਾਠਕ ਸਮਝਦਾ ਆ ਰਿਹਾ ਹਾਂ। ਜਲੰਧਰ ਵਾਲੇ ਇੰਦਰਜੀਤ ਤਾਂ ਸਪੋਕਸਮੈਨੀ ਦਾ ਤਖ਼ੱਲਸ ਹੀ ਲਾਈ ਬੈਠੇ ਹਨ। ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਉਹ ਇੰਦਰਜੀਤ ਜਲੰਧਰੀ ਲਿਖਣ ਲੱਗੇ ਤਾਂ ਮੈਂ ਉਨ੍ਹਾਂ ਨੂੰ ਟੋਕਿਆ ਕਿ ਭਲਿਆ ਮਾਣਸਾ ਇੰਦਰਜੀਤ ਜਲੰਧਰੀ ਤਾਂ ਹੋਰ ਵੀ ਬਥੇਰੇ ਮਿਲ ਜਾਣਗੇ, ਤੇਰੀ ਪਹਿਚਾਣ ਸਪੋਕਸਮੈਨੀ ਕਰ ਕੇ ਹੋਈ, ਉਹ ਐਵੇਂ ਭੰਗ ਦੇ ਭਾਣੇ ਨਾ ਗਵਾ। ਉਸ ਨੇ ਮੇਰੀ ਗੱਲ ਪੱਲੇ ਬੰਨ੍ਹੀ ਤੇ ਅਪਣੇ ਅਸਲੀ ਤਖ਼ੱਲਸ਼ ਨੂੰ ਅਪਣਾ ਲਿਆ।
ਇਸੇ ਤਰ੍ਹਾਂ 17 ਅਗੱਸਤ ਨੂੰ ਮੈਂ ਬੀਬਾ ਨਿਮਰਤ ਕੌਰ ਦੀ ਸੰਪਾਦਕੀ ਪੜ੍ਹ ਕੇ ਸੋਚਿਆ ਕਿ ਮਨਾ ਸਾਰੇ ਲੋਕ ਸ. ਜੋਗਿੰਦਰ ਸਿੰਘ ਜੀ ਪ੍ਰਤੀ ਅਪਣੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਹਨ, ਸਾਨੂੰ ਵੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਦੁੱਖ ਵੰਡਾਉਣ ਲਈ ਰੋਣ ਦਾ ਕੋਈ ਸਟਾਈਲ ਨਹੀਂ ਹੁੰਦਾ, ਦਰਦ ਜਾਂ ਵਿਛੋੜੇ ਦੇ ਅੱਥਰੂ ਤਾਂ ਆਪ-ਮੁਹਾਰੇ ਹੀ ਨਿਕਲ ਆਉਂਦੇ ਹਨ। ਸੋਚਦੇ-ਕਰਦੇ ਤੇ ਕਲਮ-ਘਸਾਈ ਲਈ ਸਮਾਂ ਕਢਦੇ ਰਾਤ ਪੈ ਗਈ ਤੇ ਜਦੋਂ ਦੋ ਚਾਰ ਸ਼ਬਦ ਲਿਖਣ ਦੀ ਕੋਸ਼ਿਸ਼ ਕੀਤੀ ਤਾਂ ਰੁਜ਼ਗਾਰ ਦੇ ਕੰਮ ਲਈ ਨੇੜਲੇ ਪਿੰਡ ਜਾਣਾ ਪੈ ਗਿਆ। ਵਾਪਸੀ ’ਤੇ ਸਕੂਟੀ ਜ਼ਰੀਏ ਚੰਗਾ ਭਲਾ ਆ ਰਿਹਾ ਸੀ ਕਿ ਰਾਹ ’ਚ ਪਿੱਛੋਂ ਆ ਰਹੀ ਤੂਫ਼ਾਨ ਮੇਲ ਰੂਪੀ ਕਿਸੇ ਵੱਡੀ ਗੱਡੀ ਨੇ ਐਸੀ ਠੋਕਰ ਮਾਰੀ ਕਿ ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਥੋੜੇ ਸਮੇਂ ਬਾਅਦ ਜਦੋਂ ਹੋਸ਼ ਆਈ ਤਾਂ ਵੇਖਿਆ ਕਿ ਮੈਂ ਸੜਕ ਦੇ ਨਾਲ ਲਗਵੇਂ ਕੱਚੇ ਤੇ ਗਿੱਲੇ ਖਾਲ ਵਿਚ ਲਹੂਲੁਹਾਣ ਹੋਇਆ ਡਿੱਗਿਆ ਪਿਆ ਹਾਂ, ਮੂਹਰਲੇ ਦੰਦ ਵੀ ਸਾਥ ਛੱਡ ਗਏ ਸਨ। ਸੋਚਿਆ ਗੱਡੀ ਵਾਲੇ ਮੈਨੂੰ ਚੁੱਕਣ ਆ ਰਹੇ ਹੋਣਗੇ ਪਰ ਉਹ ਤਾਂ ਪਤੰਦਰ ਮੈਨੂੰ ਮਾਰਨ ਸਾਰ ਭੱਜ ਗਏ।
ਹੁਣ ਜਦੋਂ ਮੁਢਲੇ ਇਲਾਜ ਤੋਂ ਬਾਅਦ ਥੋੜੀ ਰਾਹਤ ਮਿਲੀ ਹੈ ਤਾਂ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਇਸੇ ਸਾਲ ਅਸੀਂ ਉਨ੍ਹਾਂ ਦਾ ਸਰੀਰ ਦਾਨ ਕਰ ਦਿਤਾ ਸੀ ਤੇ ਅਪਣੇ ਵੀ ਸਰੀਰ ਦਾਨ ਦੇ ਫ਼ਾਰਮ ਭਰ ਦਿਤੇ ਸਨ। ਸੋਚਿਆ ਦੋ ਸ਼ਬਦ ਤਾਂ ਸਾਂਝੇ ਕਰ ਹੀ ਲਵਾਂ ਐਵੇਂ ਜਾਹ ਜਾਂਦੀ ਹੋ ਗਈ ਸੀ।
ਇਸੇ ਸਾਲ 14 ਅਪ੍ਰੈਲ ਨੂੰ ਜਦੋਂ ‘ਉੱਚਾ ਦਰ੍ਹ’ ਦੀ ਸ਼ੁਰੂਆਤ ਕੀਤੀ ਗਈ ਤਾਂ ਹੀਲਾ-ਵਸੀਲਾ ਕਰ ਕੇ ਮੈਂ ਸਮੇਂ ਸਿਰ ਪਹੁੰਚ ਗਿਆ ਸੀ ਤੇ ਉੱਥੇ ਇੰਦਰਜੀਤ ਸਪੋਕਸਮੈਨੀ, ਸ. ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ ਸਰਹੰਦ, ਪ੍ਰਿੰ. ਘੱਗਾ ਜੀ, ਬੀਬਾ ਨਿਮਰਤ ਕੌਰ, ਮੈਡਮ ਜਗਜੀਤ ਕੌਰ ਜੀ ਤੇ ਹੋਰ ਕਈ ਸੱਜਣਾਂ ਨੂੰ ਬਗ਼ਲਗੀਰ ਹੋ ਕੇ ਮਿਲਿਆ।
ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਜਦੋਂ ਸ. ਜੋਗਿੰਦਰ ਸਿੰਘ ਜੀ ਤੋਂ ਅਸ਼ੀਰਵਾਦ ਲੈ ਰਿਹਾ ਸੀ ਤਾਂ ਉਨ੍ਹਾਂ ਇਹ ਪੁੱਛ ਕੇ ਮੈਨੂੰ ਹੈਰਾਨ ਕਰ ਦਿਤਾ ਕਿ ਸੁਖਪਾਲ ਯਾਰ ਤੇਰੇ ਉਹ ਪੁਲਿਸ ਵਾਲੇ ਮਸਲੇ ਦਾ ਕੀ ਬਣਿਆ? ਮੈਂ ਕਿਹਾ ਸਰ ਉਹ ਸਭ ਮੈਂ ਭੁਗਤ ਲਿਆ ਹੈ ਤੇ ਹੁਣ ਸਭ ਨਿਬੜ ਗਿਆ ਹੈ। ਦਰਅਸਲ ਕਾਫ਼ੀ ਸਮਾਂ ਪਹਿਲਾਂ ਮੈਂ ਇਕ ਰਚਨਾ ’ਚ ਮੇਰੇ ਉਪਰ ਪਏ ਜਾਂ ਪਾਏ ਗਏ ਪੁਲਿਸ ਕੇਸਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੂੰ ਉਹ ਵੀ ਯਾਦ ਸੀ ਤੇ ਇਹ ਵਾਕਿਆ ਹੁਣ ਮੇਰੇ ਲਈ ਯਾਦਗਾਰ ਹੈ ਕਿਉਂਕਿ ਇਹ ਸ਼ਬਦ ਹੀ ਮੇਰੇ ਲਈ ਪਹਿਲੇ ਤੇ ਆਖ਼ਰੀ ਸਨ।
ਅਸੀਂ ਸ. ਜੋਗਿੰਦਰ ਜੀ ਹੋਰਾਂ ਨੂੰ ਉਨ੍ਹਾਂ ਦੀ ਮਿਹਨਤ, ਸਿਰੜ, ਸਿਦਕ ਦਿਲੀ, ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਹੀ ਰੂਪ ’ਚ ਆਮ ਲੋਕਾਈ ਤਕ ਪਹੁੰਚਾਉਣ ਲਈ ਤੇ ਅਪਣਾ ਆਪ ਸਮਰਪਿਤ ਕਰ ਦੇਣ ਦੀ ਜੁੱਰਅਤ ਨੂੰ ਸਲਾਮ ਕਰਦੇ ਹਾਂ।
ਇਕ ਦਿਨ ਮੇਰੀ ਰਚਨਾ ਪੜ੍ਹ ਕੇ ਪਟਿਆਲੇ ਤੋਂ ਸਪੋਕਸਮੈਨ ਦਾ ਇਕ ਪੁਰਾਣਾ ਪਾਠਕ ਤੇ ‘ਉੱਚਾ ਦਰ’ ਦਾ ਸਤਿਕਾਯੋਗ ਮੈਂਬਰ ਮੇਰੇ ਨਾਲ ਫ਼ੋਨ ’ਤੇ ਗੱਲਬਾਤ ਕਰਦਾ ਹੋਇਆ ਕਹਿਣ ਲੱਗਾ, ‘‘ਵੀਰ ਸਾਬ੍ਹ ਮੇਰੀ ਉਮਰ ਨੇੜੇ ਹੀ ਲੱਗੀ ਪਈ ਹੈ, ਕੀ ‘ਉੱਚਾ ਦਰ’ ਮੇਰੇ ਜਿਉਂਦੇ-ਜੀਅ ਸ਼ੁਰੂ ਹੋ ਜਾਵੇਗਾ ਜਾਂ ਨਹੀਂ?’’ ਮੈਂ ਕਿਹਾ ਜੀ ਤੁਸੀਂ ਅਪਣੇ-ਆਪ ਨਾਲ ਇਹ ਅਹਿਦ ਕਰ ਲਉ ਕਿ ‘ਉੱਚਾ ਦਰ’ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਨਹੀਂ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿਣਾ।
ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਏ। ਉਨ੍ਹਾਂ ਦਾ ਨਾਮ ਤਾਂ ਮੈਂ ਭੁੱਲ ਗਿਆ ਹਾਂ ਪਰ ਫਿਰ ਵੀ ਉਮੀਦ ਤਾਂ ਕਰ ਹੀ ਸਕਦੇ ਹਾਂ ਕਿ ਉਹ ਹੁਣ ‘ਉੱਚਾ ਦਰ’ ਵਿਖੇ ਜ਼ਰੂਰ ਜਾ ਆਏ ਹੋਣਗੇ ਕਿਉਂਕਿ ‘ਉੱਚਾ ਦਰ ਬਾਬੇ ਨਾਨਕ ਦਾ’ ਸ਼ੁਰੂ ਹੋਣਾ ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਜਿਸ ਲਈ ਸ. ਜੋਗਿੰਦਰ ਸਿੰਘ ਜੀ ਨੇ ਅਪਣਾ ਆਪਾ ਵਾਰ ਦਿਤਾ।
ਸੋਚਤਾ ਹੂੰ ਅਕਸਰ! ਕੌਨ ਹੂੰ? ਕਿਆ ਹੂੰ? ਕਹਾਂ ਸੇ ਹੂੰ ਮੈਂ?
ਕੁਛ ਕਹੂੰ, ਨਾ ਕਹੂੰ! ਮਸਲਾ ਤੋ ਮਾਤਰ ਏਕ ਪਹਿਚਾਨ ਕਾ ਹੈ ਯਾਰੋ।
- ਸੁਖਪਾਲ ਸਿੰਘ ਬੀਰ, ਬੁਢਲਾਡਾ ਮਾਨਸਾ। ਮੋ. 9872550222