ਲੁੱਟਿਆ ਸਮਾਨ ਗਰੀਬਾਂ ਵਿਚ ਵੰਡਣ ਕਾਰਨ ਲੋਕ ਦੁੱਲਾ ਭੱਟੀ ਨੂੰ ਅਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗ ਪਏ ਸਨ
ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿਚੋਂ ਅਬਦੁੱਲਾ ਖਾਨ ਭੱਟੀ ਉਰਫ਼ ਦੁੱਲਾ ਭੱਟੀ ਸਭ ਤੋਂ ਪਹਿਲਾਂ ਹੋਇਆ ਸੀ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ ਜਿਸ ਦਾ ਜਨਮ 1569 ਈ. ਦੇ ਕਰੀਬ ਮੁਗ਼ਲ ਸਮਰਾਟ ਅਕਬਰ ਦੇ ਸ਼ਾਸਨ ਕਾਲ ਦੌਰਾਨ ਹੋਇਆ ਸੀ। ਉਸ ਦੀ ਮਾਂ ਦਾ ਨਾਮ ਲੱਧੀ ਅਤੇ ਬਾਪ ਦਾ ਨਾਮ ਰਾਏ ਫ਼ਰੀਦ ਖ਼ਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ। ਫ਼ਰੀਦ ਖ਼ਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਲਹਿੰਦੇ ਪੰਜਾਬ ਦੇ ਮੌਜੂਦਾ ਜ਼ਿਲ੍ਹੇ ਹਾਫੀਜ਼ਾਬਾਦ ਤੋਂ ਲੈ ਕੇ ਮੁਲਤਾਨ ਤਕ ਸੀ।
ਪਿੰਡੀ ਭੱਟੀਆਂ ਦਾ ਇਲਾਕਾ ਅੱਜਕਲ ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ ਦੇ ਅਧੀਨ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਧਾਂਦਲੀ ਚੱਲਦੀ ਸੀ ਜਿਸ ਕਾਰਨ ਉਸ ਨੇ ਅਪਣੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮਦਦ ਨਾਲ ਸਾਰੇ ਰਾਜ ਵਿਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿਤਾ। ਮਾਮਲਾ ਉਗਰਾਹੁਣਾ ਜਿੰਮੀਦਾਰ ਅਪਣਾ ਰੱਬੀ ਹੱਕ ਸਮਝਦੇ ਸਨ ਜਿਸ ਕਾਰਨ ਅਕਬਰ ਵਲੋਂ ਸਿੱਧਾ ਮਾਮਲਾ ਉਗਰਾਹੁਣ ’ਤੇ ਉਹ ਭੜਕ ਗਏ ਤੇ ਬਗਾਵਤਾਂ ਸ਼ੁਰੂ ਕਰ ਦਿੱਤੀਆਂ। ਬਾਰਾਂ ਵਿਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ ਤੇ ਮਹਿਮੂਦ ਗਜ਼ਨਵੀ ਅਤੇ ਬਾਬਰ ਨੂੰ ਵੀ ਇਸ ਇਲਾਕੇ ਵਿਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਲੜਨ ਭਿੜਨ ਤੇ ਲੁੱਟ ਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ, ਇੱਥੋਂ ਤਕ ਕਿ ਅਪਣੇ ਇਲਾਕੇ ’ਚੋਂ ਗੁਜ਼ਰਨ ਵਾਲੇ ਕਾਫ਼ਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਵੀ ਲੁੱਟ ਲੈਂਦੇ ਸਨ। ਫ਼ਰੀਦ ਖ਼ਾਨ ਭੱਟੀ ਨੇ ਵੀ ਬਗ਼ਾਵਤ ਕਰ ਦਿਤੀ ਪਰ ਮੁਗ਼ਲ ਸੈਨਾਂ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ। ਫ਼ਰੀਦ ਖ਼ਾਨ ਤੇ ਉਸ ਦੇ ਬਾਪ ਸਾਂਦਲ ਖ਼ਾਨ ਭੱਟੀ ਨੂੰ ਫਾਂਸੀ ਲਗਾ ਦਿਤੀ ਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਫ਼ਰੀਦ ਖਾਨ, ਸਾਂਦਲ ਖ਼ਾਨ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲ੍ਹਾ ਲਾਹੌਰ ਦੇ ਦਰਵਾਜ਼ੇ ’ਤੇ ਲਟਕਾ ਦਿੱਤੀਆਂ ਗਈਆਂ ਸਨ।
ਦੁੱਲੇ ਦਾ ਜਨਮ ਫ਼ਰੀਦ ਖ਼ਾਨ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਹੋਇਆ ਸੀ ਤੇ ਸ਼ੁਰੂ ਵਿਚ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਸੀ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਬਾਗ਼ੀ ਕਿਸਮ ਦਾ ਸੀ ਤੇ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਉਸ ਨੂੰ ਪੜ੍ਹਾਈ ਲਈ ਮਸੀਤੇ ਭੇਜਿਆ ਗਿਆ ਪਰ ਜਦੋਂ ਮੌਲਵੀ ਨੇ ਸਖ਼ਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿਤਾ। ਗੁਲੇਲ ਨਾਲ ਔਰਤਾਂ ਦੇ ਘੜੇ ਭੰਨ੍ਹ ਦੇਂਦਾ ਤਾਂ ਲੱਧੀ ਉਸ ਨੂੰ ਡਾਂਟਣ ਦੀ ਬਜਾਏ ਅਪਣੇ ਸਵਰਗਵਾਸੀ ਪਤੀ ਦੀ ਇੱਕੋ ਇਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦੇਂਦੀ। ਜਵਾਨ ਹੋਣ ’ਤੇ ਜਦੋਂ ਉਸ ਨੂੰ ਅਪਣੇ ਬਾਪ ਦਾਦੇ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ ਤੇ ਅਕਬਰ ਅਤੇ ਮੁਗ਼ਲ ਰਾਜ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ। ਉਸ ਨੇ ਸਰਕਾਰੀ ਖ਼ਜ਼ਾਨਾ ਲੁੱਟ ਕੇ ਲੋਕਾਂ ਵਿਚ ਵੰਡਣਾ ਸ਼ੁਰੂ ਕਰ ਦਿਤਾ ਤੇ ਅਪਣੇ ਖ਼ਰਚੇ ’ਤੇ ਗ਼ਰੀਬ ਘਰਾਂ ਦੀਆਂ ਅਨੇਕਾਂ ਲੜਕੀਆਂ ਦੇ ਵਿਆਹ ਕੀਤੇ। ਮੁਗ਼ਲਾਂ ਦੇ ਕਈ ਅਹਿਲਕਾਰਾਂ ਤੇ ਸੈਨਿਕਾਂ ਨੂੰ ਕਤਲ ਕਰ ਦਿਤਾ ਤੇ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿਚੋਂ ਇਕ ਤਰ੍ਹਾਂ ਨਾਲ ਆਜ਼ਾਦ ਹੀ ਹੋ ਗਿਆ ਸੀ।
ਲੋਕ ਕਥਾ ਹੈ ਕਿ ਉਸ ਨੇ ਹੱਜ ਕਰਨ ਜਾਂਦੀ ਅਕਬਰ ਦੀ ਇਕ ਬੇਗ਼ਮ ਲੁੱਟ ਲਈ ਸੀ ਜਾਂ ਬੰਦੀ ਬਣਾ ਲਈ ਸੀ ਪਰ ਇਸ ਸਬੰਧੀ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਅਕਬਰ ਲਈ ਖ਼ਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਅਤੇ ਸ਼ਾਹ ਇਰਾਨ ਵਲੋਂ ਅਕਬਰ ਲਈ ਭੇਜੇ ਗਏ ਤੋਹਫ਼ੇ ਲੁੱਟ ਕੇ ਤਰਥੱਲੀ ਮਚਾ ਦਿਤੀ ਸੀ। ਲੁੱਟਿਆ ਸਮਾਨ ਗਰੀਬਾਂ ਵਿਚ ਵੰਡਣ ਕਾਰਨ ਲੋਕ ਉਸ ਨੂੰ ਅਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗ ਪਏ ਸਨ। ਉਸ ਕੱਟੜਤਾ ਵਾਲੇ ਯੁੱਗ ਵਿਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ ਤੇ ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਇਸੇ ਕਾਰਨ ਉਹ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮਕ ਦੋ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿਚੋਂ ਬਚਾ ਕੇ ਤੇ ਬਾਪ ਬਣ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ ਤੇ ਸਾਰਾ ਦਹੇਜ ਵੀ ਖ਼ੁਦ ਦਿਤਾ ਸੀ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾਂ ਲਈ ਅਮਰ ਕਰ ਦਿਤਾ ਹੈ। ਅੱਜ ਤਕ ਹਰ ਸਾਲ ਲੋਕ ਉਸ ਨੂੰ ਲੋਹੜੀ ਦੇ ਤਿਉਹਾਰ ’ਤੇ “ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ” ਗਾ ਕੇ ਯਾਦ ਕਰਦੇ ਹਨ।
ਦੁੱਲੇ ਦੀ ਲੋਕ ਰੱਬ ਵਾਂਗ ਪੂਜਾ ਕਰਨ ਲੱਗ ਪਏ। ਪਰ ਦੁੱਲੇ ਦੀ ਚੜ੍ਹਾਈ ਉਸ ਦੇ ਸਕੇ ਚਾਚੇ ਜਲਾਲੁਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗ਼ਲਾਂ ਦਾ ਮੁਖਬਿਰ ਬਣ ਗਿਆ ਤੇ ਖ਼ਬਰਾਂ ਸਰਕਾਰ ਤਕ ਪਹੁੰਚਾਉਣ ਲੱਗ ਪਿਆ। ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਲਾਹੌਰ ਦਾ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ ਤੇ ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਤੋਂ ਖਿਝ ਕੇ ਅਕਬਰ ਨੇ ਸਾਂਦਲ ਬਾਰ ਦੀ ਬਗ਼ਾਵਤ ਦਬਾਉਣ ਲਈ ਅਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਸ਼ਾਹ ਅਤੇ ਮਿਰਜ਼ਾ ਜ਼ਿਆਉਦੀਨ ਖ਼ਾਨ 15000 ਫ਼ੌਜੀ ਦੇ ਕੇ ਲਾਹੌਰ ਭੇਜ ਦਿਤੇ।
ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖ਼ਤ ਹੁਕਮ ਭੇਜੇ ਗਏ ਕਿ ਜੇ ਬਗ਼ਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ ਮਿਲੀ ਫ਼ੌਜ ਹੱਥ ਧੋ ਕੇ ਦੁੱਲੇ ਦੇ ਪਿੱਛੇ ਪੈ ਗਈ। ਦੁੱਲੇ ਦਾ ਘਰ ਘਾਟ ਤਬਾਹ ਕਰ ਦਿਤਾ ਗਿਆ ਤੇ ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ। ਕਈ ਮਹੀਨੇ ਝੜਪਾਂ ਚਲਦੀਆਂ ਰਹੀਆਂ, ਦੁੱਲੇ ਅਤੇ ਸਾਥੀਆਂ ਨੇ ਛਾਪਾਮਾਰ ਯੁੱਧ ਨਾਲ ਫ਼ੌਜ ਦੇ ਨੱਕ ਵਿਚ ਦਮ ਕਰ ਦਿਤਾ। ਕਹਿੰਦੇ ਹਨ ਕਿ ਜਦੋਂ ਮੁਗ਼ਲ ਉਸ ਨੂੰ ਮੈਦਾਨ ਵਿਚ ਨਾ ਹਰਾ ਸਕੇ ਤਾਂ ਉਨ੍ਹਾਂ ਨੇ ਛਲ ਕਪਟ ਦਾ ਸਹਾਰਾ ਲਿਆ ਤੇ ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਉਣ ਦਾ ਢੋਂਗ ਰਚਿਆ ਗਿਆ।
ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗ੍ਰਿਫ਼ਤਾਰ ਕਰ ਲਿਆ ਤੇ ਲਾਹੌਰ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ। ਆਖ਼ਰ 1599 ਈ. ਨੂੰ ਸਿਰਫ਼ 30 ਸਾਲ ਦੀ ਭਰ ਜਵਾਨੀ ਵਿਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿਤੀ ਗਈ। ਉਸ ਦੀਆਂ ਆਖ਼ਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ ਤੇ ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਿਸਤਾਨ ਵਿਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।
