(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮਿਸਾਲ ਦੇ ਤੌਰ ਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਲਗਾਤਾਰ 10 ਸਾਲ ਬਾਦਲਾਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਾਹਿਬਾਨ ਵਿਰੁਧ ਵਰਤੀ ਅਪਮਾਨਜਨਕ ਸ਼ਬਦਾਵਲੀ ਵਾਲੀਆਂ ਹਿੰਦੀ 'ਸਿੱਖ ਇਤਿਹਾਸ' ਤੇ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਵਰਗੀਆਂ ਕਈ ਵਿਵਾਦਤ ਪੁਸਤਕਾਂ ਸ਼ਰੇਆਮ ਪ੍ਰਕਾਸ਼ਤ ਕਰਵਾ ਕੇ ਮੁਫ਼ਤ ਵੰਡੀਆਂ ਗਈਆਂ। ਪੰਥ ਵਿਰੋਧੀ ਦੁਸ਼ਮਣ ਤਾਕਤਾਂ ਨਾਲ ਭਾਈਵਾਲੀ ਤੇ ਉਨ੍ਹਾਂ ਦਾ ਸ਼ਰੇਆਮ ਸਮਰਥਨ ਕਰਨ ਵਾਲੀਆਂ ਘਟਨਾਵਾਂ ਨੂੰ ਸੱਤਾ ਦੇ ਜ਼ੋਰ ਨਾਲ ਦਬਾਅ ਦਿਤਾ ਜਾਂਦਾ ਰਿਹਾ।
ਮਈ 2007 ਵਿਚ ਸੌਦਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ, ਸੌਦਾ ਸਾਧ ਵਿਰੁਧ ਚਲਦਾ ਮਾਮਲਾ ਹੈਰਾਨੀਜਨਕ ਤਰੀਕੇ ਨਾਲ ਵਾਪਸ ਲੈਣ, ਬੇਅਦਬੀ ਕਾਂਡ ਨਾਲ ਸਬੰਧਤ ਕੋਟਕਪੂਰਾ ਤੇ ਬਾਜਾਖਾਨਾ ਵਿਖੇ ਦਰਜ ਹੋਏ ਮਾਮਲਿਆਂ ਦੇ ਸਬੰਧ ਵਿਚ ਪੁਲਿਸ ਤੇ ਡੇਰਾ ਪ੍ਰੇਮੀਆਂ ਨੂੰ ਵਾਧੂ ਅਧਿਕਾਰ ਦੇਣ, ਪੰਥ ਦਰਦੀਆਂ ਉਤੇ ਤਸ਼ੱਦਦ ਢਾਹੁਣ, ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਬਿਨਾਂ ਮੰਗੇ ਮਾਫ਼ੀ ਦਿਵਾਉਣ, ਸੌਦਾ ਸਾਧ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਵਿਚੋਂ 90 ਲੱਖ ਰੁਪਏ ਤੋਂ ਵੀ ਵੱਧ ਖ਼ਰਚਣ, ਸੌਦਾ ਸਾਧ ਦੇ ਪੋਸਟਰਾਂ ਦੀ ਰਾਖੀ ਲਈ ਪੁਲਿਸ ਤੈਨਾਤ ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕੋਈ ਸੁਰੱਖਿਆ ਨਾ ਹੋਣ ਕਾਰਨ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਵਰਗੀਆਂ ਸ਼ਰਮਨਾਕ ਘਟਨਾਵਾਂ ਦਾ ਜਵਾਬ ਬਾਦਲਾਂ ਨੂੰ ਲੋਕ ਕਚਹਿਰੀ ਵਿਚ ਦੇਣਾ ਪਵੇਗਾ।
ਭਾਵੇਂ ਅਕਾਲ ਤਖ਼ਤ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਵਾਲੀਆਂ ਸੰਪਰਦਾਈ ਤਾਕਤਾਂ ਦਾ ਸਾਥ ਦੇਣ ਲਈ ਬਾਦਲਾਂ ਸਮੇਤ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸ਼ੱਕੀ ਕਾਰਗੁਜਾਰੀ ਦੀ ਚਰਚਾ ਅਕਸਰ ਚਲਦੀ ਰਹਿੰਦੀ ਹੈ ਤੇ ਬਾਦਲਾਂ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਗੋਲਕਾਂ ਨੂੰ ਅਪਣੇ ਨਿੱਜ ਲਈ ਵਰਤਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
ਪਰ ਵਰਤਮਾਨ ਸਮੇਂ ਵਿਚ ਕੋਰੋਨਾ ਵਾਇਰਸ ਦੀ ਕਰੋਪੀ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬਿਨਾਂ ਪਕਾਏ ਲੰਗਰ, ਸਬਜ਼ੀਆਂ, ਫੱਲ ਤੇ ਹੋਰ ਸਮਾਨ ਦੇ ਬਿੱਲ ਪਾਸ ਕਰਨ ਦੇ ਸਕੈਂਡਲ ਤੇ ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਦੀ ਰਸਦ ਆਮ ਲੋਕਾਂ ਨੂੰ ਸ਼ਰੇਆਮ ਵੇਚਣ ਵਾਲੀਆਂ ਦੋ ਘਟਨਾਵਾਂ ਨੇ ਜਿੱਥੇ ਗ਼ੈਰ ਸਿੱਖ ਲੋਕਾਂ ਦੀ ਨਜ਼ਰ ਵਿਚ ਸਮੁੱਚੀ ਸਿੱਖ ਸੰਗਤ ਨੂੰ ਸ਼ਰਮਸਾਰ ਕੀਤਾ ਹੈ, ਉੱਥੇ ਉਕਤ ਘਟਨਾਵਾਂ ਕਰਨ ਜਾਂ ਕਰਵਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਬਜਾਏ ਖਾਨਾਪੂਰਤੀ ਕੀਤੀ ਜਾ ਰਹੀ ਹੈ। ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਮੁਤਾਬਕ ਉਕਤ ਮਾਮਲਿਆਂ ਵਿਚ ਇਸ ਸਮੇਂ ਬਾਦਲ ਪ੍ਰਵਾਰ, ਅਕਾਲੀ ਆਗੂ, ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀਆਂ ਪੂਰੀ ਤਰ੍ਹਾਂ ਘਿਰ ਚੁੱਕੀਆਂ ਹਨ ਜਿਸ ਦਾ ਇਕ ਨਾ ਇਕ ਦਿਨ ਸੰਗਤ ਨੂੰ ਜਵਾਬ ਦੇਣਾ ਪਵੇਗਾ।
ਪੰਜਾਬ ਵਿਚ ਹੁੰਦੀ ਨਸ਼ਾ ਤਸਕਰੀ, ਡਰੱਗ ਮਾਫ਼ੀਆ, ਭੂ-ਮਾਫ਼ੀਆ, ਬੇਰੁਜ਼ਗਾਰੀ, ਬੇਅਦਬੀ ਕਾਂਡ ਵਰਗੀਆਂ ਘਟਨਾਵਾਂ ਦੇ ਦੋਸ਼, ਚੁਨੌਤੀਆਂ ਤੇ ਸਮੱਸਿਆਵਾਂ ਦੇ ਮੱਦੇਨਜ਼ਰ ਬਾਦਲ ਦਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਏਨਾ ਪਛੜ ਗਿਆ ਕਿ ਉਸ ਨੂੰ ਕੁੱਝ ਕੁ ਸਮਾਂ ਪਹਿਲਾਂ ਹੀ ਨਵੀਂ ਹੌਂਦ ਵਿਚ ਆਈ ਆਮ ਆਦਮੀ ਪਾਰਟੀ ਨਾਲੋਂ ਵੀ ਘੱਟ ਸੀਟਾਂ ਮਿਲੀਆਂ। 100 ਸਾਲ ਪੁਰਾਣੀ ਰਵਾਇਤੀ ਪਾਰਟੀ ਅਕਾਲੀ ਦਲ ਵਿਰੋਧੀ ਧਿਰ ਦਾ ਦਰਜਾ ਵੀ ਗਵਾ ਬੈਠੀ। ਸਾਲ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੂੰ 8, ਅਕਾਲੀ ਦਲ ਤੇ ਭਾਜਪਾ ਨੂੰ 2-2, ਆਮ ਆਦਮੀ ਪਾਰਟੀ ਨੂੰ ਇਕ ਸੀਟ ਮਿਲੀ।
ਭਾਵੇਂ ਉਸ ਸਮੇਂ ਇਹ ਚਰਚਾ ਵੀ ਚਲੀ ਕਿ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀਆਂ ਕ੍ਰਮਵਾਰ ਫ਼ਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਦੀਆਂ ਸੀਟਾਂ ਜਿੱਤਣ ਲਈ ਕਾਂਗਰਸ ਨਾਲ ਅੰਦਰਖਾਤੇ ਸਮਝੌਤਾ ਕੀਤਾ ਹੋਇਆ ਸੀ ਪਰ ਅਪਣੀ ਪਾਰਟੀ ਦੀ ਨਮੋਸ਼ੀਜਨਕ ਹਾਰ ਨੂੰ ਦੋ ਸੀਟਾਂ ਦੀ ਜਿੱਤ ਨਾਲ ਜਸ਼ਨ ਵਿਚ ਤਬਦੀਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਨਾਤੇ ਬਿਆਨ ਜਾਰੀ ਕਰ ਦਿਤਾ ਕਿ 'ਕਾਂਗਰਸ ਦੀ ਹਾਰ ਹੋਈ ਹੈ ਤੇ ਅਕਾਲੀ ਦਲ ਦੀ ਜਿੱਤ ਬਦਲੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਜਾਖੜ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।'
ਰਾਜਨੀਤਕ ਮਾਹਰ ਹੈਰਾਨ ਸਨ ਕਿ ਸੁਖਬੀਰ ਸਿੰਘ ਬਾਦਲ ਦੇ ਬਚਕਾਨਾ ਬਿਆਨਾਂ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਬਰਦਾਸ਼ਤ ਕਿਵੇਂ ਕਰ ਰਹੇ ਹਨ? ਕੀ ਉਨ੍ਹਾਂ ਦੀ ਜ਼ਮੀਰ ਸੋਂ ਗਈ ਹੈ ਜਾਂ ਅਣਖ਼/ਗ਼ੈਰਤ ਮਾਰ ਦਿਤੀ ਹੈ? ਬ੍ਰਹਮਪੁਰਾ ਤੇ ਢੀਂਡਸਾ ਧੜਿਆਂ ਨੂੰ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਉਡੀਕ ਹੈ ਤੇ ਦੋਵੇਂ ਧੜੇ ਬਾਦਲ ਪ੍ਰਵਾਰ ਤੇ ਚਾਂਦਮਾਰੀ ਕਰਦਿਆਂ ਧੜਾਧੜ ਦੋਸ਼ ਲਗਾਉਣ ਵਾਲੀ ਬਿਆਨਬਾਜ਼ੀ ਰਾਹੀਂ ਦਾਅਵਾ ਕਰ ਰਹੇ ਹਨ ਕਿ 'ਬਾਦਲਾਂ ਨੇ ਅਕਾਲੀ ਦਲ ਨੂੰ ਇਕ ਪ੍ਰਵਾਰਕ ਫ਼ੈਕਟਰੀ ਬਣਾ ਕੇ ਰੱਖ ਦਿਤਾ, ਸਿੱਖ ਧਰਮ ਨੂੰ ਕਮਜ਼ੋਰ ਕਰ ਦਿਤਾ, ਬਾਦਲਾਂ ਨੂੰ ਖ਼ੁਦ ਅਕਾਲੀ ਅਖਵਾਉਣ ਦਾ ਕੋਈ ਹੱਕ ਨਹੀਂ ਹੈ।'
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ ਤੇ ਸਾਲ 2016 ਵਿਚ ਜਦ ਇਸ ਦਾ ਪੰਜ ਸਾਲਾ ਕਾਰਜਕਾਲ ਖ਼ਤਮ ਹੋਇਆ ਤਾਂ ਉਦੋਂ ਤੋਂ ਐਸ.ਜੀ.ਪੀ.ਸੀ ਕੇਂਦਰ ਸਰਕਾਰ ਵਲੋਂ ਵਧੀ ਮਿਆਦ ਉਤੇ ਹੀ ਕਾਰਜਕਾਰੀ ਤੌਰ ਉਤੇ ਕੰਮ ਕਰ ਰਹੀ ਹੈ। ਪੰਜਾਬ ਦੀ ਸਿਆਸਤ ਵਿਚ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਧੜੇ ਵਾਲੇ ਅਕਾਲੀ ਦਲ ਨੂੰ ਹੀ ਅਸਲ ਮੰਨਿਆ ਜਾਂਦਾ ਹੈ, ਜੋ ਲੋਕ ਉਸ ਅਕਾਲੀ ਦਲ ਨੂੰ ਚਲਾਉਂਦੇ ਹਨ, ਉਹੀ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਉਤੇ ਕਾਬਜ਼ ਮੰਨੇ ਜਾਂਦੇ ਹਨ।
ਢੀਂਡਸਾ ਤੇ ਬ੍ਰਹਮਪੁਰਾ ਧੜੇ ਭਾਵੇਂ ਹੁਣ ਬੋਲਣ ਲੱਗੇ ਹਨ ਪਰ ਪੰਥਕ ਵਿਦਵਾਨ, ਸਿੱਖ ਚਿੰਤਕ ਤੇ ਪੰਥ ਦਰਦੀ ਪਿਛਲੇ ਲੰਮੇ ਸਮੇਂ ਤੋਂ ਬਾਦਲਾਂ ਵਿਰੁਧ ਦੋਸ਼ ਲਗਾਉਂਦੇ ਆ ਰਹੇ ਹਨ ਕਿ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਵੁੱਕਤ ਘਟਾਈ, ਪੰਜ ਪਿਆਰਿਆਂ, ਅੰਮ੍ਰਿਤ ਦੀ ਦਾਤ, ਸਿੱਖੀ ਦਾ ਨਿਆਰਾਪਣ, ਸਿੱਖ ਸਿਧਾਂਤਾਂ, ਪੰਥਕ ਮਰਿਆਦਾਵਾਂ ਆਦਿ ਦਾ ਘਾਣ ਕਰਨ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰਾਂ ਨੂੰ ਆਖ ਕੇ 'ਫਖ਼ਰ-ਏ-ਕੌਮ' ਅਤੇ 'ਪੰਥ ਰਤਨ' ਦੇ ਐਵਾਰਡ ਹਾਸਲ ਕਰ ਲਏ, ਜੋ ਸਮਾਂ ਆਉਣ ਉਤੇ ਸੰਗਤਾਂ ਉਕਤ ਐਵਾਰਡ ਵਾਪਸ ਹੀ ਨਹੀਂ ਲੈਣਗੀਆਂ, ਬਲਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਇਸ ਮਾਮਲੇ ਵਿਚ ਜਵਾਬਦੇਹ ਬਣਾਇਆ ਜਾਵੇਗਾ।
ਕੀ ਬਾਦਲਾਂ ਨਾਲੋਂ ਵਖਰੀ ਦਿਸ਼ਾ ਅਪਣਾਉਣਗੇ ਢੀਂਡਸਾ ਤੇ ਬ੍ਰਹਮਪੁਰਾ? : ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਤੇ ਸਾਲ 2003 ਵਿਚ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੀ ਸਹਿਮਤੀ ਨਾਲ ਅਕਾਲ ਤਖ਼ਤ ਵਲੋਂ ਪ੍ਰਵਾਨ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਦਾ ਘਾਣ ਕਰਨ ਵਾਲੀਆਂ ਸੰਪਰਦਾਈ ਤਾਕਤਾਂ ਨਾਲ ਬਾਦਲਾਂ ਨੇ ਗੰਢਤੁੱਪ ਹੀ ਜਾਰੀ ਨਹੀਂ ਰੱਖੀ ਬਲਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ 30 ਸੀਟਾਂ ਨਿਵਾਜ ਕੇ 30 ਮੈਂਬਰ ਵੀ ਬਣਾਏ।
ਹੁਣ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਧੜਿਆਂ ਤੋਂ ਪੰਥਦਰਦੀ 'ਰੋਜ਼ਾਨਾ ਸਪੋਕਸਮੈਨ' ਰਾਹੀਂ ਅਨੇਕਾਂ ਸਵਾਲ ਪੁੱਛਣੇ ਚਾਹੁੰਦੇ ਹਨ ਕਿ ਉਹ ਬਾਦਲਾਂ ਵਲੋਂ ਹਿੰਦੀ ਪੁਸਤਕ ਸਿੱਖ ਇਤਿਹਾਸ ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਪੁਸਤਕਾਂ ਸ਼੍ਰੋਮਣੀ ਕਮੇਟੀ ਦੇ ਨਾਮ ਉਤੇ ਛਾਪ ਕੇ ਸੰਗਤਾਂ ਨੂੰ ਦੁਬਿਧਾ 'ਚ ਪਾਉਣ ਤੇ ਗੁਮਰਾਹ ਕਰਨ ਵਰਗੀਆਂ ਜ਼ਿਆਦਤੀਆਂ ਦਾ ਵਿਰੋਧ ਕਰਨਗੇ ਜਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਜਾਵੇਗਾ?
ਕੀ ਗੁਰੂ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਗ੍ਰੰਥ ਵਿਚ ਦਰਜ ਪੰਥਵਿਰੋਧੀ ਗੱਲਾਂ ਦਾ ਵਿਰੋਧ ਕਰਨ ਦੀ ਢੀਂਡਸਾ ਤੇ ਬ੍ਰਹਮਪੁਰਾ ਧੜੇ ਜੁਰਅਤ ਵਿਖਾਉਣਗੇ? ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਮੇਤ ਕਈ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਪੰਥਦਰਦੀਆਂ ਵਿਰੁਧ ਸਿਆਸੀ ਦਬਾਅ ਹੇਠ ਜਾਰੀ ਹੋਏ ਝੂਠੇ ਛੇਕੂਨਾਮਿਆਂ (ਹੁਕਮਨਾਮਿਆਂ) ਦਾ ਵਿਰੋਧ ਕਰਨਗੇ? ਅਜਿਹੇ ਕਈ ਹੋਰ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਸੰਪਰਕ :98728-10153