ਹਿਜਰਤਨਾਮਾ ਸੂਬੇਦਾਰ ਬੇਅੰਤ ਸਿੰਘ ਸੰਧੂ
Published : Aug 10, 2020, 5:50 pm IST
Updated : Aug 10, 2020, 5:50 pm IST
SHARE ARTICLE
 Subedar Beant Singh Sandhu
Subedar Beant Singh Sandhu

ਮੇਰੇ ਮੋਬਾਈਲ ਦੀ ਘੰਟੀ ਵਜਦੀ ਐ। “ਹਲਾ ਬਈ ਦਿੱਲੀ ਲਾਲ ਕਿਲੇ 'ਤੇ ਕੇਸਰੀ ਝੰਡਾ ਝੁਲਾਉਣ ਵਾਲੇ ਜਥੇਦਾਰ ਬਘੇਲ ਸਿੰਘ ਦਾ ਪੁੱਤ ਪੜਪੋਤਾ ਸੂਬੇਦਾਰ ਬੇਅੰ

ਮੇਰੇ ਮੋਬਾਈਲ ਦੀ ਘੰਟੀ ਵਜਦੀ ਐ। “ਹਲਾ ਬਈ ਦਿੱਲੀ ਲਾਲ ਕਿਲੇ 'ਤੇ ਕੇਸਰੀ ਝੰਡਾ ਝੁਲਾਉਣ ਵਾਲੇ ਜਥੇਦਾਰ ਬਘੇਲ ਸਿੰਘ ਦਾ ਪੁੱਤ ਪੜਪੋਤਾ ਸੂਬੇਦਾਰ ਬੇਅੰਤ ਸਿਉਂ ਸੰਧੂ ਬੋਲ ਰਿਹਾਂ ਮੈਂ। ਮੈਂ ਵੀ ਹਿਜਰਤਨਾਮਾ ਅਪਣੇ ਪਿੰਡੇ 'ਤੇ ਹੰਢਾਇਐ। ਸਾਡੀ ਕਹਾਣੀ ਵੀ ਕਿਧਰੇ ਲਿਖ ਬੱਲਿਆ।'' ਜਥੇਦਾਰ ਬਘੇਲ ਸਿੰਘ ਦਾ ਜ਼ਿਕਰ ਆਉਣ ਤੇ ਉਸ ਵਿਚ ਮੇਰੀ ਉਤਸੁਕਤਾ ਵਧ ਜਾਂਦੀ ਹੈ ।ਮੈਂ ਅਗਲੇ ਹਫ਼ਤੇ ਮਿਲਣ ਦਾ ਕਰਾਰ ਕੀਤਾ ਤੇ ਉਨ੍ਹਾਂ ਅਪਣੀ ਕਹਾਣੀ ਇੰਜ ਕਹਿ ਸੁਣਾਈ:

“ਸਿਆਲਕੋਟ ਦੀ ਤਹਿਸੀਲ ਡਸਕਾ ਵਿਚ ਵਡਾਲਾ ਸੰਧੂਆਂ ਪਿੰਡ ਸੀ ਸਾਡਾ। ਦੋ ਕੁ ਸੌ ਘਰ ਸਿੱਖਾਂ, 20-20 ਕੁ ਹਿੰਦੂਆਂ, ਈਸਾਈਆਂ ਅਤੇ ਮੁਸਲਮਾਨਾਂ ਦੇ ਹੋਣਗੇ। ਕੁਲ ਮਿਲਾ ਕੇ ਕੋਈ ਦੋ ਕੁ ਹਜ਼ਾਰ ਆਬਾਦੀ ਸੀ ਪਿੰਡ ਦੀ। ਜਥੇਦਾਰ ਬਘੇਲ ਸਿੰਘ ਵਲੋਂ ਸਰਾਂ ਵੀ ਤਾਮੀਰ ਐ ਉਥੇ। ਬਈ ਡਸਕਾ ਨੂੰ ਪੂਰੀ ਟੱਕਰ ਦਿੰਦਾ ਸੀ ਵਡਾਲਾ ਸੰਧੂਆਂ।

jathedar baghel singhBaghel singh

''ਸ: ਜਵੰਦ ਸਿੰਘ ਦਾ ਪੋਤਰਾ ਤੇ ਸ: ਵਸਾਵਾ ਸਿਉਂ ਦਾ ਪੁੱਤਰ ਹਾਂ ਮੈਂ। ਮੰਗਲ ਸਿੰਘ, ਜਗੀਰ ਸਿੰਘ ਤੇ ਮੈਂ ਬੇਅੰਤ ਸਿੰਘ ਤਿੰਨ ਭਾਈ ਹਾਂ ਅਸੀ ਅਤੇ ਉਹੋ ਜੱਦੀ ਪਿੰਡ ਸੀ ਸਾਡਾ। ਮਿਡਲ ਮੈਂ ਐਂਗਲੋ-ਸਿੱਖ ਸੰਸਕ੍ਰਿਤ ਪਿੰਡ ਵਾਲੇ ਸਕੂਲੋਂ ਹੀ ਪਾਸ ਕੀਤੀ। ਪ੍ਰਾਇਮਰੀ ਸਕੂਲ 'ਚ ਉਸਤਾਦ ਮੂਲ ਸਿੰਘ ਹੁੰਦੇ ਸਨ। ਮਿਡਲ ਵਿਚ ਉਸਤਾਦ ਮੁਹੰਮਦ ਨਜੀਬ ਫ਼ਾਰਸੀ ਉਰਦੂ ਪੜ੍ਹਾਇਆ ਕਰਦੇ ਅਤੇ ਐਚਐਮ ਸ਼੍ਰੀ ਯਸ਼ਪਾਲ ਤਾਰੀਖ਼ ਤੇ ਜੁਗਰਾਫ਼ੀਆ।

ਮੁਸਲਮਾਨਾਂ 'ਚ ਮੇਰੇ ਹਮ ਜਮਾਤੀ  ਮੋਚੀਆਂ ਦਾ ਮੁਹੰਮਦ ਯਾਕੂਬ ਤੇ ਕਸ਼ਮੀਰੀ ਮੁਸਲਿਮ ਮੁਹੰਮਦ ਅਸ਼ਰਫ਼ ਮੇਰੇ ਚੇਤਿਆਂ 'ਚ ਨੇ। ਮੈਂ ਸਕੂਲ ਦੀ ਹਾਕੀ ਟੀਮ ਦਾ ਕੈਪਟਨ ਹੁੰਦਾ ਸੀ। ਪਿੰਡ ਦੇ ਚੌਧਰੀਆਂ 'ਚ ਸੰਤ ਸਿੰਘ ਸੰਧੂ ਜ਼ੈਲਦਾਰ ਤੇ ਵਰਿਆਮ ਸਿੰਘ ਲੰਬੜਦਾਰ। ਰਾਮਪੁਰ, ਚੱਕਰੀ ਤੇ ਧੀਰੋਵਾਲ ਸਾਡੇ ਗੁਆਂਢੀ ਪਿੰਡ ਸਨ। ਜਦ ਰੌਲੇ ਪਏ ਤਾਂ ਆਲੇ-ਦੁਆਲਿਉਂ ਹਿੰਦੂ-ਸਿੱਖ ਉਠ ਕੇ ਸਾਡੇ ਪਿੰਡ ਆ ਗਏ।

hindu hindu

ਸਾਡਾ ਪਿੰਡ ਆਰਜ਼ੀ ਕੈਂਪ ਵਿਚ ਬਦਲ ਗਿਆ। ਆਸੇ-ਪਾਸੇ ਕਈ ਵਾਰ ਢੋਲ ਵਜਾਉਂਦੇ ਦੰਗਈਆਂ ਨੇ ਹਮਲਾ ਕਰਨ ਦਾ ਯਤਨ ਕੀਤਾ। ਸਿੱਖ ਆਬਾਦੀ ਦਾ ਜ਼ੋਰ ਸੀ ਪਿੰਡ ਵਿਚ। ਸਾਡੇ ਬਜ਼ੁਰਗਾਂ ਕੋਲ ਵੀ ਇਕ ਬੰਦੂਕ ਸੀ। ਹੁਣ ਵੀ ਨਿਸ਼ਾਨੀ ਵਜੋਂ ਸਾਂਭ ਕੇ ਰੱਖੀ ਹੈ ਮੈਂ। ਉਸ ਸਮੇਂ ਕੁਲ 18 ਪੱਕੀਆਂ ਰਫ਼ਲਾਂ/ਬੰਦੂਕਾਂ ਸਨ ਸਿੱਖਾਂ ਕੋਲ। ਸਿੱਖ ਹਰ ਵਾਰ ਛੱਕੇ ਛੁਡਾਉਂਦੇ ਰਹੇ ਉਨ੍ਹਾਂ ਦੇ। ਸਾਡੇ ਸ਼ਰੀਕੇ ਭਾਈਚਾਰੇ 'ਚੋਂ ਕੈਪਟਨ ਜਸਵੰਤ ਸਿੰਘ ਸੰਧੂ ਜੋ ਬਾਅਦ 'ਚ ਇਧਰ ਚੀਫ਼ ਡਿਪਟੀ ਆਰਮੀ ਸਟਾਫ਼ ਰਿਟਾਇਰਡ ਹੋਇਆ, ਸਬੱਬੀ ਉਨੀਂ ਦਿਨੀਂ ਪਿੰਡ ਛੁੱਟੀ ਆਏ ਹੋਏ ਸਨ। ਉਨ੍ਹਾਂ ਨੇ ਸਿਆਲਕੋਟ ਤੋਂ 30 ਗੋਰਖਾ ਫ਼ੌਜੀ ਜੋ ਇਕ ਸੂਬੇਦਾਰ ਦੇ ਅਧੀਨ ਸਨ, ਦਾ ਪਿੰਡ ਲਈ ਹੁਕਮ ਕਰਵਾ ਦਿਤਾ।

ਪਿੰਡ ਦੇ ਮੁਸਲਮਾਨ ਸਾਨੂੰ ਕੁੱਝ ਨਾ ਕਿਹਾ ਕਰਨ। ਗੁਰਦਵਾਰਾ ਸਾਹਿਬ ਹਰ ਰੋਜ਼ 'ਕੱਠ ਹੁੰਦਾ ਅਤੇ ਪਿੰਡ ਪਹਿਰਾ ਵੀ ਲਗਦਾ। ਜਦ ਪਿੰਡ ਛੱਡਣ ਦੀ ਤਿਆਰੀ ਹੋਈ ਤਾਂ ਅਸੀ ਪਿੰਡ ਦੇ ਮੁਸਲਮਾਨਾਂ ਦੀਆਂ ਘੋੜੀਆਂ, ਗੱਡੇ ਜਬਰੀ ਖੋਲ੍ਹ ਲਏ ਅਤੇ ਸਾਡੇ ਵਿਚੋਂ ਜਿਨ੍ਹਾਂ ਕੋਲ ਨਹੀਂ ਸਨ ਉਨ੍ਹਾਂ ਨੂੰ ਦੇ ਦਿਤੇ। ਅਸੀ ਸਤੰਬਰ 1947 'ਚ ਪਿੰਡ ਛਡਿਆਂ। ਚੰਗੇ ਜਵਾਨ ਤੇ ਚੌਧਰੀ ਰਫ਼ਲਾਂ ਨਾਲ ਲੈਸ ਹੋ ਕੇ ਘੋੜਿਆਂ 'ਤੇ ਸਵਾਰ ਸਨ। ਮੈਂ ਵੀ ਹੱਥ 'ਚ ਬਰਛਾ ਫੜੀ ਘੋੜੇ 'ਤੇ ਸਵਾਰ ਸੀ। ਮੁਸਲਮਾਨਾਂ ਦੀਆਂ ਘੋੜੀਆਂ ਤੇ ਗੱਡੇ ਤਾਂ ਪਹਿਲਾਂ ਹੀ ਖੋਹ ਲਏ ਸਨ

Muslim Muslim

ਪਰ ਜਾਂਦੇ-ਜਾਂਦੇ ਉਨ੍ਹਾਂ ਦੀਆਂ ਭੇਡਾਂ ਅਤੇ ਬੱਕਰੀਆਂ ਵੀ ਨਾਲ ਹਕ ਲਈਆਂ। ਅਸੀ ਜੈਕਾਰੇ ਬੁਲਾ ਤੇ ਬਕਰੇ ਬੁਲਾਉਂਦਿਆਂ, ਡਸਕਾ ਕੈਂਪ ਲਈ ਪਿੰਡ ਛਡਿਆ। ਸਾਡੇ ਨਾਲ ਡੋਗਰਾ ਫ਼ੌਜ ਵੀ ਸੀ ਅਤੇ ਅਸੀ 15 ਦਿਨ ਡਸਕਾ ਕੈਂਪ 'ਚ ਰਹੇ। ਉਥੇ ਸਾਨੂੰ ਦਾਣੇ ਫੱਕੇ ਦੀ ਕੋਈ ਤੋਟ ਨਾ ਰਹੀ। ਅਸੀ ਪਿੰਡ ਤੋਂ  ਹੱਕੀਆਂ ਭੇਡਾਂ-ਬਕਰੀਆਂ ਖ਼ੂਬ ਝਟਕਾਈਆਂ। ਮੁਸਲਮਾਨ ਦੋਧੀ ਵੀ ਪਿੱਤਲ ਦੀਆਂ ਗਾਗਰਾਂ 'ਚ ਦੁੱਧ ਵੇਚਣ ਆਉਂਦੇ। ਗਾਗਰ ਵਿਚਲਾ ਦੁੱਧ ਪਹਿਲਾਂ ਮੁਸਲਿਮ ਦੋਧੀਆਂ ਨੂੰ ਪਿਆ ਕੇ ਦੁੱਧ ਦੇ ਠੀਕ ਹੋਣ ਬਾਰੇ ਤਸੱਲੀ ਕੀਤੀ ਜਾਂਦੀ ਅਤੇ ਫਿਰ ਅਸੀ ਲੈਂਦੇ।

15 ਦਿਨ ਕੈਂਪ 'ਚ ਰੁਕਣ ਉਪਰੰਤ ਲਾਹੌਰ ਲਈ ਰੇਲ ਗੱਡੀ ਆਈ। ਗੱਡੀ ਅੰਦਰੋਂ ਅਤੇ ਛੱਤ ਤਕ ਪੂਰੀ ਤੂੜੀ ਵਾਂਗੂ ਭਰੀ ਹੋਈ ਸੀ। ਡੋਗਰਾ ਫ਼ੌਜ ਦਾ ਪਹਿਰਾ ਨਾਲ ਸੀ। ਸਾਨੂੰ ਕਿਸੇ ਬਾਹਰੀ ਹਮਲੇ ਦਾ ਡਰ ਨਾ ਰਿਹਾ ।ਲਾਹੌਰ ਸਟੇਸ਼ਨ 'ਤੇ ਗੱਡੀ ਪਹੁੰਚੀ ਤਾਂ ਮੁਸਲਿਮ ਡਰਾਈਵਰ ਨੇ ਚਲਾਕੀ ਖੇਡੀ ਅਤੇ ਉਹ ਪਾਣੀ ਭਰਨ ਦੇ ਬਹਾਨੇ ਗੱਡੀ ਨਾਲੋਂ ਇੰਜਣ ਲਾਹ ਕੇ ਲੈ ਗਿਆ ਅਤੇ ਘੰਟਿਆਂ ਬੱਧੀ ਵਾਪਸ ਨ ਬਹੁੜਿਆ। ਲੰਮੀ ਉਡੀਕ ਉਪਰੰਤ ਜਦੋਂ ਅਸੀ ਰੌਲਾ ਪਾਇਆ ਤਾਂ ਡੋਗਰਾ ਸੂਬੇਦਾਰ ਨੇ 'ਟੇਸ਼ਨ ਮਾਸਟਰ ਨੂੰ ਜਾ ਘੇਰਿਆ।

Firozpur Railway Station Railway Station

ਉਸ ਨੇ ਹੁਕਮ ਦੇ ਲਹਿਜ਼ੇ ਨਾਲ 10 ਮਿੰਟ 'ਚ ਡਰਾਈਵਰ ਨੂੰ ਪੇਸ਼ ਕਰਨ ਜਾਂ ਫਿਰ ਗੋਲੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿਤਾ। ਉਸ ਧਮਕੀ ਦਾ ਇਹ ਅਸਰ ਹੋਇਆ ਕਿ ਉਹੀ ਮੁਸਲਿਮ ਡਰਾਈਵਰ ਉਹੀ ਰੇਲ ਇੰਜਣ ਲੈ ਕੇ ਹਾਜ਼ਰ ਹੋ ਗਿਆ। ਉਸ ਡਰਾਈਵਰ ਨੇ ਫਿਰ ਚਲਾਕੀ ਕੀਤੀ ਕਿ ਰੇਲ ਗੱਡੀ ਡੇਰਾ ਬਾਬਾ ਨਾਨਕ ਦੇ ਪਰਲੇ ਰਾਵੀ ਪਾਰ ਪੈਂਦੇ ਪਾਕਿਸਤਾਨ ਦੇ ਆਖ਼ਰੀ ਰੇਲਵੇ ਸਟੇਸ਼ਨ 'ਤੇ ਰੋਕ ਦਿਤੀ ਅਤੇ ਉਹ ਅੱਗੇ ਜਾਣ ਤੋਂ ਅੜ ਗਿਆ। ਸਾਰੇ ਜਣੇ ਉਥੇ ਹੀ ਉਤਰ ਕੇ ਰਾਵੀ ਉਰਾਰ ਹੋਏ। ਅਸੀ ਡੇਰਾ ਬਾਬਾ ਨਾਨਕ ਦੇ ਡਾਕ ਘਰ ਦੇ ਬਾਹਰੀ ਬਰਾਂਡੇ ਵਿਚ ਰਾਤ ਕੱਟੀ।

ਇਥੇ ਹੀ ਮੇਰਾ ਵੱਡਾ ਭਰਾ ਫ਼ੌਜੀ ਜਗੀਰ ਸਿੰਘ ਸਾਨੂੰ ਲਭਦਾ-ਲਭਾਉਂਦਾ ਆਣ ਮਿਲਿਆ। ਮੇਰੇ ਮਾਈ ਬਾਪ, ਵੱਡੇ ਭਾਈ ਮੰਗਲ ਸਿੰਘ ਦਾ ਬਾਲ ਪਰਵਾਰ ਵਗੈਰਾ ਸਾਰੇ ਇਕੱਠੇ ਹੋ ਗਏ। ਅਸੀ ਡਸਕਾ ਕੈਂਪ 'ਚੋਂ ਕੁੱਝ ਬਚਾਅ ਕੇ ਲਿਆਂਦਾ ਰਾਸ਼ਨ ਪਾਣੀ ਕੱਚਾ ਪੱਕਾ  ਬਣਾ ਕੇ ਖਾਧਾ। ਸਰਕਾਰੀ ਪ੍ਰਬੰਧ ਕੋਈ ਨਹੀਂ ਸੀ ਉਥੇ। ਗੁਰਦਵਾਰਾ ਸਾਹਿਬ 'ਚ ਲੰਗਰ ਪਾਣੀ ਦਾ ਪ੍ਰਬੰਧ ਹੈ ਜ਼ਰੂਰ ਸੀ ਅਤੇ ਅਸੀ ਉਥੋਂ ਵੀ ਛਕਦੇ ਰਹੇ।

SikhSikh

ਜਿਹੜੇ ਹਿੰਦੂ-ਸਿੱਖ ਬਾਰ ਦੇ ਇਲਾਕੇ 'ਚੋਂ ਇਧਰ ਆਏ ਉਨ੍ਹਾਂ ਦੇ ਜੱਦੀ ਪਿੰਡ ਇਧਰ ਹੀ ਸਨ। ਭਾਵ ਉਹ ਇਧਰੋਂ ਹੀ ਗਏ ਹੋਏ ਸਨ। ਉਹ ਤਾਂ ਸਾਰੇ ਅਪਣੇ ਅਪਣੇ ਪਿਤਰੀ ਪਿੰਡਾਂ ਵਲ ਚਲੇ ਗਏ ਪਰ ਸਾਡਾ ਪਿਤਰੀ ਪਿੰਡ ਤਾਂ ਉਧਰ ਹੀ ਰਹਿ ਗਿਆ। ਅਸੀ ਹੁਣ ਕਿਧਰੇ ਜਾਈਏ? ਵੱਡਾ ਸਵਾਲ ਖੜਾ ਹੋ ਗਿਆ। ਤੀਜੇ ਦਿਨ ਅਸੀ ਉਥੋਂ ਰੇਲ ਗੱਡੀ ਫੜ ਕੇ ਜਲੰਧਰ ਆਏ ਅਤੇ ਜਲੰਧਰੋਂ ਅੰਬਾਲੇ ਨਜ਼ਦੀਕ ਮਛੌਂਡਾ ਪਿੰਡ ਵਿਖੇ ਪਹੁਚੇ ਕਿਉਂਕਿ ਉਥੇ ਸਾਡੇ  ਦੂਰ-ਦੁਰਾਡੇ ਬਜ਼ੁਰਗਾਂ ਦੀ ਠਹਿਰ ਸੀ। ਉਥੋਂ ਦੇ ਭਲੇ ਲੋਕਾਂ ਨੇ ਸਾਡੀ ਬੜੀ ਆਉ-ਭਗਤ ਕੀਤੀ।

ਜ਼ਰੂਰੀ ਸਾਮਾਨ ਦੇ ਨਾਲ ਨਾਲ ਇਕ ਖ਼ਾਲੀ ਮੁਸਲਿਮ ਘਰ ਵੀ ਸਾਨੂੰ ਦੇ ਦਿਤਾ। ਅਸੀ ਉਥੇ 2-3 ਕੁ ਸਾਲ ਰਹੇ ਅਤੇ ਬਾਅਦ ਵਿਚ ਜ਼ਮੀਨ ਦੀ ਪੱਕੀ ਪਰਚੀ ਸੁਲਤਾਨਪੁਰ ਲੋਧੀ ਦੇ ਪਿੰਡ ਲਾਟ ਵਾਲਾ ਦੀ ਨਿਕਲ ਆਈ। ਅਸੀ ਹੁਣ ਤਕ ਉਹੀ ਵਾਹੁੰਦੇ-ਖਾਂਦੇ ਹਾਂ। 1947 'ਚ ਹੀ ਮੈਂ ਭਾਰਤੀ ਪੈਦਲ ਫ਼ੌਜ ਵਿਚ ਸਿਪਾਹੀ ਭਰਤੀ ਹੋਇਆ।1971 ਦੀ ਭਾਰਤ-ਪਾਕਿਸਤਾਨ ਜੰਗ ਡੇਰਾ ਬਾਬਾ ਨਾਨਕ ਮੁਹਾਜ਼ 'ਤੇ ਹੀ ਲੜੀ। ਸੀਨੇ ਤੇ ਪੱਥਰ ਰੱਖ ਕੇ ਭਰੇ ਮਨ ਨਾਲ ਰਾਵੀ ਪਾਰ ਹੱਲੇ ਬੋਲੇ। 1947 ਵਾਲੇ ਉਸੇ ਡਾਕ ਘਰ ਦੇ ਉਸੇ ਬਰਾਂਡੇ ਵਿਚ ਇਕ ਰਾਤ ਦਾ ਕੁੱਝ ਸਮਾਂ ਬਿਤਾ ਕੇ ਨਮਸਕਾਰ ਕੀਤਾ।

Bishan Singh BediBishan Singh Bedi

ਮੈਂ 1977 'ਚ ਸੂਬੇਦਾਰ ਹੋ ਕੇ ਰਿਟਾਇਰ ਹੋਇਆ। 1978 ਵਿਚ  ਮੈਂ ਲਾਹੌਰ ਵਿਖੇ ਭਾਰਤ-ਪਾਕਿ ਦਾ ਕ੍ਰਿਕਟ ਮੈਚ ਵੇਖਣ ਗਿਆ। ਉਦੋਂ ਬਿਸ਼ਨ ਸਿੰਘ ਬੇਦੀ ਕਪਤਾਨ ਤੇ ਗਵਾਸਕਰ ਉਪ ਕਪਤਾਨ ਸੀ। ਵਾਹਗੇ 'ਤੇ ਮੈਨੂੰ ਪਾਕਿਸਤਾਨੀ ਵੀਜ਼ਾ ਨਾ ਦੇਣ 'ਤੇ ਮੈਂ ਉਨ੍ਹਾਂ ਤਾਈਂ ਪੁਛਿਆ ਕਿ ਅਸੀ ਸਿਆਲਕੋਟੀਏ ਸੰਧੂ ਹੁੰਦੇ ਆਂ, ਐਵੇਂ ਕਿਵੇਂ ਨਾ ਦਿਉਂਗੇ ਤੁਸੀ ਵੀਜ਼ਾ? ਉਥੇ ਬੈਠੇ ਅਫ਼ਸਰ ਨੇ ਉਠ ਕੇ ਮੈਨੂੰ ਜੱਫ਼ੀ ਵਿਚ ਲੈ ਲਿਆ।

ਮੇਰੀ ਸ਼ਾਦੀ 1952 'ਚ ਹਰੀਕੇ ਪੱਤਣ ਨਜ਼ਦੀਕੀ ਪਿੰਡ ਬੂਹ ਦੇ ਦੂਜੀ ਆਲਮੀ ਜੰਗ ਦੇ ਹੀਰੋ ਕੈਪਟਨ ਉਜਾਗਰ ਸਿੰਘ ਦੀ ਬੇਟੀ ਤੇ ਸ: ਗੁਰਚਰਨ ਸਿੰਘ ਭੁੱਲਰ ਜੋ ਪੰਜਾਬ ਪੁਲਿਸ ਦੇ ਡੀਜੀਪੀ ਸਨ, ਦੀ ਭੈਣ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਈ । ਮੇਰੇ ਘਰ ਦੋ ਬੇਟੇ ਤੇ ਦੋ ਬੇਟੀਆਂ ਪੈਦਾ ਹੋਈਆਂ। ਸੱਭ ਅਪਣੇ ਕੰਮਾਂ-ਕਾਰਾਂ ਵਿਚ ਲੱਗੇ ਹੋਏ ਹਨ।

captain ujagar singhcaptain ujagar singh

ਬੇਟਾ ਸੁਖਜੀਤ ਸਿੰਘ ਅਮਰੀਕਾ ਤੇ ਦੂਜਾ ਬੇਟਾ ਸਰਬਜੀਤ ਸਿੰਘ ਪੰਜਾਬ ਪੁਲਿਸ ਦਾ ਰਿਟਾਇਰਡ ਸਬ-ਇੰਸਪੈਕਟਰ ਹੈ। ਇਸ ਵਕਤ ਅਪਣੇ ਬਾਲ ਪ੍ਰਵਾਰ 'ਚ ਜ਼ਿੰਦਗੀ ਦੀ ਸ਼ਾਮ ਹੰਢਾਅ ਰਹੇ ਹਨ। ਸੱਭ ਸੁੱਖ-ਸਹੂਲਤ ਮੌਜੂਦ ਹੈ ਪਰ ਅਜੇ ਵੀ ਤਲਖ਼ੀ ਭਰਿਆ ਹਿਜਰਤ ਦਾ ਸਫ਼ਰ ਤੇ ਸਫ਼ਰ ਦੌਰਾਨ  ਵੇਖੇ ਕਤਲੋਗ਼ਾਰਤ/ਅੱਧ ਨੰਗੀਆਂ ਸੜੀਆਂ ਲਾਸ਼ਾਂ ਤੇ ਦਿਲ ਹਿਲਾ ਦੇਣ ਵਾਲੇ ਸੀਨ ਅਤੇ ਪਿਤਰੀ ਪਿੰਡ ਦੀ ਯਾਦ ਪਿੱਛਾ ਨਹੀਂ ਛਡਦੀ।''              
-ਮੋਬਾਈਲ : 92569-73526

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement