ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ ਜੱਸਾ ਸਿੰਘ ਆਹਲੂਵਾਲੀਆ
Published : May 18, 2021, 9:01 am IST
Updated : May 18, 2021, 9:18 am IST
SHARE ARTICLE
Jassa Singh Ahluwalia
Jassa Singh Ahluwalia

ਜੇ ਅਠਾਰਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੀ ਗੱਲ ਕਰੀਏ ਤਾਂ ਸ. ਜੱਸਾ ਸਿੰਘ ਆਹਲੂਵਾਲੀਆ ਉਨ੍ਹਾਂ 3 ਸਿੱਖ ਜਰਨੈਲਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਅਪਣੀ.....

ਜੇ  ਅਠਾਰਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੀ ਗੱਲ ਕਰੀਏ ਤਾਂ ਸ. ਜੱਸਾ ਸਿੰਘ ਆਹਲੂਵਾਲੀਆ ਉਨ੍ਹਾਂ 3 ਸਿੱਖ ਜਰਨੈਲਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਅਪਣੀ ਸਿਆਣਪ ਅਤੇ ਬਾਹੂਬਲ ਨਾਲ ਪੰਜਾਬ ਵਿਚ ਸੁਤੰਤਰ ਖ਼ਾਲਸਾ ਰਾਜ ਦੀ ਸਥਾਪਨਾ ਕਰ ਕੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਸਿੱਕੇ ਜਾਰੀ ਕਰ ਕੇ 'ਰਾਜ ਕਰੇਗਾ ਖ਼ਾਲਸਾ' ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ ਸੀ। ਬੰਦਾ ਸਿੰਘ ਬਹਾਦਰ ਤੋਂ ਬਾਅਦ ਦੂਜੀ ਵਾਰ ਇਹ ਮਹਾਨ ਕਾਰਜ ਕਰਨ ਵਾਲਾ ਮਹਾਨ ਸਿੱਖ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਸੀ ਜਿਸ ਨੇ 1764-65 ਵਿਚ ਲਾਹੌਰ ਅਤੇ ਸਰਹਿੰਦ ਨੂੰ ਜਿੱਤ ਕੇ ਖ਼ਾਲਸਾ ਰਾਜ ਕਾਇਮ ਕੀਤਾ ਸੀ। 

Jathedar Jassa Singh AhluwaliaJassa Singh Ahluwalia

ਜੱਸਾ ਸਿੰਘ ਆਹਲੂਵਾਲੀਆ ਦੀ ਸਿਰਫ਼ ਇਹੀ ਪ੍ਰਾਪਤੀ ਨਹੀਂ ਸੀ। ਪੰਜਾਬ ਨੂੰ ਕਾਬੁਲ ਦੇ ਰਾਜ ਦਾ ਹਿੱਸਾ ਬਣਨ ਤੋਂ ਬਚਾਉਣ ਵਾਲਾ ਵੀ ਉਹੀ ਸੀ ਜਿਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਉੱਤਰ-ਪੱਛਮ ਵਲੋਂ ਹੁੰਦੇ ਹਮਲਿਆਂ ਨੂੰ ਠੱਲ੍ਹ ਪਾ ਕੇ ਦੇਸ਼ ਦੀ ਆਜ਼ਾਦੀ ਅਤੇ ਸਰਹੱਦਾਂ ਨੂੰ ਕਾਇਮ ਰਖਿਆ ਸੀ। ਸੱਚ ਤਾਂ ਇਹ ਹੈ ਕਿ ਪੰਜਾਬ ਸੂਬਾ ਭਾਰਤ ਨੂੰ ਜੱਸਾ ਸਿੰਘ ਆਹਲੂਵਾਲੀਆ ਵਲੋਂ ਦਿਤਾ ਗਿਆ ਉਹ ਤੋਹਫ਼ਾ ਹੈ ਜਿਸ ਲਈ ਦੇਸ਼ ਵਾਸੀਆਂ ਨੂੰ ਸਦਾ ਉਸ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਉਹ ਇਕ ਪੂਰਨ ਗੁਰਸਿੱਖ ਸੀ ਜਿਸ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਬੜੇ ਸੁਭਾਗ ਦੀ ਗੱਲ ਸਮਝੀ ਜਾਂਦੀ ਸੀ।

Jassa Singh AhluwaliaJassa Singh Ahluwalia

ਉੱਚੇ ਅਤੇ ਲੰਮੇ ਕੱਦ ਵਾਲੇ ਜੱਸਾ ਸਿੰਘ ਆਹਲੂਵਾਲੀਆ ਦਾ ਸਰੀਰ ਬੜਾ ਗਠਿਆ ਹੋਇਆ ਅਤੇ ਸੁਡੌਲ ਸੀ। ਉਸ ਦੇ ਨੈਣ-ਨਕਸ਼ ਬੜੇ ਤਿੱਖੇ, ਸੁਹਣੇ ਅਤੇ ਆਕਰਸ਼ਕ ਸਨ। ਕਣਕਵੰਨਾ ਰੰਗ, ਚੌੜਾ ਮੱਥਾ ਅਤੇ ਚਮਕਦਾਰ ਅੱਖਾਂ ਕਿਸੇ ਨੂੰ ਵੀ ਪ੍ਰਭਾਵਤ ਕਰਨ ਦੀ ਸਮਰਥਾ ਰਖਦੀਆਂ ਸਨ। ਸਰੀਰਕ ਤੌਰ ਤੇ ਬੜਾ ਬਲਵਾਨ, ਵਿਅਕਤੀਗਤ ਤੌਰ ਤੇ ਉਹ ਕਿਸੇ ਵੀ ਤਕੜੇ ਬੰਦੇ ਨੂੰ ਵੰਗਾਰ ਪਾਉਣ ਦੀ ਹਿੰਮਤ ਰਖਦਾ ਸੀ। ਚੌੜੀ ਛਾਤੀ, ਲੰਮੀਆਂ ਬਾਹਾਂ ਅਤੇ ਭਰਵੀਂ ਆਵਾਜ਼ ਉਸ ਦੇ ਸਮੁੱਚੇ ਪ੍ਰਭਾਵ ਵਿਚ ਮਿਕਨਾਤੀਸੀ ਖਿੱਚ ਰਖਦੀਆਂ ਸਨ।

ਜਦੋਂ ਅਸੀ ਉਨ੍ਹਾਂ ਦੀ ਨਿਤਾਪ੍ਰਤੀ ਖ਼ੁਰਾਕ ਵਲ ਵੇਖਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਕਿ ਛਾਹ ਵੇਲੇ ਉਹ ਇਕ ਸੇਰ ਮੱਖਣ, ਇਕ ਪਾਅ ਮਿਸ਼ਰੀ ਅਤੇ ਦੁਪਹਿਰ ਵੇਲੇ ਅੱਧੇ ਬੱਕਰੇ ਦਾ ਮਾਸ ਖਾ ਕੇ ਹਜ਼ਮ ਕਰ ਜਾਂਦਾ ਸੀ (ਡਾ. ਗੰਡਾ ਸਿੰਘ)। ਸਰੀਰਕ ਤੌਰ ਤੇ ਮਜ਼ਬੂਤ ਹੋਣ ਕਾਰਨ ਉਹ ਕਈ ਕਈ ਮੀਲਾਂ ਤਕ ਇਕੋ ਸਾਹੇ ਘੋੜੇ ਦੀ ਸਵਾਰੀ ਕਰ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਸੌ ਸੌ ਮੀਲ ਤਕ ਦਾ ਸਫ਼ਰ ਕਰ ਜਾਣਾ ਵੀ ਉਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਹ ਤੀਰ-ਤਲਵਾਰ ਅਤੇ ਤੋੜੇਦਾਰ ਬੰਦੂਕ ਚਲਾਉਣ ਦੇ ਏਨੇ ਧਨੀ ਸਨ ਕਿ ਉਨ੍ਹਾਂ ਦਾ ਨਿਸ਼ਾਨਾ ਕਦੇ ਖ਼ਾਲੀ ਨਹੀਂ ਸੀ ਜਾਂਦਾ। ਲੜਾਈ ਦੇ ਮੈਦਾਨ ਵਿਚ ਉਹ ਅੱਗੇ ਹੋ ਕੇ ਲੜਨ ਵਾਲਿਆਂ 'ਚੋਂ ਸੀ

Jassa Singh AhluwaliaJassa Singh Ahluwalia

ਜਿਸ ਨੂੰ ਤੀਰਾਂ, ਤਲਵਾਰਾਂ ਅਤੇ ਤੋਪਾਂ ਦੇ ਗੋਲੇ ਵੀ ਕਿਸੇ ਤਰ੍ਹਾਂ ਡਰਾ ਨਹੀਂ ਸਨ ਸਕਦੇ। ਉਨ੍ਹਾਂ ਅਪਣੇ ਬਚਾਅ ਵਾਸਤੇ ਕਦੇ ਵੀ ਲੋਹੇ ਦਾ ਸੰਜੋਅ (ਜ਼ਰਾ ਬਖ਼ਤਰ) ਨਹੀਂ ਸੀ ਪਹਿਨਿਆ। ਉਨ੍ਹਾਂ ਦਾ ਭਰੋਸਾ ਅਕਾਲ ਪੁਰਖ ਤੇ ਹੁੰਦਾ ਸੀ। ਉਹ ਅਪਣੀ ਕਿਸੇ ਵੀ ਮੁਸ਼ਕਲ ਲਈ ਸਦਾ ਅਕਾਲ ਪੁਰਖ ਨੂੰ ਹੀ ਯਾਦ ਕਰਦੇ ਅਤੇ ਉਸ ਅੱਗੇ ਅਰਦਾਸ ਕਰਦੇ ਸਨ।  ਉਨ੍ਹਾਂ ਦਾ ਪਹਿਰਾਵਾ ਚਿੱਟੇ ਜਾਂ ਸੁਰਮਈ ਰੰਗ ਦਾ ਹੋਇਆ ਕਰਦਾ ਸੀ। ਲੰਮਾ ਕਛਹਿਰਾ ਤੇ ਚੂੜੀਦਾਰ ਪਜਾਮਾ ਉਨ੍ਹਾਂ ਦੇ ਨਿੱਤ ਦੇ ਪਹਿਰਾਵੇ ਦਾ ਹਿੱਸਾ ਸਨ। ਗਾਤਰੇ ਕਿਰਪਾਨ ਅਤੇ ਕਮਰਬੰਦ ਵਿਚ ਲਟਕਦੇ ਕਈ ਸ਼ਸਤਰ ਸਨ ਜੋ ਪਹਿਨ ਕੇ ਹੀ ਉਹ ਘਰੋਂ ਨਿਕਲਿਆ ਕਰਦੇ ਸਨ।

ਸ਼ਸਤਰ ਉਨ੍ਹਾਂ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਸਨ। ਉਹ ਸਮਝਦੇ ਸਨ ਕਿ ਸ਼ਸਤਰਾਂ ਤੋਂ ਬਿਨਾਂ ਇਨਸਾਨ ਅਧੂਰਾ ਹੈ। ਅਪਣੀ ਅਤੇ ਕਿਸੇ ਮਜ਼ਲੂਮ ਦੀ ਰਖਿਆ ਲਈ ਇਨ੍ਹਾਂ ਦਾ ਕੋਲ ਹੋਣਾ ਬਹੁਤ ਜ਼ਰੂਰੀ ਹੈ। ਉਹ ਇਨ੍ਹਾਂ ਸ਼ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੜੀ ਵੱਡੀ ਬਖਸ਼ਿਸ਼ ਸਮਝਦੇ ਸਨ
ਆਪ ਨਿਤਨੇਮ ਦੇ ਪੱਕੇ ਧਾਰਨੀ ਸਨ। ਹਰ ਗੁਰਸਿੱਖ ਨੂੰ ਨਿਤਨੇਮ ਕਰਨ ਦੀ ਪ੍ਰੇਰਨਾ ਦਿਆ ਕਰਦੇ ਸਨ। ਧਰਮ ਦੇ ਮਾਮਲੇ ਵਿਚ ਉਹ ਏਨੇ ਪੱਕੇ ਸਨ ਕਿ ਜੇ ਉਨ੍ਹਾਂ ਦੀ ਸੇਵਾ ਵਿਚ ਸੇਵਾ ਕਰ ਰਿਹਾ ਮੁਸਲਮਾਨ ਵੀ ਪਹੁ ਫੁਟਾਲੇ ਤਕ ਸੁੱਤਾ ਨਜ਼ਰ ਆਉਂਦਾ ਸੀ ਤਾਂ ਉਹ ਉਸ ਨੂੰ ਵੀ ਆਪ ਜਾ ਕੇ ਜਗਾ ਆਉਂਦੇ ਸਨ ਕਿ ਉਠ ਜਾ, ਤੇਰਾ ਨਮਾਜ਼ ਪੜ੍ਹਨ ਦਾ ਸਮਾਂ ਹੋ ਗਿਆ ਹੈ। ਦਲ ਖ਼ਾਲਸਾ 'ਚ ਸ਼ਾਮਲ ਹੋਣ ਲਈ ਅੰਮ੍ਰਿਤ ਛਕਣਾ ਅਤੇ ਰਹਿਤ ਰਖਣੀ ਬਹੁਤ ਜ਼ਰੂਰੀ ਸੀ। ਆਸਾ ਕੀ ਵਾਰ ਦਾ ਕੀਰਤਨ ਸੁਣਨ ਅਤੇ ਕਰਨ ਵਿਚ ਵੀ ਉਹ ਗੁਰਸਿੱਖਾਂ ਨੂੰ ਹਰ ਵੇਲੇ ਪ੍ਰੇਰਿਤ ਕਰਦੇ ਰਹਿੰਦੇ ਸਨ। ਉਹ ਆਪ ਵੀ ਬਹੁਤ ਚੰਗਾ ਕੀਰਤਨ ਕਰ ਲੈਂਦੇ ਸਨ। ਸਿੱਖੀ ਰਹਿਤ ਮਰਿਆਦਾ ਵਿਚ ਪੱਕੇ ਹੋਣ ਦੇ ਬਾਵਜੂਦ ਵੀ ਉਹ ਧਰਮਨਿਰਪੱਖ ਸਨ। ਉਨ੍ਹਾਂ ਦੀ ਸੇਵਾ ਵਿਚ ਕੰਮ ਕਰ ਰਹੇ ਕਿਸੇ ਵੀ ਬੰਦੇ ਨੂੰ ਅਪਣੇ ਧਰਮ ਦੀਆਂ ਰਹੁ ਰੀਤਾਂ ਕਰਨ ਦੀ ਪੂਰੀ ਆਜ਼ਾਦੀ ਸੀ।

Jathedar Jassa Singh AhluwaliaJassa Singh Ahluwalia

ਜੱਸਾ ਸਿੰਘ ਹਰ ਗੁਰਸਿੱਖ ਨੂੰ 'ਭਾਈ' ਕਰ ਕੇ ਬੁਲਾਉਂਦੇ ਸਨ ਅਤੇ ਪੂਰਾ ਸਤਿਕਾਰ ਦੇਂਦੇ ਸਨ। ਦਲ ਖ਼ਾਲਸਾ ਵਿਚ ਸ਼ਾਮਲ ਹੋਇਆ ਹਰ ਗੁਰਸਿੱਖ ਉਨ੍ਹਾਂ ਲਈ ਅਪਣੀ ਜਾਨ ਤਕ ਵਾਰਨ ਲਈ ਸਦਾ ਤਿਆਰ ਰਹਿੰਦਾ ਸੀ। ਜੱਸਾ ਸਿੰਘ ਆਹਲੂਵਾਲੀਆ ਦਾ ਇਹ ਪੱਕਾ ਨੇਮ ਸੀ ਕਿ ਉਹ ਹਰ ਸਾਲ ਘੱਟੋ-ਘੱਟ ਦੋ ਵਾਰੀ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ ਜ਼ਰੂਰ ਜਾਇਆ ਕਰਦੇ ਸਨ। 5 ਫ਼ਰਵਰੀ, 1762 ਨੂੰ ਵੱਡੇ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਅੰਮ੍ਰਿਤ ਸਰੋਵਰ ਅਤੇ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਨਾਲ ਢਾਹ ਦਿਤਾ  ਸੀ।

ਅੰਮ੍ਰਿਤ ਸਰੋਵਰ ਨੂੰ ਜਾਨਵਰਾਂ ਦੀਆਂ ਹੱਡੀਆਂ ਅਤੇ ਕਚਰੇ ਨਾਲ ਭਰ ਕੇ ਬੰਦ ਕਰ ਦਿਤਾ ਗਿਆ। ਉਸ ਦੇ ਵਾਪਸ ਚਲੇ ਜਾਣ ਤੋਂ ਬਾਅਦ ਖ਼ਾਲਸੇ ਨੇ ਅੰਮ੍ਰਿਤਸਰ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਨੂੰ ਮੁੜ ਉਸਾਰਨ ਦਾ ਫ਼ੈਸਲਾ ਕੀਤਾ। ਇਸ ਕਾਰਜ ਲਈ 'ਗੁਰੂ ਕੀ ਚਾਦਰ' ਵਿਛਾਈ ਗਈ। ਸਿੱਖ ਸਰਦਾਰਾਂ ਤੇ ਸੰਗਤਾਂ ਵਲੋਂ ਆਈ ਮਾਇਆ 16 ਲੱਖ ਰੁਪਏ ਸੀ ਜਿਸ ਵਿਚੋਂ 6 ਲੱਖ ਰੁਪਿਆ ਜੱਸਾ ਸਿੰਘ ਆਹਲੂਵਾਲੀਏ ਦੇ ਹਿੱਸੇ ਦਾ ਸੀ। ਉਸ ਨੇ ਇਹ ਸਾਰੀ ਮਾਇਆ ਅੰਮ੍ਰਿਤ ਸਰੋਵਰ ਤੇ ਦਰਬਾਰ ਸਾਹਿਬ ਦੀ ਉਸਾਰੀ ਲਈ ਮੱਥਾ ਟੇਕ ਦਿਤੀ। ਮਗਰੋਂ ਇਨ੍ਹਾਂ ਦੇ ਹੱਥੋਂ ਹੀ ਹਰਿਮੰਦਰ ਦੀ ਨਵਉਸਾਰੀ ਦਾ ਨੀਂਹ ਪੱਥਰ ਰਖਵਾਇਆ ਗਿਆ।

18ਵੀਂ ਸਦੀ ਵਿਚ ਖ਼ਾਲਸੇ ਨੂੰ ਸੰਗਠਤ ਰੱਖਣ ਵਿਚ ਉਨ੍ਹਾਂ ਦੀ ਬੜੀ ਵੱਡੀ ਭੂਮਿਕਾ ਰਹੀ ਹੈ। ਦਲ ਖ਼ਾਲਸਾ ਦੇ ਮੁਖੀ ਹੋਣ ਦੇ ਨਾਤੇ ਹਰ ਮਿਸਲ ਦੇ ਸਰਦਾਰ ਨਾਲ ਸੰਪਰਕ ਬਣਾਈ ਰੱਖਣ ਵਿਚ ਉਹ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਸਨ। ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਨੇ ਸਾਰੀਆਂ ਮਿਸਲਾਂ ਦਾ ਰੀਕਾਰਡ ਵੀ ਸੰਭਾਲਿਆ ਹੋਇਆ ਸੀ। ਸਾਰੀਆਂ ਮਿਸਲਾਂ ਅਤੇ ਸਮੁੱਚਾ ਪੰਥ ਉਨ੍ਹਾਂ ਦੀ ਬੜੀ ਇੱਜ਼ਤ ਕਰਦਾ ਸੀ। ਜਦੋਂ ਵੀ ਉਨ੍ਹਾਂ ਨੇ ਪੰਥ ਦੇ ਨਾਂ ਤੇ ਆਵਾਜ਼ ਦਿਤੀ, ਸਾਰਾ ਪੰਥ ਇਕਜੁਟ ਹੋ ਕੇ ਉਨ੍ਹਾਂ ਦੀ ਅਗਵਾਈ ਵਿਚ ਇਕੱਠਾ ਹੋ ਜਾਂਦਾ ਰਿਹਾ।

ਲੋਕ ਮਨਾਂ ਵਿਚ ਉਨ੍ਹਾਂ ਪ੍ਰਤੀ ਏਨਾ ਸਤਿਕਾਰ ਸੀ ਕਿ 1764-65 ਵਿਚ ਲਾਹੌਰ ਜਿੱਤਣ ਮਗਰੋਂ ਜਦੋਂ ਖ਼ਾਲਸਾ ਰਾਜ ਦੀ ਸਥਾਪਤੀ ਕੀਤੀ ਗਈ ਤਾਂ ਉਨ੍ਹਾਂ ਨੂੰ ਹੀ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਦੋਂ 1783 ਵਿਚ ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਗਿਆ ਤਾਂ ਦਿੱਲੀ ਦੇ ਦੀਵਾਨੇ-ਆਮ ਵਿਚ ਜਿਸ ਮਹਾਂਪੁਰਸ਼ ਨੂੰ ਤਖ਼ਤ ਉਤੇ ਬਿਠਾਇਆ ਗਿਆ ਉਹ ਜੱਸਾ ਸਿੰਘ ਆਹਲੂਵਾਲੀਆ ਹੀ ਸੀ। ਇਹ ਵਖਰੀ ਗੱਲ ਹੈ ਕਿ ਮਿਸਲਾਂ ਦੇ ਆਪਸੀ ਮਤਭੇਦ ਕਰ ਕੇ ਜੱਸਾ ਸਿੰਘ ਨੇ ਆਪਸੀ ਪਿਆਰ ਅਤੇ ਕੌਮੀ ਇਕਜੁਟਤਾ ਬਣਾਈ ਰੱਖਣ ਕਰ ਕੇ ਅਪਣੇ ਆਪ ਨੂੰ ਇਸ ਮਾਹੌਲ ਤੋਂ ਅਲੱਗ ਕਰ ਲਿਆ ਸੀ।

ਇਹ ਉਨ੍ਹਾਂ ਦੇ ਜੀਵਨ ਦੀ ਆਖ਼ਰੀ ਵੱਡੀ ਪ੍ਰਾਪਤੀ ਸੀ ਕਿ ਉਹ ਉਸ ਕੌਮ ਨੂੰ ਜੋ ਅਪਣੀ ਹੋਂਦ ਨੂੰ ਬਚਾਈ ਰੱਖਣ ਵਾਸਤੇ ਸੰਘਰਸ਼ ਕਰਦੀ ਆਈ ਸੀ, ਦਿੱਲੀ ਦੇ ਤਖ਼ਤ ਤੇ ਬਿਠਾ ਦਿਤਾ ਸੀ। ਜਿਵੇਂ ਕਿਹਾ ਗਿਆ ਹੈ, ਲੋਕ ਮਨਾਂ ਵਿਚ ਉਨ੍ਹਾਂ ਬਾਰੇ ਅਥਾਹ ਪ੍ਰੇਮ ਸੀ। ਉਸ ਸਮੇਂ ਦੇ ਸਿੱਖ ਕਿਸੇ ਵੀ ਕੌਮੀ ਸੰਘਰਸ਼ ਲਈ ਹਰ ਤਰ੍ਹਾਂ ਦਾ ਹਿੱਸਾ ਪਾਉਣ ਲਈ ਤਿਆਰ ਰਹਿੰਦੇ ਸਨ। ਦਲ ਖ਼ਾਲਸਾ ਵਿਚ ਸ਼ਾਮਲ ਹੋਣ ਲਈ ਸਿੱਖ ਨੌਜਵਾਨ ਚੰਗੇ ਘੋੜੇ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਉਨ੍ਹਾਂ ਨਾਲ ਆ ਰਲਦੇ ਸਨ। ਹੌਲੀ ਹੌਲੀ ਪੂਰੇ ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਵੀ ਉਨ੍ਹਾਂ ਦਾ ਅਸਰ ਏਨਾ ਵੱਧ ਗਿਆ ਸੀ

ਕਿ ਪਾਨੀਪਤ ਦੀ ਤੀਜੀ ਲੜਾਈ ਵਿਚ ਮਰਾਠਿਆਂ ਨੂੰ ਹਾਰ ਦੇਣ ਵਾਲਾ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਉਪਰ ਅਪਣੇ ਆਖ਼ਰੀ ਹਮਲਿਆਂ ਸਮੇਂ ਜੱਸਾ ਸਿੰਘ ਆਹਲੂਵਾਲੀਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਹੋ ਗਿਆ ਸੀ। ਉਸ ਨੇ ਆਹਲੂਵਾਲੀਆ ਕੋਲ ਇਹੋ ਜਿਹੇ ਕਈ ਸੰਦੇਸ਼ ਭੇਜੇ ਸਨ ਕਿ ਜੇ ਉਹ ਸਾਡੇ ਪ੍ਰਤੀ ਵਿਰੋਧ ਦਾ ਰਸਤਾ ਤਿਆਗ ਦੇਵੇ ਤਾਂ ਮੈਂ ਉਸ ਨੂੰ ਕੁੱਝ ਵੀ ਦੇਣ ਲਈ ਤਿਆਰ ਹਾਂ। ਉਸ ਦੇ ਇਹੋ ਜਿਹੇ ਸੰਕੇਤਾਂ ਦੇ ਬਾਵਜੂਦ ਜੱਸਾ ਸਿੰਘ ਆਹਲੂਵਾਲੀਆ ਦਾ ਕਹਿਣਾ ਸੀ ਕਿ ਅਸੀ ਜੋ ਲੈਣਾ ਹੈ ਉਹ ਅਪਣੇ ਜ਼ੋਰ ਨਾਲ ਲੈ ਲਵਾਂਗੇ, ਸਾਨੂੰ ਕਿਸੇ ਵਲੋਂ ਮਿਲਦੇ ਕਿਸੇ ਦਾਨ ਦੀ ਕੋਈ ਲੋੜ ਨਹੀਂ।

ਜੱਸਾ ਸਿੰਘ ਦੇ ਮਨ ਵਿਚ ਔਰਤਾਂ ਪ੍ਰਤੀ ਬੜਾ ਸਨਮਾਨ ਸੀ। ਇਸ ਸਨਮਾਨ ਦੀ ਸਿਖਿਆ ਉਸ ਨੂੰ ਦਿੱਲੀ ਮਾਤਾ ਸੁੰਦਰੀ ਜੀ ਕੋਲ ਰਹਿ ਕੇ ਮਿਲੀ ਸੀ ਜਦੋਂ ਉਹ ਵੇਖਦਾ ਸੀ ਕਿ ਸਿੱਖ ਸੰਗਤਾਂ ਕਿੰਨੇ ਪਿਆਰ ਅਤੇ ਸਤਿਕਾਰ ਨਾਲ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ। ਜੱਸਾ ਸਿੰਘ ਆਹਲੂਵਾਲੀਆ ਵਲੋਂ ਕਿਸੇ ਵੀ ਔਰਤ ਨਾਲ ਮਾੜਾ ਨਾ ਕਰਨ ਦੀ ਸਖ਼ਤ ਹਦਾਇਤ ਸੀ। ਉਸ ਨੇ ਘੱਟੋ-ਘੱਟ ਦੋ ਵਾਰ ਭਾਰਤ ਦੀਆਂ 2200-2200 ਨੌਜਵਾਨ ਬੱਚੀਆਂ ਨੂੰ ਅਬਦਾਲੀ ਦੇ ਫ਼ੌਜੀਆਂ ਕੋਲੋਂ ਛੁਡਵਾ ਕੇ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਮਾਤਾ ਸੁੰਦਰੀ ਜੀ ਨੇ ਬਾਲਕ ਆਹਲੂਵਾਲੀਆ ਨੂੰ ਮਾਂ ਪਿਆਰ ਦੇ ਜਜ਼ਬੇ ਨਾਲ ਮਾਲਾਮਾਲ ਕਰ ਦਿਤਾ ਸੀ।

ਉਹ ਅਪਣੇ ਸਮੇਂ ਦਾ ਚੰਗਾ ਪੜ੍ਹਿਆ-ਲਿਖਿਆ ਅਤੇ ਸੂਝਵਾਨ ਵਿਅਕਤੀ ਸੀ, ਜਿਸ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ। ਉਸ ਦੇ ਮਨ ਵਿਚ ਦੇਸ਼ ਪ੍ਰਤੀ ਅਥਾਹ ਪਿਆਰ ਅਤੇ ਜਜ਼ਬਾ ਸੀ। ਉਹ ਦੇਸ਼ ਨੂੰ ਕਿਸੇ ਵੀ ਵਿਦੇਸ਼ੀ ਤਾਕਤ ਦੇ ਅਧੀਨ ਗ਼ੁਲਾਮ ਬਣਿਆ ਨਹੀਂ ਸੀ ਵੇਖ ਸਕਦਾ। ਅਹਿਮਦ ਸ਼ਾਹ ਅਬਦਾਲੀ ਵਿਰੁਧ ਉਸ ਦੀਆਂ ਸਾਰੀਆਂ ਲੜਾਈਆਂ ਇਸ ਗੱਲ ਦਾ ਸਬੂਤ ਹਨ। ਪੰਜਾਬ ਨੂੰ ਕਾਬਲ ਰਾਜ ਦਾ ਹਿੱਸਾ ਬਣਨ ਤੋਂ ਬਚਾਉਣ ਵਾਲਾ ਜੱਸਾ ਸਿੰਘ ਆਹਲੂਵਾਲੀਆ ਹੀ ਸੀ। ਦਿੱਲੀ ਰਹਿੰਦਿਆਂ ਜੱਸਾ ਸਿੰਘ ਆਹਲੂਵਾਲੀਆ ਦੀ ਬੋਲਚਾਲ ਵਿਚ ਸਥਾਨਕ ਬੋਲੀ ਦਾ ਬੜਾ ਅਸਰ ਸੀ।

ਗੱਲਬਾਤ ਕਰਦਿਆਂ ਉਹ ਕਈ ਵਾਰੀ 'ਹਮਕੋ ਤੁਮਕੋ' ਬੋਲ ਜਾਂਦੇ ਸਨ। ਪੰਜਾਬ ਦੇ ਲੋਕ ਉਨ੍ਹਾਂ ਦੀ ਇਸ ਬੋਲੀ ਦਾ ਬੜਾ ਮਜ਼ਾਕ ਉਡਾਉਂਦੇ ਸਨ ਜੋ ਜੱਸਾ ਸਿੰਘ ਨੂੰ ਚੰਗਾ ਨਹੀਂ ਸੀ ਲਗਦਾ। ਉਸ ਨੇ ਇਸ ਗੱਲ ਦੀ ਸ਼ਿਕਾਇਤ ਨਵਾਬ ਕਪੂਰ ਸਿੰਘ ਨੂੰ ਕੀਤੀ। ਨਵਾਬ ਕਪੂਰ ਸਿੰਘ ਗੰਭੀਰ ਹੋ ਕੇ ਕਹਿਣ ਲੱਗੇ, ''ਤੁਸੀ ਖ਼ਾਲਸੇ ਦੀ ਇਸ ਗੱਲ ਦਾ ਬੁਰਾ ਨਾ ਮੰਨੋ। ਜੇ ਉਹ ਮੇਰੇ ਵਰਗੇ ਝਾੜੂ ਦੇਣ ਵਾਲੇ ਨੂੰ ਨਵਾਬੀ ਬਖ਼ਸ਼ ਸਕਦੇ ਹਨ ਤਾਂ ਕੀ ਪਤਾ ਉਹ ਤੁਹਾਨੂੰ ਬਾਦਸ਼ਾਹਤ ਬਖ਼ਸ਼ ਦੇਣ। 1764-65 ਵਿਚ ਲਾਹੌਰ ਅਤੇ ਸਰਹਿੰਦ ਨੂੰ ਜਿੱਤਣ ਮਗਰੋਂ ਜੱਸਾ ਸਿੰਘ ਆਹਲੂਵਾਲੀਆ ਨੂੰ 'ਸੁਲਤਾਨ ਉਲ ਕੌਮ' ਦੇ ਤਖ਼ਲਸ ਨਾਲ ਸਨਮਾਨਿਤ ਕੀਤਾ ਗਿਆ। 

ਸੰਪਰਕ : 88604-08797

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement