ਪਿਛੇ ਜਿਹੇ ਸੱਤਾਧਾਰੀ ਪਾਰਟੀ ਵਲੋਂ ਦਬਾਅ ਪੈਣ ਕਰ ਕੇ ਮੁੱਖ ਮੰਤਰੀ ਨੂੰ ਅਪਣੇ ਮੰਤਰੀ ਮੰਡਲ ਵਿਚ ਹੋਰ ਮੰਤਰੀ ਲੈਣ ਲਈ ਮਜਬੂਰ ਹੋਣਾ ਪਿਆ...........
ਪਿਛੇ ਜਿਹੇ ਸੱਤਾਧਾਰੀ ਪਾਰਟੀ ਵਲੋਂ ਦਬਾਅ ਪੈਣ ਕਰ ਕੇ ਮੁੱਖ ਮੰਤਰੀ ਨੂੰ ਅਪਣੇ ਮੰਤਰੀ ਮੰਡਲ ਵਿਚ ਹੋਰ ਮੰਤਰੀ ਲੈਣ ਲਈ ਮਜਬੂਰ ਹੋਣਾ ਪਿਆ। ਇਸ ਵਾਧੇ ਪਿਛੋਂ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਦਾ ਮਸਲਾ ਨਵੇਂ ਸਿਰਿਉਂ ਛਿੜ ਗਿਆ। ਮੁੱਖ ਮੰਤਰੀ ਨੇ ਪੂਰੇ ਦੋ ਦਿਨ ਵਿਭਾਗਾਂ ਦੀ ਵੰਡ ਕਰਨ ਲਈ ਸੋਚਦਿਆਂ ਲੰਘਾ ਦਿਤੇ ਪਰ ਇਕ ਮੰਤਰੀ ਕਿਸੇ ਤਰ੍ਹਾਂ ਵੀ ਐਡਜਸਟ ਨਹੀਂ ਸੀ ਹੋ ਰਿਹਾ। ਜਦੋਂ ਪੱਤਰ ਪ੍ਰੇਰਕ ਉਨ੍ਹਾਂ ਨੂੰ ਮਿਲਦੇ ਤਾਂ ਝੱਟ ਮੁੱਖ ਮੰਤਰੀ ਜਵਾਬ ਦਿੰਦੇ, ''ਅਜੇ ਮੇਰੇ ਕੋਲ ਦੇਣ ਲਈ ਕੁੱਝ ਵੀ ਨਹੀਂ।'' ਇਕ ਰਾਤ ਨੂੰ ਮੁੱਖ ਮੰਤਰੀ ਭੋਜਨ ਕਰ ਕੇ ਆਰਾਮ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਖ਼ਬਰ ਦਿਤੀ ਗਈ ਕਿ ਇਕ ਭਿਆਨਕ ਬੱਸ ਹਾਦਸਾ
ਵਾਪਰ ਗਿਆ ਹੈ। ਇਸ ਵਿਚ ਇਕ ਦਰਜਨ ਵਿਅਕਤੀ ਮਾਰੇ ਗਏ ਅਤੇ ਬਹੁਤ ਸਾਰੇ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਇਹ ਸੁਨੇਹਾ ਸੁਣ ਕੇ ਮੁੱਖ ਮੰਤਰੀ ਵੀ ਗੰਭੀਰ ਹੋ ਗਏ। ਤੁਰਤ ਉਨ੍ਹਾਂ ਮ੍ਰਿਤਕਾਂ ਲਈ ਸ਼ੋਕ ਸੁਨੇਹਾ ਪੱ੍ਰੈਸ ਦੇ ਨਾਂ ਜਾਰੀ ਕਰਵਾਇਆ ਤੇ ਇਕ ਸੀਨੀਅਰ ਮੰਤਰੀ ਦੀ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਲਈ ਡਿਊਟੀ ਲਗਾ ਦਿਤੀ। ਫਿਰ ਅਚਾਨਕ ਉਨ੍ਹਾਂ ਨੂੰ ਇਕ ਫੁਰਨਾ ਫੁਰਿਆ ਤੇ ਉਨ੍ਹਾਂ ਦੇ ਬੁਲ੍ਹਾਂ 'ਤੇ ਨਿੰਮ੍ਹੀ ਨਿੰਮ੍ਹੀ ਮੁਸਕਰਾਹਟ ਆ ਗਈ। ਉਨ੍ਹਾਂ ਛੇਤੀ ਨਾਲ ਪ੍ਰੈੱਸ ਕਾਨਫ਼ਰੰਸ ਬੁਲਾਈ ਤੇ ਵਿਭਾਗਾਂ ਦੀ ਵੰਡ ਦਾ ਐਲਾਨ ਕਰ ਦਿਤਾ। ਜਿਹੜਾ ਵਜ਼ੀਰ ਕਿਤੇ ਐਡਜਸਟ ਨਹੀਂ ਸੀ ਹੋ ਰਿਹਾ, ਉਸ ਲਈ ਨਵੀਂ ਮਨਿਸਟਰੀ ਦਾ ਗਠਨ ਕਰ ਕੇ ਉਸ ਨੂੰ
'ਮਨਿਸਟਰ ਫ਼ਾਰ ਐਕਸੀਡੈਂਟ' ਬਣਾ ਦਿਤਾ। ਇੰਜ ਕਰਨ ਨਾਲ ਮੁੱਖ ਮੰਤਰੀ ਦੇ ਸਾਹ ਵਿਚ ਸਾਹ ਆ ਗਿਆ। ਉਧਰ ਮੰਤਰੀ ਨੇ ਹੁਕਮ ਦਿਤਾ ਕਿ ਹਾਦਸਾ ਮਹਿਕਮੇ ਵਿਚ ਕੇਵਲ ਉਨ੍ਹਾਂ ਲੋਕਾਂ ਨੂੰ ਨੌਕਰੀ ਦਿਤੀ ਜਾਵੇ ਜਿਨ੍ਹਾਂ ਦੇ ਰਿਸ਼ਤੇਦਾਰ ਹਾਦਸਿਆਂ ਵਿਚ ਮਾਰੇ ਗਏ ਹੋਣ ਜਾਂ ਉਹ ਖ਼ੁਦ ਹਾਦਸਿਆਂ ਵਿਚ ਸ੍ਰੀਰਕ ਤੌਰ 'ਤੇ ਅਪੰਗ ਹੋ ਗਏ ਹੋਣ। ਹਾਦਸਾ ਮੰਤਰੀ ਨੇ ਇਹ ਵੀ ਹੁਕਮ ਦਿਤਾ ਕਿ ਉਨ੍ਹਾਂ ਲਈ ਕਾਲੇ ਰੰਗ ਦੀ ਕਾਰ ਖ਼ਰੀਦੀ ਜਾਵੇ, ਕਾਰ ਨੂੰ ਕਾਲੇ ਪਰਦੇ ਲਗਵਾਏ ਜਾਣ, ਦਫ਼ਤਰ ਲੱਗਣ ਤੇ ਬੰਦ ਹੋਣ ਸਮੇਂ ਮਾਤਮੀ ਧੁਨ ਵਜਾਈ ਜਾਵੇ। ਮੰਤਰੀ ਨੇ ਕਿਹਾ ਕਿ ਦਫ਼ਤਰ ਵਿਚ ਨਵੇਂ ਸਿਰੇ ਤੋਂ ਮਾਟੋ ਲਿਖ ਕੇ ਲਟਕਾਏ ਜਾਣ ਜਿਨ੍ਹਾਂ ਵਿਚੋਂ ਇਕ ਮਾਟੋ ਸੀ 'ਹਸਣਾ
ਮਨ੍ਹਾ ਹੈ।'ਇਕ ਆਰਡੀਨੈਂਸ ਰਾਹੀਂ ਇਸ ਨਵੇਂ ਮਹਿਕਮੇ ਨੂੰ ਹੇਠ ਲਿਖੇ ਅਨੁਸਾਰ ਕੰਮ ਸੌਂਪੇ ਗਏ : ਹਾਦਸੇ ਹੋਣ ਦੀ ਸੂਰਤ ਵਿਚ ਤੁਰਤ ਹਾਦਸੇ ਵਾਲੀ ਥਾਂ 'ਤੇ ਪਹੁੰਚਣਾ, ਮਰਨ ਵਾਲਿਆਂ ਨਾਲ ਹਮਦਰਦੀ ਪ੍ਰਗਟਾਉਣ ਲਈ ਪ੍ਰੱੈਸ ਤੇ ਰੇਡੀਉ ਬਿਆਨ ਜਾਰੀ ਕਰਨਾ, ਮਰਨ ਵਾਲਿਆਂ ਦੇ ਪ੍ਰੀਵਾਰ ਲਈ ਸਰਕਾਰੀ ਸਹਾਇਤਾ ਦਾ ਐਲਾਨ ਕਰਨਾ ਤੇ ਸਹਾਇਤਾ ਜਾਰੀ ਕਰਾਉਣੀ, ਹਾਦਸੇ ਦੇ ਕਾਰਨਾਂ ਸਬੰਧੀ ਪੜਤਾਲੀਆ ਕਮੇਟੀ ਜਾਂ ਕਮਿਸ਼ਨ ਬਿਠਾਉਣਾ, ਮ੍ਰਿਤਕਾਂ ਦੀ ਯਾਦਗਾਰ ਬਣਾਉਣੀ, ਹਾਦਸੇ ਵਿਚ ਨਸ਼ਟ ਹੋਈਆਂ ਗੱਡੀਆਂ ਦੀ ਥਾਂ ਨਵੀਆਂ ਗੱਡੀਆਂ ਮੰਗਵਾਉਣ ਲਈ ਫ਼ਰਮਾਂ ਨੂੰ ਸਪਲਾਈ ਆਰਡਰ ਭੇਜਣੇ, ਸੂਬਾ ਪੱਧਰ ਦੇ ਬਸਾਂ ਭਜਾਉਣ ਦੇ ਮੁਕਾਬਲੇ
ਕਰਵਾਉਣੇ ਤੇ ਪਹਿਲੇ ਨੰਬਰ 'ਤੇ ਆਉਣ ਵਾਲੇ ਡਰਾਈਵਰਾਂ ਨੂੰ ਇਨਾਮ ਦੇਣੇ। ਮੰਤਰੀ ਵਲੋਂ ਅਖ਼ਬਾਰਾਂ ਵਾਲਿਆਂ ਨੂੰ ਕਿਹਾ ਗਿਆ ਕਿ ਉਹ ਅੱਜ ਦੀਆਂ ਫ਼ਿਲਮਾਂ, ਅੱਜ ਦੇ ਭਾਅ ਵਾਂਗ ਅੱਜ ਦੇ ਹਾਦਸੇ ਤੇ ਅੱਜ ਦੀਆਂ ਮੌਤਾਂ, ਸਿਰਲੇਖ ਹੇਠ ਨਵਾਂ ਕਾਲਮ ਸ਼ੁਰੂ ਕਰਨ। ਇਸ ਤਰ੍ਹਾਂ ਇਹ ਮਹਿਕਮਾ ਹੋਂਦ ਵਿਚ ਆ ਜਾਣ ਕਾਰਨ ਦੂਜੇ ਮੰਤਰੀਆਂ ਨੂੰ ਵੀ ਸੁਖ ਦਾ ਸਾਹ ਆ ਗਿਆ ਸੀ
ਕਿਉਂਕਿ ਕਈ ਵਾਰੀ ਉਹ ਖ਼ੁਸ਼ੀ ਭਰੇ ਮੌਕਿਆਂ ਤੇ ਜਸ਼ਨਾਂ ਵਿਚ ਹਿੱਸਾ ਲੈ ਰਹੇ ਹੁੰਦੇ ਸਨ ਤੇ ਕਿਤੇ ਨਾ ਕਿਤੇ ਹਾਦਸਾ ਵਾਪਰ ਜਾਣ ਕਰ ਕੇ ਉਨ੍ਹਾਂ ਨੂੰ ਪਾਰਟੀ ਵਿਚੋਂ ਹੀ ਛਡਣੀ ਪੈਂਦੀ ਸੀ ਤੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਅਫ਼ਸੋਸ ਕਰਨਾ ਪੈਂਦਾ ਸੀ। ਹਾਦਸਾ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਖ਼ਾਸ ਕਰ ਕੇ ਡਰਾਈਵਰ ਭਰਾਵਾਂ ਨੂੰ ਅਪੀਲ ਜਾਰੀ ਕਰ ਕੇ ਅਪਣੇ ਮਹਿਕਮੇ ਦੀ ਤਰੱਕੀ ਲਈ ਹਰ ਤਰ੍ਹਾਂ ਦਾ ਸਹਿਯੋਗ ਮੰਗਿਆ।
ਸੰਪਰਕ : 94171-96055