
ਕੀਮਤੀ ਰਤਨਾਂ ਦੇ ਭੰਡਾਰ ਬਣੇ ਮੋਟੀ ਕਮਾਈ ਦਾ ਜ਼ਰੀਆ, ਹਰ ਮਹੀਨੇ ਹੋ ਰਹੀ ਕਰੋੜਾਂ ਡਾਲਰਾਂ ਦੀ ਬਰਸਾਤ
ਕਾਬੁਲ (ਸ਼ਾਹ) : ਅਮਰੀਕਾ ਦੇ ਖ਼ਿਲਾਫ਼ ਕਰੀਬ 20 ਸਾਲ ਦੇ ਲੰਬੇ ਸੰਘਰਸ਼ ਮਗਰੋਂ ਤਾਲਿਬਾਨ ਨੇ ਅਗਸਤ 2021 ਵਿਚ ਕਾਬੁਲ ’ਤੇ ਕਬਜ਼ਾ ਕੀਤਾ ਸੀ, ਜਿਸ ਦੇ ਕੁੱਝ ਸਮੇਂ ਬਾਅਦ ਹੀ ਲਗਭਗ ਪੂਰਾ ਅਫ਼ਗਾਨਿਸਤਾਨ.. ਤਾਲਿਬਾਨ ਦੇ ਕਬਜ਼ੇ ਵਿਚ ਆ ਗਿਆ ਸੀ। ਵਿਸ਼ਵ ਦੇ ਕਈ ਦੇਸ਼ਾਂ ਨੇ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ,, ਹੋਰ ਤਾਂ ਹੋਰ ਉਸ ਨਾਲ ਸਬੰਧ ਸਥਾਪਿਤ ਕਰਨ ਤੋਂ ਵੀ ਕਿਨਾਰਾ ਕਰ ਲਿਆ ਸੀ। ਅਜਿਹੇ ਵਿਚ ਵੱਡਾ ਸਵਾਲ ਇਹ ਉਠਦਾ ਰਿਹਾ ਕਿ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਤਾਲਿਬਾਨ ਸਰਕਾਰ ਕਿਵੇਂ ਆਪਣਾ ਪ੍ਰਬੰਧ ਚਲਾਵੇਗੀ ਅਤੇ ਕਿੱਥੋਂ ਉਸ ਨੂੰ ਪੈਸਾ ਆਵੇਗਾ? ਦਰਅਸਲ ਤਾਲਿਬਾਨ ਸਰਕਾਰ ਦੀ ਕਮਾਈ ਦਾ ਵੱਡਾ ਜ਼ਰੀਏ ਅਫ਼ਗਾਨਿਸਤਾਨ ਦੀ ‘ਪੰਜਸ਼ੀਰ ਘਾਟੀ’ ਐ, ਜਿਸ ਨੇ ਉਸ ਨੂੰ ਮਾਲੋ ਮਾਲ ਕੀਤਾ ਹੋਇਐ। ਸੋ ਆਓ ਤੁਹਾਨੂੰ ਦੱਸਦੇ ਆਂ, ਪੰਜਸ਼ੀਰ ਘਾਟੀ ਕਿਵੇਂ ਬਣੀ ਹੋਈ ਐ ਤਾਲਿਬਾਨ ਸਰਕਾਰ ਲਈ ਡਾਲਰਾਂ ਦੀ ਖ਼ਾਣ?
ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਬੇਸ਼ੱਕ ਵਿਸ਼ਵ ਦੇ ਕਈ ਦੇਸ਼ਾਂ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ,, ਪਰ ਤਾਲਿਬਾਨੀ ਲੀਡਰਾਂ ਨੇ ਆਪਣੇ ਆਪ ਨੂੰ ਸੱਤਾ ’ਤੇ ਸਥਾਪਿਤ ਕਰਨ ਲਈ ਠਾਣ ਲਈ ਸੀ, ਜਿਸ ਕਰਕੇ ਤਾਲਿਬਾਨ ਨੇ ਭਾਰਤ ਅਤੇ ਚੀਨ ਵਰਗੇ ਗੁਆਂਢੀ ਮੁਲਕਾਂ ਨਾਲ ਰਿਸ਼ਤਿਆਂ ਦੀ ਬਿਹਤਰੀ ’ਤੇ ਕੰਮ ਕੀਤਾ, ਜਿਸ ਵਿਚ ਉਸ ਨੂੰ ਕਾਮਯਾਬੀ ਵੀ ਹਾਸਲ ਹੋਈ,, ਪਰ ਹਾਲੇ ਵੀ ਤਾਲਿਬਾਨ ਸਰਕਾਰ ’ਤੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ। ਅਜਿਹੇ ਵਿਚ ਹਰ ਕਿਸੇ ਦੇ ਮਨ ਵਿਚ ਇਹ ਸਵਾਲ ਉਠਦਾ ਹੈ ਕਿ ਤਾਲਿਬਾਨ ਸਰਕਾਰ ਦੇਸ਼ ਦਾ ਪ੍ਰਬੰਧ ਕਿਵੇਂ ਚਲਾ ਰਹੀ ਐ? ਕਿੱਥੋਂ ਆ ਰਿਹਾ ਉਸ ਨੂੰ ਪੈਸਾ? ਤਾਂ ਇਸ ਦਾ ਜਵਾਬ ਹੈ ‘ਪੰਜਸ਼ੀਰ ਘਾਟੀ’..ਜੋ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਲਈ ਵੱਡੀ ਕਮਾਈ ਦਾ ਜ਼ਰੀਆ ਬਣੀ ਹੋਈ ਐ। ਇਹ ਅਫ਼ਗਾਨਿਸਤਾਨ ਦਾ ਉਹੀ ਇਲਾਕਾ ਏ, ਜਿੱਥੇ ਤਾਲਿਬਾਨ ਸਰਕਾਰ ਦਾ ਸਭ ਤੋਂ ਬਾਅਦ ਵਿਚ ਕਬਜ਼ਾ ਹੋਇਆ। ਇਸ ਇਲਾਕੇ ’ਤੇ ਕਬਜ਼ਾ ਕਰਨ ਲਈ ਤਾਲਿਬਾਨ ਨੂੰ ਆਪਣੇ ਸੈਂਕੜੇ ਲੜਾਕਿਆਂ ਦੀ ਜਾਨ ਗੁਆਉਣੀ ਪਈ ਸੀ।
ਦਰਅਸਲ ‘ਪੰਜਸ਼ੀਰ ਘਾਟੀ’ ਬੇਸ਼ਕੀਮਤੀ ਹੀਰੇ ਪੰਨਿਆਂ ਦੀਆਂ ਖ਼ਾਣਾਂ ਮੌਜੂਦ ਨੇ, ਜਿਨ੍ਹਾਂ ’ਤੇ ਤਾਲਿਬਾਨ ਦੇ ਵੱਖ-ਵੱਖ ਗੁੱਟਾਂ ਦਾ ਕਬਜ਼ਾ ਹੈ। ਪੰਜਸ਼ੀਰ ਵਿਚ ਦੋ ਵੱਡੀਆਂ ਪੰਨਾ ਖ਼ਾਣਾਂ ਮੌਜੂਦ ਨੇ, ਜਿੱਥੇ ਮੁੱਲਾਂ ਸ਼ਿਰੀਨ ਅਖੁੰਦ ਦੇ ਟਰੱਸਟੀਆਂ ਵਿਚੋਂ ਇਕ ਮੌਲਵੀ ਹਮੀਦੁੱਲ੍ਹਾ ਪੰਨਾ ਮਾਈਨਿੰਗ ਦੇ ਅਬਜ਼ਰਵਰ ਨੇ, ਜਦਕਿ ਸੂਬੇ ਦੇ ਗਵਰਨਰ ਵਜੋਂ ਹਾਫਿਜ ਮੁਹੰਮਦ ਆਗਾ ਹਕੀਮ ਅਫ਼ਗਾਨਿਸਤਾਨ ’ਚ ਪੰਨਾ ਤਸਕਰੀ ਦੀ ਦੇਖਰੇਖ ਕਰਦੇ ਨੇ। ਤਾਲਿਬਾਨ ਦੀ ਮੌਜੂਦਾ ਸਰਕਾਰ ਨੂੰ ਪੰਨਾ ਮਾਈਨਿੰਗ ਤੋਂ ਹਰ ਮਹੀਨੇ ਕਰੀਬ 100 ਮਿਲੀਅਨ ਅਮਰੀਕੀ ਡਾਲਰ ਪ੍ਰਾਪਤ ਹੋ ਰਹੇ ਨੇ, ਜੋ ਉਸ ਦੇ ਲਈ ਆਰਥਿਕ ਤੌਰ ’ਤੇ ਇਕ ਬਹੁਤ ਵੱਡੀ ਮਦਦ ਐ।
ਇਸ ਤੋਂ ਪਹਿਲਾਂ ਸੰਨ 1996 ਵਿਚ ਤਾਲਿਬਾਨ ਨੇ ਜਦੋਂ ਤਤਕਾਲੀ ਰਾਸ਼ਟਰਪਤੀ ਬੁਰਹਾਨੂਦੀਨ ਰੱਬਾਨੀ ਨੂੰ ਸੱਤਾ ਤੋਂ ਹਟਾ ਕੇ ਕਾਬੁਲ ’ਤੇ ਕਬਜ਼ਾ ਕੀਤਾ ਸੀ ਤਾਂ ਉਸ ਸਮੇਂ ਵੀ ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੇ ‘ਅਲ-ਕਾਇਦਾ’ ਨੂੰ ਹਰ ਸਾਲ ਕਰੀਬ 40 ਮਿਲੀਅਨ ਅਮਰੀਕੀ ਡਾਲਰ ਇਨ੍ਹਾਂ ਪੰਨਾ ਖ਼ਾਣਾਂ ਤੋਂ ਹੀ ਪ੍ਰਾਪਤ ਹੁੰਦੇ ਸੀ। ਅਫ਼ਸਗਾਨਿਸਤਾਨ ’ਚ ਕੀਮਤੀ ਪੰਨਿਆਂ ਦੀਆਂ ਇਹ ਖਾਣਾਂ ਕਾਬੁਲ ਤੋਂ 115 ਕਿਲੋਮੀਟਰ ਉਤਰ ਪੂਰਬ ਵਿਚ ਸਥਿਤ ਨੇ ਜੋ ਖੇਂਜ ਪਿੰਡ ਤੋਂ ਦਸ਼ਤ-ਏ-ਰੇਵਤ ਤੱਕ ਫੈਲੀਆਂ ਹੋਈਆਂ ਨੇ। ਪੰਜਸ਼ੀਰ ਨਦੀ ਦੇ ਪੂਰਬੀ ਕਿਨਾਰੇ ’ਤੇ ਪਹਾੜੀ ਇਲਾਕਿਆਂ ਵਿਚਾਲੇ ਸਥਿਤ ਇਹ ਪੰਨਾ ਭੰਡਾਰ 7 ਹਜ਼ਾਰ ਤੋਂ 14300 ਫੁੱਟ ਤੱਕ ਫੈਲੇ ਹੋਏ ਨੇ। ਦਰਅਸਲ ਪੰਜਸ਼ੀਰ ਵਿਚ ਪਾਏ ਜਾਣ ਵਾਲੇ ਪੰਨਿਆਂ ਦਾ ਰੰਗ ਇਕ ਵੱਖਰਾ ਹਰਾ ਅਤੇ ਨੀਲਾ ਹੁੰਦਾ ਹੈ। ਕੌਮਾਂਤਰੀ ਰਤਨ ਬਜ਼ਾਰ ਵਿਚ ਪੰਜਸ਼ੀਰ ਦੇ ਪੰਨਿਆਂ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦੈ। ਆਪਣੇ ਅਸਧਾਰਨ ਰੰਗ ਅਤੇ ਚਮਕ ਕਾਰਨ ਇਸ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਐ। ਇਕ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਇਕ ਹਜ਼ਾਰ ਸਾਲ ਤੋਂ ਪੰਜਸ਼ੀਰ ਘਾਟੀ ਵਿਚੋਂ ਇਹ ਕੀਮਤੀ ਰਤਨ ਕੱਢੇ ਜਾ ਰਹੇ ਨੇ। ਅਫ਼ਗਾਨਿਸਤਾਨ ਦੀਆਂ ਪ੍ਰਮੁੱਖ ਪੰਨਾ ਖਾਣਾਂ ਖੇਂਜ, ਮਿਕੇਨੀ, ਬੁਟਕ, ਬੁਜਮਲ, ਬਾਖੀ ਅਤੇ ਬਰੂਨ ਨੇ,, ਜੋ ਤਾਲਿਬਾਨ ਸਰਕਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਵਿਚ ਵੱਡਾ ਰੋਲ ਅਦਾ ਕਰ ਰਹੀਆਂ ਨੇ। ਹੁਣ ਜਦੋਂ ਭਾਰਤ ਦੇ ਤਾਲਿਬਾਨ ਸਰਕਾਰ ਨਾਲ ਰਿਸ਼ਤੇ ਮਜ਼ਬੂਤ ਹੋ ਰਹੇ ਨੇ ਤਾਂ ਇਨ੍ਹਾਂ ਕੀਮਤੀ ਰਤਨਾਂ ਨਾਲ ਭਾਰਤੀ ਰਤਨ ਕਾਰੋਬਾਰੀਆਂ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ, ਜਿਸ ਦੀ ਵਿਸ਼ਵ ਪੱਧਰੀ ਹੱਬ ਪ੍ਰਧਾਨ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਵਿਚ ਸਥਿਤ ਐ।
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰੋਜ਼ਾਨਾ ਸਪੋਕਸਮੈਨ ਟੀਵੀ