
ਮਾਉਵਾਦੀ ਅਪਣਾ ਆਦਰਸ਼ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਉ-ਜ਼ੇ ਤੁੰਗ ਨੂੰ ਮੰਨਦੇ ਹਨ।
2 ਅਪ੍ਰੈਲ ਨੂੰ ਨਕਸਲ ਪ੍ਰਭਾਵਤ ਛੱਤੀਸਗੜ੍ਹ ਦੇ ਜ਼ਿਲ੍ਹਾ ਬੀਜਾਪੁਰ ਵਿਚ ਮਾਉਵਾਦੀਆਂ ਨੇ ਹਮਲਾ ਕਰ ਕੇ ਸੀ.ਆਰ.ਪੀ. ਦੇ 22 ਜਵਾਨ ਮਾਰ ਦਿਤੇ ਤੇ 34 ਜਵਾਨ ਜ਼ਖ਼ਮੀ ਕਰ ਦਿਤੇ। ਇਕ ਜਵਾਨ ਅਜੇ ਵੀ ਲਾਪਤਾ ਹੈ। ਹੋਰ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਦਈਏ ਤਾਂ 24 ਅਪ੍ਰੈਲ 2018 ਨੂੰ ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੀ.ਆਰ.ਪੀ.ਐੱਫ਼. ਦੀ ਇਕ ਗਸ਼ਤ ਕਰ ਰਹੀ ਟੁਕੜੀ ਉਤੇ ਹਮਲਾ ਕਰ ਕੇ 26 ਜਵਾਨ ਸ਼ਹੀਦ ਅਤੇ 6 ਜ਼ਖ਼ਮੀ ਕਰ ਦਿਤੇ ਸਨ। ਇਸ ਤੋਂ ਪਹਿਲਾਂ ਇਸੇ ਜ਼ਿਲ੍ਹੇ ਵਿਚ 11 ਮਾਰਚ 2017 ਨੂੰ ਸੀ.ਆਰ.ਪੀ.ਐੱਫ਼. ਦੇ 12 ਜਵਾਨ ਸ਼ਹੀਦ ਤੇ 3 ਜ਼ਖ਼ਮੀ ਕਰ ਦਿਤੇ ਸਨ ਤੇ ਉਹ 11 ਆਟੋਮੈਟਿਕ ਰਾਈਫ਼ਲਾਂ ਤੇ ਹੋਰ ਗੋਲੀ ਸਿੱਕਾ ਵੀ ਲੁੱਟ ਕੇ ਲੈ ਗਏ ਸਨ। 19 ਜੁਲਾਈ 2017 ਨੂੰ ਮਾਉਵਾਦੀਆਂ ਨੇ ਬਿਹਾਰ ਦੇ ਜ਼ਿਲ੍ਹਾ ਗਯਾ ਵਿਚ ਬਰੂਦੀ ਸੁਰੰਗ ਧਮਾਕਾ ਕਰ ਕੇ ਸੀ.ਆਰ.ਪੀ.ਐਫ਼ ਦੀ ਕੋਬਰਾ ਕਮਾਂਡੋ ਯੂਨਿਟ ਦੇ 10 ਜਵਾਨਾਂ ਨੂੰ ਸ਼ਹੀਦ ਤੇ ਅਨੇਕਾਂ ਨੂੰ ਜ਼ਖ਼ਮੀ ਕਰ ਦਿਤਾ ਸੀ। ਮਾਉਵਾਦੀ ਹਿੰਸਾ ਵਿਚ ਹੁਣ ਤਕ ਭਾਰਤ ਦੀ ਕਿਸੇ ਵੀ ਹਿੰਸਕ ਲਹਿਰ ਤੋਂ ਜ਼ਿਆਦਾ ਵਿਅਕਤੀ ਮਾਰੇ ਜਾ ਚੁੱਕੇ ਹਨ।
Maoists
ਭਾਰਤ-ਪਾਕਿਸਤਾਨ ਦਰਮਿਆਨ 1947, 1965, 1971 ਤੇ ਕਾਰਗਿਲ ਯੁੱਧਾਂ ਵਿਚ ਕੁਲ 9958 ਭਾਰਤੀ ਜਵਾਨ ਵੀਰਗਤੀ ਨੂੰ ਪ੍ਰਾਪਤ ਹੋਏ ਸਨ ਪਰ ਨਕਸਲੀਆਂ ਹੱਥੋਂ ਹੁਣ ਤਕ 2500 ਸੁਰੱਖਿਆ ਜਵਾਨਾਂ ਸਮੇਤ 13362 ਵਿਅਕਤੀ ਜਾਨ ਤੋਂ ਹੱਥ ਧੋ ਚੁੱਕੇ ਹਨ ਤੇ ਕਰੀਬ 60 ਹਜ਼ਾਰ ਲੋਕਾਂ ਨੂੰ ਬੇ-ਘਰ ਹੋਣਾ ਪਿਆ ਹੈ।
ਮਾਉਵਾਦੀ ਅਪਣਾ ਆਦਰਸ਼ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਉ-ਜ਼ੇ ਤੁੰਗ ਨੂੰ ਮੰਨਦੇ ਹਨ। ਨਕਸਲਬਾੜੀ ਸ਼ਬਦ ਪਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਚਲਿਆ ਸੀ ਜਿਥੇ 22 ਅਪ੍ਰੈਲ 1967 ਨੂੰ ਚਾਰੂ ਮਜੂਮਦਾਰ, ਕਾਨੂੰ ਸਾਨਿਆਲ ਤੇ ਜਾਂਗਲ ਸੰਥਾਲ ਨੇ ਮਿਲ ਕੇ ਭੂਮੀਹੀਣ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਖ਼ਾਤਰ ਸਥਾਨਕ ਜਗੀਰਦਾਰਾਂ ਵਿਰੁਧ ਹਿੰਸਕ ਅੰਦੋਲਨ ਸ਼ੁਰੂ ਕੀਤਾ ਸੀ।
India Pakistan
ਇਹ ਅੰਦੋਲਨ ਉਸ ਸਮੇਂ ਭਾਰਤ ਦੇ ਵੱਡੇ ਖੇਤਰ ਵਿਚ ਫੈਲ ਗਿਆ ਸੀ ਤੇ ਗ਼ਰੀਬ ਜਨਤਾ ਤੋਂ ਇਲਾਵਾ ਪੜ੍ਹੇ ਲਿਖੇ ਅਧਿਆਪਕ, ਪ੍ਰੋਫ਼ੈਸਰ ਤੇ ਵਿਦਿਆਰਥੀ ਵੀ ਇਸ ਲਹਿਰ ਵਿਚ ਕੁੱਦ ਪਏ ਸਨ। ਇਸ ਲਹਿਰ ਦੌਰਾਨ ਸੈਂਕੜੇ ਨਕਸਲੀ, ਪੁਲਿਸ ਅਫ਼ਸਰ ਤੇ ਆਮ ਸਿਵਲੀਅਨ ਮਾਰੇ ਗਏ ਸਨ। ਕਾਨੂੰ ਸਨਿਆਲ ਅਤੇ ਚਾਰੂ ਮਜੂਮਦਾਰ ਦੀ ਮੌਤ ਤੋਂ ਬਾਅਦ ਇਸ ਲਹਿਰ ਨੂੰ ਸਖ਼ਤੀ ਨਾਲ ਦਬਾ ਦਿਤਾ ਗਿਆ ਸੀ ਪਰ ਛਿਟਪੁੱਟ ਘਟਨਾਵਾਂ ਚਲਦੀਆਂ ਰਹੀਆਂ। ਇਸ ਜਥੇਬੰਦੀ ਵਿਚ ਸਮੇਂ-ਸਮੇਂ ਉਤੇ ਫੁੱਟ ਵੀ ਪੈਂਦੀ ਰਹੀ ਹੈ ਤੇ 1980 ਤਕ ਨਕਸਲੀ ਗੁਟਾਂ ਦੀ ਗਿਣਤੀ 30 ਤਕ ਪਹੁੰਚ ਗਈ ਸੀ। ਮਾਉਵਾਦੀ ਲਹਿਰ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ 22 ਅਪ੍ਰੈਲ 1980 ਨੂੰ ਆਂਧਰਾ ਪ੍ਰਦੇਸ਼ ਵਿਚ ਕੋਂਡਾਪੱਲੀ ਸੀਤਾਰਮਈਆ ਨੇ ਪੀਪਲਜ਼ ਵਾਰ ਗਰੁਪ ਦੀ ਸਥਾਪਨਾ ਕੀਤੀ। ਉਸ ਦੀ ਅਗਵਾਈ ਹੇਠ ਇਸ ਗਰੁਪ ਨੇ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਤੇ ਭਾਰਤ ਦੇ ਅਨੇਕਾਂ ਸੂਬਿਆਂ ਵਿਚ ਫੈਲ ਗਿਆ।
Maoists
ਬਾਅਦ ਵਿਚ ਉਸ ਵਿਰੁਧ ਬਗ਼ਾਵਤ ਕਰ ਕੇ ਮੌਜੂਦਾ ਮੁਖੀ ਮੁਪਾਲਾ ਲਕਸ਼ਮਣ ਰਾਉ ਉਰਫ਼ ਗਣਪਤੀ ਤੇ ਮਾਲੋਜੁਲਾ ਕੋਟੇਸ਼ਵਰਾ ਰਾਉ ਉਰਫ਼ ਕਿਸ਼ਨਜੀ ਨੇ ਕਮਾਂਡ ਸੰਭਾਲ ਲਈ। ਸੀਤਾਰਮਈਆ ਦੀ 12 ਅਪ੍ਰੈਲ 2002 ਨੂੰ ਗੁਮਨਾਮੀ ਦੀ ਹਾਲਤ ਵਿਚ ਮੌਤ ਹੋ ਗਈ। ਮਾਉਵਾਦੀ ਬਿਹਾਰ, ਝਾਰਖੰਡ, ਤੇਲਗਾਨਾ ਤੇ ਆਂਧਰਾ ਪ੍ਰਦੇਸ਼ ਦੇ ਵਧੇਰੇ ਹਿੱਸੇ ਤੋਂ ਇਲਾਵਾ ਕਰਨਾਟਕ, ਛੱਤੀਸਗੜ੍ਹ, ਉੜੀਸਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਪਛਮੀ ਬੰਗਾਲ ਸਮੇਤ 14 ਸੂਬਿਆਂ ਦੇ 132 ਜ਼ਿਲ੍ਹਿਆਂ ਵਿਚ ਜ਼ਬਰਦਸਤ ਪ੍ਰਭਾਵ ਰਖਦੇ ਹਨ। ਇਸ ਦਾ ਪਛਮੀ ਬੰਗਾਲ ਦੇ ਜੰਗਲਮਹਲ ਤੇ ਲਾਲਗੜ੍ਹ ਵਰਗੇ ਕਈ ਇਲਾਕਿਆਂ ਵਿਚ ਇਕ ਤਰ੍ਹਾਂ ਰਾਜ ਚਲਦਾ ਹੈ ਤੇ ਇਸ ਦੇ ਕਬਜ਼ੇ ਹੇਠਲੇ ਇਲਾਕੇ ਨੂੰ ਰੈੱਡ ਕਾਰੀਡੋਰ ਕਿਹਾ ਜਾਂਦਾ ਹੈ।
Maoists
ਮਾਉਵਾਦੀਆਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ 25 ਮਈ 2013 ਦੇ ਦਰਬਾ ਘਾਟੀ (ਛੱਤੀਸਗੜ੍ਹ) ਦੇ ਹਮਲੇ ਕਾਰਨ ਮਿਲੀ। 250 ਮਾਉਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਮੰਤਰੀ ਮਹਿੰਦਰ ਕਰਮਾ, ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ ਤੇ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲਾ ਸਮੇਤ 24 ਕਾਂਗਰਸੀ ਲੀਡਰ ਤੇ 8 ਪੁਲਿਸ ਵਾਲੇ ਮਾਰੇ ਗਏ। ਅਕਤੂਬਰ 2003 ਨੂੰ ਮਾਉਵਾਦੀਆਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਕਾਰ ਇਕ ਬਾਰੂਦੀ ਸੁਰੰਗ ਧਮਾਕੇ ਨਾਲ ਉਡਾ ਦਿਤੀ। ਨਾਇਡੂ ਤਾਂ ਜ਼ਖ਼ਮੀ ਹੋ ਕੇ ਵਾਲ-ਵਾਲ ਬੱਚ ਗਿਆ ਪਰ ਕਈ ਜਵਾਨ ਮਾਰੇ ਗਏ ਸਨ। 2004 ਵਿਚ ਇਕ ਦਲੇਰਾਨਾ ਹਮਲੇ ਵਿਚ 1000 ਮਾਉਵਾਦੀਆਂ ਨੇ ਉੜੀਸਾ ਦੇ ਜ਼ਿਲ੍ਹਾ ਹੈੱਡਕਵਾਟਰ ਕੋਰਾਪੁਟ ਉਤੇ ਹਮਲਾ ਕਰ ਕੇ ਪੰਜ ਪੁਲਿਸ ਸਟੇਸ਼ਨ, ਕੋਰਾਪੁੱਟ ਜੇਲ, ਉੜੀਸਾ ਆਰਮਡ ਪੁਲਿਸ ਦੀ ਇਕ ਬਟਾਲੀਅਨ ਤੇ ਐਸ.ਐਸ.ਪੀ ਦਫ਼ਤਰ ਸਮੇਤ ਪੁਲਿਸ ਦਾ ਸਾਰਾ ਅਸਲਾਖ਼ਾਨਾ ਲੁੱਟ ਲਿਆ।
ਉਹ ਅਪਣੇ ਸਾਥੀ ਕੈਦੀਆਂ ਨੂੰ ਛੁਡਾਉਣ ਸਮੇਤ 50 ਕਰੋੜ ਦੇ ਆਧੁਨਿਕ ਹਥਿਆਰ ਵੀ ਲੁੱਟ ਕੇ ਲੈ ਗਏ। 13 ਨਵੰਬਰ 2005 ਨੂੰ ਬਿਹਾਰ ਦੇ ਜਹਾਨਾਬਾਦ ਸ਼ਹਿਰ ਨੂੰ ਘੇਰਾ ਪਾ ਕੇ ਜੇਲ ਵਿਚੋਂ 130 ਮਾਉਵਾਦੀਆਂ ਸਮੇਤ 375 ਕੈਦੀ ਛੁਡਾ ਲਏ ਗਏ। 7 ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਰਣਵੀਰ ਸੈਨਾ ਦੇ ਕਾਰਕੁਨ ਅਤੇ ਹਿੱਟ ਲਿਸਟ ਵਾਲੇ ਪੁਲਿਸ ਅਫ਼ਸਰ ਚੁਣ-ਚੁਣ ਕੇ ਮਾਰੇ ਗਏ ਤੇ 185 ਰਾਈਫ਼ਲਾਂ ਸਮੇਤ 10 ਹਜ਼ਾਰ ਰੌਂਦ ਲੁੱਟ ਲਏ ਗਏ। 2007 ਵਿਚ ਝਾਰਖੰਡ ਮੁਕਤੀ ਮੋਰਚੇ ਦਾ ਐਮ.ਪੀ. ਸੁਨੀਲ ਕੁਮਾਰ ਮਹਤੋ ਕਤਲ ਕਰ ਦਿਤਾ ਗਿਆ। 2007 ਵਿਚ ਹੀ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਦੇ ਲੜਕੇ ਨੂੰ 17 ਸਾਥੀਆਂ ਸਮੇਤ ਗਿਰਡੀਹ ਜ਼ਿਲ੍ਹੇ ਦੇ ਪਿੰਡ ਚਿਲਖਡੀਆ ਵਿਚ ਮਾਰ ਦਿਤਾ ਗਿਆ। 6 ਅਪ੍ਰੈਲ 2010 ਨੂੰ ਭਾਰਤ ਦੇ ਇਤਿਹਾਸ ਵਿਚ ਇਕੋ ਦਿਨ ਸੱਭ ਤੋਂ ਵੱਧ ਸੁਰੱਖਿਆ ਦਸਤੇ ਅਤਿਵਾਦ ਦੀ ਭੇਂਟ ਚੜ੍ਹ ਗਏ ਜਦੋਂ ਦਾਂਤੇਵਾੜਾ, ਛੱਤੀਸਗੜ੍ਹ ਵਿਚ 74 ਜਵਾਨ ਮਾਉਵਾਦੀਆਂ ਦੇ ਵੱਖ-ਵੱਖ ਹਮਲਿਆਂ ਵਿਚ ਮਾਰੇ ਗਏ। ਅਪ੍ਰੈਲ 2012 ਵਿਚ ਛਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ ਦੇ ਡੀ.ਸੀ. ਅਲੈਕਸਪਾਲ ਨੂੰ ਅਗਵਾ ਕਰ ਕੇ ਕਈ ਮਹੀਨੇ ਹਿਰਾਸਤ ਵਿਚ ਰਖਿਆ ਗਿਆ। ਅਖ਼ੀਰ ਕਈ ਮੰਗਾਂ ਮੰਨਵਾ ਕੇ ਹੀ ਉਸ ਦੀ ਰਿਹਾਈ ਹੋਈ।
ਇਸ ਸੰਗਠਨ ਦਾ ਪੂਰਾ ਨਾਮ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਉਵਾਦੀ) ਹੈ। ਇਸ ਦਾ ਮੁਖੀ (ਜਨਰਲ ਸੈਕਟਰੀ) ਇਸ ਵੇਲੇ ਮੁਪੱਲਾ ਲਕਸ਼ਮੀ ਰਾਉ ਉਰਫ਼ ਗਣਪਤੀ ਹੈ। ਇਸ ਦਾ ਜਨਮ 16 ਜੂਨ 1949 ਨੂੰ ਤੇਲਾਂਗਾਨਾ ਦੇ ਜ਼ਿਲ੍ਹਾ ਕਰੀਮਨਗਰ ਦੇ ਪਿੰਡ ਸਾਰੰਗਪੁਰ ਵਿਚ ਹੋਇਆ ਸੀ। ਇਸ ਲਹਿਰ ਵਿਚ ਕੁੱਦਣ ਤੋਂ ਪਹਿਲਾਂ ਉਹ ਸਰਕਾਰੀ ਟੀਚਰ ਸੀ ਤੇ ਸੀਤਾਰਮਈਆ ਸਮੇਤ ਇਸ ਜਥੇਬੰਦੀ ਦਾ ਮੋਢੀ ਮੈਂਬਰ ਹੈ। ਮਾਉਵਾਦ ਨੂੰ ਇਸ ਉਚਾਈ ਤੇ ਪਹੁੰਚਾਉਣ ਵਿਚ ਉਸ ਦਾ ਹੀ ਹੱਥ ਹੈ। ਬਾਅਦ ਵਿਚ ਮੱਤਭੇਦਾਂ ਦੇ ਚਲਦੇ ਉਹ ਸੀਤਾਰਮਈਆ ਨੂੰ ਲਾਹ ਕੇ ਖ਼ੁਦ ਮੁਖੀ ਬਣ ਗਿਆ। ਉਸ ਦੇ ਯਤਨਾਂ ਨਾਲ ਹੀ 2004 ਵਿਚ ਪੀਪਲਜ਼ ਵਾਰ ਗਰੁਪ ਤੇ ਮਾਉਇਸਟ ਕਮਿਊਨਿਸਟ ਸੈਂਟਰ ਦਾ ਰਲੇਵਾਂ ਹੋਇਆ ਤੇ ਇਸ ਗਰੁਪ ਦੀ ਤਾਕਤ ਸਿਖਰ ਉਤੇ ਪਹੁੰਚ ਗਈ। ਸੰਗਠਨ ਦੀਆਂ ਪਾਲਸੀਆਂ ਤਿਆਰ ਕਰਨ ਲਈ 15 ਮੈਂਬਰਾਂ ਦੀ ਪੋਲਿਟ ਬਿਊਰੋ ਹੈ। ਪ੍ਰਸ਼ਾਂਤ ਬੋਸ ਉਰਫ਼ ਕਿਸ਼ਨ ਦਾ ਅਤੇ ਕਾਤਾਕਮ ਸੁਦਰਸ਼ਨ ਉਰਫ਼ ਆਨੰਦ ਇਸ ਦੇ ਪ੍ਰਮੁੱਖ ਮੈਂਬਰ ਹਨ।
24 ਨਵੰਬਰ 2011 ਨੂੰ ਪਛਮੀ ਬੰਗਾਲ ਵਿਚ ਇਕ ਮੁਕਾਬਲੇ ਵਿਚ ਮਾਰਿਆ ਗਿਆ ਮਾਲੋਜੁਲਾ ਕੋਟੇਸ਼ਵਰ ਰਾਉ ਉਰਫ਼ ਕਿਸ਼ਨ ਜੀ ਵੀ ਪੋਲਿਟ ਬਿਊਰੋ ਮੈਂਬਰ ਸੀ। ਉਹ ਸੱਭ ਤੋਂ ਵੱਡੇ ਹਮਲਿਆਂ ਦੀ ਖ਼ੁਦ ਅਗਵਾਈ ਕਰਦਾ ਸੀ। ਇਸ ਤੋਂ ਬਾਅਦ 32 ਮੈਂਬਰੀ ਸੈਂਟਰਲ ਕਮੇਟੀ, ਰੀਜਨਲ ਕਮੇਟੀਆਂ, ਸਟੇਟ ਕਮੇਟੀਆਂ, ਜ਼ਿਲ੍ਹਾ ਕਮੇਟੀਆਂ ਅਤੇ ਅਖ਼ੀਰ ਵਿਚ ਹਥਿਆਰਬੰਦ ਟੁਕੜੀਆਂ ਹਨ। ਵੱਡਾ ਐਕਸ਼ਨ ਕਰਨ ਵੇਲੇ ਪੋਲਿਟ ਬਿਊਰੋ ਮੈਂਬਰ ਖ਼ੁਦ ਹਾਜ਼ਰ ਰਹਿੰਦੇ ਹਨ। ਇਸ ਦੀ ਹਥਿਆਰਬੰਦ ਸ਼ਾਖ਼ਾ ਦਾ ਨਾਮ ਸੈਂਟਰਲ ਮਿਲਟਰੀ ਕਮਿਸ਼ਨ ਹੈ। ਇਸ ਦਾ ਇੰਚਾਰਜ ਨਾਂਬਲ ਕੇਸ਼ਵ ਰਾਉ ਉਰਫ਼ ਬਾਸਵਰਾਜ ਹੈ ਤੇ ਆਨੰਦ, ਅਰਵਿੰਦ ਜੀ, ਅਨੁਜ ਠਾਕਰ, ਕਿਸ਼ਨ ਜੀ ਤੇ ਚੰਦਰਮੌਲੀ ਇਸ ਦੇ ਮੈਂਬਰ ਸਨ। ਸੰਗਠਨ ਦੀ ਅਪਣੀ ਅਖਬਾਰ ਅਤੇ ਪ੍ਰਚਾਰ ਦੇ ਹੋਰ ਸਾਧਨ ਹਨ। ਇਸ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਵਿਚ ਆਧੁਨਿਕ ਹਥਿਆਰਾਂ ਨਾਲ ਲੈਸ ਕਰੀਬ 10000 ਕੁਲ ਮੈਂਬਰ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਮਦਦ ਲਈ ਰਵਾਇਤੀ ਹਥਿਆਰਾਂ ਨਾਲ ਲੈਸ ਗੁਪਤ ਤੌਰ ਉਤੇ ਪੀਪਲਜ਼ ਮਿਲਸ਼ੀਆ ਨਾਮਕ ਜਥੇਬੰਦੀ ਦੇ 40 ਹਜ਼ਾਰ ਵਰਕਰ ਹਨ।
ਇਨ੍ਹਾਂ ਨੂੰ ਘਾਤ ਲਗਾ ਕੇ ਹਮਲਾ ਕਰਨ ਵਿਚ ਮੁਹਾਰਤ ਹਾਸਲ ਹੈ ਤੇ ਵੱਡੇ ਹਮਲੇ ਸਮੇਂ ਆਸ-ਪਾਸ ਦੇ ਸੂਬਿਆਂ ਤੋਂ 1000 ਤਕ ਵੀ ਬੰਦੇ ਇਕੱਠੇ ਕੀਤੇ ਜਾਂਦੇ ਹਨ। ਹਮਲਿਆਂ ਵਾਸਤੇ ਵਰਤੇ ਜਾਣ ਵਾਲੇ ਹਥਿਆਰ ਜਾਂ ਤਾਂ ਸੁਰੱਖਿਆਂ ਦਸਤਿਆਂ ਤੋਂ ਖੋਹੇ ਹੁੰਦੇ ਹਨ ਜਾਂ ਚੀਨ, ਬਰਮਾ, ਬੰਗਲਾਦੇਸ਼ ਤੇ ਨੇਪਾਲ ਆਦਿ ਦੀਆਂ ਹਮਖ਼ਿਆਲ ਖੱਬੇਪੱਖੀ ਜਥੇਬੰਦੀਆਂ ਤੋਂ ਖ਼ਰੀਦੇ ਜਾਂਦੇ ਹਨ। ਇਹ ਅਪਣੇ ਕੇਡਰ ਦੀ ਟ੍ਰੇਨਿੰਗ ਉਤੇ ਵਿਸ਼ੇਸ਼ ਧਿਆਨ ਦੇਂਦੇ ਹਨ। ਇਹ ਭਾਰਤ ਦੀ ਪਹਿਲੀ ਗ਼ੈਰ-ਕਾਨੂੰਨੀ ਜਥੇਬੰਦੀ ਹੈ ਜਿਸ ਦੇ ਕੇਡਰ ਵਿਚ ਔਰਤਾਂ ਪੂਰੀ ਤਰ੍ਹਾਂ ਸਰਗਰਮ ਹਨ। ਇਸ ਦੀ ਕੁਲ ਲੜਾਕੂ ਫ਼ੋਰਸ ਵਿਚੋਂ 40 ਫ਼ੀ ਸਦੀ ਔਰਤਾਂ ਹਨ ਤੇ 27 ਡਵੀਜ਼ਨਾਂ ਵਿਚੋਂ 20 ਦੀ ਕਮਾਂਡ ਔਰਤਾਂ ਦੇ ਹੱਥ ਹੈ। ਇਸ ਦੀ ਅਪਣੀ ਮੈਡੀਕਲ ਯੂਨਿਟ ਹੈ ਜਿਸ ਵਿਚ ਔਰਤਾਂ ਮੁੱਖ ਤੌਰ ਉਤੇ ਕੰਮ ਕਰਦੀਆਂ ਹਨ। ਇਸ ਦੇ ਡਾਕਟਰ ਜ਼ਖ਼ਮੀਆਂ ਦਾ ਆਪ ਹੀ ਇਲਾਜ ਕਰਦੇ ਹਨ। ਇਸ ਤੋਂ ਇਲਾਵਾ ਅਪਣੇ ਕੰਟਰੋਲ ਹੇਠਲੇ ਇਲਾਕੇ ਵਿਚ ਲੋਕਾਂ ਨਾਲ ਜੁੜਨ ਲਈ ਮੋਬਾਈਲ ਮੈਡੀਕਲ ਯੂਨਿਟਾਂ ਹਨ ਜੋ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਦੀਆਂ ਹਨ।
ਇਸ ਦੀ ਸਲਾਨਾ ਆਮਦਨ 1500 ਕਰੋੜ ਰੁਪਏ ਤੋਂ ਜ਼ਿਆਦਾ ਹੈ। ਸੱਭ ਤੋਂ ਜ਼ਿਆਦਾ ਫ਼ੰਡ ਖਣਿਜ ਪਦਾਰਥਾਂ ਨਾਲ ਭਰਪੂਰ ਸੂਬਿਆਂ ਬਿਹਾਰ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਝਾਰਖੰਡ ਤੋਂ ਆਉਂਦੇ ਹਨ। ਆਮਦਨ ਦਾ ਮੁੱਖ ਸਾਧਨ ਅਗਵਾ ਤੇ ਫਿਰੋਤੀ ਤੋਂ ਇਲਾਵਾ ਠੇਕੇਦਾਰਾਂ-ਉਦਯੋਗਤੀਆਂ, ਸਥਾਨਕ ਸਿਆਸਤਦਾਨਾਂ ਤੇ ਕੋਲੇ ਦੀਆਂ ਖਾਣਾਂ ਦੁਆਰਾ ਦਿਤਾ ਜਾ ਰਿਹਾ ਟੈਕਸ ਹੈ। 2007 ਵਿਚ ਮਾਉਵਾਦੀ ਲੀਡਰ ਮਿਸ਼ਰ ਬੇਸਰਾ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮਾਉਵਾਦੀਆਂ ਨੇ 2005-07 ਲਈ ਹਥਿਆਰਾਂ ਵਾਸਤੇ 60 ਕਰੋੜ ਦਾ ਬਜਟ ਰਖਿਆ ਸੀ, ਜੋ ਹੁਣ ਵੱਧ ਕੇ 200 ਕਰੋੜ ਤਕ ਪਹੁੰਚ ਗਿਆ ਹੈ।
ਫਿਲਹਾਲ ਇਹ ਭਾਰਤ ਦੀ ਸੱਭ ਤੋਂ ਵੱਡੀ ਅਤੇ ਸੰਗਠਤ ਅਤਿਵਾਦੀ ਜਥੇਬੰਦੀ ਹੈ। ਇਸ ਵਿਰੁਧ ਹਜ਼ਾਰਾਂ ਸਟੇਟ ਪੁਲਿਸ ਤੇ ਅਰਧ ਸੈਨਿਕ ਬਲ ਜੁਟੇ ਹੋਏ ਹਨ ਪਰ ਫਿਰ ਵੀ 50 ਸਾਲ ਤੋਂ ਚੱਲ ਰਹੀ ਇਸ ਜਥੇਬੰਦੀ ਨੂੰ ਖ਼ਤਮ ਹੋਣ ਵਿਚ ਅਜੇ ਕੱੁਝ ਹੋਰ ਸਮਾਂ ਲੱਗ ਜਾਵੇਗਾ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ,ਸੰਪਰਕ : 95011-00062