Hola Mohalla 2025: ਹੋਲਾ ਮਹੱਲਾ-ਉਸਾਰੂ ਸੋਚ ਤੇ ਉਤਸ਼ਾਹ ਦਾ ਪ੍ਰਤੀਕ
Published : Mar 13, 2025, 3:25 pm IST
Updated : Mar 13, 2025, 3:25 pm IST
SHARE ARTICLE
Hola Mohalla 2025 special article
Hola Mohalla 2025 special article

ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਤੇ ਉਤਸ਼ਾਹ ਦਾ ਪ੍ਰਤੀਕ ਹੈ।

Hola Mohalla 2025:  ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ’ਚ ਸੰਗਤਾਂ ਹੋਲੇ ਮਹੱਲੇ ਦਾ ਵਿਸ਼ੇਸ਼ ਸਮਾਗਮ ਤੇ ਖ਼ਾਲਸਾਈ ਜਾਹੋ-ਜਲਾਲ ਵੇਖਣ ਲਈ ਪਹੁੰਚਦੀਆਂ ਹਨ। ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਤੇ ਉਤਸ਼ਾਹ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1699 ’ਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਉਸ ਸਮੇਂ ਦੇ ਰਾਜਿਆਂ ਦੇ ਜ਼ੁਲਮ ਨੂੰ ਖ਼ਤਮ ਕਰਨ ਲਈ ਇਕ ਸ਼ਕਤੀ-ਸ਼ਾਲੀ ਕੌਮ ਦੀ ਸਿਰਜਣਾ ਕੀਤੀ। 

ਹੋਲੀ ਦੇ ਤਿਉਹਾਰ ਨੂੰ ਸਿਰਫ਼ ਰੰਗਾਂ ਨਾਲ ਖੇਡਦੇ ਹੋਏ ਮਨਾਇਆ ਜਾਂਦਾ ਸੀ। ਉਸ ਨੂੰ ਅਧਿਆਤਮਕ ਰੰਗ ਦੇਣ ਲਈ ਤੇ ਸਮਾਜ ’ਚ ਫੈਲੀਆਂ ਕੁਰੀਤੀਆਂ ਤੇ ਜ਼ੁਲਮ ਦੂਰ ਕਰਨ ਲਈ ਮੁਰਦਾ ਹੋ ਚੁੱਕੀਆਂ ਰੂਹਾਂ ਅੰਦਰ ਜੋਸ਼ ਪੈਦਾ ਕਰਨ ਲਈ  ਹੋਲਾ ਮਹੱਲਾ ਮਨਾਉਣਾ ਆਰੰਭਿਆ ਗਿਆ। ਉਸ ਸਮੇਂ ਦੇ ਜ਼ਾਲਮ ਹਾਕਮਾਂ ਦੇ ਜਬਰ ਵਿਰੁਧ ਸੰਘਰਸ਼ ਕਰਨ ਤੇ ਕੌਮ ’ਚ ਜੋਸ਼ ਪੈਦਾ ਕਰਨ ਲਈ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ਵਿਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ।

ਉਨ੍ਹਾਂ ਵਲੋਂ ਖ਼ਾਲਸਾਈ ਫ਼ੌਜਾਂ ਦੇ ਦੋ ਦਲਾਂ ’ਚ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਹੋਏ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਜੇਤੂਆਂ ਨੂੰ ਸਨਮਾਨਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਪ੍ਰੰਪਰਾ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਜਦੋਂ ਹੋਲੇ ਮਹੱਲੇ ਦੇ ਇਕੱਠ ਨੂੰ ਜਲੂਸ ਦੇ ਰੂਪ ’ਚ ਕੱਢਿਆ ਜਾਂਦਾ ਹੈ ਤਾਂ ਉਸ ਦੇ ਅੱਗੇ-ਅੱਗੇ ਯੁੱਧ ਕਲਾ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਸਮੇਂ ਦੀ ਮੰਗ ਅਨੁਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਨ੍ਹਾਂ ਅੰਦਰ ਸ੍ਰੀਰਕ ਤੌਰ ’ਤੇ ਵੀ ਜੋਸ਼ ਪੈਦਾ ਕਰਨ ਲਈ ਨਵੇਂ ਸਾਧਨ ਅਪਣਾਏ ਗਏ। ਇਸ ’ਚ ਉਨ੍ਹਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ’ਤੇ ਜ਼ੋਰ ਦਿਤਾ। ਇਸ ਆਦਰਸ਼ ਲਈ ਸ਼ਸਤਰਾਂ ਦਾ ਸਤਿਕਾਰ ਤੇ ਸਦਉਪਯੋਗ ਕਰਨ ਉਪਰ ਜ਼ੋਰ ਦਿੱਤਾ ਗਿਆ।

ਇਸ ਬਦਲਾਅ ਤਰਕ ਨਾਲ ਹੀ ਖ਼ਾਲਸਾ ਪੰਥ ’ਚ ਹੋਲੇ ਮਹੱਲੇ ਦਾ ਪੁਰਬ ਮਨਾਇਆ ਜਾਣ ਲੱਗਾ। ਇਸ ਦਾ ਮੰਤਵ ਅਤੇ ਉਦੇਸ਼ ਸਿੱਖ ਕੌਮ ’ਚ ਬਹੁਤ ਉਸਾਰੂ ਅਤੇ ਸਾਰਥਕ ਸੇਧ ਦੇਣਾ ਸੀ। ਹਰ ਰੁੱਤ ਦੇ ਬਦਲਣ ’ਤੇ ਅਪਣੇ ਦਿਲ ਦੇ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਭਾਰਤ ਵਿਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਤ ਕੀਤੇ ਹੋਏ ਹਨ ਪਰ ਸਿੱਖ ਗੁਰੂਆਂ ਨੇ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿਚ ਨਵਾਂ ਪਰਿਵਰਤਨ ਲਿਆਉਣ ਲਈ ਗੁਰਮਤਿ ਸੱਭਿਆਚਾਰ ਸਿਰਜਿਆ ਤਾਂ ਜੋ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਹੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ। ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਮਨਾਉਣ ਆਈਆਂ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।

ਹੋਲੇ ਮਹੱਲੇ ਦੀਆਂ ਤਿਆਰੀਆਂ ਕਾਫ਼ੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਹਫ਼ਤਾ ਭਰ ਪੰਜਾਬ ਦੀਆਂ ਸਾਰੀਆਂ ਸੜਕਾਂ ਦੇ ਕਿਨਾਰਿਆਂ ਤੇ ਟੈਂਟ ਲਗਾ ਕੇ ਵੱਖ-ਵੱਖ ਪਿੰਡਾਂ ਅਤੇ ਨਗਰਾਂ ਵੱਲੋਂ ਹੋਲੇ ਮੁਹੱਲੇ ਤੇ ਜਾਣ-ਆਉਣ ਵਾਲੀਆਂ ਸੰਗਤਾਂ ਦੀ ਸੁੱਖ ਸਹੂਲਤ ਲਈ ਵੱਖ-ਵੱਖ ਪ੍ਰਕਾਰ ਦੇ ਪਕਵਾਨ ਤਿਆਰ ਕਰ ਕੇ ਲੰਗਰ ਲਗਾਏ ਜਾਂਦੇ ਹਨ। ਲੰਗਰ ਵਰਤਾਉਣ ਵਾਲਿਆਂ ’ਚ ਉਤਸ਼ਾਹ ਵੇਖਣ ਵਾਲ਼ਾ ਹੁੰਦਾ ਹੈ।

ਹੋਲੇ ਮਹੱਲੇ ਦੇ ਮੇਲੇ ’ਚ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਉੱਥੇ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ। ਲੋਕਾਂ ਨੂੰ ਅਪਣੇ ਵਾਹਨ ਕਿੰਨੀ ਕਿੰਨੀ ਦੂਰ ਖੜੇ ਕਰ ਕੇ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਪੈਂਦਾ ਹੈ। ਮੱਥਾ ਟੇਕਣ ਲਈ ਵੀ ਕਈ ਕਈ ਘੰਟੇ ਕਤਾਰਾਂ ’ਚ ਖੜੇ ਰਹਿਣਾ ਪੈਂਦਾ ਹੈ। ਸੰਗਤਾਂ ਦੋ-ਤਿੰਨ ਦਿਨ ਪਹਿਲਾਂ ਤੋਂ ਹੀ ਉੱਥੇ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਢਾਡੀ ਵਾਰਾਂ ਨਾਲ ਸਾਰਾ ਵਾਤਾਵਰਣ ਬੀਰ ਰਸ ਭਰਪੂਰ ਹੋ ਜਾਂਦਾ ਹੈ। ਹੋਲੇ ਮਹੱਲੇ ਵਾਲੇ ਦਿਨ ਪ੍ਰੰਪਰਾਗਤ ਤਰੀਕੇ ਨਾਲ ਗੱਤਕਾ, ਨੇਜ਼ੇ ਅਤੇ ਤਲਵਾਰਾਂ ਦੇ ਕਰਤੱਬ ਦਿਖਾਉਂਦੇ ਹੋਏ ਨਿਹੰਗ ਸਿੰਘ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਜਲੂਸ ਦੇ ਰੂਪ ਵਿਚ ਰੰਗ ਸੁਟਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚਲਦੇ ਹੋਏ ਹਰ ਸਾਲ ਹੋਲੇ ਮਹੱਲੇ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਜਾਂਦਾ ਹੈ।

ਬਰਜਿੰਦਰ ਕੌਰ ਬਿਸਰਾਓ
ਮੋਬਾ: 99889-01324

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement