ਅੰਧ-ਵਿਸ਼ਵਾਸ ਵਿਚ ਵੀ ਪੰਜਾਬ ਕਿਸੇ ਤੋਂ ਪਿੱਛੇ ਨਹੀਂ!
Published : Jul 14, 2018, 10:36 pm IST
Updated : Jul 14, 2018, 10:36 pm IST
SHARE ARTICLE
Eagle
Eagle

ਕਰੀਬ 23-24 ਸਾਲ ਪਹਿਲਾਂ ਪੰਜਾਬ ਵਿਚ ਇਕ ਵਹਿਮ ਬਹੁਤ ਜ਼ੋਰ ਨਾਲ ਚਲਿਆ ਸੀ ਕਿ ਜਗ੍ਹਾ ਜਗ੍ਹਾ ਤੇ ਬਾਜ਼ ਪੰਛੀ ਆ ਕੇ ਲੋਕਾਂ ਨੂੰ ਦਰਸ਼ਨ ਦੇ ਰਿਹਾ ਹੈ.............

ਕਰੀਬ 23-24 ਸਾਲ ਪਹਿਲਾਂ ਪੰਜਾਬ ਵਿਚ ਇਕ ਵਹਿਮ ਬਹੁਤ ਜ਼ੋਰ ਨਾਲ ਚਲਿਆ ਸੀ ਕਿ ਜਗ੍ਹਾ ਜਗ੍ਹਾ ਤੇ ਬਾਜ਼ ਪੰਛੀ ਆ ਕੇ ਲੋਕਾਂ ਨੂੰ ਦਰਸ਼ਨ ਦੇ ਰਿਹਾ ਹੈ। ਹਾਲਾਂਕਿ ਬਾਜ਼ ਪੰਜਾਬ ਵਿਚ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਹੈ। ਇਹ ਇਕ ਸ਼ਿਕਾਰੀ ਪੰਛੀ ਹੈ ਜੋ ਹਿਮਾਲੀਆ ਦੇ ਉੱਚੇ ਠੰਢੇ ਪਹਾੜਾਂ ਦੇ ਜੰਗਲਾਂ ਵਿਚ ਰਹਿੰਦਾ ਅਤੇ ਸ਼ਿਕਾਰ ਕਰਦਾ ਹੈ। ਇਹ ਸਰਦੀਆਂ ਵਿਚ ਨੀਵੇਂ ਪਹਾੜਾਂ ਵਲ ਆ ਜਾਂਦਾ ਹੈ ਪਰ ਮੈਦਾਨਾਂ ਵਲ ਬਹੁਤ ਹੀ ਘੱਟ ਕਦੇ ਭੁੱਲਿਆਂ-ਚੁੱਕਿਆਂ ਹੀ ਆਉਂਦਾ ਹੈ। ਪੁਰਾਣੇ ਜ਼ਮਾਨੇ ਵਿਚ ਵੱਡੇ ਲੋਕ ਜੋ ਬਾਜ਼ ਰਖਦੇ ਸਨ, ਉਹ ਸ਼ਿਕਾਰੀਆਂ ਕੋਲੋਂ ਖ਼ਰੀਦੇ ਹੋਏ ਜਾਂ ਕਿਸੇ ਵਲੋਂ ਭੇਂਟ ਕੀਤੇ ਹੋਏ ਹੁੰਦੇ ਸਨ।

ਬਾਜ਼ ਭੇਂਟ ਕਰਨਾ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ ਕਿਉਂਕਿ ਇਹ ਬਹੁਤ ਮਹਿੰਗਾ ਤੋਹਫ਼ਾ ਸਮਝਿਆ ਜਾਂਦਾ ਸੀ। ਸ਼ਿਕਾਰੀ ਬਾਜ਼ ਦੇ ਛੋਟੇ ਬੱਚਿਆਂ ਨੂੰ ਅਪਣੀ ਜਾਨ ਤੇ ਖੇਡ ਕੇ ਆਲ੍ਹਣੇ ਤੋਂ ਚੁੱਕ ਲਿਆਉਂਦੇ ਸਨ ਅਤੇ ਸੁਸਿਖਿਅਤ ਕਰ ਕੇ ਬਹੁਤ ਮਹਿੰਗਾ ਵੇਚਦੇ ਸਨ। ਹੁਣ ਪੰਜਾਬ ਦੇ ਲੋਕਾਂ ਨੇ ਕਦੇ ਬਾਜ਼ ਤਾਂ ਵੇਖਿਆ ਨਹੀਂ ਸੀ, ਬੱਸ ਮਹਾਂਪੁਰਖਾਂ ਦੀਆਂ ਪੇਟਿੰਗਾਂ ਵੇਖ ਕੇ ਇਕ ਤਸਵੀਰ ਮਨ ਵਿਚ ਬਣਾਈ ਹੋਈ ਸੀ। ਜਦੋਂ ਚਲਾਕ ਲੋਕਾਂ ਨੇ ਅਫ਼ਵਾਹ ਫੈਲਾ ਦਿਤੀ ਤਾਂ ਪਿਛਲੱਗਾਂ ਨੂੰ ਹਰ ਚੀਲ, ਚਿੜੀਮਾਰ ਤੇ ਮਿਲਦਾ-ਜੁਲਦਾ ਪੰਛੀ ਬਾਜ਼ ਦਿਸਣ ਲੱਗਾ। ਜਿਸ ਪਾਸੇ ਵੀ ਬਾਜ਼ ਬੈਠਾ ਹੋਣ ਦੀ ਅਫ਼ਵਾਹ ਫੈਲਦੀ, ਲੋਕ ਵਹੀਰਾਂ ਘੱਤ ਕੇ ਉਸ ਦਰੱਖ਼ਤ ਜਾਂ ਬਿਜਲੀ ਦੇ

ਖੰਭੇ-ਤਾਰਾਂ ਨੂੰ ਘੇਰਾ ਪਾ ਲੈਂਦੇ। ਪੰਛੀ ਵਿਚਾਰਾ ਹਜੂਮ ਵੇਖ ਕੇ ਜਾਂ ਤਾਂ ਡਰਦਾ ਮਾਰਾ ਉੱਡ ਜਾਂਦਾ ਜਾਂ ਹਮਲਾ ਕਰਨ ਦੀ ਮੁਦਰਾ ਵਿਚ ਆ ਜਾਂਦਾ। ਅਗਲੇ ਦਿਨ ਖ਼ਬਰ ਛਪਦੀ ਕਿ ਫਲਾਣੇ ਥਾਂ ਤੇ ਬਾਜ਼ ਸਾਹਿਬ ਪ੍ਰਗਟ ਹੋਏ ਜੋ ਖੰਭ ਖਿਲਾਰ ਕੇ ਤੇ ਸਿਰ ਹਿਲਾ ਕੇ ਭਗਤਾਂ ਦੇ ਸਤਿਕਾਰ ਦਾ ਜਵਾਬ ਦਿੰਦੇ ਸਨ। ਇਸ ਤੋਂ ਬਾਅਦ ਤਾਂ ਸ਼ਿਕਾਰੀਆਂ ਦੀਆਂ ਪੌਂ ਬਾਰਾਂ ਹੋ ਗਈਆਂ। ਸਕੀਮੀਆਂ ਨੇ ਕਿਸੇ ਤਰ੍ਹਾਂ ਪ੍ਰਬੰਧ ਕਰ ਕੇ ਧਾਰਮਕ ਸਥਾਨਾਂ ਵਿਚ ਬਾਜ਼ ਬਿਠਾਉਣੇ ਸ਼ੁਰੂ ਕਰ ਦਿਤੇ। ਜਿਸ ਧਾਰਮਕ ਸਥਾਨ ਵਿਚ ਬਾਜ਼ ਆ ਜਾਂਦਾ, ਉਥੇ ਅੰਧ ਭਗਤਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਅਤੇ ਮਾਇਆ ਦੇ ਢੇਰ। ਬਾਜ਼ ਦੀ ਰਾਖੀ ਲਈ ਪੁਲਿਸ ਗਾਰਦ ਵੀ ਲਗਾਉਣੀ ਪੈਂਦੀ। ਵਿਚਾਰੇ

ਮਾਸਖਾਣੇ ਪੰਛੀ ਅੱਗੇ ਭਾਂਤ-ਭਾਂਤ ਦੀਆਂ ਮਠਿਆਈਆਂ ਪਰੋਸ ਦਿਤੀਆਂ ਜਾਂਦੀਆਂ। ਪਤਾ ਨਹੀਂ ਪੰਛੀ ਨੂੰ ਕੀ ਨਸ਼ਾ ਖਵਾਉਂਦੇ, ਉਹ ਉਡਦਾ ਹੀ ਨਾ ਸਗੋਂ ਸਿਰ ਸੁੱਟ ਕੇ ਬੈਠਾ ਰਹਿੰਦਾ। ਪੰਜ-ਸੱਤ ਦਿਨ ਮਾਇਆ ਦੇ ਢੇਰ ਲਗਵਾ ਕੇ ਬਾਜ਼ ਸਾਹਿਬ ਗੁਪਤ ਹੋ ਜਾਂਦੇ। ਹੁਣ ਲੋਕਾਂ ਨੂੰ ਕੋਈ ਪੁੱਛੇ ਕਿ ਬਾਜ਼ (ਜੇ ਅਸਲੀ ਵੀ ਹੋਵੇ) ਨੇ ਪੈਸੇ ਕੀ ਕਰਨੇ ਹਨ? ਇਸੇ ਸਮੇਂ ਵਗਦੀ ਗੰਗਾ ਵਿਚ ਹੱਥ ਧੋਣ ਲਈ ਇਕ ਡੇਰੇ ਦੇ ਪ੍ਰਬੰਧਕਾਂ ਨੇ ਚੀਲ ਵਰਗਾ ਪੰਛੀ ਡੇਰੇ ਵਿਚ ਲਿਆ ਬਿਠਾਇਆ ਅਤੇ ਸਪੀਕਰ ਵਿਚ ਐਲਾਨ ਕਰ ਦਿਤਾ। ਬੱਸ ਲੋਕ ਧਾ ਕੇ ਪੈ ਗਏ। ਸਬੰਧਤ ਐਸ.ਐਚ.ਓ. ਨੂੰ ਵੀ ਬਾਜ਼ ਦੀ ਸੁਰੱਖਿਆ ਦਾ ਫ਼ਿਕਰ ਪੈ ਗਿਆ। ਉਸ ਨੇ ਫਟਾਫਟ ਮੁੰਸ਼ੀ ਨੂੰ ਗਾਰਦ ਲਾਉਣ

ਦਾ ਹੁਕਮ ਚਾੜ੍ਹ ਦਿਤਾ। ਅਜਿਹੀਆਂ ਗਾਰਦਾਂ ਤੇ ਬਹੁਤਾ ਉਹ ਵਿਅਕਤੀ ਲਾਏ ਜਾਂਦੇ ਹਨ ਜੋ ਹੋਰ ਕਿਤੇ ਫ਼ਿੱਟ ਨਹੀਂ ਬੈਠਦੇ। ਮੁੰਸ਼ੀ ਨੂੰ ਜਦੋਂ ਹੋਰ ਕੋਈ ਨਾ ਲੱਭਾ ਤਾਂ ਮਹਾਂ ਸ਼ਰਾਬੀ ਹੌਲਦਾਰ ਮੇਜਰ ਬੱਗੇ (ਨਾਂ ਬਦਲਿਆ ਹੋਇਆ) ਨੂੰ ਚਾਰ ਸਿਪਾਹੀ ਦੇ ਕੇ ਡੇਰੇ ਵਲ ਤੋਰ ਦਿਤਾ। ਹਾੜ੍ਹ ਦੇ ਮਹੀਨੇ ਦੀ ਗਰਮੀ ਵਿਚ ਮੁੰਸ਼ੀ ਨੂੰ ਗਾਹਲਾਂ ਦਿੰਦਾ ਵਿਚਾਰਾ ਬੱਗਾ ਡੇਰੇ ਪਹੁੰਚ ਗਿਆ। ਪਹਿਲਾਂ ਤਾਂ ਜਾ ਕੇ ਲੋਕਾਂ ਦੀ ਲਾਈਨਾਂ ਲਾਈਆਂ ਅਤੇ ਫਿਰ ਲੰਗਰ ਪ੍ਰਸ਼ਾਦੇ ਛਕ ਕੇ ਡਿਊਟੀ ਤੇ ਡਟ ਗਏ। ਉਸ ਦੇ ਢਿੱਡ ਦੇ ਕੀੜੇ ਰਾਤ ਨੂੰ ਸ਼ਰਾਬ ਮੰਗਣ ਪਰ ਉਹ ਲੋਕਾਂ ਤੋਂ ਡਰਦਾ ਪੀਵੇ ਨਾ। ਉਸ ਨੇ ਸੋਚਿਆ ਕਿ ਆਪੇ ਕਲ੍ਹ ਨੂੰ ਬਾਜ਼ ਉੱਡ ਜਾਵੇਗਾ ਤੇ ਆਪਾਂ ਠੇਕੇ ਪਹੁੰਚ ਜਾਵਾਂਗੇ। ਪਰ

ਪ੍ਰਬੰਧਕਾਂ ਨੇ ਲੋਕਾਂ ਦੀਆਂ ਜੇਬਾਂ ਖ਼ਾਲੀ ਕਰਨ ਦੀ ਪੂਰੀ ਯੋਜਨਾ ਬਣਾਈ ਹੋਈ ਸੀ। ਪਤਾ ਨਹੀਂ ਪੰਛੀ ਨੂੰ ਕੀ ਚਾਰਦੇ ਸਨ ਕਿ ਉਹ ਸਾਰਾ ਦਿਨ ਸਿਰ ਸੁੱਟੀ ਊਂਘਦਾ ਰਹਿੰਦਾ। ਬੱਗੇ ਦੇ ਤਿੰਨ ਚਾਰ ਦਿਨ ਮੌਤ ਵਾਂਗ ਲੰਘੇ। ਉਧਰੋਂ ਮੁੰਸ਼ੀ ਥਾਣੇ ਨਾ ਵੜਨ ਦੇਵੇ ਕਿ 'ਤੁਸੀ ਹੀ ਡਿਊਟੀ ਕਰਨੀ ਹੈ, ਮੇਰੇ ਕੋਲ ਹੋਰ ਬੰਦੇ ਨਹੀਂ।' ਇਧਰ ਪੈੱਗ ਤੋਂ ਬਗ਼ੈਰ ਉਸ ਦਾ ਸਮਾਂ ਨਾ ਲੰਘੇ। ਤਿੰਨ-ਚਾਰ ਦਿਨਾਂ ਬਾਅਦ ਅੱਕੇ ਹੋਏ ਸਿਪਾਹੀ ਬੱਗੇ ਨੂੰ ਕਹਿੰਦੇ, ''ਪ੍ਰਧਾਨ ਕੁੱਝ ਕਰ, ਇਸ ਤਰ੍ਹਾਂ ਤਾਂ ਮਰ ਜਾਵਾਂਗੇ ਆਪਾਂ।'' ਚੌਥੇ ਦਿਨ ਬੱਗੇ ਨੇ ਹਿੰਮਤ ਕੀਤੀ ਅਤੇ ਪਜਾਮਾ ਕੁੜਤਾ ਪਾ ਕੇ ਅੱਧੀ ਰਾਤ ਨੂੰ ਡੇਰੇ ਅੰਦਰ ਜਾ ਵੜਿਆ। ਉਹ ਹੌਲੀ ਜਿਹੀ ਫੜ ਕੇ ਪੰਛੀ ਨੂੰ ਬਾਹਰ ਲੈ ਆਇਆ ਅਤੇ ਦੋ-ਤਿੰਨ

ਵਾਰ ਅਸਮਾਨ ਵਲ ਉਛਾਲ ਕੇ ਉਡਾਉਣ ਦੀ ਕੋਸ਼ਿਸ਼ ਕੀਤੀ। ਪੰਛੀ ਪਹਿਲਾਂ ਹੀ ਅੱਧ ਮੋਇਆ ਹੋਇਆ ਪਿਆ ਸੀ, ਧਰਤੀ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਡਰਦੇ ਮਾਰੇ ਬੱਗਾ ਉਸ ਨੂੰ ਆਸਨ ਤੇ ਸੁਸ਼ੋਭਿਤ ਕਰ ਕੇ ਹੌਲੀ ਜਿਹੀ ਬਾਹਰ ਆ ਗਿਆ ਅਤੇ ਸਿਪਾਹੀਆਂ ਨੂੰ ਸਹੁੰ ਪਵਾ ਕੇ ਸਾਰੀ ਗੱਲ ਦੱਸੀ। ਉਹ ਵੀ ਸਿਆਪਾ ਮੁੱਕ ਗਿਆ ਜਾਣ ਕੇ ਖ਼ੁਸ਼ ਹੋ ਗਏ। ਅਗਲੇ ਦਿਨ ਤੜਕੇ ਜਦੋਂ ਪ੍ਰਧਾਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੰਛੀ ਮਰਿਆ ਪਿਆ ਸੀ। ਪ੍ਰਧਾਨ ਨੇ ਇਕਦਮ ਸਪੀਕਰ ਤੇ ਬੋਲ ਦਿਤਾ ਕਿ ਬਾਜ਼ ਸਾਹਿਬ ਸ੍ਰੀਰ ਛੱਡ ਗਏ ਹਨ, ਜਨਤਾ ਜਲਦੀ ਤੋਂ ਜਲਦੀ ਡੇਰੇ ਪਹੁੰਚੇ। ਪੰਛੀ ਦੇ ਸ੍ਰੀਰ 'ਚੋਂ ਕੋਈ ਖ਼ੂਨ ਨਾ ਨਿਕਲਿਆ ਹੋਣ ਕਰ ਕੇ ਕਿਸੇ ਨੂੰ ਸ਼ੱਕ ਨਾ ਪਿਆ।

ਅਸਲ ਵਿਚ ਪੰੰਛੀ ਨੂੰ ਨਸ਼ਾ ਵਗੈਰਾ ਖਵਾਉਣ ਵਾਲੇ ਸਾਜ਼ਸ਼ੀ ਪ੍ਰਧਾਨ ਨੂੰ ਪਤਾ ਹੀ ਸੀ ਕਿ ਇਸ ਨੇ ਮਰ ਜਾਣਾ ਹੈ। ਪ੍ਰਧਾਨ ਨੇ ਉਸ ਪੰਛੀ ਦੀ ਮੌਤ ਤੋਂ ਵੀ ਲੱਖਾਂ ਰੁਪਈਆ ਕਮਾ ਲਿਆ। ਉਸ ਨੇ ਐਲਾਨ ਕਰ ਦਿਤਾ ਕਿ ਇਸ ਦੀ ਦੇਹ ਨੂੰ ਨਜ਼ਦੀਕੀ ਦਰਿਆ (ਜੋ 20-25 ਕਿ.ਮੀ. ਦੂਰ ਸੀ) ਵਿਚ ਜਲ ਪ੍ਰਵਾਹ ਕਰਨ ਲਈ ਲੈ ਕੇ ਜਾਣਾ ਹੈ। ਭਗਤਾਂ ਨੇ ਫੌਰਨ ਗੱਡੀਆਂ ਦੀਆਂ ਕਤਾਰਾਂ ਲਾ ਦਿਤੀਆਂ। ਪੰਛੀ ਦੀ ਦੇਹ ਨੂੰ ਬਕਾਇਦਾ ਇਸ਼ਨਾਨ ਕਰਵਾ ਕੇ,

ਸੁੰਦਰ ਕਪੜੇ ਵਿਚ ਲਪੇਟ ਕੇ ਖੁਲ੍ਹੀ ਗੱਡੀ ਵਿਚ ਰਖਿਆ ਗਿਆ। ਰਸਤੇ ਵਿਚ ਖੜੇ ਲੋਕਾਂ ਨੇ ਗੱਡੀ ਮਾਇਆ ਨਾਲ ਭਰ ਦਿਤੀ। 25 ਕਿ.ਮੀ. ਦਾ ਸਫ਼ਰ 12 ਘੰਟਿਆਂ ਵਿਚ ਪੂਰਾ ਹੋਇਆ। ਉਥੇ ਪੂਰੇ ਧਾਰਮਕ ਰੀਤੀ ਰਿਵਾਜਾਂ ਮੁਤਾਬਕ ਦੇਹ ਜਲ ਪ੍ਰਵਾਹ ਕਰ ਦਿਤੀ ਗਈ। ਬੱਗਾ ਹੌਲਦਾਰ ਅਤੇ ਪੂਰੀ ਗਾਰਦ ਅਪਣਾ ਹਾਸਾ ਅੰਦਰ ਦੱਬ ਕੇ ਸਾਰਾ ਰਸਤਾ ਦੇਹ ਦੀ ਸੁਰੱਖਿਆ ਕਰਨ ਲਈ ਨਾਲ ਰਹੀ।
ਸੰਪਰਕ : 95011-00062

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement