ਸਾਰਾਗੜ੍ਹੀ ਦੀ ਲੜਾਈ
Published : Sep 12, 2021, 12:01 pm IST
Updated : Sep 12, 2021, 12:01 pm IST
SHARE ARTICLE
Battle Of Saragarhi
Battle Of Saragarhi

ਜਿਸ ਬਾਰੇ ਕਈ ਦੇਸ਼ਾਂ ਵਿਚ ਬੱਚਿਆਂ ਨੂੰ ਕੋਰਸ ਵਿਚ ਪੜ੍ਹਾਇਆ ਜਾਂਦਾ ਹੈ ਪਰ ਭਾਰਤ ਜਾਂ ਪੰਜਾਬ ਵਿਚ ਨਹੀਂ

 

ਲਾਸਾਨੀ ਬੀਰਤਾ ਅਤੇ ਕੁਰਬਾਨੀਆਂ ਭਰੀਆਂ ਬਹੁਤ ਸਾਰੀਆਂ ਲੜਾਈਆਂ ਇਸ ਸੰਸਾਰ ਉਤੇ ਲੜੀਆਂ ਜਾਂਦੀਆਂ ਰਹੀਆਂ ਹਨ। ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਉਨ੍ਹਾਂ ਇਤਿਹਾਸਕ ਲੜਾਈਆਂ ਵਿਚੋਂ ਇਕ ਹੈ ਜੋ ਯੂ.ਐਨ.ਓ ਦੀ ਸਭਿਆਚਾਰ ਅਤੇ ਵਿਦਿਆ ਦੇ ਪ੍ਰਸਾਰ ਲਈ ਬਣੀ ਸੰਸਥਾ ‘ਯੂਨੈਸਕੋ’ ਦੁਆਰਾ ਸੰਸਾਰ ਭਰ ਦੀਆਂ ਅੱਠ ਵਿਲੱਖਣ ਲੜਾਈਆਂ ਵਿਚ ਸ਼ਾਮਲ ਕੀਤੀ ਗਈ ਹੈ ਅਤੇ ਇਸ ਘਟਨਾ ਨੂੰ ਸੰਸਾਰ ਦੀਆਂ ਪੰਜ ਅਤੀ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

Battle of SaragarhiBattle of Saragarhi

ਇਹ ਲੜਾਈ 12 ਸਤੰਬਰ 1897 ਨੂੰ ਉਤਰ ਪਛਮੀ ਸਰਹੱਦ ਉਤੇ ਸਥਿਤ ਸਾਰਾਗੜ੍ਹੀ ਦੇ ਅਸਥਾਨ ਉਤੇ 21 ਸਿੱਖ ਫ਼ੌਜੀਆਂ ਅਤੇ 10 ਹਜ਼ਾਰ ਤੋਂ ਵੱਧ ਗਿਣਤੀ ਵਿਚ ਅਫ਼ਗ਼ਾਨ ਕਬਾਇਲੀਆਂ ਵਿਚਕਾਰ ਲੜੀ ਗਈ। ਸਾਰਾਗੜ੍ਹੀ ਸਮਾਨਾ ਘਾਟੀ ਵਿਚ ਕੋਹਾਟ ਜ਼ਿਲੇ੍ ਦਾ ਇਕ ਦਰਮਿਆਨਾ ਜਿਹਾ ਪਿੰਡ ਹੈ। ਇਹ ਕੋਹਾਟ ਤੋਂ 35 ਮੀਲ ਅਤੇ ਪਿਸ਼ਾਵਰ ਤੋਂ 50 ਮੀਲ ਦੂਰੀ ਉਤੇ ਪੈਂਦਾ ਹੈ। ਇਸ ਇਲਾਕੇ ਨੂੰ ਵਜੀਰਸਤਾਨ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਜਿਸ ਦੇ ਪਹਾੜ ਅਫ਼ਗ਼ਾਨਿਸਤਾਨ ਅਤੇ ਬਿ੍ਟਿਸ਼ ਫ਼ਰੰਟੀਅਰ ਨੂੰ ਦੋ ਹਿਸਿਆਂ ਵਿਚ ਵੰਡਦੇ ਹਨ। ਉਨੀਵੀਂ ਸਦੀ ਦੇ ਅਖ਼ੀਰ ਵਿਚ ਅੰਗਰੇਜ਼ਾਂ ਨੇ ਇਹ ਇਲਾਕਾ ਅਪਣੇ ਅਧੀਨ ਕਰ ਲਿਆ ਸੀ।

ਇਥੋਂ ਦੇ ਅਫ਼ਗ਼ਾਨਾਂ ਅਤੇ ਕਬਾਇਲੀ ਲੜਾਕੂਆਂ ਨੂੰ ਅੰਗਰੇਜ਼ੀ ਸਾਮਰਾਜ ਦੀ ਅਧੀਨਤਾ ਹੇਠ ਰਹਿਣਾ ਮਨਜ਼ੂਰ ਨਹੀਂ ਸੀ। ਇਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਵਿਰੁਧ ਬਗਾਵਤ ਦਾ ਝੰਡਾ ਬੁਲੰਦ ਕਰ ਦਿਤਾ। ਅੰਗਰੇਜ਼ਾਂ ਲਈ ਵਪਾਰਕ ਪੱਖੋਂ ਇਹ ਇਲਾਕਾ ਬਹੁਤ ਲਾਹੇਵੰਦ ਸੀ ਪਰ ਪਠਾਣ ਅਕਸਰ ਮੌਕਾ ਪਾ ਕੇ ਅੰਗਰੇਜ਼ਾਂ ਦੀਆਂ ਵਪਾਰਕ ਟੁਕੜੀਆਂ ਉਤੇ ਹਮਲਾ ਕਰ ਦਿੰਦੇ ਸਨ ਅਤੇ ਸਾਰਾ ਮਾਲ ਲੁੱਟ ਕੇ ਲੈ ਜਾਂਦੇ ਸਨ। ਅੰਗਰੇਜ਼ ਪਿਛਲੇ ਪੰਜਾਂ ਸਾਲਾਂ ਤੋਂ ਸਮਾਨਾ ਘਾਟੀ ਉਤੇ ਕਬਜ਼ਾ ਜਮਾਈ ਬੈਠੇ ਸਨ ਪਰ ਹੁਣ ਉਨ੍ਹਾਂ ਲਈ ਨਵੇਂ ਹਾਲਾਤ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ ਸੀ।

Sikh RegimentSikh Regiment

31 ਦਸੰਬਰ 1896 ਨੂੰ ਅੰਗਰੇਜ਼ਾਂ ਦੁਆਰਾ 36 ਸਿੱਖ ਬਟਾਲੀਅਨ ਜਿਸ ਦੀ ਸਥਾਪਨਾ ਜਨਰਲ ਮਿ. ਕੁੱਕ ਨੇ 1887 ਈ: ਵਿਚ ਜਲੰਧਰ ਵਿਖੇ ਕੀਤੀ ਸੀ, ਨੂੰ ਬੁਲਾ ਕੇ ਸਮਾਨਾ ਘਾਟੀ ਦੀ ਉਪਰਲੀ ਚੋਟੀ ਉਤੇ ਪੱਕਾ ਕਬਜ਼ਾ ਜਮਾ ਕੇ ਬੈਠਣ ਦਾ ਹੁਕਮ ਸੁਣਾਇਆ ਗਿਆ। ਫ਼ੌਜ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ ਗਿਆ, ਰਾਈਟ ਵਿੰਗ ਅਤੇ ਲੈਫ਼ਟ ਵਿੰਗ। ਰਾਈਟ ਵਿੰਗ ਦੀ ਕਮਾਂਡ ਲੈਫ਼ਟੀਨੈਂਟ ਕਰਨਲ ਮਿਸਟਰ ਹਾਡਸਨ ਨੂੰ ਸੌਂਪੀ ਗਈ। ਇਸ ਦਲ ਨੇ 2 ਜਨਵਰੀ 1897 ਨੂੰ ‘ਲਾਕਹਾਰਟ’ ਕਿਲ੍ਹੇ ਉਤੇ ਅਪਣਾ ਕਬਜ਼ਾ ਜਮਾਂ ਲਿਆ। ਲਾਕਹਾਰਟ ਤੋਂ ਛੇ ਕਿਲੋਮੀਟਰ ਦੀ ਦੂਰੀ ਉਤੇ ਇਕ ਹੋਰ ਕਿਲ੍ਹਾ ਸੀ, ‘ਗੁਲਿਸਤਾਨ’।

ਉਧਰ ਦੂਜੇ ਪਾਸੇ ਲੈਫ਼ਟ ਵਿੰਗ ਜਿਸ ਦੀ ਕਮਾਂਡ ਕੈਪਟਨ ਡਬਲਿਊ. ਵੀ. ਗਾਰਡਨ ਦੇ ਅਧੀਨ ਸੀ, ਨੇ ‘ਪਰਚਿਨਾਰ’ ਉਤੇ ਅਪਣੀ ਫ਼ੌਜ ਲੈ ਕੇ ਬੈਠ ਗਏ। ਥਲ ਅਤੇ ਸਾਦਾ ਨਾਮਕ ਚੌਕੀਆਂ ਵੀ ਇਸੇ ਵਿੰਗ ਦੀ ਨਿਗਰਾਨੀ ਅਧੀਨ ਸੀ। ਦੋਵਾਂ ਕਿਲ੍ਹਿਆਂ ਵਿਚਕਾਰ ਸਾਰਾਗੜ੍ਹੀ ਨਾਂ ਦੀ ਇਕ ਛੋਟੀ ਸੈਨਿਕ ਚੌਕੀ ਸਥਾਪਤ ਕੀਤੀ ਗਈ ਸੀ। ਇਸ ਚੌਕੀਂ ਦੀ ਰਖਵਾਲੀ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ 21 ਸਿੱਖ ਫ਼ੌਜੀਆਂ ਦੁਆਰਾ ਕੀਤੀ ਜਾ ਰਹੀ ਸੀ। ਇਹ ਸਾਰੇ 36 ਸਿੱਖ ਬਟਾਲੀਅਨ ਦੇ ਸਿਪਾਹੀ ਸਨ। ਇਸ ਚੌਕੀ ਦੇ ਤਿੰਨ ਪਾਸੇ ਡੂੰਘੀਆਂ ਢਲਾਣਾਂ ਸਨ ਅਤੇ ਇਕ ਪਾਸੇ ਕੁਦਰਤੀ ਪਾਣੀ ਦਾ ਇਕ ਚਸ਼ਮਾ ਵੀ ਸੀ ਜੋ ਕਿ ਗੜ੍ਹੀ ਦੀ ਸੁਰੱਖਿਆ ਕਰਦਾ ਸੀ।

AfghanisAfghanis

ਮਹਾਰਾਜਾ ਰਣਜੀਤ ਸਿੰਘ ਨੇ ਅਪਣੇ ਸ਼ਾਸਨ ਕਾਲ ਵਿਚ ਪਿਸ਼ਾਵਰ ਅਤੇ ਕਾਬੁਲ ਦੇ ਇਲਾਕੇ ਵਿਚ ਕਈ ਕਿਲ੍ਹਿਆਂ ਦੀ ਉਸਾਰੀ ਕਰਵਾਈ ਸੀ। 1841-42 ਵਿਚ ਸਿੱਖ ਅਤੇ ਅੰਗਰੇਜ਼ ਫ਼ੌਜਾਂ ਨੇ ਅਫ਼ਗ਼ਾਨੀਆਂ ਨਾਲ ਅਨੇਕਾਂ ਯੁਧ ਲੜੇ ਸਨ। ਉਸੇ ਸਮੇਂ ਇਨ੍ਹਾਂ ਦੋ ਵੱਡੇ ਕਿਲ੍ਹਿਆਂ ਲਾਕਹਾਰਟ ਅਤੇ ਗੁਲਿਸਤਾਨ ਦੀ ਉਸਾਰੀ ਹੋਈ ਸੀ। ਸਾਰਾਗੜ੍ਹੀ ਦੀ ਚੌਕੀ ਜੋ ਕਿ ਲਾਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ ਵਿਚਕਾਰ ਨੀਵੀਂ ਜਿਹੀ ਥਾਂ ਉਤੇ ਸਥਿਤ ਸੀ। ਇਥੋਂ ਸਿਪਾਹੀਆਂ ਦੁਆਰਾ ਝੰਡੀ, ਸੂਰਜ ਅਤੇ ਸ਼ੀਸ਼ੇ ਰਾਹੀਂ ਸਿਗਨਲ ਭੇਜ ਕੇ ਦੋਵਾਂ ਕਿਲ੍ਹਿਆਂ ਵਿਚਕਾਰ ਸਬੰਧ ਸਥਾਪਤ ਕੀਤਾ ਜਾਂਦਾ ਸੀ ਜਿਸ ਨੂੰ ‘ਹੈਲਿਓਗ੍ਰਾਫ਼ੀ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕਿਲ੍ਹਿਆਂ ਦੇ ਆਲੇ-ਦੁਆਲੇ ਦਾਰ, ਸੰਗਰ, ਕੁਰੈਗ ਅਤੇ ਸਰਟਰੋਪ ਨਾਮੀ ਹੋਰ ਵੀ ਚੌਕੀਆਂ ਸਨ ਪਰ ‘ਸਾਰਾਗੜ੍ਹੀ’ ਇਨ੍ਹਾਂ ਵਿਚੋਂ ਸੱਭ ਤੋਂ ਅਹਿਮ ਸੀ। 

ਅੰਗਰੇਜ਼ੀ ਸਾਮਰਾਜ ਦੀਆਂ ਕਾਰਵਾਈਆਂ ਤੋਂ ਨਾਰਾਜ਼ ਅਫ਼ਰੀਦੀ ਆਦਿਵਾਸੀਆਂ, ਪਠਾਣਾਂ ਅਤੇ ਕਬਾਇਲੀਆਂ ਨੇ ਅੰਗਰੇਜ਼ਾਂ ਵਿਰੁਧ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿਤਾ। ਉਨ੍ਹਾਂ ਨੇ ਅਪਣੇ ਸਰਦਾਰ ਗੁਲ ਬਾਦਸ਼ਾਹ ਖ਼ਾਨ ਦੀ ਅਗਵਾਈ ਵਿਚ ਅੰਗਰੇਜ਼ਾਂ ਦੇ ਕਬਜ਼ੇ ਹੇਠਲੇ ਇਲਾਕਿਆਂ ਉਤੇ ਜ਼ੋਰਦਾਰ ਹਮਲੇ ਕੀਤੇ। 27 ਅਗੱਸਤ ਤੋਂ ਲੈ ਕੇ 8 ਸਤੰਬਰ 1897 ਤਕ ਕਬਾਇਲੀਆਂ ਨੇ ਲੈਫ਼ਟ ਵਿੰਗ ਵਾਲੇ ਪਾਸੇ ਅੰਗਰੇਜ਼ ਫ਼ੌਜ ਉਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਪਠਾਣਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਅੰਗਰੇਜ਼ੀ ਫ਼ੌਜ ਨੇ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਖ਼ਾਕੀ ਘਾਟੀ ਵਲ ਪਿੱਛੇ ਨੂੰ ਧੱਕ ਦਿਤਾ ਗਿਆ। ਇਹ 10 ਸਤੰਬਰ ਦੀ ਘਟਨਾ ਹੈ।

AfghanisAfghanis

ਫਿਰ ਕਬਾਇਲੀ ਸਮਾਨਾ ਚੌਕੀ ਵਲ ਵਧੇ ਪਰ ਇਥੇ ਵੀ ਕਬਾਇਲੀਆਂ ਦੇ ਹਮਲੇ ਨੂੰ ਕਾਮਯਾਬੀ ਨਾ ਮਿਲੀ। ਇਸ ਤੋਂ ਬਾਅਦ ਕੱੁਝ ਸੋਚ ਵਿਚਾਰ ਕਰ ਕੇ ਕਬਾਇਲੀਆਂ ਅਤੇ ਅਫ਼ਰੀਦੀਆਂ ਨੇ ਸਾਰਾਗੜ੍ਹੀ ਚੌਕੀ ਉਤੇ ਹਮਲਾ ਕਰਨ ਦੀ ਵਿਉਂਤ ਬਣਾਈ। ਉਨ੍ਹਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਇਸ ਚੌਕੀ ਉਤੇ ਸਿਪਾਹੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਉਹ ਬੜੀ ਅਸਾਨੀ ਨਾਲ ਸਾਰਾਗੜ੍ਹੀ ਉਤੇ ਕਬਜ਼ਾ ਕਰ ਲੈਣਗੇ। ਹਮਲਾਵਰਾਂ ਨੇ ਚੌਕੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਜਿਸ ਨਾਲ ਚੌਕੀ ਦਾ ਸੰਪਰਕ ਅਪਣੀ ਬਾਕੀ ਅੰਗਰੇਜ਼ ਫ਼ੌਜ ਨਾਲੋਂ ਬਿਲਕੁਲ ਟੁੱਟ ਗਿਆ। ਕਬਾਇਲੀਆਂ ਨੇ ਸਿੱਖ ਸਿਪਾਹੀਆਂ ਨੂੰ ਚਿਤਾਵਨੀ ਦਿਤੀ ਕਿ ਉਹ ਬਿਨਾਂ ਮੁਕਾਬਲਾ ਆਤਮ ਸਮਰਪਣ ਕਰ ਕੇ ਅਪਣੀ ਜਾਨ ਬਚਾ ਸਕਦੇ ਹਨ। ਫਿਰ ਉਨ੍ਹਾਂ ਨੇ ਹੌਲਦਾਰ ਈਸ਼ਰ ਸਿੰਘ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿਤੇ ਕਿ ਚੌਕੀ ਵਿਚ ਮੌਜੂਦ ਸਿਪਾਹੀਆਂ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਬਾਹਰ ਨਿਕਲਣ ਲਈ ਸੁਰਖਿਅਤ ਰਸਤਾ ਦਿਤਾ ਜਾਵੇਗਾ ਪਰ ਸਾਰਾਗੜ੍ਹੀ ਵਿਚ ਰਹਿ ਰਹੇ ਸਿੱਖ ਸੈਨਿਕਾਂ ਨੇ ਅਪਣੀ ਜਾਨ ਬਚਾਉਣ ਲਈ ਕੋਈ ਪੇਸ਼ਕਸ਼ ਸਵੀਕਾਰ ਕਰਨ ਦੀ ਬਜਾਏ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿਤਾ ਅਤੇ ਇਕੋ ਹੱਲੇ ਵਿਚ ਅਫ਼ਰੀਦੀ, ਕਬਾਇਲੀ ਸੈਨਿਕਾਂ ਦੇ ਪੈਰ ਉਖਾੜ ਦਿਤੇ।

ਇਹ ਲੜਾਈ ਸਵੇਰੇ 9.30 ਦੇ ਕਰੀਬ ਸ਼ੁਰੂ ਹੋਈ ਸੀ। ਅਫ਼ਰੀਦੀ ਹਮਲਾਵਰ 10 ਹਜ਼ਾਰ ਦੇ ਕਰੀਬ ਸਨ। ਦੁਪਹਿਰ ਤਕ ਭਾਰੀ ਗਿਣਤੀ ਵਿਚ ਦੁਸ਼ਮਣ ਮਾਰਿਆ ਗਿਆ। 12 ਸਿੱਖ ਸੈਨਿਕ ਵੀ ਹੁਣ ਤਕ ਸ਼ਹੀਦ ਹੋ ਚੁੱਕੇ ਸਨ। ਬਾਕੀ ਬਚੇ ਸਿੱਖ ਸੈਨਿਕਾਂ ਕੋਲ ਗੋਲੀ ਬਾਰੂਦ ਵੀ ਬਹੁਤ ਘੱਟ ਰਹਿ ਗਿਆ ਸੀ। ਅਫ਼ਰੀਦੀਆਂ ਦੀ ਇਕ ਟੋਲੀ ਕਿਸੇ ਤਰ੍ਹਾਂ ਚੌਕੀ ਦੀ ਇਕ ਪਾਸੇ ਦੀ ਕੰਧ ਨੂੰ ਤੋੜਨ ਵਿਚ ਸਫ਼ਲ ਹੋ ਜਾਂਦੀ ਹੈ ਪਰ ਅਣਖੀਲੇ ਅਤੇ ਜਾਂਬਾਜ਼ ਸਿੱਖ ਫ਼ੌਜੀਆਂ ਨੇ ਬਹਾਦਰੀ ਨਾਲ ਇਨ੍ਹਾਂ ਨੂੰ ਚੌਕੀ ਦੇ ਅੰਦਰ ਆਉਣ ਤੋਂ ਰੋਕੀ ਰਖਿਆ। ਅਫ਼ਰੀਦੀ ਹਮਲਾਵਰਾਂ ਨੇ ਗੜ੍ਹੀ ਦੇ ਬਾਹਰ ਘਾਹ-ਫੂਸ ਨੂੰ ਅੱਗ ਲਾ ਦਿਤੀ। ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ।

SaragarhiSaragarhi

ਦੁਸ਼ਮਣ ਫ਼ੌਜ ਦੇ ਕੱੁਝ ਸਿਪਾਹੀ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਗੜ੍ਹੀ ਦੇ ਅੰਦਰ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ। ਇਸ ਸਮੇਂ ਤਕ ਸਿੱਖ ਫ਼ੌਜੀਆਂ ਕੋਲ ਗੋਲੀ ਸਿੱਕਾ ਖ਼ਤਮ ਹੋ ਚੁਕਿਆ ਸੀ ਪਰ ਹੌਸਲਾ ਉਸੇ ਤਰ੍ਹਾਂ ਕਾਇਮ ਸੀ। ਉਹ ਬੰਦੂਕਾਂ ਦੇ ਅੱਗੇ ਲੱਗੇ ਬੋਨਟਾਂ ਨਾਲ ਹੀ ਮੁਕਾਬਲਾ ਕਰ ਰਹੇ ਸਨ। ਹੁਣ ਤਕ ਸੈਂਕੜੇ ਕਬਾਇਲੀ ਅਤੇ ਅਫ਼ਰੀਦੀਆਂ ਨੂੰ ਸਿੱਖ ਫ਼ੌਜੀਆਂ ਨੇ ਅਪਣੀ ਬੇਮਿਸਾਲ ਬਹਾਦਰੀ ਨਾਲ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। 20 ਸਿੱਖ ਫ਼ੌਜੀ ਇਸ ਗਹਿਗੱਚ  ਲੜਾਈ ਵਿਚ ਸ਼ਾਮ ਤਕ ਸ਼ਹੀਦੀ ਜਾਮ ਪੀ ਚੁੱਕੇ ਸਨ। ਸਿਰਫ਼ ਸਿਗਨਲਮੈਨ ਗੁਰਮੁਖ ਸਿੰਘ ਹੁਣ ਤਕ ਜਿਊਂਦਾ ਸੀ। ਗੁਰਮੁਖ ਸਿੰਘ ਨੇ ਕਰਨਲ ‘ਹਾਰਟਨ’ ਨੂੰ ਆਖ਼ਰੀ ਸੰਦੇਸ਼ ਭੇਜਿਆ ਕਿ ਮੇਰੇ ਸਾਰੇ ਸਾਥੀ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਚੁੱਕੇ ਹਨ ਅਤੇ ਹੁਣ ਮੈਂ ਵੀ ਸਿਗਨਲ ਬੰਦ ਕਰ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਜਾ ਰਿਹਾ ਹਾਂ। ਮੈਨੂੰ ਆਗਿਆ ਦਿਤੀ ਜਾਵੇ। ਇਸ ਨਾਲ ਹੀ ਉਸ ਨੇ ਸਿਗਨਲ ਬੰਦ ਕੀਤਾ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਉਂਦਾ ਅੱਗੇ ਵਧ ਕੇ ਪੰਦਰਾਂ ਵੀਹ ਦੁਸ਼ਮਣ ਸੈਨਿਕਾਂ ਨੂੰ ਬੋਨਟ ਨਾਲ ਥਾਏਂ ਢੇਰ ਕਰ ਦਿਤਾ।

ਕਬਾਇਲੀ ਅਤੇ ਅਫ਼ਰੀਦੀਆਂ ਦੁਆਰਾ ਸਾਰੇ ਸਿੱਖ ਫ਼ੌਜੀਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਗੜ੍ਹੀ ਨੂੰ ਅੱਗ ਲਾ ਦਿਤੀ ਗਈ। ਇਸ ਤਰ੍ਹਾਂ 36 ਸਿੱਖ ਰੈਜੀਮੈਂਟ (ਅਜਕਲ ਭਾਰਤੀ ਫ਼ੌਜ ਦੀ 4 ਸਿੱਖ ਬਟਾਲਿਨ) ਦੇ ਇਹ 21 ਬਹਾਦਰ ਜਾਬਾਜ਼ ਸਿਪਾਹੀ ਅਪਣੇ ਕਮਾਂਡਰ ਹੌਲਦਾਰ ਈਸ਼ਰ ਸਿੰਘ ਜੋ ਕਿ ਲੁਧਿਆਣੇ ਦੇ ਕੋਲ ਝੋਰੜਾ ਪਿੰਡ ਦੇ ਰਹਿਣ ਵਾਲੇ ਸਨ, ਦੀ ਅਗਵਾਈ ਵਿਚ ਅਦੁਤੀ ਬਹਾਦਰੀ ਰਾਹੀਂ ਅਪਣੀਆਂ ਜਾਨਾਂ ਕੁਰਬਾਨ ਕਰ ਗਏ। ਘੱਟ ਗਿਣਤੀ ਹੋਣ ਦੇ ਬਾਵਜੂਦ ਇਨ੍ਹਾਂ ਨੇ ਦੁਸ਼ਮਣ ਦੀ ਈਨ ਨਾ ਮੰਨੀ। ਦੁਸ਼ਮਣ ਵੀ ਸਿੱਖ ਸੈਨਿਕਾਂ ਦੇ ਇਸ ਜਜ਼ਬੇ ਉਤੇ ਹੈਰਾਨ ਹੋਏ ਬਿਨਾਂ ਨਾ ਰਹਿ ਸਕਿਆ।

SaragarhiSaragarhi

ਇਸ ਸਾਕੇ ਦੀ ਗੂੰਜ ਜਦੋਂ ਬਰਤਾਨੀਆਂ ਦੀ ਪਾਰਲੀਮੈਂਟ ਵਿਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਅਪਣੀਆਂ ਕੁਰਸੀਆਂ ਤੇ ਖੜੇ ਹੋ ਕੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ ਦਿਤੀ। ਵਿਸ਼ਵ ਭਰ ਵਿਚ ਇਸ ਬੇਮਿਸਾਲ ਲੜਾਈ ਦੀ ਚਰਚਾ ਕੀਤੀ ਗਈ। ਸੰਸਾਰ ਭਰ ਦੀਆਂ ਅਖ਼ਬਾਰਾਂ ਵਿਚ ਇਸ ਲੜਾਈ ਦਾ ਜ਼ਿਕਰ ਕੀਤਾ ਗਿਆ। ਇਨ੍ਹਾਂ ਬਹਾਦਰਾਂ ਨੂੰ ਇੰਗਲੈਂਡ ਸਰਕਾਰ ਵਲੋਂ ਭਾਰਤੀ ਫ਼ੌਜੀਆਂ ਨੂੰ ਦਿਤਾ ਜਾਣ ਵਾਲਾ ਸੱਭ ਤੋਂ ਵੱਡਾ ਸਨਮਾਨ ‘ਇੰਡਿਅਨ ਆਰਡਰ ਆਫ਼ ਮੈਰਿਟ’ ਜੋ ਕਿ ਅੱਜ ਦੇ ‘ਪਰਮਵੀਰ ਚੱਕਰ’ ਦੇ ਬਰਾਬਰ ਹੈ, ਦਾ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਹਰ ਸ਼ਹੀਦ ਫ਼ੌਜੀ ਦੇ ਪ੍ਰਵਾਰ ਨੂੰ ਦੋ ਮੁਰੱਬੇ ਜ਼ਮੀਨ ਅਤੇ 500 ਰੁਪਏ ਦੀ ਨਕਦ ਰਾਸ਼ੀ ਵੀ ਦਿਤੀ ਗਈ। ਭਾਰਤੀ ਯੋਧਿਆਂ ਦੇ ਇਤਿਹਾਸ ਵਿਚ ਅਜ ਤਕ ਏਨਾ ਵੱਡਾ ਸਨਮਾਨ ਇਕੱਠਿਆਂ ਏਨੀ ਵੱਡੀ ਗਿਣਤੀ ਸੈਨਿਕਾਂ ਨੂੰ ਨਹੀਂ ਮਿਲਿਆ।

ਪੰਜਾਬ ਅੰਦਰ ਸਾਰਾਗੜ੍ਹੀ ਸਾਕੇ ਦੀ ਯਾਦਗਾਰ ਦੋ ਸ਼ਹਿਰਾਂ ਵਿਚ ਬਣੀ ਹੋਈ ਹੈ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ। ਦੋਵਾਂ ਥਾਵਾਂ ਉਤੇ ਉਨ੍ਹਾਂ 21 ਸ਼ਹੀਦ ਸਿੱਖ ਸੈਨਿਕਾਂ ਦੇ ਨਾਂ ਬੜੇ ਅਦਬ ਸਤਿਕਾਰ ਨਾਲ ਲਿਖੇ ਹੋਏ ਹਨ। ਇਹ ਨਾਂ ਹਨ: ਹਵਾਲਦਾਰ ਸ: ਈਸ਼ਰ ਸਿੰਘ ਝੋਰੜਾ, ਸ: ਲਾਲ ਸਿੰਘ, ਸ: ਚੰਦਾ ਸਿੰਘ ਲਾਸ ਨਾਇਕ, ਸ: ਸੁੰਦਰ ਸਿੰਘ, ਸ: ਉੱਤਮ ਸਿੰਘ, ਸ: ਹੀਰਾ ਸਿੰਘ, ਸ: ਰਾਮ ਸਿੰਘ, ਸ: ਜੀਵਾ ਸਿੰਘ, ਸ: ਜੀਵਨ ਸਿੰਘ, ਸ: ਗੁਰਮੁਖ ਸਿੰਘ ਸਿਗਨਲਮੈਨ, ਸ: ਭੋਲਾ ਸਿੰਘ, ਸ: ਬੂਟਾ ਸਿੰਘ, ਸ:ਨੰਦ ਸਿੰਘ, ਸ: ਸਾਹਿਬ ਸਿੰਘ, ਦਿਆ ਸਿੰਘ, ਸ:ਭਗਵਾਨ ਸਿੰਘ, ਸ: ਨਰਾਇਣ ਸਿੰਘ, ਸ: ਗੁਰਮੁਖ ਸਿੰਘ, ਸ: ਸਿੰਦਰ ਸਿੰਘ, ਸੇਵਾਦਾਰ ਦਾਉ ਸਿੰਘ ਅਤੇ ਦਾਦ ਸਿੰਘ।

Battle of SaragarhiBattle of Saragarhi

ਅੱਜ ਫ਼ਰਾਂਸ ਦੇ ਸਕੂਲਾਂ ਵਿਚ ਸਾਰਾਗੜ੍ਹੀ ਦੀ ਲੜਾਈ ਨੂੰ ਬੜੇ ਸ਼ੌਂਕ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆਂ ਜਾਂਦਾ ਹੈ। ਪਿੱਛੇ ਜਹੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ‘ਟੋਨੀ ਬਲੇਅਰ’ ਨੇ ਇਕ ਪੱਤਰ ਰਾਹੀਂ ਭਾਰਤੀ ਸਰਕਾਰ ਕੋਲ ਇਸ ਅਦੁਤੀ ਸਾਕੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਸਾਕੇ ਨੂੰ ਯਾਦ ਕਰ ਕੇ ਜਿਥੇ ਭਾਰਤੀ ਦੇਸ਼ ਵਾਸੀਆਂ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਜਾਂਦਾ ਹੈ, ਉਥੇ ਪਠਾਣਾਂ ਅਤੇ ਅਫ਼ਰੀਦੀਆਂ ਦੀਆਂ ਨਸਲਾਂ ਦੇ ਅੱਜ ਵੀ ਇਸ ਲੜਾਈ ਨੂੰ ਯਾਦ ਕਰ ਕੇ ਲੂੰ-ਕੰਡੇ ਖੜੇ ਹੋ ਜਾਂਦੇ ਹਨ। ਇਸ ਲੜਾਈ ਦੇ ਹੌਲਦਾਰ ਕਮਾਂਡਰ ਈਸ਼ਰ ਸਿੰਘ ਸਿੰਘ ਦੇ ਪ੍ਰਵਾਰਕ ਮੈਂਬਰਾਂ ਸ. ਬਿੱਕਰ ਸਿੰਘ ਅਤੇ ਸ. ਸੰਤੋਖ ਸਿੰਘ ਵਲੋਂ ਹਰ ਸਾਲ ਅਪਣੇ ਪਿੰਡ ਝੋਰੜਾ, ਜ਼ਿਲ੍ਹਾ ਲੁਧਿਆਣਾ ਵਿਚ ਬਣੀ ਸ. ਈਸ਼ਰ ਸਿੰਘ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਕਰਵਾਏ ਜਾਂਦੇ ਹਨ ਅਤੇ ਇਸ ਮੌਕੇ ਉਤੇ ਇਲਾਕਾ ਨਿਵਾਸੀਆਂ ਅਤੇ ਭਾਰਤੀ ਫ਼ੌਜ ਵਲੋਂ ਇਸ ਮਹਾਨ ਯੋਧੇ ਦੀ ਯਾਦਗਾਰ ਉਪਰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement