
'ਦਸਤਾਰ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ (ਹੱਥਾਂ ਨਾਲ ਸੰਵਾਰ ਕੇ ਬੰਨਿ੍ਹਆ ਵਸਤਰ) |
ਦਸਤਾਰ, ਪੱਗ ਜਾਂ ਪਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ | 'ਦਸਤਾਰ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ (ਹੱਥਾਂ ਨਾਲ ਸੰਵਾਰ ਕੇ ਬੰਨਿ੍ਹਆ ਵਸਤਰ) | ਦਸਤਾਰ ਦਾ ਸਿੱਖੀ ਨਾਲ ਬੜਾ ਗੂੜ੍ਹਾ ਸਬੰਧ ਹੈ | ਸਿਰਫ਼ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿਚ ਪੱਗ ਬੰਨ੍ਹਣੀ ਜ਼ਰੂਰੀ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਵੇਲੇ ਹਰ ਸਿੱਖ ਨੂੰ ਪੱਗ ਬੰਨ੍ਹਣ ਲਈ ਕਿਹਾ ਤਾਂ ਜੋ ਨਿਆਰਾ ਸਿੱਖ ਹਜ਼ਾਰਾਂ ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ |
ਦਸਤਾਰ ਸਜਾਉਣੀ ਸਿੱਖੀ ਵਿਚ ਪ੍ਰਪੱਕ ਹੋਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕਾਂ ਵਿਚ ਆਤਮ ਵਿਸ਼ਵਾਸ 'ਚ ਵੀ ਵਾਧਾ ਕਰਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖ਼ਸ਼ੇ ਪੰਜ ਕਕਾਰਾਂ ਵਿਚੋਂ ਕਕਾਰ 'ਕੇਸਾਂ' ਨੂੰ ਵੀ ਸੰਭਾਲਣ ਵਿਚ ਮਦਦ ਕਰਦੀ ਹੈ | 'ਸਿੱਖ ਦਸਤਾਰ ਦਿਵਸ' ਸਾਰੇ ਵਿਸ਼ਵ ਵਿਚ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ |
Turban
ਅੱਜ ਜਦੋਂ ਸਾਰੇ ਸੰਸਾਰ ਵਿਚ ਦਸਤਾਰ ਪ੍ਰਤੀ ਚੇਤਨਤਾ ਵੱਧ ਰਹੀ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਾਰੇ ਵਿਅਕਤੀ ਜੋ ਸਿੱਖ ਧਰਮ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੇ ਅਪਣਾ ਧਿਆਨ ਦਸਤਾਰ ਵਲ ਕਰ ਲਿਆ ਹੈ | ਭਾਵੇਂ ਇਸ ਦੇ ਪਿਛੋਕੜ ਵਿਚ 9/11 ਦੀ ਵਾਪਰੀ ਘਟਨਾ ਤੋਂ ਬਾਅਦ ਹੋਈਆਂ ਘਟਨਾਵਾਂ ਅਤੇ ਫਰਾਂਸ ਵਿਚ ਦਸਤਾਰ 'ਤੇ ਲਗਾਈ ਪਾਬੰਦੀ ਹੈ | ਕਈ ਸੰਸਥਾਵਾਂ ਨੇ ਆਪੋ ਅਪਣੇ ਤਰੀਕੇ ਨਾਲ ਦਸਤਾਰ ਪ੍ਰਤੀ ਸਿੱਖਾਂ ਅਤੇ ਗ਼ੈਰ ਸਿੱਖਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਉਲੀਕੇ ਹਨ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਮਿਹਨਤ ਕਰ ਰਹੀਆਂ ਹਨ |
Turban
ਇਸੇ ਪ੍ਰਕਾਰ 'ਅਕਾਲ ਪੁਰਖ ਕੀ ਫ਼ੌਜ' ਸੰਸਥਾਂ ਵਲੋਂ ਦਸਤਾਰ ਸਵੈ-ਮਾਣ ਲਹਿਰ 2005 ਵਿਚ ਅਰੰਭੀ ਗਈ ਸੀ ਜਿਸ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਸਨ | ਸੰਸਥਾ ਵਲੋਂ ਕੌਮੀ ਦਸਤਾਰ ਬੰਦੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਤਹਿਤ ਸਮੂਹਕ ਰੂਪ ਵਿਚ ਵੱਡੇ ਸਮਾਗਮ ਕਰ ਕੇ ਬੱਚਿਆਂ ਨੂੰ ਦਸਤਾਰ ਸਜਾਉਣ ਤੇ ਸਹਿਬਜ਼ਾਦਿਆਂ ਦੇ ਵਾਰਸ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ |
ਵਿਸਾਖੀ ਦੇ ਦਿਨ ਵਿਸ਼ਵ ਨੂੰ ਸਿੱਖ ਦੀ ਦਸਤਾਰ ਰਾਹੀਂ ਵਿਸ਼ਵ ਨੂੰ ਸਾਂਝ ਦਾ ਸੁਨੇਹਾ ਦੇਣ ਹਿੱਤ ਸਿੱਖ ਦਸਤਾਰ ਦਿਵਸ ਮਨਾਇਆ ਜਾਂਦਾ ਹੈ | ਇਸ ਤੋਂ ਇਲਾਵਾ ਸੰਸਥਾ ਵਲੋਂ ਦਸਤਾਰ ਕਲੀਨਿਕ, ਦਸਤਾਰ ਮਹਾਨਤਾ ਮੁਕਾਬਲੇ ਅਤੇ ਮਿਸਟਰ ਸਿੱਖ ਇੰਟਰਨੈਸ਼ਨਲ ਆਦਿ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ | ਇਸ ਗੱਲ ਦਾ ਮੈਨੂੰ ਉਸ ਵੇਲੇ ਅਹਿਸਾਸ ਹੋਇਆ ਜਦੋਂ ਮੈਂ ਆਸਟ੍ਰੇਲੀਆ ਅਪਣੇ ਬੱਚੇ ਨੂੰ ਮਿਲਣ ਗਿਆ | ਵਿਸਾਖੀ ਵਾਲੇ ਦਿਨ ਮੈਲਬੋਰਨ ਸਿਟੀ ਦੇ ਪੁਰਾਣੇ ਬਣੇ ਰੇਲਵੇ ਸਟੇਸਨ ਦੇ ਸਾਹਮਣੇ ਵਿਸਾਖੀ ਮਨਾਈ ਗਈ ਤੇ ਉੱਥੇ ਮੁਫ਼ਤ ਦਸਤਾਰ ਬੰਦੀ ਕੀਤੀ ਜਾ ਰਹੀ ਸੀ |
In file photo
ਲੋਕ ਦਸਤਾਰਾਂ ਬਹੁਤ ਹੀ ਸ਼ੌਂਕ ਨਾਲ ਬੰਨ੍ਹਵਾ ਰਹੇ ਸਨ | ਮੈਂ ਤੇ ਮੇਰੇ ਬੇਟੇ ਨੇ ਤਾਂ ਦਸਤਾਰ ਬੰਨ੍ਹੀ ਰਹੀ ਸੀ | ਮੈਂ ਅਪਣੀ ਘਰ ਵਾਲੀ ਤੇ ਨੂੰ ਹ ਨੂੰ ਉੱਥੋਂ ਦਸਤਾਰਾਂ ਬੰਨ੍ਹਵਾਈਆਂ ਤੇ ਫ਼ੋਟੋ ਲਵਾਈ ਜੋ ਮੈਨੂੰ ਬਹੁਤ ਚੰਗਾ ਲੱਗਾ | ਗੋਰੇ ਵੀ ਦਸਤਾਰ ਬੰਨ੍ਹਾ ਰਹੇ ਸਨ | ਮੇਰੇ ਦਿਲ ਵਿਚ ਇਹ ਗੱਲ ਘਰ ਕਰ ਗਈ ਕਿ ਸਾਡੇ ਮੁਲਕ ਵਿਚ ਬੱਚੇ ਸਿਰ ਮੂੰਹ ਮੁਨਵਾ ਕੇ ਦਸਤਾਰ ਤੋਂ ਦੂਰ ਜਾ ਰਹੇ ਹਨ ਪਰ ਵਿਦੇਸ਼ਾਂ ਵਿਚ ਪੰਜਾਬੀ ਇਸ ਨੂੰ ਸਾਂਭ ਰਹੇ ਹਨ | ਬੱਚਿਆਂ ਨੂੰ 'ਜਾਗਰੂਕ' ਕਰਨ ਲਈ ਪੰਜਾਬੀ ਅਖ਼ਬਾਰ ਨੇ 'ਦਸਤਾਰ ਮੇਰੀ ਪਹਿਚਾਣ' ਦੀ ਮੁਹਿੰਮ ਚਲਾਈ ਸੀ ਉਹਦੇ ਰਾਹੀਂ ਬੱਚਿਆਂ ਵਿਚ ਦਸਤਾਰ ਬਾਰੇ ਕਾਫ਼ੀ ਚੇਤਨਤਾ ਪੈਦਾ ਹੋਈ ਸੀ |
Sikhs
ਫ਼ਿਲਮਾਂ ਵਿਚ ਵੀ ਹੁਣ ਪਗੜੀ ਬੰਨ੍ਹਣ ਵਾਲੇ ਹੀਰੋ ਆ ਰਹੇ ਹਨ | ਆਸਟ੍ਰੇਲੀਆਈ ਗੋਰੇ ਵੀ ਮੇਰੀ ਪਗੜੀ ਦੇਖ ਮੈਨੂੰ ਸਲੂਟ ਕਰਦੇ ਸੀ | ਵਿਦੇਸ਼ ਵਿਚ ਗਏ ਪੰਜਾਬੀ ਵੀ ਮੇਰਾ ਪਗੜੀ ਦਾ ਪਹਿਰਾਵਾ ਦੇਖ ਮੈਨੂੰ ਮਿਲ ਕੇ ਘਰ ਆਉਣ ਦੀ ਦਾਵਤ ਤਕ ਦਿੰਦੇ ਸੀ | ਵਿਦੇਸ਼ਾਂ ਵਿਚ ਪਗੜੀਧਾਰੀ ਸਿੱਖ ਬੱਚੇ ਬੱਚੀਆਂ ਪੁਲੀਸ ਤੇ ਮਿਲਟਰੀ ਵਿਚ ਭਰਤੀ ਹੋਏ ਹਨ ਜਿਸ ਨਾਲ ਸਿੱਖਾਂ ਦੀ ਪਹਿਚਾਣ ਹੋਣ ਨਾਲ ਜੋ ਨਸਲੀ ਘਟਨਾਵਾਂ ਹੁੰਦੀਆਂ ਸਨ, ਉਨ੍ਹਾਂ 'ਤੇ ਰੋਕ ਲੱਗੀ ਹੈ |
Akal Takht Sahib
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕ ਸ਼ਾਹੀ ਕਲੰਡਰ ਵਿਚ ਦਰਜ 13 ਅਪ੍ਰੈਲ ਨੂੰ ਵਿਸ਼ਵ ਪਗੜੀ ਦਿਵਸ ਮਨਾਇਆ ਜਾਂਦਾ ਹੈ | ਮੈਂ ਅਪਣੀ ਪੁਲਿਸ ਦੀ ਨੌਕਰੀ ਵਿਚ ਦੇਖਿਆ ਹੈ ਕਿ ਜਿਸ ਨੇ ਪਗੜੀ ਬੰਨ੍ਹੀ ਹੋਈ ਸੀ ਐਕਸੀਡੈਂਟ ਵਿਚ ਮਰਦੇ ਵੀ ਬਚੇ ਹਨ | ਨਹਿਰਾਂ ਦਰਿਆਵਾਂ ਵਿਚ ਡੁਬਦੇ ਲੋਕਾਂ ਨੂੰ ਵੀ ਬਚਾਇਆ ਗਿਆ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੱਚਿਆਂ ਦੇ ਸੈਮੀਨਾਰ ਲਗਾ ਕੇ ਦਸਤਾਰ ਬੰਨ੍ਹ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਿਚ ਡਿਗ ਰਹੇ ਸਿੱਖੀ ਦੇ ਵਕਾਰ ਨੂੰ ਰੋਕਿਆ ਜਾ ਸਕੇ |
ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ
ਮੋਬਾ : 878600221