Leaders: ਯਾਦ ਆਉਂਦੇ ਹਨ ਭਲੇ ਵੇਲਿਆਂ ਦੇ ਭਲੇ ਲੀਡਰ
Published : Sep 15, 2024, 9:08 am IST
Updated : Sep 15, 2024, 9:08 am IST
SHARE ARTICLE
Good leaders of good times are remembered
Good leaders of good times are remembered

Leaders: ਹੁਣ ਤਾਂ ਕਰੋੜਪਤੀ ਸਾਡੇ ਲੀਡਰ ਹਨ ਜੋ ਸੇਵਾ, ਸਾਦਗੀ, ਨਿਮਰਤਾ ਤੇ ਲੋਕ ਸੇਵਾ ਨੂੰ ਤੁਛ ਜਾਣਦੇ ਹਨ

 

Leaders: ਜੇ  ਅਸੀਂ ਸਾਡੇ ਦੇਸ਼ ਦੇ ਮੁਢਲੇ (1947 ਤੋਂ ਬਾਅਦ) ਅਤੇ ਮੌਜੂਦਾ ਰਾਜ ਪ੍ਰਬੰਧ ਤੇ ਸਿਆਸੀ ਪਹਿਲੂਆਂ ਦਾ ਤੁਲਨਾਤਮਕ ਅਧਿਅਨ ਕਰੀਏ ਤਾਂ ਬਹੁਤ ਕੁੱਝ ਬਦਲਿਆ, ਵਿਸਰਿਆ, ਉਸਰਿਆ ਆਦਿ ਦਿਮਾਗ਼ ਵਿਚ ਘੁੰਮੇਗਾ, ਜਿਸ ਨੂੰ ਵੀਹਵੀਂ ਸਦੀ ਦੇ ਤਕਰੀਬਨ ਚੌਥੇ ਦਹਾਕੇ ਦੇ ਆਸ ਪਾਸ ਜਨਮੀਂ ਪੀੜ੍ਹੀ ਦੇ ਲੋਕਾਂ ਨੇ, ਜੋ ਅੱਜ 70ਵਿਆਂ ਜਾਂ ਇਸ ਤੋਂ ਵੱਧ ਦੀ ਉਮਰ ਵਿਚ ਪਹੁੰਚੀ ਹੋਈ ਹੈ, ਨੇ ਹੰਡਾਇਆ ਹੈ।

ਹੋਰ 10-20 ਸਾਲਾਂ ਵਿਚ ਇਹ ਪੀੜ੍ਹੀ ਦੇਸ਼ ਦੀ ਜਨਸੰਖਿਆ ਵਿਚੋਂ ਅਲੋਪ ਹੋਣ ਜਾ ਰਹੀ ਹੈ। ਭਾਵੇਂ 1947 ਤੋਂ ਪਹਿਲਾਂ ਜਿਸ ਆਜ਼ਾਦੀ ਦੀ ਪ੍ਰਾਪਤੀ ਲਈ ਅਨੇਕਾਂ ਗ਼ਦਰੀ ਬਾਬੇ, ਭਗਤ ਸਰਾਭੇ ਫਾਂਸੀਆਂ ਦੇ ਰੱਸੇ ਚੁੰਮ ਗਏ, ਉਹ ਦੇਸ਼ ਨੂੰ ਨਸੀਬ ਨਹੀਂ ਹੋਈ। ਪਰ ਘੁੱਗ ਵਸਦੀ ਗੁਮਰਾਹ ਹੋਈ ਜਨਤਾ ਨੂੰ ਹਾਕਮਾਂ ਨੇ ਇਕ ਦੂਜੇ ਦਾ ਖ਼ੂਨ ਵਹਾਉਣ ਵਲ ਧੱਕ ਕੇ, ਲੱਖਾਂ ਲੋਕਾਂ ਦੇ ਉਜਾੜੇ ਰਾਹੀਂ ਜਿਹੜੀ ਆਜ਼ਾਦੀ ਪ੍ਰਾਪਤ ਵੀ ਹੋਈ, ਉਹ ਵੀ ਅੱਜ ਬਰਕਰਾਰ ਨਹੀਂ ਰਹੀ।

ਦੇਸ ਵਿਚ ਉਸ ਮੁਢਲੇ ਦੌਰ ਦੇ ਪ੍ਰਧਾਨ ਮੰਤਰੀਆਂ ਸਮੇਤ ਉਸ ਵੇਲੇ ਦੇ ਹੋਰ ਸਿਆਸਤਦਾਨਾਂ ਦੇ ਕਿਰਦਾਰ ਦੀ, ਜੇ ਅੱਜ ਦੇ ਪ੍ਰਧਾਨ ਮੰਤਰੀ ਅਤੇ ਹੋਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਅਖਵਾਉਣ ਵਾਲੇ ਲੋਕਾਂ ਦੇ ਕਿਰਦਾਰ ਦੀ ਤੁਲਣਾ ਕਰੀਏ ਤਾਂ ਇਹ ਦੇਸ਼ ਪ੍ਰਤੀ ਭਾਵਨਾਵਾਂ ਪੱਖੋਂ ਅਤਿ ਦੀ ਗਿਰਾਵਟ ਵਲ ਜਾਂਦਾ ਵਿਖਾਈ ਦੇਵੇਗਾ। ਭਾਵੇਂ ਉਸ ਵੇਲੇ ਅੰਗਰੇਜ਼ਾਂ ਵਲੋਂ ਚਲਾਏ ਜਾ ਰਹੇ ਰਾਜ ਪ੍ਰਬੰਧ ਨੂੰ ਬਦਲੇ ਬਿਨਾ, ਆਜ਼ਾਦੀ ਦੇ ਨਾਂ ਹੇਠ ਵੀ ਉਸੇ ਲੀਹ ਅਨੁਸਾਰ ਚਲਦਾ ਰਖਿਆ ਗਿਆ ਪਰ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਿਪਟਣ ਲਈ ਉਨ੍ਹਾਂ ਨੇਤਾਵਾਂ ਵਲੋਂ ਪੰਜ ਸਾਲਾ ਯੋਜਨਾਵਾਂ ਬਣਾ ਕੇ ਦੂਰ ਕਰਨ ਦੇ ਯਤਨ ਅਰੰਭ ਹੋਏ।

ਦੇਸ਼ ਵਿਚੋਂ ਭੁੱਖਮਰੀ, ਗ਼ਰੀਬੀ, ਬੇਰੋਜ਼ਗਾਰੀ ਆਦਿ ਖ਼ਤਮ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਰਾਹੀਂ ਦੇਸ਼ ਦੇ ਵਿਕਾਸ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲਿਆਂ ਦੀ ਸ਼ੁਰੂਆਤ ਹੋਈ। ਦੇਸ਼ ਦੀ ਖੇਤੀਬਾੜੀ ਅਤੇ ਸੰਨਅਤ ਦੇ ਸੁਧਾਰ ਲਈ ਭਾਖੜਾ ਡੈਮ ਵਰਗੇ ਪਬਲਿਕ ਪ੍ਰੋਜੈਕਟ, ਨਹਿਰਾਂ, ਕੱਸੀਆਂ ਅਤੇ ਨਵੇਂ ਉਦਯੋਗਾਂ ਰਾਹੀਂ ਰੋਜ਼ਗਾਰ ਦੇ ਸਾਧਨਾਂ ਵਿਚ ਲਗਾਤਾਰ ਵਾਧਾ ਹੋਇਆ।

ਸਿਆਸੀ ਆਗੂਆਂ ਵਲੋਂ ਦੇਸ਼ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ ਪ੍ਰਵਾਰਕ ਤੇ ਨਿੱਜੀ ਲੋਭ ਲਾਲਚ ਤਿਆਗ ਕੇ, ਦਿ੍ਰੜ੍ਹਤਾ, ਲਗਨ ਅਤੇ ਇਮਾਨਦਾਰੀ ਨਾਲ ਨਿਭਾਈਆਂ ਅਪਣੀਆਂ ਜ਼ਿੰਮੇਵਾਰੀਆਂ ਵੀ ਸਾਹਮਣੇ ਵਿਖਾਈ ਦੇਣਗੀਆਂ। ਅਲੋਪ ਹੋਈ ਜਾ ਰਹੀ ਉਸ ਪੀੜ੍ਹੀ ਦੇ ਕਿਰਤੀ, ਕਿਸਾਨ ਲੋਕਾਂ ਨੇ ਵੀ ਅਪਣੀ ਸਖ਼ਤ ਮਿਹਨਤ ਦੇ ਬਲ ਨਾਲ ਦੇਸ਼ ਦੇ ਹਰ ਖੇਤਰ ਵਿਚ ਅਪਣਾ ਖ਼ੂਨ ਪਸੀਨਾ ਵਹਾਇਆ।

ਉਸ ਦੌਰ ਦੇ ਸਿਆਸੀ ਆਗੂਆਂ ਦੇ ਨਿੱਜੀ ਜੀਵਨ ’ਤੇ ਝਾਤ ਮਾਰਦਿਆਂ ਬਹੁਤ ਕੁੱਝ ਅਜਿਹਾ ਸਾਹਮਣੇ ਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਦੇਸ਼ ਪ੍ਰਤੀ ਵਫ਼ਾਦਾਰੀਆਂ ਦੇ ਜਜ਼ਬੇ ਅੱਗੇ ਸਿਰ ਝੁਕ ਜਾਂਦਾ ਹੈ। ਕਾਮਰੇਡ ਤੇਜਾ ਸਿੰਘ ਸੁਤੰਤਰ ਵਰਗੇ ਲੋਕਾਂ ਦੇ ਮਸੀਹਾ ਕਹਾਉਣ ਵਾਲੇ ਸਿਆਤਦਾਨਾਂ ਦੇ ਜੀਵਨ ਦੀਆਂ ਘਟਨਾਵਾਂ ਫਰੋਲਦਿਆਂ ਪਤਾ ਲਗਦਾ ਹੈ ਕਿ 1971 ਵਿਚ ਉਹ ਸੰਗਰੂਰ ਹਲਕੇ ’ਚੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਜਦੋਂ ਉਹ 1973 ਵਿਚ ਕਿਸਾਨੀ ਮੁੱਦੇ ’ਤੇ ਲੋਕ ਸਭਾ ਵਿਚ ਬੋਲ ਰਹੇ ਸਨ ਤਾਂ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਰ ਕੇ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਜਦੋਂ ਉਨ੍ਹਾਂ ਨੂੰ ਚੁੱਕ ਕੇ ਸੈਂਟਰ ਹਾਲ ਵਿਖੇ ਲਿਆਂਦਾ ਤਾਂ ਉੱਥੇ ਹੀ ਮੌਤ ਹੋ ਗਈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਨਾਲ ਸੀ। ਉਨ੍ਹਾਂ ਦੀ ਹਾਜ਼ਰੀ ਵਿਚ ਹੀ ਜਦੋਂ ਸੁਤੰਤਰ ਜੀ ਦੇ ਗਲ ’ਚੋਂ ਘਸਿਆ ਤੇ ਮੈਲਾ ਜਿਹਾ ਝੋਲਾ ਲਾਹ ਕੇ ਫਰੋਲਿਆ ਤਾਂ ਵਿਚੋਂ ਦੋ ਰੋਟੀਆਂ ਅਤੇ ਇਕ ਅੰਬ ਦੇ ਅਚਾਰ ਦੀ ਫਾੜੀ ਨਿਕਲੀ ਸੀ। ਇੰਦਰਾ ਗਾਂਧੀ ਸਮੇਤ ਹੋਰ ਸਾਰੇ ਇਹ ਵੇਖ ਹੈਰਾਨ ਤੇ ਹੱਕੇ ਬੱਕੇ ਰਹਿ ਗਏ। 

ਮਾ: ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਸ਼੍ਰੋਮਣੀ ਕਮੇਟੀ ਦੀ ਸਿਆਹੀ ਤਕ ਨਹੀਂ ਸੀ ਵਰਤਦੇ। ਘਰੋਂ ਅਪਣੇ ਪੈੱਨ ਵਿਚ ਸਿਆਹੀ ਭਰ ਕੇ ਲਿਆਂਦੇ। ਇਕ ਦਿਨ ਬਾਰਸ਼ ਏਨੀ ਪਈ ਕਿ 3-4 ਘੰਟੇ ਰੁਕਣ ਦਾ ਨਾਂ ਨਾ ਲਵੇ। ਮਾਸਟਰ ਤਾਰਾ ਸਿੰਘ ਨੂੰ ਬੜੀਆਂ ਬੇਨਤੀਆਂ ਕੀਤੀਆਂ ਗਈਆਂ ਕਿ ਸ਼੍ਰੋਮਣੀ ਕਮੇਟੀ ਦੀ ਜੀਪ ਉਨ੍ਹਾਂ ਨੂੰ ਘਰ ਛੱਡ ਆਉਂਦੀ ਹੈ ਪਰ ਉਹ ਗਰਮ ਹੋ ਕੇ ਪੈ ਜਾਂਦੇ, ‘‘ਤੁਸੀ ਸ਼੍ਰੋਮਣੀ ਕਮੇਟੀ ਵਿਚ ਕੁਰਪਸ਼ਨ ਸ਼ੁਰੂ ਕਰਨਾ ਚਾਹੁੰਦੇ ਹੋ? ਜੇ ਅੱਜ ਪ੍ਰਧਾਨ ਦੋ ਘੰਟੇ ਰੁਕਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੀ ਜੀਪ ਨਿਜ ਲਈ ਵਰਤਦਾ ਹੈ ਤਾਂ ਕਲ ਬਾਕੀ ਸਾਰੇ ਵੀ ਤਾਂ ਇਹੀ ਕਰਨਗੇ। ਇਸੇ ਤਰ੍ਹਾਂ ਤਾਂ ਕੁਰੱਪਸ਼ਨ ਫੈਲਦੀ ਹੈ।’’ 

ਪ੍ਰਧਾਨ ਮੰਤਰੀ ਨਹਿਰੂ ਨੇ ਮਾਸਟਰ ਜੀ ਨੂੰ ਦਿੱਲੀ ਆਉਣ ਦਾ ਸੱਦਾ ਦਿਤਾ। ਲੋਕਾਂ ਨੇ ਵੇਖਿਆ ਸਵੇਰੇ ਚਾਰ ਵਜੇ ‘ਪੰਥ ਦਾ ਬੇਤਾਜ ਬਾਦਸ਼ਾਹ’ ਅਪਣੇ ਸਿਰ ਉਤੇ ਬਿਸਤਰਬੰਦ ਚੁੱਕੀ ਸਟੇਸ਼ਨ ਵਲ ਦੌੜ ਰਿਹਾ ਸੀ ਕਿਉਂਕਿ ਰਿਕਸ਼ਾ ਵਾਲਾ ਸਵੇਰ ਹੋਣ ਕਾਰਨ ਦੁਗਣੇ ਚੌਗੁਣੇ ਪੈਸੇ ਮੰਗ ਰਿਹਾ ਸੀ।  

ਗਿ: ਕਰਤਾਰ ਸਿੰਘ ਕਈ ਵਾਰ ਵਜ਼ੀਰ ਬਣੇ ਪਰ ਸ੍ਰੀਰ ਦੇ ਤਿੰਨ ਕਪੜਿਆਂ ਬਿਨਾਂ ਉਨ੍ਹਾਂ ਦਾ ਕੋਈ ਸਮਾਨ ਨਹੀਂ ਸੀ ਹੁੰਦਾ। ਜਦ ਕੋਈ ਕੋਠੀ ਖ਼ਾਲੀ ਕਰਨ ਦਾ ਹੁਕਮ ਆਉਂਦਾ ਤਾਂ ਗਿ: ਜੀ ਕਹਿੰਦੇ, ‘‘ਭਾਈ ਮੇਰਾ ਤਾਂ ਕੁਲ ਸਮਾਨ ਰੱਸੀ ਉਤੇ ਟੰਗਿਆ ਹੋਇਐ। ਮੈਂ ਚੁਕ ਕੇ ਮੋਢੇ ’ਤੇ ਰੱਖ ਲੈਨਾਂ ਤੇ ਤੁਸੀ ਕੋਠੀ ਉਤੇ ਲਾ ਲਉ ਤਾਲਾ।’’
ਉਸ ਵੇਲੇ ਸ਼ਾਇਦ ਇਹ ਸਾਦਗੀ ਦੇ ਗੁਣ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਜ਼ਰੂਰੀ ਲੱਛਣ ਹੋਇਆ ਕਰਦੇ ਸਨ। 

ਇਹੋ ਜਿਹੇ ਸਨ ਦੇਸ਼ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦੀ ਇੱਛਾ ਸ਼ਕਤੀ ਰੱਖਣ ਵਾਲੇ ਨੇਤਾ ਜੋ ਘਰੋਂ ਰੁੱਖੀ ਰੋਟੀ ਬੰਨ੍ਹ ਕੇ ਪਾਰਲੀਮੈਂਟ ’ਚ ਆਉਂਦੇ ਸਨ। ਅਜਿਹੇ ਹੋਰ ਨੇਤਾਵਾਂ ਦੀ ਜ਼ਿੰਦਗੀ ਬਾਰੇ ਵੀ, ਸਾਦਗੀ, ਇਮਾਨਦਾਰੀ ਅਤੇ ਦੇਸ਼ ਪ੍ਰਤੀ ਪਿਆਰ ਤੇ ਜਜ਼ਬੇ ਦੀਆਂ ਘਟਨਾਵਾਂ ਦੇ ਹਵਾਲੇ ਇਤਿਹਾਸ ਵਿਚ ਦਰਜ ਹਨ। ਉਹ ਨਾ ਤਾਂ ਦੇਸ਼ ਨੂੰ ਵੇਚਣ ਦੇ ਸੌਦੇ ਕਰਦੇ ਸਨ, ਨਾ ਬਜਰੀ ਰੇਤਾ ਖਾਂਦੇ ਸਨ ਤੇ ਨਾ ਹੀ ਸੜਕਾਂ ਤੇ ਹੋਰ ਮਾਲ ਖ਼ਜ਼ਾਨੇ।

ਦੇਸ਼ ਦੀਆਂ ਸਮਸਿਆਵਾਂ ਅਤੇ ਉਨ੍ਹਾਂ ਉੱਪਰ ਕਾਬੂ ਪਾਉਣ ਲਈ ਸਾਰਥਕ ਹੱਲ ਖੋਜਣ ਲਈ ਪੜ੍ਹਦੇ, ਦਿਨ ਰਾਤ ਲੋਕਾਂ ਨਾਲ ਵਿਚਰਦੇ ਹੋਏ ਵਿਚਾਰਾਂ ਕਰਦੇ। ਬਿਨਾ ਕਿਸੇ ਧਰਮ ਤੇ ਜਾਤੀ ਭੇਦ ਭਾਵ ਤੋਂ ਦੇਸ਼ ਲਈ ਜੈ ਜਵਾਨ-ਜੈ ਕਿਸਾਨ ਦਾ ਨਾਹਰਾ ਬੁਲੰਦ ਕਰਨ ਵਰਗੇ ਉੱਚੇ ਸੁੱਚੇ ਕਿਰਦਾਰ ਵਾਲੇ ਉਨ੍ਹਾਂ ਨੇਤਾਵਾਂ ਤੋਂ ਅੱਜ ਦੇ ਆਗੂ ਕਿਉਂ ਨਹੀਂ ਸਿਖਦੇ? ਕਿਉਂ ਨਹੀਂ ਉੱਭਰ ਰਹੇ ਉਸ ਤਰ੍ਹਾਂ ਦੇ ਸਿਆਸੀ ਆਗੂ? ਅੱਜ ਅਨੇਕਾਂ ਸਵਾਲ ਖੜੇ ਹੁੰਦੇ ਹਨ।

ਅੱਜ ਦੇ ਸਿਆਸਤਦਾਨਾਂ ਦੇ ਕਿਰਦਾਰ ਕਿਉਂ ਪਹਿਲੇ ਦੇ ਨੇਤਾਵਾਂ ਤੋਂ ਗਿਰ ਚੁੱਕੇ ਹਨ? ਕਿਉਂ ਅੱਜ ਵਿਗਿਆਨਿਕ ਯੁੱਗ ਵਿਚ ਵੀ ਤਰਕਹੀਣ ਤੇ ਗ਼ੈਰ ਵਿਗਿਆਨਕ ਆਧਾਰ ’ਤੇ ਮਨੁੱਖਤਾ ਨੂੰ ਧਰਮਾਂ, ਜਾਤਾਂ ਵਿਚ ਵੰਡ ਕੇ ਆਪਸ ਵਿਚ ਲੜਾਉਣ ਦੀ ਰਾਜਨੀਤੀ ਕੀਤੀ ਜਾਂਦੀ ਹੈ? ਧਰਮ ਤੇ ਰਾਜਨੀਤੀ ਦਾ ਗੱਠਜੋੜ ਕਮਾਈ ਦਾ ਧੰਦਾ ਕਿਉਂ ਬਣ ਗਿਐ? ਕਿਉਂ ਦੇਸ਼ ਤੋਂ ਵੱਧ ਨਿੱਜ ਭਾਰੂ ਹੋ ਰਿਹੈ? ਅਜਿਹੇ ਅਨੇਕਾਂ ਹੀ ਸਵਾਲ ਸਿਰ ਚੁੱਕੀ ਖੜੇ ਹਨ।

ਕਿਉਂ ਅੱਜ ਤਰ੍ਹਾਂ ਤਰ੍ਹਾਂ ਦੇ ਭਿ੍ਰਸ਼ਟਾਚਾਰ ਵਿਚ ਧਸੇ, ਨਿੱਜ ਪ੍ਰਸਤ, ਦਲ ਬਦਲੂ, ਗਵਈਏ, ਫ਼ਿਲਮੀ ਕਲਾਕਾਰ, ਕਮੇਡੀਅਨ, ਭਗਵਾਂ ਧਾਰੀ ਸਾਧੂ, ਯੋਗੀ ਆਦਿ ਦੀ ਭਰਮਾਰ ਦੇਸ਼ ਦੀ ਰਾਜਨੀਤੀ ਵਿਚ ਵਧ ਰਹੀ ਹੈ? ਕੀ ਸਿਆਸੀ ਪਾਰਟੀਆਂ ਹੁਣ ਇਨ੍ਹਾਂ ਰਾਹੀਂ ਦੇਸ਼ ਦਾ ਰਾਜ ਚਲਾਇਆ ਕਰਨਗੀਆਂ? ਭਾਵੇਂ ਹਰ ਵਿਅਕਤੀ ਨੂੰ ਰਾਜਨੀਤੀ ਵਿਚ ਆਉਣ ਦਾ ਜਮਹੂਰੀ ਹੱਕ ਹੈ, ਪਰ ਜੇ ਉਹ ਕਿਸੇ ਹੋਰ ਖੇਤਰ ਵਿਚ ਲੋਕਾਂ ’ਚ ਮਕਬੂਲ ਹੈ ਤਾਂ ਉਸ ਦਾ ਫ਼ਾਇਦਾ ਰਾਜਨੀਤੀ ਵਿਚ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਬਹੁਤ ਅਹਿਮ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ।

ਗ਼ਲਤ ਨੀਤੀਆਂ ਕਾਰਨ ਦੇਸ਼ ਦਾ ਹੁਲੀਆ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਇਕ ਪਾਸੇ ਦੇਸ਼ ਦੀ ਅੱਧ ਤੋਂ ਵੀ ਵੱਧ ਆਬਾਦੀ ਦੋ ਡੰਗ ਦੀ ਰੋਟੀ ਤੋਂ ਵੀ ਵਿਰਵੀ ਹੈ ਅਤੇ ਦੂਜੇ ਪਾਸੇ ਉਂਗਲਾਂ ਤੇ ਗਿਣਨ ਯੋਗ ਪੂੰਜੀਪਤੀਆਂ ਕੋਲ ਮਾਇਆ ਦੇ ਅੰਬਾਰ ਲੱਗੇ ਹੋਏ ਹਨ। ਦੇਸ਼ ਵਿਚ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਦੇ ਦੌਰ ਵਿਚ ਆਮ ਲੋਕਾਂ ਦਾ ਜੀਵਨ ਨਰਕ ਬਣ ਰਿਹਾ ਹੈ ਪਰ ਦੂਜੇ ਪਾਸੇ ਕੁੱਝ ਕੁ ਕਰੋੜਪਤੀਆਂ ਦਾ ਸਰਮਾਇਆ ਲਗਾਤਾਰ ਉੱਪਰ ਵਲ ਜਾ ਰਿਹਾ ਹੈ। ਚੋਣਾਂ ਸਮੇਂ ਇਨ੍ਹਾਂ ਧਨਾਢਾਂ ਤੋਂ ਚੋਣ ਫ਼ੰਡ ਲੈ ਕੇ, ਬਦਲ ਵਿਚ ਹੋਰ ਵੱਡੇ ਕਾਰੋਬਾਰਾਂ ਦੇ ਠੇਕੇ ਦੇ ਕੇ ਲਏ ਫ਼ੰਡਾਂ ਦੀ ਭਰਪਾਈ ਕਰ ਦਿਤੀ ਜਾਂਦੀ ਹੈ।

ਇਹ ਸਾਰੀ ਖੇਡ ਚੋਣ ਬਾਂਡਾਂ ਦੇ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਜਿਸ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਵੀ ਗ਼ੈਰ ਕਾਨੂੰਨੀ ਕਰਾਰ ਦਿਤਾ ਹੈ। ਇਸ ਲਈ ਭਿ੍ਰਸ਼ਟ ਸਿਆਸਤਦਾਨਾਂ ਵਲੋਂ ਚਲਾਏ ਜਾ ਰਹੇ ਇਸ ਸਮੁੱਚੇ ਪ੍ਰਬੰਧ ਨੂੰ, ਗਰਕ ਜਾਂ ਨਿੱਘਰ ਗਿਆ ਕਹਿਣਾ ਕੋਈ ਅਤਿਕਥਨੀ ਨਹੀਂ ਹੈ।

ਇਹ ਹੋਰ ਵੀ ਚਿੰਤਾਜਨਕ ਹੈ ਕਿ ਦੇਸ਼ ਵਿਚ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਚੁਣੇ ਗਏ ਕਈ ਲੀਡਰਾਂ ਖ਼ਿਲਾਫ਼ ਕਈ ਤਰ੍ਹਾਂ ਦੇ ਅਪਰਾਧਕ ਮਾਮਲੇ ਦਰਜ ਹਨ ਅਤੇ ਕਿੰਨੇ ਹੀ ਕਰੋੜਪਤੀ ਹਨ। ਅਖ਼ਬਾਰਾਂ ਵਿਚ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਦੀ ਰੀਪੋਰਟ ਦੀ ਜਬਾਨੀ ਐਨਡੀਏ ਦੀ ਨਵੀਂ ਬਣੀ 72 ਮੈਂਬਰੀ ਮੰਤਰੀ ਮੰਡਲ ਸਰਕਾਰ ਵਿਚ 28 ਮੰਤਰੀਆਂ ਦੇ ਖ਼ਿਲਾਫ਼ ਗੰਭੀਰ ਅਪਰਾਧਕ ਮਾਮਲੇ ਦਰਜ ਹਨ।

ਇਨ੍ਹਾਂ 28 ਸੰਸਦ ਮੈਂਬਰਾਂ ਨੇ ਅਪਣੇ ਹਲਫ਼ਨਾਮੇ ਵਿਚ ਹੀ ਐਲਾਨ ਕੀਤਾ ਹੈ ਕਿ ਉਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਹੱਤਿਆ ਦੀ ਕੋਸ਼ਿਸ਼, ਅਗਵਾ ਕਰਨਾ ਤੇ ਮਹਿਲਾਵਾਂ ਦੇ ਖ਼ਿਲਾਫ਼ ਅਪਰਾਧ ਵਰਗੇ ਮਾਮਲੇ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਮੰਤਰੀਆਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਖ਼ਿਲਾਫ਼ ਧਾਰਾ 307 (ਹਤਿਆ ਕਰਨ ਦੀ ਕੋਸ਼ਿਸ਼) ਦੇ ਕੇਸ ਦਰਜ ਹਨ।

ਪੰਜ ਮੰਤਰੀਆਂ ਦਾ ਐਲਾਨ ਹੈ ਕਿ ਉਨ੍ਹਾਂ ਵਿਰੁਧ ਮਹਿਲਾਵਾਂ ਨਾਲ ਸਬੰਧਤ ਮਾਮਲੇ ਦਰਜ ਹਨ। ਇਸ ਮੰਤਰੀ ਮੰਡਲ ਦੇ 8 ਮੰਤਰੀਆਂ ਵਿਰੁਧ ਨਫ਼ਰਤੀ ਭਾਸ਼ਨ ਦੇਣ ਨਾਲ ਜੁੜੇ ਮਾਮਲੇ ਦਰਜ ਹਨ। ਇਨ੍ਹਾਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਧਰਮਿੰਦਰ ਪ੍ਰਧਾਨ, ਗਿਰੀਰਾਜ ਸਿੰਘ, ਸ਼ੋਭਾ ਕਰੰਦਲਾਜੇ, ਨਿਤਿਆਨੰਦ ਰਾਏ ਦੇ ਨਾਂ ਸ਼ਾਮਲ ਹਨ।

ਇਸੇ ਤਰ੍ਹਾਂ ਸਭ ਤੋਂ ਵੱਧ ਜਾਇਦਾਦ ਵਾਲੇ ਕਰੋੜਪਤੀਆਂ ਦੇ ਮਾਮਲੇ ਵਿਚ ਆਂਧਰਾ ਪ੍ਰਦੇਸ਼ ਦੇ ਗੁੰਟੂਰ ਹਲਕੇ ਤੋਂ ਜਿੱਤੇ ਆਗੂ ਡਾ. ਚੰਦਰਸ਼ੇਖਰ ਪੇਮਾਸਾਨੀ ਕੋਲ 5705 ਕਰੋੜ, ਦੂਜੇ ਨੰਬਰ ’ਤੇ ਜੋਤੀਰਾਦਿੱਤਿਆ ਸਿੰਧੀਆ ਕੋਲ 424 ਕਰੋੜ ਅਤੇ ਇਸੇ ਤਰ੍ਹਾਂ ਜਨਤਾ ਦਲ (ਐਸ) ਦੇ ਐਚ ਡੀ ਕੁਮਾਰ ਸਵਾਮੀ ਕੋਲ 217 ਕਰੋੜ ਦੀ ਜਾਇਦਾਦ ਹੈ। ਹੋਰ ਕਈ ਮੰਤਰੀ ਅਜਿਹੇ ਹਨ ਜਿਨ੍ਹਾਂ ਕੋਲ 100-100 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਨ੍ਹਾਂ ਵਿਚ ਅਸ਼ਵਨੀ ਵੈਸਣਵ, ਰਾਓ ਇੰਦਰਜੀਤ ਸਿੰਘ ਤੇ ਪਿਊਸ਼ ਗੋਇਲ ਵੀ ਸ਼ਾਮਲ ਹਨ। 

ਦੂਜੇ ਪਾਸੇ ਦੇਸ਼ ਦੀ 80 ਕਰੋੜ ਤੋਂ ਵੀ ਵੱਧ ਜਨਤਾ ਸਰਕਾਰ ਵਲੋਂ ਦਿਤੇ ਜਾਂਦੇ ਕਿਫ਼ਾਇਤੀ ਰੇਟ ਜਾਂ ਮੁਫ਼ਤ ਰਾਸ਼ਨ ’ਤੇ ਗੁਜ਼ਾਰਾ ਕਰਨ ਲਈ ਮਜਬੂਰ ਹੈ। ਸਰਕਾਰ ਇਸ ਦਿਤੇ ਜਾ ਰਹੇ ਰਾਸ਼ਨ ਨੂੰ ਬੜੇ ਫ਼ਖ਼ਰ ਨਾਲ ਅਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ, ਜਦਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅੰਗਰੇਜ਼ਾਂ ਤੋਂ ਬਾਅਦ ਪੌਣੀ ਸਦੀ ਬੀਤ ਜਾਣ ਮਗਰੋਂ ਵੀ ਅਜੇ ਤਕ ਉਹ ਰੋਟੀ ਕਮਾਉਣ ਯੋਗ ਕੋਈ ਰੋਜ਼ਗਾਰ ਦੇਣ ਦੇ ਯੋਗ ਵੀ ਨਹੀਂ ਕੀਤੇ ਜਾ ਸਕੇ। ਗੱਲਾਂ ਦੇਸ਼ ਨੂੰ ਦੁਨੀਆਂ ਦੀ ਵੱਡੀ ਆਰਥਕ ਸ਼ਕਤੀ ਵਿਚ ਪ੍ਰਵੇਸ਼ ਕਰਨ ਦੀਆਂ ਕੀਤੀਆਂ ਜਾ ਰਹੀਆਂ ਹਨ ਜਦਕਿ ਵਿਦੇਸ਼ੀ ਕਰਜ਼ਾ ਅਮਰ ਵੇਲ ਵਾਂਗ ਵਧ ਰਿਹਾ ਹੈ ਅਤੇ ਦੇਸ਼ ਦੇ ਸਾਰੇ ਕਮਾਊ ਅਦਾਰੇ ਵੇਚ ਕੇ ਕਾਰਪੋਰੇਟਾਂ ਦੇ ਹਵਾਲੇ ਕੀਤੇ ਗਏ ਤੇ ਕੀਤੇ ਜਾ ਰਹੇ ਹਨ।

ਲੋਕ ਰਾਜ ਦੇ ਨਾਂ ਹੇਠ ਵੋਟਾਂ ਰਾਹੀਂ ਲੋਕਾਂ ਵਲੋਂ ਹਰਾਏ ਹੋਏ ਉਮੀਦਵਾਰ ਨੂੰ ਮੰਤਰੀਆਂ ਦੇ ਔਹਦੇ ਦੇ ਕੇ ਨਿਵਾਜਣਾ ਕੀ ਲੋਕ ਰਾਜ ਦੇ ਨਾਂ ਤੇ ਵੋਟਾਂ ਰਾਹੀਂ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਨਹੀਂ? ਜੇਕਰ ਕੋਈ ਸਰਕਾਰ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਬਾਰੇ ਅਸਹਿਮਤੀ ਪ੍ਰਗਟਾਉਂਦਿਆਂ ਲੋਕ ਚੇਤਨਾ ਫੈਲਾਉਣ ਦੀ ਆਵਾਜ਼ ਉਠਾਉਂਦਾ ਹੈ ਤਾਂ ਉਸ ਖ਼ਿਲਾਫ਼ ਦੇਸ਼ ਧਰੋਹੀ ਵਰਗੇ ਕੇਸ ਦਰਜ ਕਰ ਕੇ ਉਸ ਦੀ ਦੇਸ਼ ਪੱਖੀ ਸਹੀ ਆਵਾਜ਼ ਦਬਾਉਣ ਦੇ ਯਤਨ ਕੀਤੇ ਜਾਂਦੇ ਹਨ। ਕਿੰਨੇ ਹੀ ਅਜਿਹੇ ਲੋਕ ਅੱਜ ਵੀ ਬਿਨਾ ਕੋਈ ਕੇਸ ਚਲਾਏ ਜੇਲ੍ਹਾਂ ਵਿਚ ਬੰਦ ਹਨ।

ਸਰਕਾਰਾਂ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਇਲਾਕਿਆਂ ਆਦਿ ਦੇ ਨਾਂ ਹੇਠ ਵੰਡ ਕੇ ਅਪਣਾ ਵੋਟ ਬੈਂਕ ਵਧਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੀਆਂ। ਇਨ੍ਹਾਂ ਚੋਣਾਂ ਵਿਚ ਵੀ ਧਰਮ ਅਧਾਰਤ ਨਫ਼ਰਤੀ ਭਾਸ਼ਾ ਵਰਤ ਕੇ ਇਕ ਧਰਮ ਦੀ ਜਾਇਦਾਦ ਅਤੇ ਔਰਤਾਂ ਦੇ ਮੰਗਲ ਸੂਤਰ ਤਕ, ਦੂਸਰੇ ਧਰਮਾਂ ਵਿਚ ਵੰਡ ਦੇਣ ਦੇ ਫ਼ਿਰਕੂ ਭਾਸ਼ਣ ਦਿਤੇ ਗਏ, ਜੋ ਕਿ ਸ਼ਰੇਆਮ ਫ਼ਿਰਕਾਪ੍ਰਸਤੀ ਫੈਲਾਉਣ ਦਾ ਮਾਮਲਾ ਹੈ।

ਪਰ ਨਾ ਕਿਸੇ ਚੋਣ ਕਮਿਸ਼ਨ ਤੇ ਨਾ ਹੀ ਕਿਸੇ ਕਾਨੂੰਨ ਨੇ ਇਸ ਦਾ ਕੋਈ ਠੋਸ ਨੋਟਿਸ ਲਿਆ। ਦੂਜੇ ਪਾਸੇ ਅਮਨ ਕਾਨੂੰਨ ਬਣਾਈ ਰੱਖਣ ਦੇ ਨਾਂ ਹੇਠ, ਅਪਣੇ ਹੱਕਾਂ ਦੀ ਪ੍ਰਾਪਤੀ ਲਈ ਲੜ ਰਹੇ ਲੋਕਾਂ ਦੇ ਘੋਲਾਂ ਨੂੰ ਗ਼ੈਰ ਕਾਨੂੰਨੀ ਕਹਿ ਕੇ ਝੱਟ ਕੇਸ ਦਰਜ ਕੀਤੇ ਜਾਂਦੇ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਦੇਸ਼ ਪੱਖੀ ਲੋਕਾਂ ਲਈ ਕਾਨੂੰਨ ਹੋਰ ਅਤੇ ਦੇਸ਼ ਨੂੰ ਵੇਚਣ ਵਾਲੇ ਸਿਆਸਤਦਾਨਾਂ ਲਈ ਕਾਨੂੰਨ ਹੋਰ। ਇਹ ਸਭ ਦੇਸ਼ ਦੇ ਗਰਕ ਚੁੱਕੇ ਰਾਜ ਪ੍ਰਬੰਧ ਦੀਆਂ ਨਿਸ਼ਾਨੀਆਂ ਹਨ।

ਦੇਸ਼ ਦੇ ਗਰਕ ਚੁੱਕੇ ਇਸ ਰਾਜ ਪ੍ਰਬੰਧ ਅਤੇ ਸਿਆਸਤਦਾਨਾਂ ਦੇ ਡਿਗ ਚੁੱਕੇ ਕਿਰਦਾਰ ਵੱਲ ਵਧ ਰਹੇ ਰੁਝਾਨ ਨੂੰ ਬ੍ਰੇਕਾਂ ਲਾਉਣ ਲਈ, ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ। ਅਜਿਹੇ ਹਾਲਾਤ ਤੋਂ ਛੁਟਕਾਰਾ ਪਾਉਣ ਲਈ ਦੇਸ਼ ਦੀ ਜਨਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਅਜਿਹੇ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਚਾਪਲੂਸ ਘੜੱਮ ਚੌਧਰੀਆਂ ਦੇ ਦਬਾਅ ਹੇਠੋਂ ਨਿਕਲ ਕੇ ਅਪਣੀ ਜੱਥੇਬੰਦਕ ਤਾਕਤ ਮਜ਼ਬੂਤ ਕਰਦਿਆਂ ਦੇਸ਼ ਨੂੰ ਇਨ੍ਹਾਂ ਦੇ ਚੁੰਗਲ ਵਿਚੋਂ ਕੱਢਣ ਲਈ ਅੱਗੇ ਆਉਣ ਕਿਉਂਕਿ ਮੌਜੂਦਾ ਵੋਟ ਸਿਸਟਮ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਬੈਠੇ ਦਲਾਲ ਕਿਸਮ ਦੇ ਘੜੰਮ ਚੌਧਰੀਆਂ ਦੀ ਦੇਖ-ਰੇਖ ਹੇਠ ਚਲਾਇਆ ਜਾ ਰਿਹਾ ਹੈ ਜੋ ਸਰਕਾਰੇ ਦਰਬਾਰੇ ਲੋਕਾਂ ਦੇ ਮਾੜੇ ਮੋਟੇ ਕੰਮ ਕਰਵਾਉਣ ਲਈ ਸਿਆਸੀ ਅਤੇ ਪ੍ਰਸ਼ਾਸਨਕ ਵਿਚੋਲੇ ਵਜੋਂ ਵਿਚਰਦੇ ਹਨ।

ਭਾਵੇਂ ਇਨ੍ਹਾਂ ਚੋਣਾਂ ਵਿਚ ਲੋਕ ਇਸ ਗੱਲ ਨੂੰ ਸਮਝ ਕੇ ਅੱਗੇ ਵੀ ਆਏ ਹਨ ਅਤੇ ਸਿਆਸੀ ਉਮੀਦਵਾਰਾਂ ਤੋਂ ਸਿੱਧੇ ਸਵਾਲ ਪੁੱਛਣ ਲੱਗੇ ਹਨ ਜੋ ਆਉਣ ਵਾਲੇ ਬਦਲ ਲਈ ਸ਼ੁਭ ਸੰਕੇਤ ਹੈ। ਇਸ ਤੋਂ ਬਿਨਾਂ ਦੇਸ਼ ਨੂੰ ਵੇਚਣ ਦੇ ਰਾਹ ਟੁਰੇ ਸਿਆਸਤਦਾਨਾਂ ਨੂੰ ਰੋਕਣ ਅਤੇ ਗਰਕ ਚੁੱਕੇ ਰਾਜ ਪ੍ਰਬੰਧ ਨੂੰ ਬਦਲ ਕੇ ਨਵਾਂ ਉਸਾਰਨ ਦਾ ਕੰਮ ਪੂਰਾ ਨਹੀਂ ਹੋਵੇਗਾ।

..

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement