ਸੱਚੀ ਸਲਾਹ
Published : Jun 15, 2018, 8:25 pm IST
Updated : Jun 15, 2018, 8:25 pm IST
SHARE ARTICLE
Policeman
Policeman

ਭਾਰਤ ਵਿਚ ਸਰਕਾਰੀ ਨੌਕਰੀ ਬਹੁਤ ਮੁਸ਼ਕਲ ਅਤੇ ਮਿਹਨਤ ਨਾਲ ਮਿਲਦੀ ਹੈ। ਇਮਤਿਹਾਨ ਅਤੇ ਇੰਟਰਵਿਊ ਦੇ ਦੇ ਕੇ ਚਪਲਾਂ ਘੱਸ ਜਾਂਦੀਆਂ ਹਨ। ਅਫ਼ਸਰ ਰੈਂਕ ਵਿਚ...

ਭਾਰਤ ਵਿਚ ਸਰਕਾਰੀ ਨੌਕਰੀ ਬਹੁਤ ਮੁਸ਼ਕਲ ਅਤੇ ਮਿਹਨਤ ਨਾਲ ਮਿਲਦੀ ਹੈ। ਇਮਤਿਹਾਨ ਅਤੇ ਇੰਟਰਵਿਊ ਦੇ ਦੇ ਕੇ ਚਪਲਾਂ ਘੱਸ ਜਾਂਦੀਆਂ ਹਨ। ਅਫ਼ਸਰ ਰੈਂਕ ਵਿਚ ਭਰਤੀ ਹੋਣ ਲਈ ਤਾਂ ਹੋਰ ਵੀ ਕਰੜੀ ਮਿਹਨਤ ਕਰਨੀ ਪੈਂਦੀ ਹੈ। ਸਰਕਾਰੀ ਕਰਮਚਾਰੀ ਜ਼ਿਆਦਾਤਰ ਗ਼ਰੀਬ ਜਾਂ ਮੱਧਵਰਗੀ ਪ੍ਰਵਾਰਾਂ ਵਿਚੋਂ ਆਉਂਦੇ ਹਨ। ਟਾਟੇ-ਬਿਰਲੇ ਦੇ ਮੁੰਡੇ ਨੂੰ ਤਾਂ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਵੇਖਿਆ ਗਿਆ ਹੈ ਕਿ ਅਫ਼ਸਰ ਬਣਦੇ ਸਾਰ ਬਹੁਤਿਆਂ ਦੀਆਂ ਅੱਖਾਂ ਮੱਥੇ ਨੂੰ ਜਾ ਲਗਦੀਆਂ ਹਨ ਅਤੇ ਪੈਰ ਜ਼ਮੀਨ ਤੋਂ ਚੁੱਕੇ ਜਾਂਦੇ ਹਨ। ਅਪਣੇ ਵਰਗੇ ਲੋਕਾਂ ਤੋਂ ਹੀ ਮੁਸ਼ਕ ਆਉਣ ਲੱਗ ਜਾਂਦੀ ਹੈ।

 ਮੈਂ ਪੰਜਾਬ ਪੁਲਿਸ ਵਿਚ ਇੰਸਪੈਕਟਰ ਭਰਤੀ ਹੋਇਆ ਸੀ ਅਤੇ ਸਿਖਲਾਈ ਤੋਂ ਬਾਅਦ ਤਿੰਨ ਮਹੀਨੇ ਲਈ ਇਕ ਥਾਣੇ ਵਿਚ ਮੁਢਲੀ ਸਿਖਲਾਈ ਹਾਸਲ ਕਰ ਰਿਹਾ ਸੀ। ਏ.ਐਸ.ਆਈ., ਇੰਸਪੈਕਟਰ, ਡੀ.ਐੱਸ.ਪੀ. ਅਤੇ ਆਈ.ਪੀ.ਐੱਸ. ਅਫ਼ਸਰਾਂ ਨੂੰ ਫ਼ੀਲਡ ਵਿਚ ਤਾਇਨਾਤ ਕਰਨ ਤੋਂ ਪਹਿਲਾਂ ਸਰਕਾਰੀ ਵਕੀਲ, ਥਾਣੇ ਦੇ ਮੁਨਸ਼ੀ, ਤਫਤੀਸ਼ੀ ਅਤੇ ਐਸ.ਐਚ.ਓ. ਆਦਿ ਦਾ ਕੰਮ ਸਿਖਾਇਆ ਜਾਂਦਾ ਹੈ। ਐਸ.ਐਚ.ਓ. ਆਮ ਤੌਰ ਤੇ ਸਬ-ਇੰਸਪੈਕਟਰ ਜਾਂ ਇੰਸਪੈਕਟਰ ਰੈਂਕ ਦਾ ਅਫ਼ਸਰ ਹੁੰਦਾ ਹੈ। ਥਾਣੇ ਵਿਚ ਮੈਂ ਅਤੇ ਤਿੰਨ ਹੋਰ ਥਾਣੇਦਾਰ ਇਕ ਹੀ ਕੁਆਰਟਰ ਵਿਚ ਰਹਿੰਦੇ ਸੀ।

ਸਾਰਿਆਂ ਦੀ ਆਪਸ ਵਿਚ ਬਹੁਤ ਬਣਦੀ ਸੀ। ਇਕ ਦਿਨ ਅਸੀ ਮੈੱਸ ਵਿਚ ਬੈਠੇ ਦਾਲ-ਰੋਟੀ ਛਕ ਰਹੇ ਸੀ ਕਿ ਵਾਇਰਲੈੱਸ ਆਪਰੇਟਰ ਭਜਿਆ ਆਇਆ। ਉਸ ਨੇ ਸਾਡੇ ਵਿਚੋਂ ਇਕ ਛੱਜਾ ਸਿੰਘ (ਕਾਲਪਨਿਕ ਨਾਂ) ਨੂੰ ਖਿੱਚ ਕੇ ਸਲੂਟ ਮਾਰਿਆ ਅਤੇ ਦਸਿਆ ਕਿ ਪਹਿਲੇ ਐਸ.ਐਚ.ਓ. ਦੀ ਬਦਲੀ ਪੁਲਿਸ ਲਾਈਨ ਦੀ ਹੋ ਗਈ ਹੈ ਅਤੇ ਉਸ ਨੂੰ ਇਸੇ ਥਾਣੇ ਦਾ ਐਸ.ਐਚ.ਓ. ਲਾ ਦਿਤਾ ਗਿਆ ਹੈ।

ਬਾਕੀ ਥਾਣੇਦਾਰ ਅੰਦਰੋਂ ਸੜ ਕੇ ਕੋਲਾ ਹੋ ਗਏ ਪਰ ਉੱਪਰੋਂ ਝੂਠੀ ਜਿਹੀ ਖ਼ੁਸ਼ੀ ਜ਼ਾਹਰ ਕਰਦੇ ਹੋਏ ਉਸ ਨੂੰ ਵਧਾਈਆਂ ਦੇਣ ਲੱਗੇ। ਛੱਜਾ ਸਿੰਘ ਦੇ ਤਾਂ ਪਲਾਂ ਵਿਚ ਹੀ ਤੌਰ ਬਦਲ ਗਏ। ਉਹ ਇਕਦਮ ਰੋਟੀ ਛੱਡ ਕੇ ਖੜਾ ਹੋ ਗਿਆ ਅਤੇ ਮੁੱਛਾਂ ਉਤੇ ਹੱਥ ਫੇਰਦਿਆਂ ਗੁੱਗੂ ਗਿੱਲ ਵਾਂਗ ਚੱਬ ਕੇ ਡਾਇਲਾਗ ਬੋਲਿਆ, ''ਠੀਕ ਆ ਆਪਾਂ ਕਈ ਮਹੀਨੇ 'ਕੱਠੇ ਰਹੇ ਹਾਂ, ਪਰ ਹੁਣ ਮੇਰੇ ਨਾਲ ਗੱਲਬਾਤ ਜ਼ਰਾ ਹਿਸਾਬ ਨਾਲ ਕਰਿਉੁ। ਮੈਂ ਹੁਣ ਐਸ.ਐਚ.ਓ. ਹਾਂ ਐਸ.ਐਚ.ਓ.।''

ਸਿਖਲਾਈ ਪੂਰੀ ਹੋਣ ਤੇ ਮੇਰੀ ਪੋਸਟਿੰਗ ਵੀ ਇਕ ਥਾਣੇ ਵਿਚ ਐਸ.ਐਚ.ਓ. ਵਜੋਂ ਹੋ ਗਈ। ਇਕ ਤਾਂ ਛੋਟੀ ਉਮਰ ਵਿਚ ਐਸ.ਐਚ.ਓ. ਲੱਗ ਗਿਆ ਅਤੇ ਦੂਜਾ ਮੈਨੂੰ ਸਲਾਹਕਾਰ ਵੀ 'ਵਧੀਆ' ਖਰਲ ਕੀਤੇ ਹੋਏ ਮਿਲ ਗਏ। ਉਨ੍ਹਾਂ ਨੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਹੀ ਐਸ.ਐਚ.ਓ. ਭੁਗਤਾਏ ਹੋਏ ਸਨ। ਛੋਟੇ ਮੁਲਾਜ਼ਮ ਆਮ ਤੌਰ ਤੇ ਨੇੜਲੇ ਪਿੰਡਾਂ ਦੇ ਹੁੰਦੇ ਹਨ ਅਤੇ ਥਾਣੇ ਵਿਚ ਕਈ ਕਈ ਸਾਲਾਂ ਤਕ ਲੱਗੇ ਰਹਿੰਦੇ ਹਨ, ਪਰ ਐਸ.ਐਚ.ਓ. ਦੀ ਬਦਲੀ ਸਾਲ-ਛੇ ਮਹੀਨੇ ਬਾਅਦ ਹੋ ਜਾਂਦੀ ਹੈ। ਇਲਾਕੇ ਵਿਚੋਂ ਬਦਮਾਸ਼ੀ ਖ਼ਤਮ ਕਰਨ ਦੇ ਜੋਸ਼ ਵਿਚ ਮੈਂ ਕੁੱਝ ਜ਼ਿਆਦਾ ਹੀ ਸਖ਼ਤੀ ਸ਼ੁਰੂ ਕਰ ਦਿਤੀ।

ਪੁਰਾਣੇ ਮੁਲਾਜ਼ਮ ਮੈਨੂੰ ਹੋਰ ਫੂਕ ਛਕਾਉਣ ਲੱਗੇ, ''ਜਨਾਬ, ਝੋਟੇ ਕੁੱਟ ਥਾਣੇਦਾਰ ਤੋਂ ਬਾਅਦ ਤੁਸੀ ਹੀ ਸੱਭ ਤੋਂ ਘੈਂਟ ਅਫ਼ਸਰ ਆਏ ਹੋ ਇਸ ਥਾਣੇ ਵਿਚ।'' ਘੈਂਟਪੁਣੇ ਦੇ ਚੱਕਰ ਵਿਚ ਦੋ ਕੁ ਵਾਰ ਤਾਂ ਮੈਂ ਮੁਅੱਤਲ ਹੁੰਦਾ ਹੁੰਦਾ ਮਸਾਂ ਬਚਿਆ। ਪਰ ਮੇਰੇ ਚਾਲੇ ਠੀਕ ਨਾ ਹੋਏ। ਮੇਰੇ ਨਾਲ ਦੇ ਥਾਣੇ ਦਾ ਐਸ.ਐਚ.ਓ. ਗੱਜਣ ਸਿੰਘ ਇੰਸਪੈਕਟਰ ਲੱਗਾ ਹੋਇਆ ਸੀ। ਉਹ ਮੇਰੇ ਨਾਲ ਬਹੁਤ ਪਿਆਰ ਭਾਵ ਰਖਦਾ ਸੀ ਅਤੇ ਗਾਹੇ-ਬਗਾਹੇ ਪੁਲਿਸ ਦੇ ਕੰਮਕਾਰ ਬਾਰੇ ਸਿਖਿਆ ਵੀ ਦਿੰਦਾ ਰਹਿੰਦਾ ਸੀ। ਪਰ ਜਵਾਨੀ ਵਿਚ ਬੁੱਢਿਆਂ ਦੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ ਕਿ ਇਨ੍ਹਾਂ ਦਾ ਤਾਂ ਖ਼ੂਨ ਠੰਢਾ ਹੋ ਗਿਆ ਹੈ।

ਨਵੀਆਂ ਕਰੂੰਬਲਾਂ ਹਮੇਸ਼ਾ ਝੜ ਰਹੇ ਪੁਰਾਣੇ ਪੱਤਿਆਂ ਨੂੰ ਮਜ਼ਾਕ ਕਰਦੀਆਂ ਹਨ, ਪਰ ਭੁੱਲ ਜਾਂਦੀਆਂ ਹਨ ਕਿ ਅਗਲੀ ਪਤਝੜ ਨੂੰ ਉਨ੍ਹਾਂ ਦਾ ਨੰਬਰ ਵੀ ਲੱਗਣ ਵਾਲਾ ਹੈ। ਮੈਂ ਵੀ ਉਸ ਦੀਆਂ ਗੱਲਾਂ ਨੂੰ ਬਹੁਤਾ ਨਾ ਗੌਲਦਾ ਅਤੇ ਐਵੇਂ ਹੂੰ-ਹਾਂ ਕਰ ਛਡਦਾ।ਇਕ ਦਿਨ ਜ਼ਿਲ੍ਹਾ ਹੈੱਡਕੁਆਰਟਰ ਉਤੇ ਕੋਈ ਮੀਟਿੰਗ ਸੀ ਜੋ ਕਾਫ਼ੀ ਲੰਮੀ ਚੱਲੀ। ਸ਼ਾਮ ਦੇ 9 ਵੱਜ ਗਏ ਅਤੇ ਕਾਫ਼ੀ ਹਨੇਰਾ ਹੋ ਗਿਆ। ਮੇਰਾ ਅਤੇ ਗੱਜਣ ਸਿੰਘ ਵਾਲਾ ਦਾ ਥਾਣਾ ਦੋਵੇਂ ਇਕ ਹੀ ਪਾਸੇ ਪੈਂਦਾ ਸੀ। ਉਸ ਵੇਲੇ ਅਤਿਵਾਦ ਭਾਵੇਂ ਆਖ਼ਰੀ ਸਾਹਾਂ ਤੇ ਸੀ ਪਰ ਖ਼ਤਰਾ ਅਜੇ ਵੀ ਬਰਕਰਾਰ ਸੀ। ਇਸ ਲਈ ਅਸੀ ਦੋਵੇਂ ਇਕੱਠੇ ਸਫ਼ਰ ਕਰਨ ਲੱਗੇ।

ਗੱਜਣ ਸਿੰਘ ਮੇਰੀ ਜਿਪਸੀ ਵਿਚ ਬੈਠ ਗਿਆ ਅਤੇ ਮੈਂ ਚਲਾਉਣ ਲੱਗ ਪਿਆ। ਗੱਜਣ ਸਿੰਘ ਥੋੜਾ ਜਿਹਾ ਪੈੱਗ-ਪਿਆਲੇ ਦਾ ਸ਼ੌਕੀਨ ਸੀ। ਗਰਮੀਆਂ ਦੇ ਦਿਨ ਸਨ। ਸ਼ਹਿਰ ਤੋਂ ਬਾਹਰ ਆ ਕੇ ਉਸ ਨੇ ਅਪਣੇ ਗਨਮੈਨ ਨੂੰ ਇਕ ਠੇਕੇ ਤੋਂ ਬੀਅਰ ਲੈਣ ਲਈ ਭੇਜ ਦਿਤਾ। ਉਨ੍ਹਾਂ ਸਮਿਆਂ ਵਿਚ ਖਾੜਕੂ ਸ਼ਰਾਬ ਦੇ ਠੇਕੇਦਾਰਾਂ ਦੇ ਪਿੱਛੇ ਪਏ ਹੋਏ ਸਨ। ਅਨੇਕਾਂ ਠੇਕੇ ਸਾੜ ਦਿਤੇ ਗਏ ਅਤੇ ਕਈ ਠੇਕੇਦਾਰ ਮਾਰ ਦਿਤੇ ਗਏ ਸਨ।

ਇਸ ਲਈ ਅਪਣੀ ਸੁਰੱਖਿਆ ਲਈ ਠੇਕੇਦਾਰ ਪੁਲਿਸ ਵਾਲਿਆਂ ਦੀ ਬਹੁਤ ਆਉ-ਭਗਤ ਕਰਦੇ ਸਨ। ਕਾਰਿੰਦੇ ਨੂੰ ਭੇਜਣ ਦੀ ਬਜਾਏ ਠੇਕੇਦਾਰ ਆਪ ਹੀ ਬੀਅਰ ਦੀਆਂ ਦੋ ਠੰਢੀਆਂ ਬੋਤਲਾਂ ਅਖ਼ਬਾਰ ਵਿਚ ਵਲੇਟ ਕੇ ਭੱਜਾ ਆਇਆ। ਗੱਜਣ ਸਿੰਘ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਝੂਠੀ ਜਿਹੀ ਮੁਸਕਾਨ ਨਾਲ ਲੈਣ ਤੋਂ ਇਨਕਾਰ ਕਰ ਦਿਤਾ (ਦਿਲ ਵਿਚ ਭਾਵੇਂ ਸਾਨੂੰ ਕੋਸਦਾ ਹੀ ਹੋਵੇ)।

ਮੈਂ ਗੱਡੀ ਤੋਰ ਲਈ ਅਤੇ ਗੱਜਣ ਸਿੰਘ ਬੀਅਰ ਪੀਣ ਲੱਗ ਪਿਆ। ਅਗਲਾ ਅੱਡਾ ਆਉਂਦੇ ਆਉਂਦੇ ਬੀਅਰ ਖ਼ਤਮ ਹੋ ਗਈ। ਉਥੇ ਵੀ ਠੇਕੇਦਾਰ ਦੇ ਕਾਰਿੰਦੇ ਭੱਜ ਕੇ ਗੱਡੀ ਵਲ ਆਏ। ਉਨ੍ਹਾਂ ਨੇ ਵੀ ਬੀਅਰ ਦੇ ਪੈਸੇ ਨਾ ਲਏ। ਇਸ ਤੋਂ ਬਾਅਦ ਅਸੀ ਰਸਤੇ ਵਿਚ ਪੈਂਦੇ ਮਸ਼ਹੂਰ ਠੇਕੇਦਾਰ ਸਤਪਾਲ ਖਨੌਰੀ ਦੇ ਦਫ਼ਤਰ ਚਲੇ ਗਏ। ਖੁੱਲ੍ਹੇ ਸੁਭਾਅ ਦਾ ਹੋਣ ਕਾਰਨ ਉਸ ਕੋਲ ਮੁਲਾਜ਼ਮਾਂ ਦਾ ਆਉਣ-ਜਾਣ ਲੱਗਾ ਰਹਿੰਦਾ ਸੀ। ਉਸ ਨੇ ਵੀ ਰੱਜ ਕੇ ਰੋਟੀ-ਪਾਣੀ ਦੀ ਸੇਵਾ ਕੀਤੀ।

ਜਦੋਂ ਗੱਜਣ ਸਿੰਘ ਵਾਹਵਾ ਸਰੂਰ ਜਿਹੇ ਵਿਚ ਹੋ ਗਿਆ ਤਾਂ ਮੈਨੂੰ ਕਹਿਣ ਲੱਗਾ, ''ਹਾਂ ਭਈ ਜਵਾਨਾ, ਵੇਖੇ ਈ ਰੱਬ ਦੇ ਰੰਗ? ਇਹ ਸੇਠ ਕਿਸੇ ਨੂੰ ਸ਼ਰਾਬ ਦੀ ਖਾਲੀ ਬੋਤਲ ਨਾ ਦੇਣ ਪਰ ਅਪਣੇ ਅੱਗੇ ਪਿਛੇ ਵੇਖ ਲੈ ਕਿਵੇਂ ਭੱਜੇ ਫਿਰਦੇ ਨੇ। ਅਪਣੀ ਕਿਸਮਤ ਚੰਗੀ ਸੀ ਜੋ ਆਮ ਘਰਾਂ ਵਿਚੋਂ ਉੱਠ ਕੇ ਅਫ਼ਸਰ ਬਣ ਗਏ। ਅਪਣੇ ਤੋਂ ਕਿਤੇ ਵੱਧ ਪੜ੍ਹੇ-ਲਿਖੇ ਲੋਕ ਬੇਰੁਜ਼ਗਾਰੀ ਕਾਰਨ ਧੱਕੇ ਖਾਂਦੇ ਫਿਰਦੇ ਨੇ।

ਜੇ ਤੈਨੂੰ ਨੌਕਰੀ ਮਿਲ ਈ ਗਈ ਏ ਤਾਂ ਬੰਦਿਆਂ ਵਾਂਗ ਕਰ। ਦਿਮਾਗ਼ ਠੰਢਾ ਰੱਖ। ਯਾਦ ਰੱਖੀਂ, ਤੇਰੇ ਨਾਲ ਜਿਹੜੇ ਮੁੰਡੇ ਪੜ੍ਹਦੇ ਹੁੰਦੇ ਸੀ ਉਹ ਅਜੇ ਡੰਗਰਾਂ ਲਈ ਪੱਠੇ ਲੈ ਕੇ ਘਰ ਨਹੀਂ ਮੁੜੇ ਹੋਣੇ।” ਉਸ ਦੀ ਕੋਰੀ ਕਰਾਰੀ ਗੱਲ ਮੇਰੇ ਦਿਲ ਉਤੇ ਲੜ ਗਈ। ਇਸ ਘਟਨਾ ਨੂੰ 24 ਸਾਲ ਹੋ ਗਏ ਹਨ ਪਰ ਕਲ੍ਹ ਵਾਂਗ ਜਾਪਦੀ ਹੈ। ਅੱਜ ਵੀ ਜਦੋਂ ਕਿਸੇ ਆਕੜਖ਼ੋਰ ਸਰਕਾਰੀ ਅਧਿਕਾਰੀ ਜਾਂ ਨੇਤਾ ਨੂੰ ਆਮ ਪਬਲਿਕ ਜਾਂ ਮਾਤਹਿਤਾਂ ਨਾਲ ਬੁਰਾ ਸਲੂਕ ਕਰਦਾ ਵੇਖਦਾ ਹਾਂ ਤਾਂ ਉਹ ਗੱਲ ਚੇਤੇ ਆ ਜਾਂਦੀ ਹੈ। ਸੰਪਰਕ : 98151-24449

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement